ਓਂਟਾਰੀਓ ਟਰੱਕਰਸ ਵੱਲੋਂ ਪ੍ਰਦਰਸ਼ਨ, ਸਮੱਸਿਆਵਾਂ ਉਜਾਗਰ ਕਰਨ ਲਈ ਸਾਂਝੇ ਯਤਨ ਸ਼ੁਰੂ

ਓਂਟਾਰੀਓ ਟਰੱਕਿੰਗ ਗਰੁੱਪਸ ਨੇ ਪਿੱਛੇ ਜਿਹੇ ਤਨਖ਼ਾਹਾਂ ਦੇ ਮੁੱਦੇ ’ਤੇ ਕਾਰਵਾਈ ਸ਼ੁਰੂ ਕਰ ਕੇ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਉਦੋਂ ਹਿੰਸਕ ਹੋ ਗਿਆ ਜਦੋਂ ਇੱਕ ਡਰਾਈਵਰ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ, ਜੋ ਉਹ ਹੁਣ ਹਸਪਤਾਲ ’ਚ ਜ਼ੇਰੇ ਇਲਾਜ ਹੈ।

ਵੱਧ ਰਹੀਆਂ ਸੰਚਾਲਨ ਲਾਗਤਾਂ ਮੁਕਾਬਲੇ ਤਨਖ਼ਾਹਾਂ ਦੇ ਨਾ ਵਧਣ ਕਰਕੇ ਡਰਾਈਵਰ ਕਈ ਥਾਵਾਂ ’ਤੇ ਹੜਤਾਲਾਂ ’ਚ ਹਿੱਸਾ ਲੈ ਰਹੇ ਹਨ। ਉਹ ਲੇਬਰ ਦੀਆਂ ਸਮੱਸਿਆਵਾਂ ਅਤੇ ਸੁਰੱਖਿਆ ਰੈਗੂਲੇਸ਼ਨਾਂ ਬਾਰੇ ਵੀ ਆਪਣੀਆਂ ਮੰਗਾਂ ਸਾਹਮਣੇ ਰੱਖ ਰਹੇ ਹਨ।

ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਦੇ ਸਾਥੀ ਮੈਂਬਰਾਂ ਨਾਲ ਪ੍ਰਦਰਸ਼ਨ ਕਰ ਰਹੇ ਇੱਕ ਟਰੱਕ ਡਰਾਈਵਰ ’ਤੇ ਪਿਛਲੇ ਮਹੀਨੇ ਵੋਅਨ, ਓਂਟਾਰੀਓ ਦੀ ਉਸਾਰੀ ਸਾਈਟ ’ਤੇ ਹਮਲਾ ਕੀਤਾ ਗਿਆ ਸੀ।

ਯੌਰਕ ਦੀ ਰੀਜਨਲ ਪੁਲਿਸ ਕਾਂਸਟੇਬਲ ਏਮੀ ਬੌਡਰਿਊ ਨੇ ਕਿਹਾ ਕਿ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਪੁੱਛ-ਪਛਤਾਲ ਜਾਰੀ ਹੈ।

ਓ.ਡੀ.ਟੀ.ਏ. ਵੱਲੋਂ ਦਿੱਤੇ ਗਏ ਇੱਕ ਵੀਡੀਓ ’ਚ ਦਿੱਸ ਰਿਹਾ ਹੈ ਕਿ ਇੱਕ ਵਿਅਕਤੀ ਨੇ ਪ੍ਰਦਰਸ਼ਨਕਾਰੀ ’ਤੇ ਝਪਟ ਕੇ ਵਾਰ ਕੀਤਾ ਜੋ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਵਿਅਕਤੀ ਹੱਥ ’ਚ ਚਾਕੂ ਲੈ ਕੇ ਟਰੱਕ ’ਚ ਚੜ੍ਹ ਗਿਆ। ਇਸ ਤੋਂ ਬਾਅਦ ਜ਼ਖ਼ਮੀ ਵਿਅਕਤੀ ਖੜ੍ਹਾ ਹੋਇਆ ਅਤੇ ਨੇੜੇ ਖੜ੍ਹੇ ਲੋਕ ਉਸ ਦੀ ਪਿੱਠ ਵੱਲ ਇਸ਼ਾਰਾ ਕਰ ਰਹੇ ਸਨ, ਜਿੱਥੇ ਹੋਏ ਜ਼ਖ਼ਮ ’ਚੋਂ ਖ਼ੂਨ ਵਹਿ ਰਿਹਾ ਸੀ। ਟਰੱਕ ਦੇ ਚਲੇ ਜਾਣ ਨਾਲ ਹੀ ਵੀਡੀਓ ਖ਼ਤਮ ਹੋ ਗਿਆ।

