ਈ.ਵੀ. ਨਿਰਮਾਤਾਵਾਂ ਨੂੰ ਬੈਟਰੀਆਂ ਪ੍ਰਾਪਤ ਕਰਨ ਲਈ ਵੱਖੋ-ਵੱਖ ਕੀਮਤਾਂ ਅਤੇ ਸ਼ਰਤਾਂ ਦੀ ਸਾਹਮਣਾ ਕਰਨਾ ਪੈ ਰਿਹੈ

ਕੈਲਸਟਾਰਟ ਵੱਲੋਂ ਕੀਤੇ ਗਏ ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਇਲੈਕਟ੍ਰਿਕ ਗੱਡੀਆਂ ਦੇ ਨਿਰਮਾਤਾਵਾਂ ਨੂੰ ਬੈਟਰੀਆਂ ਦੀ ਖ਼ਰੀਦ ਲਈ ਬਹੁਤ ਵੱਖੋ-ਵੱਖ ਕੀਮਤਾਂ ਅਤੇ ਸਪਲਾਈ ਚੇਨ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜ਼ਾਰ ਦੇ ਹਾਲਾਤ ਅਜਿਹੇ ਹਨ ਕਿ ਇਨ੍ਹਾਂ ਨਾਲ ਸਥਾਪਤ ਓ.ਈ.ਐਮ. ਮੁਕਾਬਲੇ ਨਵੇਂ ਇਲੈਕਟ੍ਰਿਕ ਗੱਡੀ ਨਿਰਮਾਤਾ ਲਾਭ ’ਚ ਰਹਿਣਗੇ।

ਯੂਨੇਵ ਸਲਾਹਕਾਰ ਗਰੁੱਪ ਵੱਲੋਂ ਲਿਖੇ ਗਏ ਕਮਰਸ਼ੀਅਲ ਵਹੀਕਲ ਬੈਟਰੀ ਕੀਮਤ ਮੁਲਾਂਕਣ : ਉੱਤਰੀ ਅਮਰੀਕੀ ਟਰੱਕ ਅਤੇ ਬੱਸ ਓ.ਈ.ਐਮ. ਅਤੇ ਮੂਹਰਲੀ ਕਤਾਰ ਦੇ ਸਪਲਾਈਕਰਤਾ ’ਚ ਬਾਜ਼ਾਰ ਦਾ ਇਹ ਦ੍ਰਿਸ਼ ਉੱਭਰ ਕੇ ਸਾਹਮਣੇ ਆਇਆ ਹੈ।

(ਤਸਵੀਰ: ਆਈਸਟਾਕ)

ਯੂਨੇਵ ’ਚ ਪ੍ਰਮੁੱਖ ਸਲਾਹਕਾਰ ਕੇਵਿਨ ਬੈਟੀ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘‘ਇਲੈਕਟ੍ਰਿਕ ਕਮਰਸ਼ੀਅਲ ਵਹੀਕਲ ਉਦਯੋਗ ਕੋਈ ਇੱਕ ਸਥਿਰ ਬੈਟਰੀ ਕੀਮਤ ਨਾਲ ਇੱਕਸਾਰ ਮੁਕਾਬਲੇਬਾਜ਼ੀ ਵਾਲਾ ਉਦਯੋਗ ਨਹੀਂ ਹੈ। ਇਸ ਦੀ ਬਜਾਏ, ਵੱਖੋ-ਵੱਖ ਕੀਮਤਾਂ ਅਤੇ ਕਮਰਸ਼ੀਅਲ ਸ਼ਰਤਾਂ ਵੇਖਣ ਨੂੰ ਮਿਲਦੀਆਂ ਹਨ, ਜੋ ਕਿ ਅਸਲ ਖ਼ਰੀਦ ਮਾਤਰਾ ਅਤੇ ਹਰ ਓ.ਈ.ਐਮ. ਤੇ ਮੂਹਰਲੀ ਕਤਾਰ ਦੇ ਸਪਲਾਈਕਰਤਾ ਦੀ ਬੈਟਰੀ ਪ੍ਰਾਪਤ ਕਰਨ ਦੀ ਸਮਰੱਥਾ ’ਤੇ ਨਿਰਭਰ ਕਰਦਾ ਹੈ।’’

