ਆਟੋ ਖੇਤਰ ਦੇ ਮੁੜ ਗਤੀ ਫੜਨ ਨਾਲ ਵੋਲਵੋ ਨੇ ਕੀਤੀ ਵੀ.ਏ.ਐਚ. ਦੀ ਘੁੰਡ ਚੁਕਾਈ

ਆਟੋ ਉਦਯੋਗ ਦੇ ਇੱਕ ਵਾਰੀ ਫਿਰ ਰਫ਼ਤਾਰ ਫੜਨ ਨਾਲ ਇਹ ਗੱਡੀਆਂ ਦੀ ਢੋਆ-ਢੁਆਈ ਲਈ ਤਿਆਰ ਹੈ।

ਮਹਾਂਮਾਰੀ ਕਰਕੇ ਬੰਦ ਰਹਿਣ ਮਗਰੋਂ ਉੱਤਰੀ ਅਮਰੀਕੀ ਆਟੋਮੋਟਿਵ ਨਿਰਮਾਤਾ ਹੌਲੀ-ਹੌਲੀ ਬਹਾਲੀ ਵੱਲ ਪਰਤ ਰਹੇ ਹਨ। ਇਸ ਦੌਰਾਨ ਵੋਲਵੋ ਟਰੱਕਸ ਨਾਰਥ ਅਮਰੀਕਾ ਆਪਣੇ ਵੋਲਵੋ ਆਟੋ ਹੌਅਲਰ – ਵੀ.ਏ.ਐਚ. – ਨਾਲ ਸੰਬੰਧਤ ਕਾਰੋਬਾਰਾਂ ਦੀ ਮੱਦਦ ਕਰ ਕੇ ਇਸ ਸਮੇਂ ਦਾ ਲਾਹਾ ਲੈਣ ਲਈ ਤਿਆਰ-ਬਰ-ਤਿਆਰ ਹੈ।

ਮਾਰਕੀਟਿੰਗ ਅਤੇ ਬ੍ਰਾਂਡ ਦੇ ਵਾਇਸ-ਪ੍ਰੈਜ਼ੀਡੈਂਟ ਮੈਗਨਸ ਕੋਏਕ ਨੇ ਕਿਹਾ, ”ਇਹ ਇੱਕ ਅਜਿਹਾ ਖ਼ਾਸ ਖੇਤਰ ਹੈ ਜੋ ਕਿ ਸਿਰਫ਼ ਕਾਰ ਉਤਪਦਾਨ ‘ਤੇ ਹੀ ਨਿਰਭਰ ਰਿਹਾ ਹੈ।” ਪਰ ਉਨ੍ਹਾਂ ਅੱਗੇ ਕਿਹਾ ਕਿ ਵੋਲਵੋ ਕੋਲ ਇਸ ਮਾਰਕੀਟ ਦਾ ਵੱਡਾ ਹਿੱਸਾ ਮੌਜੂਦ ਹੈ।

ਕੋਵਿਡ-19 ਨਾਲ ਸੰਬੰਧਤ ਪਾਬੰਦੀਆਂ ਕਰਕੇ ਟਰੱਕ ਨੂੰ ਚੁੱਪ-ਚੁਪੀਤੇ ਤਰੀਕੇ ਨਾਲ ਜਾਰੀ ਕੀਤਾ ਗਿਆ ਸੀ। ਪਰ ਓ.ਈ.ਐਮ. ਨੇ ਅੱਜ ਵੀ.ਏ.ਐਚ. ‘ਤੇ ਉੱਤਰੀ ਅਮਰੀਕੀ ਮੀਡੀਆ ਸਾਹਮਣੇ ਇੱਕ ਆਨਲਾਈਨ ਪੇਸ਼ਕਾਰੀ ਦੌਰਾਨ ਪੂਰੀ ਤਰ੍ਹਾਂ ਰੌਸ਼ਨੀ ਪਾਈ।

ਵੀ.ਏ.ਐਚ. ਖ਼ੁਦ ਵੀ.ਐਚ.ਡੀ. ਵੋਕੇਸ਼ਨਲ ਟਰੱਕ ‘ਤੇ ਅਧਾਰਤ ਹੈ, ਜਿਸ ਨੂੰ ਪਹਿਲੀ ਵਾਰੀ ਇਸ ਸਾਲ ਦੇ ਲਾਸ ਵੇਗਾਸ ਵਿਖੇ ਕੋਨਐਕਸਪੋ ਸ਼ੋਅ ਦੌਰਾਨ ਜਾਰੀ ਕੀਤਾ ਗਿਆ ਸੀ ਅਤੇ ਇਹ ਵੀ.ਏ.ਐਚ. 300 ਡੇ-ਕੈਬ ਅਤੇ 400 ਅਤੇ 600 ਸਲੀਪਰ ਪ੍ਰਕਾਰਾਂ ‘ਚ ਉਪਲਬਧ ਹੈ।

