ਓਂਟਾਰੀਓ ’ਚ ਆ ਰਿਹੈ ਨਵਾਂ 400-ਸੀਰੀਜ਼ ਹਾਈਵੇ

ਪ੍ਰੋਵਿੰਸ ਨੇ ਅੱਜ ਐਲਾਨ ਕੀਤਾ ਹੈ ਕਿ ਇੱਕ ਨਵਾਂ 400-ਸੀਰੀਜ਼ ਦਾ ਹਾਈਵੇ ਓਂਟਾਰੀਓ ਦੇ ਹਾਲਟਨ, ਪੀਲ ਅਤੇ ਯੌਰਕ ਖੇਤਰਾਂ ’ਚ ਭੀੜ ਨੂੰ ਘੱਟ ਕਰੇਗਾ ਅਤੇ ਵਸਤਾਂ ਦੀ ਆਵਾਜਾਈ ਨੂੰ ਬਿਹਤਰ ਕਰੇਗਾ।

ਪ੍ਰੀਮੀਅਰ ਡੱਗ ਫ਼ੋਰਡ ਨੇ ਕਿਹਾ, ‘‘ਹਾਲਟਨ, ਪੀਲ ਅਤੇ ਯੌਰਕ ਖੇਤਰਾਂ ’ਚ ਬਹੁਤ ਤੇਜ਼ ਗਤੀ ਨਾਲ ਵਿਕਾਸ ਹੋਣ ਜਾ ਰਿਹਾ ਹੈ, ਜਿਸ ਕਰਕੇ ਸਾਡੀ ਸਰਕਾਰ ਸੜਕਾਂ ਅਤੇ ਹਾਈਵੇ ਬਣਾਉਣ ਦੀ ਹਾਮੀ ਭਰ ਰਹੀ ਹੈ ਜੋ ਕਿ ਇਨ੍ਹਾਂ ਭਾਈਚਾਰਿਆਂ ਨੂੰ ਚਲਦਾ ਰੱਖਣਗੇ। ਹਾਈਵੇ 413 ਹਜ਼ਾਰਾਂ ਨੌਕਰੀਆਂ ਪੈਦਾ ਕਰੇਗਾ ਜਦਕਿ ਯਾਤਰੀਆਂ ਨੂੰ ਹਰ ਰੋਜ਼ ਕਈ ਘੰਟਿਆਂ ਤੱਕ ਜਾਮ ’ਚ ਨਹੀਂ ਫਸਣਾ ਪਵੇਗਾ। ਇਹ ਪ੍ਰਾਜੈਕਟ ਓਂਟਾਰੀਓ ਦੀ ਉਸਾਰੀ ਯੋਜਨਾ ਦਾ ਪ੍ਰਮੁੱਖ ਹਿੱਸਾ ਹੋਵੇਗਾ।’’

ਪ੍ਰੋਵਿੰਸ ਨੇ ਕਿਹਾ ਕਿ ਨਵਾਂ ਹਾਈਵੇ ਵਿਸਤਾਰ ਕਰ ਰਹੇ ਗ੍ਰੇਟ ਗੋਲਡਨ ਹੌਰਸਸ਼ੂ ਖੇਤਰ ’ਚ ਵਸਤਾਂ ਦੀ ਆਵਾਜਾਈ ਨੂੰ ਬਿਹਤਰ ਕਰੇਗਾ। ਇਹ ਪੂਰਬ ’ਚ ਹਾਈਵੇ 400 ਤੋਂ ਸ਼ੁਰੂ ਹੋ ਕੇ ਪੱਛਮ ’ਚ ਹਾਈਵੇ 401/407 ਐਕਸਪ੍ਰੈੱਸ ਟੌਲ ਰੋਡ ਤੱਕ ਜਾਵੇਗਾ, ਅਤੇ ਇਸ ’ਚ ਚਾਰ ਤੋਂ ਛੇ ਲੇਨ ਹੋਣਗੀਆਂ ਅਤੇ ਨਾਲ ਹੀ ਟਰੱਕ ਪਾਰਕਿੰਗ ਵੀ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਹਾਈਵੇ 413 ਓਂਟਾਰੀਓ ਪ੍ਰੋਵਿੰਸ ਲਈ ਇੱਕ ਮਹੱਤਵਪੂਰਨ, ਲੰਮੇ ਸਮੇਂ ਦੇ ਨਿਵੇਸ਼ ਦੀ ਪ੍ਰਤੀਨਿਧਗੀ ਕਰਦਾ ਹੈ, ਜੋ ਕਿ ਭਵਿੱਖਤ ਨਿਵੇਸ਼ ਅਤੇ ਨੌਕਰੀਆਂ ਨੂੰ ਆਕਰਸ਼ਿਤ ਕਰੇਗਾ।’’

‘‘ਹਾਈਵੇ 413 ਓਂਟਾਰੀਓ ਦੇ ਰੋਡਵੇ ਲਿੰਕਸ ’ਚ ਕਮੀਆਂ ਦੀ ਭਰਪਾਈ ਕਰੇਗਾ ਜਿਸ ਨਾਲ ਪ੍ਰੋਵਿੰਸ ਦੇ ਉੱਤਰ-ਪੱਛਮ ਜੀ.ਟੀ.ਏ. ’ਚ ਸਥਿਤ ਟਰਾਂਸਪੋਰਟੇਸ਼ਨ ਅਤੇ ਲੋਜਿਸਟਿਕਸ ਕੇਂਦਰਾਂ ਨੂੰ ਲਾਭ ਮਿਲੇਗਾ ਜੋ ਕਿ ਕੈਨੇਡਾ ਦੀ ਸਪਲਾਈ ਚੇਨ ਦਾ ਧੁਰਾ ਹਨ। ਇਹ ਹਾਈਵੇ 401 ਤੋਂ ਭੀੜ ਨੂੰ ਵੀ ਘੱਟ ਕਰੇਗਾ ਅਤੇ ਜੀ.ਟੀ.ਏ. ਦੇ 400-ਲੜੀ ਦੇ ਨੈੱਟਵਰਕ ’ਤੇ ਆਮਦ ਨੂੰ ਵਧਾਏਗਾ, ਜਿਸ ਨਾਲ ਟਰੱਕਾਂ ਰਾਹੀਂ ਵਸਤਾਂ ਦੀ ਆਮਦ ਦਾ ਸਮਾਂ ਬਹੁਤ ਬਿਹਤਰ ਹੋਵੇਗਾ ਅਤੇ ਕੇਂਦਰੀ ਤੇ ਉੱਤਰੀ ਓਂਟਾਰੀਓ ਤੱਕ ਪਹੁੰਚ ਵੀ ਵਧੇਗੀ, ਨਾਲ ਹੀ ਕੈਨੇਡਾ ਦੇ ਸਭ ਤੋਂ ਭੀੜ ਵਾਲੇ ਟਰੱਕ-ਰੇਲ ਇੰਟਰਮਾਡਲ ਸਹੂਲਤਾਂ ਤਕ ਸੰਪਰਕ ਮਜ਼ਬੂਤ ਬਣੇਗਾ। ਹਾਈਵੇ 413 ਨਾ ਸਿਰਫ਼ ਮੁਢਲੇ ਢਾਂਚੇ ਦਾ ਮੂਲ-ਸਾਰ ਹੈ, ਇਹ ਓਂਟਾਰੀਓ ਦੀ ਭਵਿੱਖ ’ਚ ਸਫ਼ਲਤਾ ਦਾ ਵੀ ਪ੍ਰਮੁੱਖ ਹਿੱਸਾ ਹੈ।’’