ਏ.ਐਮ.ਟੀ.ਏ. ਵੱਲੋਂ ਸੁਰੱਖਿਆ ਵਧਾਉਣ ਲਈ ਹਾਈਵੇ 3 ਨੂੰ ਦੋਤਰਫ਼ਾ ਕਰਨ ਦੀ ਮੰਗ

ਦੱਖਣੀ ਅਲਬਰਟਾ ‘ਚ ਹਾਈਵੇ 3 ਨੂੰ ਦੋਤਰਫ਼ਾ ਬਣਾਉਣਾ ਸੂਬਾਈ ਟਰੱਕਿੰਗ ਐਸੋਸੀਏਸ਼ਨ ਦੀ ਪਹਿਲੀ ਤਰਜੀਹ ਬਣ ਗਈ ਹੈ।

ਸੁਰੱਖਿਅਤ ਆਵਾਜਾਈ ਅਤੇ ਕਾਰੋਬਾਰੀ ਟਰੱਕਾਂ ਦੇ ਸਫ਼ਰ ਨੂੰ ਆਸਾਨ ਬਣਾਉਣ ਲਈ 200 ਕਿਲੋਮੀਟਰ ਤੋਂ ਜ਼ਿਆਦਾ ਦਾ ਰਸਤਾ ਦੋਤਰਫ਼ਾ ਬਣਾਉਣ ਦੀ ਜ਼ਰੂਰਤ ਹੈ। ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏ.) ਦੇ ਪਰੈਜ਼ੀਡੈਂਟ ਕਰਿਸ ਨੈਸ਼ ਨੇ ਕਿਹਾ ਕਿ ਹਾਈਵੇ ਕੌਰੀਡੋਰ ਦੇ ਆਸਪਾਸ ਲਗਾਤਾਰ ਹੋ ਰਹੇ ਵਿਕਾਸ ਕਰਕੇ ਮੁਢਲਾ ਢਾਂਚਾ ਉੱਨਤ ਕਰਨਾ ਜ਼ਰੂਰੀ ਹੋ ਗਿਆ ਹੈ।

ਹਾਈਵੇ 3 ਲਾਂਘੇ ਬਾਰੇ ਅਧਿਐਨ ਹਾਈਵੇ 3 ਟਵਿੰਨਿੰਗ ਡਿਵੈਲਪਮੈਂਟ ਐਸੋਸੀਏਸ਼ਨ (ਐਚ3ਟੀ.ਡੀ.ਏ.) ਨੇ ਮੁਕੰਮਲ ਕੀਤਾ ਹੈ, ਜਿਸ ਨੇ 13 ਅਜਿਹੇ ਹਿੱਸਿਆਂ ਦੀ ਪਛਾਣ ਕੀਤੀ ਹੈ ਜਿੰਨਾਂ ਨੂੰ ਉੱਨਤ ਕਰਨ ਦੀ ਜ਼ਰੂਰਤ ਹੈ। ਹਾਈਵੇ ਦੇ ਕੁੱਝ ਹਿੱਸਿਆਂ ਨੂੰ ਦੋਤਰਫ਼ਾ ਬਣਾ ਦਿੱਤਾ ਗਿਆ ਹੈ, ਪਰ ਬਾਕੀ 200 ਕਿਲੋਮੀਟਰ ਨੂੰ ਦੋਤਰਫ਼ਾ ਬਣਾਉਣ ਲਈ ਕੁੱਝ ਹੋਰ ਵਾਤਾਵਰਣ ਸਬੰਧੀ ਅਤੇ ਇਤਿਹਾਸਕ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੈ, ਜਿਸ ‘ਚ ਮੈਡੀਸਨ ਹੈਟ, ਅਲਬਰਟਾ ਤੋਂ ਬੀ.ਸੀ. ਦੀ ਹੱਦ ਤਕ ਦਾ ਖੇਤਰ ਸ਼ਾਮਲ ਹੈ।