ਵੀ.ਏ.ਐਚ. 300 ਡੇ-ਕੈਬ ‘ਚ 11 ਗੱਡੀਆਂ ਢੋਣ ਦੀ ਸਮਰਥਾ ਹੈ, ਜਿਸ ਦੀ ਕੈਬ ਉਚਾਈ 52 ਇੰਚ ਹੈ ਅਤੇ ਇਹ 94.5 ਅਤੇ 97.5 ਇੰਚ ਦੀ ਅਣਲੱਦੀ ਛੱਤ ਉਚਾਈ ਅਤੇ 113.5 ਇੰਚ ਬੀ.ਬੀ.ਸੀ. ਨਾਲ ਮਿਲੇਗਾ। ਵੀ.ਏ.ਐਚ. 400 ਸਲੀਪਰ ਦੀ ਕੈਬ ਉਚਾਈ 52-ਇੰਚ, 145.6 ਬੀ.ਬੀ.ਸੀ. ਹੈ ਅਤੇ ਇਸ ‘ਚ 97.5 ਅਤੇ 102.5 ਇੰਚ ਛੱਤ ਉਚਾਈ ‘ਚੋਂ ਕਿਸੇ ਇੱਕ ਦੀ ਚੋਣ ਕਰਨ ਬਦਲ ਹੈ। ਵੀ.ਏ.ਐਚ. 600 ਦੀ ਛੱਤ ਦੀ ਉਚਾਈ ਵੀ ਵੀ.ਏ.ਐਚ. 400 ਜਿੰਨੀ ਹੀ ਹੈ, ਡਰਾਈਵਰ ਦੀ ਜ਼ਿਆਦਾ ਸਹੂਲਤ ਲਈ ਇਸ ਦੀ ਕੈਬ ਉਚਾਈ 61 ਇੰਚ ਹੈ, ਜਦਕਿ ਇਸ ਦੇ ਪ੍ਰੀਮੀਅਮ ਸਲੀਪਰ ‘ਚ 36 ਇੰਚ ਚੌੜਾ ਗੱਦਾ ਅਤੇ ਰੈਫ਼ਰਿਜਰੇਟਰ ਵੀ ਹਨ।

ਛੱਤ ‘ਚ ਤਬਦੀਲੀਆਂ ਤੋਂ ਇਲਾਵਾ ਕੈਬ ‘ਚ ਕੋਈ ਢਾਂਚਾਗਤ ਬਦਲਾਅ ਦੀ ਵੀ ਜ਼ਰੂਰਤ ਨਹੀਂ ਹੁੰਦੀ, ਜਿਸ ਨਾਲ ਫ਼ਰੰਟ-ਇੰਪੈਕਸ ਸੁਰੱਖਿਆ ਵਿਸ਼ੇਸ਼ਤਾਵਾਂ ਕਾਇਮ ਰਹਿੰਦੀਆਂ ਹਨ।

ਪ੍ਰੋਡਕਟ ਮਾਰਕੀਟਿੰਗ ਦੇ ਡਾਇਰੈਕਟਰ ਜੌਨ ਏਜਬਰਾਂਡ ਨੇ ਕਿਹਾ ਕਿ ਆਟੋ ਹੌਲਰ ਦੇ ਮਾਮਲੇ ‘ਚ ਉਚਾਈ ਵਿਸ਼ੇਸ਼ ਕਰ ਕੇ ਮਹੱਤਵਪੂਰਨ ਹੈ।

ਨੀਵੇਂ ਫ਼ਰੰਟ ਐਕਸਲ, ਨੀਵੇਂ ਵੋਲਵੋ ਏਅਰ ਰਾਈਡਰ ਪਿਛਲੇ ਸਸਪੈਂਸ਼ਨ ਅਤੇ ਕੈਬ ਦੀ ਘੱਟ ਉਚਾਈ ਮਿਲ ਕੇ ਪਿਕਅੱਪ ਟਰੱਕ ਅਤੇ ਐਸ.ਯੂ.ਵੀ. ਵਰਗੀਆਂ ਵੱਡੀਆਂ ਗੱਡੀਆਂ ਰੱਖਣ ਲਈ ਥਾਂ ਬਣਾਉਣ ‘ਚ ਮੱਦਦ ਕਰਦੇ ਹਨ, ਜਿਨ੍ਹਾਂ ਨੂੰ ਕੈਬ ਦੇ ਉੱਪਰ ਰੱਖਿਆ ਜਾ ਸਕਦਾ ਹੈ।

ਟਰੱਕ ਨੂੰ ਨਵਾਂ ਮੁਹਾਂਦਰਾ ਵੀ ਦਿੱਤਾ ਗਿਆ ਹੈ ਜਿਸ ‘ਚ ਨਵੀਂ ਗਰਿੱਲ, ਨਵਾਂ ਏਅਰ ਇਨਟੇਕ ਅਤੇ ਐਲ.ਈ.ਡੀ. ਹੈੱਡਲਾਈਟਾਂ ਸ਼ਾਮਲ ਹਨ। ਇਹ ਲਾਈਟਾਂ ਨਵੇਂ ਹੀਟਿੰਗ ਐਲੀਮੈਂਟ ਅਤੇ ਬਰਫ਼ ਹਟਾਉਣ ਦੀ ਸਹੂਲਤ ਨਾਲ ਵੀ ਲੈਸ ਹਨ।

