ਆਇਨਰਾਈਡ ਦੀਆਂ ਖ਼ੁਦਮੁਖਤਿਆਰ ਗੱਡੀਆਂ ਦੀ ਪਰਖ ਸ਼ੁਰੂ ਕਰੇਗਾ ਮਿਸ਼ੈਲਿਨ 

ਮਿਸ਼ੈਲਿਨ  ਛੇਤੀ ਹੀ ਆਪਣੀ ਕਲੇਰਮੋਂਟ-ਫ਼ੇਰਾਂਡ, ਫ਼ਰਾਂਸ ਵਿਖੇ ਸਥਿੱਤ ਫ਼ੈਸੇਲਿਟੀ ‘ਚ ਸਵੀਡਿਸ਼ ਨਿਰਮਿਤ ਆਇਨਰਾਈਡ ਖ਼ੁਦਮੁਖਤਿਆਰ ਗੱਡੀਆਂ ਦੇ ਨਮੂਨਿਆਂ ਦੀ ਪਰਖ ਸ਼ੁਰੂ ਕਰੇਗਾ।

ਈ-ਪੋਡ ਨਾਮਕ ਬਿਜਲੀ ਨਾਲ ਚੱਲਣ ਵਾਲੀ ਇਸ ਗੱਡੀ ‘ਚ ਡਰਾਈਵਰ ਦੇ ਬੈਠਣ ਦੀ ਕੋਈ ਥਾਂ ਨਹੀਂ ਹੋਵੇਗੀ ਅਤੇ ਇਹ ਮਿਸ਼ੈਲਿਨ ਫ਼ੈਸੇਲਿਟੀ ‘ਚ ਦੋ ਪੜਾਵਾਂ ‘ਚ ਲਿਆਂਦਾ ਜਾਵੇਗਾ। ਪਹਿਲਾ ਕੰਮ ਇੱਕ ਸੀਮਤ, ਵਾੜ ਦੇ ਅੰਦਰਲੇ ਖੇਤਰ ਤੱਕ ਹੋਵੇਗਾ। ਰੈਗੂਲੇਟਰ ਦੀ ਮਨਜ਼ੂਰੀ ਦੇ ਨਾਲ, ਇਸ ਦੀ ਜਾਂਚ ਸਥਾਨਕ ਸੜਕਾਂ ‘ਤੇ ਸ਼ਿਪਮੈਂਟਸ ਤੱਕ ਵੀ ਵਧਾਈ ਜਾਵੇਗੀ।

ਆਇਨਰਾਈਡ ਦੇ ਚੀਫ਼ ਆਪਰੇਸ਼ਨਜ਼ ਅਫ਼ਸਰ ਨਿਕੋਲਸ ਰੇਨੇਡਾਲ ਨੇ ਇਸ ਬਾਰੇ ਮਾਂਟ੍ਰਿਆਲ ‘ਚ ਹੋ ਰਹੇ ਮੂਵਿੰਗ’ਆਨ ਸ਼ਿਖਰ ਸੰਮੇਲਨ ‘ਚ ਐਲਾਨ ਕਰਦਿਆਂ ਕਿਹਾ ਕਿ ਇਹ ਟਰੱਕ ਇੱਕ ਵਾਰੀ ਚਾਰਜ ਕੀਤੇ ਜਾਣ ‘ਤੇ 200 ਕਿਲੋਮੀਟਰ ਤੱਕ ਦਾ ਸਫ਼ਰ ਕਰ ਸਕਦਾ ਹੈ ਅਤੇ ਇਸ ‘ਚ 18 ਪੈਲੇਟਸ ਅਤੇ 16 ਮੀਟ੍ਰਿਕ ਟਨ ਦਾ ਮਾਲ ਢੋਇਆ ਜਾ ਸਕਦਾ ਹੈ। ਇਸ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਤਕ ਵੱਧ ਸਕਦੀ ਹੈ, ਪਰ ਇਸ ਵੇਲੇ ਜਾਂਚ ਲਈ ਸਵੀਡਨ ‘ਚ ਇਸ ਨੂੰ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਹੀ ਸੀਮਤ ਕੀਤਾ ਗਿਆ ਹੈ।

ਇਸ ਨੂੰ ਈ-ਲਾਗ ‘ਤੇ ਆਧਾਰਤ ਵਾਹਨ ਪਲੇਟਫ਼ਾਰਮ ‘ਤੇ ਬਣਾਇਆ ਗਿਆ ਹੈ, ਜਿਸ ਨੂੰ ਪਿੱਛੇ ਜਿਹੇ ਖ਼ੁਦਮੁਖਤਿਆਰ ਤੌਰ ‘ਤੇ ਲਾਗਿੰਗ ਅਮਲਾਂ ‘ਚ ਸਮਾਨ ਮਾਲ ਦੀ ਲਦਾਈ ਲਈ ਵਰਤਿਆ ਗਿਆ ਸੀ।
ਇਸ ਦੀਆਂ ਜ਼ਿਆਦਾਤਰ ਗਤੀਵਿਧੀਆਂ ਨੂੰ ਟਰੱਕ-ਆਧਾਰਤ ਸਿਸਟਮ ਨਾਲ ਸੰਭਾਲਿਆ ਜਾਂਦਾ ਹੈ ਜਦਕਿ ਕੁੱਝ ਹਰਕਤਾਂ ਨੂੰ ਰੀਮੋਟ ਕੰਟਰੋਲ ਨਾਲ ਵੀ ਅੰਜਾਮ ਦਿੱਤਾ ਜਾਂਦਾ ਹੈ, ਜੋ ਕਿ 120 ਕਿਲੋਮੀਟਰ ਦੂਰ ਤੋਂ ਵੀ ਚੱਲ ਸਕਦਾ ਹੈ।