ਰਿਪੋਰਟ ’ਚ ਕਿਹਾ ਗਿਆ ਹੈ ਕਿ ਟੈਸਲਾ ਅਤੇ ਬੀ.ਵਾਈ.ਡੀ. ਵਰਗੇ ਸਟਾਰਟ-ਅੱਪਸ ਦੀ ਵੱਧ ਰਹੀ ਗਿਣਤੀ ਕੋਲ ਪਹਿਲਾਂ ਹੀ ਯਾਤਰੀ ਗੱਡੀਆਂ ਲਈ ਘੱਟ ਕੀਮਤ ਅਤੇ ਵੱਡੀ ਮਾਤਰਾ ’ਚ ਬੈਟਰੀ ਸਪਲਾਈ ਤੱਕ ਪਹੁੰਚ ਹੈ, ਜਿਸ ਨਾਲ ਉਨ੍ਹਾਂ ਨੂੰ ਈ.ਵੀ. ਦੀ ਸਭ ਤੋਂ ਮਹਿੰਗੀ ਚੀਜ਼ ਖ਼ਰੀਦਣ ਦੀ ਮੁਕਾਬਲੇਬਾਜ਼ੀ ’ਚ ਲਾਭ ਮਿਲਦਾ ਹੈ।

ਰਿਪੋਰਟ ’ਚ ਕਿਹਾ ਗਿਆ ਹੈ, ‘‘ਇਸੇ ਤਰ੍ਹਾਂ, ਇਹ ਵੇਖਣ ਅਤੇ ਸੁਣਨ ਤੋਂ ਬਾਅਦ ਕਿ ਲੀ-ਆਇਨ ਬੈਟਰੀ ਦੀਆਂ ਕੀਮਤਾਂ ’ਚ ਪਿਛਲੇ 10 ਸਾਲਾਂ ’ਚ 85 ਫ਼ੀਸਦੀ ਦੀ ਕਮੀ ਆਈ ਹੈ, ਕੁਦਰਤੀ ਗੱਲ ਹੈ ਕਿ ਕਮਰਸ਼ੀਅਲ ਟਰੱਕ ਅਤੇ ਬੱਸ ਨਿਰਮਾਤਾਵਾਂ ਨੂੰ ਨਵੀਂਆਂ ਈ.ਵੀ. ਪੇਸ਼ ਕਰਨ ਲਈ ਬੈਟਰੀ ਦੀਆਂ ਘੱਟ ਕੀਮਤਾਂ ਤਾਰਨੀਆਂ ਪੈਂਦੀਆਂ ਹਨ। ਮੰਦਭਾਗੀ ਗੱਲ ਹੈ ਕਿ ਭਾਵੇਂ ਬੈਟਰੀ ਦੀਆਂ ਕੀਮਤਾਂ ਘਟਣਾ ਇੱਕ ਸੱਚਾਈ ਹੈ, ਪਰ ਸਾਰੇ ਐਮ.ਡੀ./ਐਚ.ਡੀ. ਟਰੱਕ ਅਤੇ ਬੱਸ ਓ.ਈ.ਐਮ. ਨੂੰ ਇਸ ਵੇਲੇ ਬਾਜ਼ਾਰ ’ਚ ਘੱਟ ਕੀਮਤਾਂ ਦਾ ਲਾਭ ਨਹੀਂ ਮਿਲ ਰਿਹਾ ਹੈ।’’