ਓ.ਡੀ.ਟੀ.ਏ. ਨੇ ਇੱਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਇਸ ਦੇ ਮੈਂਬਰਾਂ ਨੂੰ ਵੱਡੀਆਂ ਉਸਾਰੀ ਕੰਪਨੀਆਂ ਦੀਆਂ ਧਮਕੀਆਂ ਅਤੇ ਡਰਾਵਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਓ.ਡੀ.ਟੀ.ਏ. ਦੇ ਸੀਨੀਅਰ ਸਲਾਹਕਾਰ ਬੌਬ ਪੁਨੀਆ ਨੇ ਕਿਹਾ, ‘‘ਮੈਂਬਰ ਜੌਬ ਸਾਈਟ ’ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਇਸ ਤਰ੍ਹਾਂ ਦੀ ਘਟਨਾ ਦਾ ਵਾਪਰਨਾ ਸਾਡੇ ਉਦਯੋਗ ਲਈ ਸ਼ਰਮ ਦੀ ਗੱਲ ਹੈ। ਸਾਨੂੰ ਚਾਹੀਦਾ ਹੈ ਕਿ ਇਸ ਲਈ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਈਏ। ਇਹ ਲੋਕ ਆਪਣੇ ਪ੍ਰਦਰਸ਼ਨ ਕਰਨ ਦੇ ਹੱਕ ਦਾ ਪ੍ਰਯੋਗ ਕਰ ਰਹੇ ਹਨ, ਜੋ ਕਿ ਸਾਨੂੰ ਚਾਰਟਰ ਹੇਠ ਮੁਹੱਈਆ ਕਰਵਾਇਆ ਗਿਆ ਹੈ, ਅਤੇ ਕਿਸੇ ਨੂੰ ਚਾਕੂ ਨਾਲ ਜ਼ਖ਼ਮੀ ਕਰ ਕੇ ਹਸਪਤਾਲ ’ਚ ਪਹੁੰਚਾ ਦੇਣ ਵਾਲੇ ਨੂੰ ਅਸੀਂ ਮਾਫ਼ ਨਹੀਂ ਕਰ ਸਕਦੇ।’’

ਇਸ ਤੋਂ ਪਹਿਲਾਂ ਦਰਾਂ ’ਚ 40% ਵਾਧੇ ਦੀ ਮੰਗ ਕਰ ਰਹੇ ਸੈਂਕੜੇ ਐਗਰੀਗੇਟ ਹੌਲਰਾਂ ਨੇ ਦੋ ਹਫ਼ਤਿਆਂ ਤੱਕ ਖਾਣਾਂ ਬਾਹਰ ਪ੍ਰਦਰਸ਼ਨ ਕੀਤਾ ਸੀ।

ਓਂਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ ਦੇ ਮੈਂਬਰ 21 ਮਾਰਚ ਨੂੰ ਮਿਲਟਨ, ਓਂਟਾਰੀਓ ਦੀ ਇੱਕ ਖਾਣ ਬਾਹਰ ਪ੍ਰਦਰਸ਼ਨ ਕਰਦੇ ਹੋਏ।

ਓਂਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ (ਓ.ਏ.ਟੀ.ਏ.) ਦੇ ਮੈਂਬਰ ਦਰਾਂ ’ਚ ਵਾਧੇ ਦਾ ਐਲਾਨ ਹੋਣ ਮਗਰੋਂ ਮੁੜ ਕੰਮ ’ਤੇ ਪਰਤ ਆਏ ਸਨ। ਓ.ਏ.ਟੀ.ਏ. ਦੇ ਪ੍ਰੈਜ਼ੀਡੈਂਟ ਜਗਰੂਪ ਸਿੰਘ ਨੇ ਕਿਹਾ, ‘‘ਹੜਤਾਲ ਖ਼ਤਮ ਹੋ ਗਈ ਹੈ। ਸਾਡੇ ਪ੍ਰੋਡਿਊਸਰਾਂ ਦੀ ਬਦੌਲਤ ਸਾਨੂੰ ਦਰਾਂ ’ਚ 20% ਦਾ ਵਾਧਾ ਪ੍ਰਾਪਤ ਹੋਇਆ। ਇਸ ਦਾ ਸਿਹਰਾ ਉਨ੍ਹਾਂ ਦੇ ਸਿਰ ਹੈ। ਅਸੀਂ ਕੰਮ ’ਤੇ ਮੁੜ ਪਰਤ ਆਏ ਹਾਂ।’’

ਡੰਪ ਟਰੱਕ ਡਰਾਈਵਰਾਂ ਨੂੰ ਹੜਤਾਲ ਕਰਦਿਆਂ ਲਗਭਗ ਪੂਰਾ ਮਹੀਨਾ ਹੋ ਗਿਆ ਹੈ। ਓ.ਡੀ.ਟੀ.ਏ. ਦੇ ਮੈਂਬਰਾਂ ਨੇ ਆਪਣੇ ਟਰੱਕ ਪਾਰਕ ਕਰ ਦਿੱਤੇ ਹਨ ਅਤੇ ਉਨ੍ਹਾਂ ਨੇ ਉਸਾਰੀ ਦੀਆਂ ਥਾਵਾਂ ਲਈ ਕੰਮ ਕਰਨਾ ਅਤੇ ਸੇਵਾ ਦੇਣਾ ਬੰਦ ਕਰ ਦਿੱਤਾ ਹੈ। ਗ੍ਰੇਟਰ ਟੋਰਾਂਟੋ ਏਰੀਆ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ ਅਤੇ ਧਰਨਾਕਾਰੀਆਂ ਦੀਆਂ ਕਤਾਰਾਂ ਬਣਾਈਆਂ ਗਈਆਂ ਹਨ।

ਪੁਨੀਆ ਨੇ ਇੱਕ ਪ੍ਰੈੱਸ ਰਿਲੀਜ਼ ’ਚ ਕਿਹਾ, ‘‘ਅਸੀਂ ਠੇਕੇਦਾਰਾਂ ਅਤੇ ਡੰਪ ਟਰੱਕ ਆਪਰੇਟਰਾਂ ਨੂੰ ਸੁਤੰਤਰ ਤੌਰ ’ਤੇ ਰੱਖਣ ਵਾਲਿਆਂ ਨਾਲ ਬੰਨ੍ਹਣਕਾਰੀ ਸਮਝੌਤਾ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਇਸ ਸਮਝੌਤੇ ’ਚ ਮੁਢਲੇ ਲੇਬਰ ਅਧਿਕਾਰ, ਉਚਿਤ ਤਨਖ਼ਾਹਾਂ ਅਤੇ ਮੁਆਵਜ਼ੇ ਅਤੇ ਹੋਰ ਮਾਨਕ ਸ਼ਾਮਲ ਹੋਣਗੇ ਜੋ ਕਿ ਵਿਹਾਰਕ ਅਤੇ ਸੁਰੱਖਿਅਤ ਉਦਯੋਗ ਲਈ ਜ਼ਰੂਰੀ ਹੈ।’’

ਬਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਹੈ ਜਿਸ ’ਚ ਸਟਾਫ਼ ਨੂੰ ਕਿਹਾ ਗਿਆ ਹੈ ਕਿ ਉਹ ਸ਼ਹਿਰੀ ਮੁਢਲਾ ਢਾਂਚਾ ਪ੍ਰਾਜੈਕਟਾਂ ’ਚ ਬੋਲੀ ਲਾਉਣ ਵਾਲੀਆਂ ਕੰਪਨੀਆਂ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਇਹ ਯਕੀਨੀ ਕਰ ਲੈਣ ਕਿ ਓ.ਡੀ.ਟੀ.ਏ. ਦੇ ਮੁਢਲੇ ਸਮਝੌਤੇ ਦੀ ਪਾਲਣਾ ਕੀਤੀ ਗਈ ਹੈ।

ਕੌਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਮਤੇ ਦਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਡਰਾਈਵਰਾਂ ਦੇ ਲੇਬਰ ਅਧਿਕਾਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸਿਟੀ ਪ੍ਰਾਜੈਕਟਾਂ ’ਤੇ ਉਚਿਤ ਤਨਖ਼ਾਹਾਂ ਮਿਲ ਰਹੀਆਂ ਹਨ। ਸਟਾਫ਼ ਵੱਲੋਂ ਇਹ ਵੀ ਰਿਪੋਰਟ ਕੀਤਾ ਜਾਵੇਗਾ ਕਿ ਓ.ਡੀ.ਟੀ.ਏ. ਦਾ ਮੁਢਲਾ ਸਮਝੌਤਾ ਕਿਸ ਤਰ੍ਹਾਂ ਸ਼ਹਿਰ ਦੀ ਖ਼ਰੀਦ ਪ੍ਰਕਿਰਿਆ ’ਚ ਪੱਕੇ ਤੌਰ ’ਤੇ ਸ਼ਾਮਲ ਕੀਤਾ ਜਾ ਸਕਦਾ ਹੈ।

ਢਿੱਲੋਂ ਨੇ ਕਿਹਾ, ‘‘ਮੈਂ ਇਹ ਵੇਖ ਕੇ ਖ਼ੁਸ਼ ਹਾਂ ਕਿ ਸਿਟੀ ਕੌਂਸਲ ’ਚ ਮੇਰੇ ਸਾਥੀਆਂ ਨੇ ਕਿਰਤੀਆਂ ਦੇ ਹੱਕਾਂ ਲਈ ਡਟਣ ਦੀ ਮਹੱਤਤਾ ਨੂੰ ਪਛਾਣ ਲਿਆ ਹੈ। ਮਤਾ ਇਹ ਯਕੀਨੀ ਕਰਨ ਵੱਲ ਮਹੱਤਵਪੂਰਨ ਕਦਮ ਹੈ ਕਿ ਬਰੈਂਪਟਨ ਵੱਲੋਂ ਫ਼ੰਡ ਪ੍ਰਾਪਤ ਮੁਢਲਾ ਢਾਂਚਾ ਪ੍ਰਾਜੈਕਟ, ਇਨ੍ਹਾਂ ਮਹੱਤਵਪੂਰਨ ਵਰਕਰਾਂ ਦਾ ਮਾਣ ਕਰਦੇ ਹਨ ਜੋ ਕਿ ਸਾਡੇ ਸ਼ਹਿਰਾਂ ਦੀ ਉਸਾਰੀ ਆਪਣੇ ਹੱਥਾਂ ਨਾਲ ਕਰਦੇ ਹਨ।’’

ਇਸ ਦੌਰਾਨ, ਪ੍ਰੋਵਿੰਸ ਦੇ ਦੱਖਣੀ ਏਸ਼ੀਆਈ ਟਰੱਕਿੰਗ ਸੰਗਠਨਾਂ ਨੇ ਭਾਈਚਾਰੇ ਦੇ ਡਰਾਈਵਰਾਂ ਨੂੰ ਆਪਣੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਉਨ੍ਹਾਂ ਵੱਲੋਂ ਦਰਪੇਸ਼ ਚੁਨੌਤੀਆਂ ਦੇ ਹੱਲ ਲੱਭਣ ਲਈ ਸਾਂਝਾ ਮੰਚ ਪ੍ਰਦਾਨ ਕਰਨ ਵੱਲ ਪਹਿਲਾ ਕਦਮ ਚੁੱਕਿਆ ਹੈ।

