ਐਸਾ ਐਬਲੋਏ ਨੇ ਰੀਫ਼ਰਾਂ ਲਈ ਆਟੋਮੈਟਿਕ ਦਰਵਾਜ਼ਾ ਪੇਸ਼ ਕੀਤਾ

ਐਸਾ ਐਬਲੋਏ ਐਂਟਰੈਂਸ ਸਿਸਟਮਜ਼ ਨੇ ਰੈਫ਼ਰੀਜਿਰੇਟਿਡ ਟਰੱਕਾਂ ਅਤੇ ਟਰੇਲਰਾਂ ਲਈ ਇੱਕ ਆਟੋਮੈਟਿਕ ਦਰਵਾਜ਼ਾ ਪੇਸ਼ ਕੀਤਾ ਹੈ। ਐਮ.ਡੀ.2000 ਆਟੋਮੇਟਡ ਰੀਫ਼ਰ ਡੋਰ ਤੇਜ਼ੀ ਨਾਲ ਖੁੱਲ੍ਹ ਜਾਂਦਾ ਹੈ, ਲੰਘਣ ਜਾ ਰਹੇ ਮੁਲਾਜ਼ਮਾਂ ਅਤੇ ਕਾਰਗੋ ਦੀ ਮੌਜੂਦਗੀ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਭਾਂਪ ਲੈਂਦਾ ਹੈ ਅਤੇ ਰਸਤਾ ਸਾਫ਼ ਹੋਣ ’ਤੇ ਛੇਤੀ ਹੀ ਬੰਦ ਹੋ ਜਾਂਦਾ ਹੈ।

(ਤਸਵੀਰ: ਐਸਾ ਐਬਲੋਏ)

ਇਹ ਦਰਵਾਜ਼ਾ ਭੋਜਨ ਡਿਲੀਵਰੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ ਅਤੇ ਰੀਫ਼ਰ ਇੰਟੀਰੀਅਰ ਲਈ ਸਥਿਰ ਤਾਪਮਾਨ ਅਤੇ ਨਮੀ ਬੈਰੀਅਰ ਯਕੀਨੀ ਕਰਦਾ ਹੈ। ਇਸ ਦਰਵਾਜ਼ੇ ਨੂੰ ਰੈਫ਼ਰੀਜਿਰੇਟਰ ਅਤੇ ਫ਼ਰੀਜ਼ਰ ਅਮਲਾਂ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ 0 ਡਿਗਰੀ ਫ਼ਾਰਨਹੀਟ ’ਤੇ ਚਲਾਉਣ ਲਈ ਜਾਂਚਿਆ ਅਤੇ ਪਰਖਿਆ ਗਿਆ ਹੈ।

ਦਰਵਾਜ਼ੇ ਨੂੰ ਰੀਫ਼ਰ ਦੀ ਅੰਦਰੂਨੀ ਕੰਧ ’ਤੇ ਓ.ਈ.ਐਮ. ਵੱਲੋਂ ਲਾਇਆ ਜਾ ਸਕਦਾ ਹੈ ਜਾਂ ਮੌਜੂਦਾ ਟਰੇਲਰਾਂ ’ਤੇ ਕੁੱਝ ਘੰਟਿਆਂ ਅੰਦਰ ਹੀ ਰੈਟਰੋਫ਼ਿੱਟ ਕੀਤਾ ਜਾ ਸਕਦਾ ਹੈ।

42 ਤੋਂ 50.5 ਇੰਚ ਚੌੜੀ ਡੋਰਵੇ ਥਾਂ ਰੁਕਾਵਟ ਮੁਕਤ ਰਹਿੰਦੀ ਹੈ, ਅਤੇ ਜਦੋਂ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਦਰਵਾਜ਼ਾ ਆਪਣੇ ਘੇਰੇ ਦੁਆਲੇ ਕੱਸੀ ਹੋਈ ਸੀਲ ਬਣਾਉਂਦਾ ਹੈ। ਲਚਕਦਾਰ ਦਰਵਾਜ਼ਾ ਵਿਸ਼ਾਲ ਸਾਫ਼ ਵਿੰਡੋ ਪੈਨਲ ਅਤੇ ਨਰਮ ਹੇਠਲਾ ਸਿਰਾ ਮੁਹੱਈਆ ਕਰਵਾਉਂਦਾ ਹੈ, ਅਤੇ ਕਿਸੇ ਵੀ ਰੁਕਾਵਟ ਨਾਲ ਟਕਰਾਉਣ ’ਤੇ ਪਿੱਛੇ ਮੁੜ ਜਾਂਦਾ ਹੈ, ਜਿਸ ਨਾਲ ਡਿਲੀਵਰੀ ਮੁਲਾਜ਼ਮਾਂ ਨੂੰ ਸੁਰੱਖਿਆ ਅਤੇ ਕਾਰਗੋ ਨੂੰ ਕਿਸੇ ਨੁਕਸਾਨ ਤੋਂ ਮੁਕਤੀ ਮਿਲਦੀ ਹੈ।