ਕੈਲਸਟਾਰਟ ਦੇ ਸਵੱਛ ਟਰੱਕ ਅਤੇ ਆਫ਼-ਰੋਡ ਪਹਿਲ ਦੇ ਸੀਨੀਅਰ ਡਾਇਰੈਕਟਰ ਕੇਵਿਨ ਵਾਲਕੋਵਿਕਜ਼ ਨੇ ਕਿਹਾ, ‘‘ਸਿਫ਼ਰ-ਉਤਸਰਜਨ ਆਵਾਜਾਈ ਵੱਲ ਸਫ਼ਲ ਤੇ ਤੇਜ਼ੀ ਨਾਲ ਪਰਿਵਰਤਨ ਅਤੇ ਸੰਬੰਧਤ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨਾ ਇੱਕ ਮਜ਼ਬੂਤ, ਟਿਕਾਊ ਅਤੇ ਘੱਟ ਕੀਮਤ ਵਾਲੀ ਉੱਤਰੀ ਅਮਰੀਕੀ ਬੈਟਰੀ ਸਪਲਾਈ ਅਤੇ ਸੋਰਸਿੰਗ ਚੇਨ ’ਤੇ ਨਿਰਭਰ ਕਰਦਾ ਹੈ।’’

ਸ਼ੁਰੂਆਤੀ ਪੜਾਅ ਦੇ ਨਿਰਮਾਤਾਵਾਂ ਅਤੇ ਕੁੱਝ ਵਹੀਕਲ ਪਲੇਟਫ਼ਾਰਮਸ ਦੀ ਮੱਦਦ ਲਈ ਖ਼ਰੀਦ ਭੱਤੇ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਬੈਟਰੀ ਦੀਆਂ ਕੀਮਤਾਂ ਸ਼ੁਰੂਆਤੀ ਵਪਾਰੀਕਰਨ ਅਤੇ ਨਿਰਮਾਤਾਵਾਂ ਵੱਲੋਂ ਬੈਟਰੀਆਂ ਪ੍ਰਾਪਤ ਕਰਨ ਦੀ ਮਾਤਰਾ ਅਤੇ ਮੁਹਾਰਤ ਵੱਲ ਇਸ਼ਾਰਾ ਕਰਦੀਆਂ ਹਨ। ਵੱਡੇ ਪੱਧਰ ’ਤੇ ਬੈਟਰੀ ਨਿਰਮਾਣ ਅਜੇ ਵੀ ਰਵਾਇਤੀ-ਫ਼ਿਊਲ ਵਾਲੀਆਂ ਗੱਡੀ ਮੁਕਾਬਲੇ ਕੀਮਤਾਂ ’ਚ ਫ਼ਰਕ ਦਾ ‘ਸਭ ਤੋਂ ਵੱਡਾ ਰੇੜਕਾ’ ਬਣਿਆ ਹੋਇਆ ਹੈ, ਹਾਲਾਂਕਿ ਸਲਾਹਕਾਰਾਂ ਦਾ ਕਹਿਣਾ ਹੈ ਕਿ ਕੀਮਤਾਂ ’ਚ ਇਹ ਫ਼ਰਕ ਸਿਫ਼ਰ-ਉਤਸਰਜਨ ਵਾਲੀਆਂ ਗੱਡੀਆਂ ਨੂੰ ਛੇਤੀ ਬਾਜ਼ਾਰ ’ਚ ਲਿਆਉਣ ਨਾਲ ਘੱਟ ਕੀਤਾ ਜਾ ਸਕਦਾ ਹੈ।

ਹਾਲਾਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਕੁੱਝ ਗੱਡੀ ਨਿਰਮਾਤਾ, ਅਜਿਹੀ ਸਥਿਤੀ ’ਚ ਹਨ ਕਿ ਉਹ ਉੱਤਰੀ ਅਮਰੀਕੀ ਬਾਜ਼ਾਰ ਤੋਂ ਬਾਹਰਲੇ ਬਾਜ਼ਾਰਾਂ ’ਚ ਵੱਧ ਮਾਤਰਾ ਅਤੇ ਬਿਹਤਰ ਕੀਮਤਾਂ ਦੇ ਸਕਦੇ ਹਨ।