Meeting of South Asian trucking group members
ਦੱਖਣੀ ਏਸ਼ੀਆਈ ਟਰੱਕਿੰਗ ਸੰਗਠਨਾਂ ਦੇ ਮੈਂਬਰ ਮਿਸੀਸਾਗਾ, ਓਂਟਾਰੀਓ ਦੇ ਗੁਰਦੁਆਰੇ ’ਚ ਇੱਕ ਮੀਟਿੰਗ ਦੌਰਾਨ। ਤਸਵੀਰ: ਲੀਓ ਬਾਰੋਸ

ਜੂਨ ’ਚ ਹੋਣ ਜਾ ਰਹੀਆਂ ਪ੍ਰੋਵਿੰਸ ਦੀਆਂ ਚੋਣਾਂ ਦੀ ਤਰੀਕ ਨੇੜੇ ਆਉਣ ਨੂੰ ਵੇਖਦਿਆਂ ਸਾਂਝੀ ਆਵਾਜ਼ ਚੁੱਕਣ ਦੀ ਜ਼ਰੂਰਤ ਬਾਰੇ ਚਰਚਾ ਕਰਨ ਲਈ ਪਿਛਲੇ ਮਹੀਨੇ ਏ.ਜ਼ੈੱਡ. ਕੈਨੇਡੀਅਨ ਟਰੱਕਰਸ ਐਸੋਸੀਏਸ਼ਨ (ਏ.ਜ਼ੈੱਡ.ਸੀ.ਟੀ.ਏ.), ਓ.ਡੀ.ਟੀ.ਏ. ਅਤੇ ਓ.ਏ.ਟੀ.ਏ. ਦੀ ਮਿਸੀਸਾਗਾ ਦੇ ਇੱਕ ਗੁਰਦਵਾਰੇ ’ਚ ਬੈਠਕ ਹੋਈ।

ਏ.ਜ਼ੈੱਡ.ਸੀ.ਟੀ.ਏ. ਦੇ ਵਾਇਸ-ਪ੍ਰੈਜ਼ੀਡੈਂਟ ਸੁਖਰਾਜ ਸੰਧੂ ਨੇ ਕਿਹਾ ਕਿ ਮੁੱਖ ਏਜੰਡਾ ਸਿਸਟਮ ਅੰਦਰ ਰਹਿਣਾ ਅਤੇ ਇਸ ਦੀਆਂ ਕਮੀਆਂ ਨੂੰ ਦੂਰ ਕਰਨਾ ਹੈ।

ਉਨ੍ਹਾਂ ਕਿਹਾ, ‘‘ਭਾਈਚਾਰਾ ਕਈ ਧੜਿਆਂ – ਲੋਂਗ ਹੌਲ, ਲੋਕਲ, ਡੰਪ ਟਰੱਕ ਡਰਾਈਵਰ, ਐਗਰੀਗੇਟ ਹੌਲਰ ’ਚ ਵੰਡਿਆ ਹੋਇਆ ਹੈ। ਅਸੀਂ ਸਾਰੇ ਟਰੱਕਰਸ ਹਾਂ, ਅਤੇ ਜਦੋਂ ਕਿਸੇ ਇੱਕ ਨੂੰ ਸਮੱਸਿਆ ਹੁੰਦੀ ਹੈ ਤਾਂ ਅਸੀਂ ਆਪਣੀ ਆਵਾਜ਼ ਚੁੱਕਣ ਲਈ ਇੱਕ ਮੰਚ ’ਤੇ ਇਕੱਠਾ ਹੋ ਸਕਦੇ ਹਾਂ।’’

Picture of dump trucks
ਮਿਸੀਸਾਗਾ, ਓਂਟਾਰੀਓ ’ਚ ਪਾਰਕ ਕੀਤੇ ਗਏ ਡੰਪ ਟਰੱਕ। ਤਸਵੀਰ: ਲੀਓ ਬਾਰੋਸ

