ਇਲੈਕਟ੍ਰੀਫ਼ੀਕੇਸ਼ਨ ਅਪਨਾਉਣ ਦੇ ‘ਸ਼ੁਰੂਆਤੀ ਦੌਰ’ ’ਚ ਹੈ ਟਰੱਕਿੰਗ

ਟਰੱਕਿੰਗ ਇਸ ਵੇਲੇ ਇਲੈਕਟ੍ਰੀਫ਼ੀਕੇਸ਼ਨ ਨੂੰ ਅਪਨਾਉਣ ਦੇ ਸ਼ੁਰੂਆਤੀ ਦੌਰ ’ਚ ਹੈ ਅਤੇ 2025 ਤੱਕ ਇਹ ਮੁੱਖ ਧਾਰਾ ’ਚ ਸ਼ਾਮਲ ਹੋ ਜਾਵੇਗੀ। ਅਤੇ ਹਾਈਡ੍ਰੋਜਨ-ਫ਼ਿਊਲ-ਸੈੱਲ ਟਰੱਕ ਵੀ ਜ਼ਿਆਦਾ ਪਿੱਛੇ ਨਹੀਂ ਰਹਿਣਗੇ।

ਪਿਛਲੇ ਮਹੀਨੇ ਹੋਏ ਐਫ਼.ਟੀ.ਆਰ. ਵੈਬੀਨਾਰ ਦੌਰਾਨ ਰੋਲੈਂਡ ਬਰਜਰ ਦੇ ਸੀਨੀਅਰ ਪਾਰਟਨਰ ਵਿਲਫ਼ਰਡ ਅਲਬਰ ਨੇ ਟਰੱਕ ਇਲੈਕਟ੍ਰੀਫ਼ੀਕੇਸ਼ਨ ਬਾਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੈਟਰੀਆਂ ਦੀਆਂ ਕੀਮਤਾਂ ਘਟਣ ਦੇ ਨਾਲ ਹੀ ਸੰਚਾਲਨ ਦੀ ਕੁੱਲ ਲਾਗਤ (ਟੀ.ਸੀ.ਓ.) ਡੀਜ਼ਲ ਦੇ ਬਰਾਬਰ ਆ ਰਹੀ ਹੈ।

ਅਲਬਰ ਨੇ ਕਿਹਾ ਕਿ 2025 ਤਕ ਕੁੱਲ ਵੇਚੇ ਗਏ ਟਰੱਕਾਂ ’ਚੋਂ ਸ਼੍ਰੇਣੀ 8 ਦੇ 4% ਟਰੱਕ ਅਤੇ ਮੀਡੀਅਮ-ਡਿਊਟੀ ਟਰੱਕਾਂ ’ਚੋਂ 25% ਟਰੱਕ ਇਲੈਕਟ੍ਰਿਕ ਹੋਣਗੇ, ਜਿਨ੍ਹਾਂ ਦੀ ਗਿਣਤੀ 2030 ਤਕ ਕ੍ਰਮਵਾਰ 12% ਅਤੇ 36% ਹੋ ਜਾਵੇਗੀ।

ਤਸਵੀਰ: ਜੇਮਸ ਮੈਂਜੀਜ਼

ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰ ਖੇਤਰ ’ਤੇ ਨਿਰਭਰ ਵੱਖੋ-ਵੱਖ ਬਿਜਲੀ ਦੀਆਂ ਕੀਮਤਾਂ ਵਰਗੀਆਂ ਚੁਨੌਤੀਆਂ ਅਜੇ ਵੀ ਕਾਇਮ ਹਨ। ਇੱਕ ਮੈਟਰੋ ਖੇਤਰ ’ਚ ਕੋਈ 20 ਅਮਰੀਕੀ ਸੈਂਟ/ਕਿਲੋਵਾਟ ਦੀ ਲਾਗਤ ਲੈ ਰਿਹਾ ਹੈ, ਜਦਕਿ ਉਸ ਦੇ ਗੁਆਂਢ ’ਚ ਸਥਿਤ ਕਾਊਂਟੀਆਂ ਛੇ ਸੈਂਟ ਲੈ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਇਲੈਕਟ੍ਰਿਕ ਟਰੱਕਾਂ ਨੂੰ ਅਪਨਾਉਣਾ ਘੱਟ ਬਿਜਲੀ ਦਰਾਂ ਵਾਲੇ ਖੇਤਰਾਂ ’ਚ ਤੇਜ਼ ਹੋਵੇਗਾ, ਅਤੇ ਬਿਜਲੀ ਦੀਆਂ ਕੀਮਤਾਂ ਨਾਲ ਇਹ ਫ਼ੈਸਲਾ ਹੋ ਸਕਦਾ ਹੈ ਕਿ ਕਿਹੜੇ ਟਰਮੀਨਲ ਫ਼ਲੀਟ ਪਹਿਲਾਂ ਚਾਰਜਿੰਗ ਮੁਢਲਾ ਢਾਂਚਾ ਲਾਉਣ ਦਾ ਫ਼ੈਸਲਾ ਕਰਦੇ ਹਨ।