ਹੁੱਡ ਹੇਠਾਂ ਪਾਵਰ ਬਦਲਾਂ ‘ਚ ਸ਼ਾਮਲ ਹਨ ਵੋਲਵੋ ਦਾ ਡੀ11 ਅਤੇ ਡੀ13 ਇੰਜਣ, ਜਿਸ ‘ਤੇ ਕਰਾਅਲਰ ਗੀਅਰ ਸਮੇਤ ਆਈ-ਸ਼ਿਫ਼ਟ ਟਰਾਂਸਮਿਸ਼ਨ ਲੱਗੀ ਹੋਈ ਹੈ।

ਇਹ ਟਰੱਕ ਵੋਲਵੋ ਐਕਟਿਵ ਡਰਾਈਵਰ ਅਸਿਸਟ ਅਤੇ ਇਸ ਦੀ ਐਮਰਜੈਂਸੀ ਬ੍ਰੇਕਿੰਗ ਸਮਰਥਾ ਦੇ ਨਾਲ ਮਿਲਣਗੇ, ਨਾਲ ਹੀ ਸਥਿਰ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਇਸ ‘ਚ ਸ਼ਾਮਲ ਹੋਣਗੀਆਂ ਜੋ ਕਿ ਵੋਲਵੋ ਦੀਆਂ ਹੋਰਨਾਂ ਗੱਡੀਆਂ ‘ਚ ਹੁੰਦੀਆਂ ਹਨ- ਜਿਵੇਂ ਕਿ ਟੱਕਰ ਦੇ ਮਾਮਲੇ ‘ਚ ਇੰਜਣ ਕੈਬ ਤੋਂ ਵੱਖ ਹੋ ਜਾਵੇਗਾ।

ਏਜਬਰਾਂਡ ਨੇ ਕਿਹਾ, ”ਵੋਲਵੋ ਵੀ.ਏ.ਐਚ. ‘ਚ ਸਾਡੇ ਵੀ.ਐਚ.ਡੀ. ਟਰੱਕਾਂ ਵਾਲੀਆਂ ਕਈ ਵਿਸ਼ੇਸ਼ਤਾਵਾਂ ਹਨ।”

ਇਸ ਨਾਲ ਕਈ ਲਾਭ ਮਿਲਦੇ ਹਨ। ਉਦਾਹਰਣ ਵੱਜੋਂ ਪਿੱਛੇ ਵੱਲ ਮੁੜੀ ਕੇਂਦਰੀ 45-ਮਿਲੀਮੀਟਰ ਦੀ ਟੋਅ ਪਿੰਨ ਕੈਬ ਨੂੰ 113.6-ਇੰਚ ਬੀ.ਬੀ.ਸੀ. ਰੱਖਣ ‘ਚ ਮੱਦਦ ਕਰਦੀ ਹੈ। ਅਤੇ ਤਿੰਨ-ਟੁਕੜਿਆਂ ਦਾ ਬੰਪਰ ਇਸ ਦੇ ਰੱਖ-ਰਖਾਅ ਦਾ ਕੰਮ ਆਸਾਨ ਬਣਾਉਂਦਾ ਹੈ।

ਐਕਸਲ-ਬੈਕ ਬਣਤਰ ਵਾਲੇ ਇਸ ਟਰੱਕ ਨੂੰ ਵੋਲਵੋ ਡਾਇਨਾਮਿਕ ਸਟੀਅਰਿੰਗ ਸਿਸਟਮ ਨਾਲ ਵੀ ਖ਼ਰੀਦਿਆ ਜਾ ਸਕਦਾ ਹੈ, ਜੋ ਕਿ ਸਟੀਅਰਿੰਗ ਵੀਲ੍ਹ ਫ਼ੋਰਸ ਨੂੰ 85% ਤਕ ਘੱਟ ਕਰ ਦਿੰਦਾ ਹੈ।

ਕੈਬ ਅੰਦਰ ਮਿਲਣ ਵਾਲੀਆਂ ਸਹੂਲਤਾਂ ‘ਚ ਸ਼ਾਮਲ ਹੈ ਐਲ.ਈ.ਡੀ. ਲਾਈਟਿੰਗ, ਗੱਡੀ ਬਾਰੇ ਚੇਤਾਵਨੀਆਂ ਦੀ ਜਾਣਕਾਰੀ ਲਈ ਉੱਚ ਰੈਜ਼ੋਲਿਊਸ਼ਨ ਪ੍ਰੋਗਰਾਮਏਬਲ ਐਲ.ਸੀ.ਡੀ. ਸਕ੍ਰੀਨ ਅਤੇ 7 ਇੰਚ ਵਾਲੀ ਟੱਚ ਸਕ੍ਰੀਨ ਵਾਲਾ ਇੱਕ ਮਨੋਰੰਜਨ ਸਿਸਟਮ ਅਤੇ ਪ੍ਰੀਮੀਅਮ ਆਡੀਓ।