ਓ.ਡੀ.ਟੀ.ਏ. ਦੇ ਜਸਵੀਰ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਨਾਲ ਹੱਥ ਮਿਲਾਉਣ ਲਈ ਉਹ ਏ.ਜ਼ੈੱਡ.ਸੀ.ਟੀ.ਏ. ਅਤੇ ਓ.ਏ.ਟੀ.ਏ. ਦੇ ਧਨਵਾਦੀ ਹਾਂ।

ਓ.ਏ.ਟੀ.ਏ. ਦੇ ਸਿੰਘ ਨੇ ਇਸ ਕਦਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਇੱਕ ਚੰਗਾ ਕਦਮ ਅਤੇ ਸ਼ੁਰੂਆਤੀ ਬਿੰਦੂ ਹੈ। ‘‘ਭਵਿੱਖ ’ਚ ਅਸੀਂ ਹੋਰ ਮੁੱਦਿਆਂ ਦਾ ਹੱਲ ਕਰਨ ਲਈ ਇਕੱਠੇ ਹੋਣ ਜਾ ਰਹੇ ਹਾਂ। ਅਸੀਂ ਇੱਕ ਸਾਂਝਾ ਮੰਚ ਪ੍ਰਾਪਤ ਕਰਨ ਜਾ ਰਹੇ ਹਾਂ।’’

ਸਿੰਘ ਨੇ ਦੋ ਮਹੱਤਵਪੂਰਨ ਮੁੱਦਿਆਂ ’ਤੇ ਚਾਨਣਾ ਪਾਇਆ – ਆਰਾਮ ਘਰ ਅਤੇ ਟਰੱਕ ਪਾਰਕਿੰਗ। ਉਨ੍ਹਾਂ ਨੇ ਮੁਢਲੇ ਢਾਂਚੇ ਦੀ ਕਮੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੁੱਝ ਆਰਾਮ ਘਰਾਂ ’ਚ ਸਿਰਫ਼ 20 ਟਰੱਕ ਪਾਰਨ ਕਰਨ ਦੀ ਥਾਂ ਹੁੰਦੀ ਹੈ ਅਤੇ ਡਰਾਈਵਰਾਂ ਨੂੰ ਪਾਰਕਿੰਗ ਦੀ ਥਾਂ ਲੱਭਣ ’ਚ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਟਰੱਕ ਪਾਰਕਿੰਗ ਫ਼ੀਸ ’ਤੇ ਹੀ ਪੂਰੇ ਮਹੀਨੇ ’ਚ 500 ਡਾਲਰ ਖ਼ਰਚ ਹੋ ਜਾਂਦੇ ਹਨ, ਜੋ ਕਿ ਇੱਕ ਵੱਡੇ ਟਰੱਕ ਦੇ ਪੂਰੇ ਮਹੀਨੇ ਦੇ ਬੀਮੇ ਦੇ ਬਰਾਬਰ ਹੈ। ਸਿੰਘ ਨੇ ਕਿਹਾ, ‘‘ਕੈਲੇਡਨ, ਓਂਟਾਰੀਓ ’ਚ ਬਹੁਤ ਜ਼ਮੀਨ ਹੈ। ਉਹ ਸਾਨੂੰ ਆਊਟਡੋਰ ਸਟੋਰੇਜ ਪਰਮਿਟ ਦੇ ਸਕਦੇ ਨੇ। ਜ਼ੋਨਿੰਗ ਨੂੰ ਬਦਲਣ ਲਈ ਕੋਈ ਰੱਬ ਤਾਂ ਹੇਠਾਂ ਉਤਰ ਕੇ ਨਹੀਂ ਆਵੇਗਾ। ਇਹ ਸਿਆਸੀ ਮਸਲਾ ਹੈ। ਇਸ ਕੰਮ ਨੂੰ ਉਹ ਕਿਸੇ ਵੀ ਵੇਲੇ ਆਪਣੀ ਇੱਛਾ ਨਾਲ ਕਰ ਸਕਦੇ ਹਨ।’’