ਨੀਲੀ ਹਾਈਡ੍ਰੋਜਨ ਦੇ ਉਤਪਾਦਨ ਦੌਰਾਨ ਕਿਸੇ ਵੀ ਉਤਸਰਜਿਤ ਕਾਰਬਨ ਨੂੰ ਇਕੱਠਾ ਕਰ ਕੇ ਵਾਪਸ ਜ਼ਮੀਨ ਅੰਦਰ ਪਾਉਣਾ ਪੈਂਦਾ ਹੈ। ਪਰ ਹਰੀ ਹਾਈਡ੍ਰੋਜਨ ਦੇ ਉਤਪਾਦਨ ’ਚ ਕੋਈ ਪ੍ਰਦੂਸ਼ਕ ਪੈਦਾ ਨਹੀਂ ਹੁੰਦਾ ਅਤੇ ਇਸ ਦਾ ਵਾਤਾਵਰਣ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ। ਅਲਬਰ ਨੇ ਕਿਹਾ ਕਿ ਇਸ ਵੇਲੇ, ਉਤਪਾਦਿਤ ਹਾਈਡ੍ਰੋਜਨ ’ਚੋਂ ਸਿਰਫ਼ 2% ਹੀ ਹਰਿਤ ਹੈ।

ਹਾਈਡ੍ਰੋਜਨ ਉਤਪਾਦਕਾਂ ਨੂੰ ਦੋ ਬਦਲਾਂ ’ਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ: ਕੇਂਦਰੀਕ੍ਰਿਤ ਉਤਪਾਦਨ ’ਚ ਪ੍ਰਯੋਗਕਰਤਾ ਤੱਕ ਪਹੁੰਚਣ ਦੀ ਆਵਾਜਾਈ ਦੀ ਲਾਗਤ ਬਹੁਤ ਜ਼ਿਆਦਾ ਹੋਵੇਗੀ, ਜਾਂ ਪ੍ਰਯੋਗਕਰਤਾਵਾਂ ਦੇ ਨੇੜੇ ਜ਼ਿਆਦਾ ਸਥਾਨਕ ਉਤਪਾਦਨ ਪਰ ਘੱਟ ਮਾਤਰਾ ’ਚ। ਅਲਬਰ ਨੇ ਕਿਹਾ ਕਿ ਇਸ ਦਾ ਇੱਕ ਉਦਾਹਰਣ ਓਂਟਾਰੀਓ ਦੇ ਹਾਈਵੇ 401 ’ਤੇ ਹੋ ਸਕਦਾ ਹੈ।

ਅਲਬਰ ਨੇ ਕਿਹਾ ਕਿ ਕਿਉਂਕਿ ਹਾਈਡ੍ਰੋਜਨ-ਫ਼ਿਊਲ-ਸੈੱਲ ਟਰੱਕਾਂ ਦਾ ਅਜੇ ਵੀ ਵੱਡੀ ਗਿਣਤੀ ’ਚ ਉਤਪਾਦਨ ਨਹੀਂ ਹੁੰਦਾ, ਇਸ ਲਈ ਸ਼ੁਰੂਆਤ ’ਚ ਇਹ ਮਹਿੰਗੇ ਹੋਣਗੇ। ਕਿੰਨੇ ਮਹਿੰਗੇ? ਇੱਕ ਅੰਦਾਜ਼ੇ ਅਨੁਸਾਰ 2023 ’ਚ ਇਨ੍ਹਾਂ  ਦੀ ਕੀਮਤ 270,000 ਅਮਰੀਕੀ ਡਾਲਰ ਹੋਵੇਗੀ ਜੋ ਕਿ 2030 ਤਕ ਉਤਪਾਦਨ ਵਧਣ ਨਾਲ 160,000 ਅਮੀਰੀਕੀ ਡਾਲਰ ਹੋ ਜਾਵੇਗੀ। ਉਸ ਸਮੇਂ ਤੱਕ ਹਰਿਤ ਹਾਈਡ੍ਰੋਜਨ ਦੀ ਕੀਮਤ 5 ਡਾਲਰ ਪ੍ਰਤੀ ਕਿੱਲੋਗ੍ਰਾਮ ਹੋ ਜਾਵੇਗੀ।

ਅਲਬਰ ਨੇ ਕਿਹਾ ਕਿ ਉੱਤਰੀ ਅਮਰੀਕੀ ਸੜਕਾਂ ’ਤੇ 2030 ਤਕ 30,000 ਹਾਈਡ੍ਰੋਜਨ-ਫ਼ਿਊਲ-ਸੈੱਲ ਟਰੱਕ ਦੌੜਨਗੇ, ਜੋ ਕਿ ਕੁੱਲ ਬਾਜ਼ਾਰ ਦਾ 11% ਹੋਣਗੇ, ਜਿਨ੍ਹਾਂ ਦੀ ਗਿਣਤੀ 2035 ਤਕ ਵੱਧ ਕੇ 47,000 ਇਕਾਈਆਂ ਹੋ ਜਾਵੇਗੀ ਜੋ ਕਿ ਸ਼੍ਰੇਣੀ 8 ਦੇ ਟਰੱਕਾਂ ਦਾ 17% ਹੋਵੇਗੀ।