ਏ.ਜ਼ੈੱਡ.ਸੀ.ਟੀ.ਏ. ਦੇ ਸੰਧੂ ਨੇ ਕਿਹਾ ਕਿ ਗਰੁੱਪ ਦਾ ਮੰਤਵ ਨਿਯਮਾਂ ਅਤੇ ਰੈਗੂਲੇਸ਼ਨਾਂ, ਅਥਾਰਟੀਆਂ, ਅਦਾਇਗੀ ਦੀਆਂ ਸਮੱਸਿਆਵਾਂ, ਜਨਤਕ ਸੁਰੱਖਿਆ, ਅਤੇ ਨਵੇਂ ਪੇਸ਼ੇਵਰ ਡਰਾਈਵਰਾਂ ਦੀ ਸਿੱਖਿਆ ਨਾਲ ਸਮੱਸਿਆਵਾਂ ਨੂੰ ਉਜਾਗਰ ਕਰਨਾ ਹੈ।

ਰੋਡ ਟੂਡੇ ਦੇ ਪ੍ਰਕਾਸ਼ਕ ਮਨਨ ਗੁਪਤਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਦਯੋਗ ’ਚ ਭਾਈਚਾਰੇ ਦੇ ਪੇਸ਼ੇਵਰ ਅਕਸ ’ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਿੱਦਿਅਕ ਸਰੋਤ ਤਿਆਰ ਕਰਨ ਅਤੇ ਅਜਿਹੇ ਬੁਲਾਰਿਆਂ ਨੂੰ ਰੱਖਣ ਦੀ ਸਲਾਹ ਦਿੱਤੀ ਜੋ ਕਿ ਵੱਖੋ-ਵੱਖ ਮੰਚਾਂ ’ਤੇ ਇਸ ਮੁੱਦੇ ਨੂੰ ਅਸਰਦਾਰ ਤਰੀਕੇ ਨਾਲ ਚੁੱਕ ਸਕਦੇ ਹੋਣ।

ਭਾਈਚਾਰੇ ਦੇ ਕਾਰਕੁਨ ਜੋਤਵਿੰਦਰ ਸੋਢੀ ਨੇ ਸਲਾਹ ਦਿੱਤੀ ਕਿ ਦੱਖਣੀ ਏਸ਼ੀਆਈ ਟਰੱਕਰਸ ਆਪਣੇ ਕੱਪੜਿਆਂ ’ਤੇ ਗਰੁੱਪ ਦੀ ਪਛਾਣ ਵਿਖਾਉਣ ਵਾਲੇ ਲੋਗੋ ਪਹਿਨਣ, ਜਿਸ ਨਾਲ ਗਰੁੱਪ ਲੋਕਾਂ ਦੀਆਂ ਨਜ਼ਰਾਂ ’ਚ ਆਵੇਗਾ ਅਤੇ ਮੰਚ ਵੀ ਸਾਂਝਾ ਬਣੇਗਾ।

ਉਦਯੋਗਿਕ ਈਵੈਂਟਸ ’ਚ ਹਾਜ਼ਰੀ ਅਤੇ ਆ ਰਹੀਆਂ ਚੋਣਾਂ ਨੂੰ ਵੇਖਦਿਆਂ ਸਿਆਸਤਦਾਨਾਂ ਕੋਲ ਲਗਾਤਾਰ ਪਹੁੰਚ ਕਰਨ ਬਾਰੇ ਵੀ ਚਰਚਾ ਕੀਤੀ ਗਈ।

ਚੁੱਕੇ ਗਏ ਮੁੱਦਿਆਂ ’ਚ ਡਰਾਈਵਰਾਂ ਲਈ ਪਖਾਨਿਆਂ ਤੱਕ ਪਹੁੰਚ, ਏਅਰ ਬ੍ਰੇਕ ਨਵਿਆਉਣ ਤੋਂ ਛੋਟਾਂ, ਬੀਮਾ, ਅਣਉਚਿਤ ਤਨਖ਼ਾਹਾਂ, ਅਤੇ ਵਿਚੋਲੀਆਂ ਵੱਲੋਂ ਲਾਭ ਖਾ ਲੈਣਾ ਸ਼ਾਮਲ ਹੈ।

 

ਲੀਓ ਬਾਰੋਸ ਵੱਲੋਂ