ਓਂਟਾਰੀਓ ਦੇ ਅਫ਼ਸਰਾਂ ਨੇ ਈ.ਐਲ.ਡੀ. ਸਿਖਲਾਈ ਸ਼ੁਰੂ ਕੀਤੀ, ਬੱਸ ਆਪਰੇਟਰਾਂ ਨੂੰ ਮਿਲੀ ਇੱਕ ਸਾਲ ਦੀ ਰਾਹਤ

ਓਂਟਾਰੀਓ ਦੇ ਆਵਾਜਾਈ ਮੰਤਰਾਲੇ ਦੇ ਅਧਿਕਾਰੀ 12 ਜੂਨ, 2022 ਤੋਂ ਇਲੈਕਟ੍ਰੋਨਿਕ ਲਾਗਿੰਗ ਡਿਵਾਇਸਿਜ਼ (ਈ.ਐਲ.ਡੀ.) ਨਾਲ ਸੰਬੰਧਤ ਨਿਯਮਾਂ ਦੇ ਅਮਲ ’ਚ ਆਉਣ ਬਾਰੇ ਹੁਣ ਸਿਖਲਾਈ ਪ੍ਰਾਪਤ ਕਰ੍ਹ ਰਹੇ ਹਨ।

ਆਈਸੈਕ ਇੰਸਟਰੂਮੈਂਟਸ ਦੀ ਸਾਲਾਨਾ ਯੂਜ਼ਰ ਕਾਨਫ਼ਰੰਸ ਵਿਖੇ ਤਾਜ਼ਾ ਜਾਣਕਾਰੀ ਦਿੰਦਿਆਂ ਮੰਤਰਾਲੇ ਦੇ ਕੈਰੀਅਰ ਇਨਫ਼ੋਰਸਮੈਂਟ ਪ੍ਰੋਗਰਾਮ ਦੇ ਟੀਮ ਲੀਡਰ ਰਿਚਰਡ ਰੋਬਿਨਸਨ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਸਿਖਲਾਈ ਦੇਣ ਜਾ ਰਹੇ ਹਾਂ।’’

ਸਿਖਲਾਈ ਸੈਸ਼ਨ 2022 ਦੇ ਸ਼ੁਰੂਆਤੀ ਮਹੀਨਿਆਂ ਤੱਕ ਚੱਲਣਗੇ। ਉਨ੍ਹਾਂ ਕਿਹਾ, ‘‘ਜਿਉਂ-ਜਿਉਂ ਸਾਨੂੰ ਇਨ੍ਹਾਂ ਉਪਕਰਨਾਂ ਬਾਰੇ ਪਤਾ ਲਗਦਾ ਰਹੇਗਾ, ਅਸੀਂ ਸਿਖਲਾਈ ਜਾਰੀ ਰੱਖਾਂਗੇ ਕਿ ਇਹ ਕਿਸ ਤਰ੍ਹਾਂ ਕੰਮ ਕਰਦੇ ਹਨ, ਇਨ੍ਹਾਂ ਦੀ ਜਾਂਚ ਦਾ ਬਿਹਤਰ ਤਰੀਕਾ ਕਿਹੜਾ ਹੈ ਅਤੇ ਇਨ੍ਹਾਂ ਨਾਲ ਧੋਖਾਧੜੀ ਦੀ ਨੀਤ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਫੜਨ ਲਈ ਕੀ ਤਰਕੀਬ ਅਪਣਾਈ ਜਾਵੇ।’’

(ਤਸਵੀਰ: ਜੌਨ ਜੀ. ਸਮਿੱਥ)

ਓਂਟਾਰੀਓ ਦੀਆਂ ਟੀਮਾਂ ਇਨ੍ਹਾਂ ਨਿਯਮਾਂ ਨੂੰ ਫ਼ੈਡਰਲ ਪੱਧਰ ’ਤੇ ਰੈਗੂਲੇਟਿਡ ਕੈਰੀਅਰਸ ਦੇ ਨਾਲ ਹੀ ਸਿਰਫ਼ ਪ੍ਰੋਵਿੰਸ ’ਚ ਕੰਮ ਕਰਨ ਵਾਲੇ ਕੈਰੀਅਰਸ ’ਤੇ ਵੀ ਲਾਗੂ ਕਰਨਗੀਆਂ।

ਰੋਬਿਨਸਨ ਨੇ ਕਿਹਾ, ‘‘12 ਜੂਨ, 2022 ਉਹ ਜਾਦੂਈ ਮਿਤੀ ਹੈ ਜਦੋਂ ਇਹ ਓਂਟਾਰੀਓ ’ਚ ਕਾਨੂੰਨ ਬਣ ਜਾਵੇਗਾ।’’

ਫ਼ੈਡਰਲ ਪੱਧਰ ’ਤੇ ਰੈਗੂਲੇਟਰ ਕੈਰੀਅਰਸ ’ਤੇ ਈ.ਐਲ.ਡੀ. ਕਾਨੂੰਨ ਜੂਨ 2021 ਤੋਂ ਲਾਗੂ ਹੈ, ਪਰ ਇਸ ਦੀ ਪਾਲਣਾ ਕਰਵਾਉਣ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਕਿਉਂਕਿ ਪ੍ਰਮਾਣਿਤ ਉਪਕਰਨਾਂ ਦੀ ਕਮੀ ਸੀ। ਅਜੇ ਤੱਕ ਸੱਤ ਈ.ਐਲ.ਡੀ. ਮਾਡਲਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ।

ਹਾਲਾਂਕਿ ਕੁੱਝ ਛੋਟਾਂ ਵੀ ਮਿਲਦੀਆਂ ਰਹਿਣਗੀਆਂ।

ਓਂਟਾਰੀਓ ’ਚ ਡਰਾਈਵ-ਅਵੇ-ਟੋ-ਅਵੇ ਕਾਰਵਾਈਆਂ ਨੂੰ ਅਧਿਕਾਰਤ ਤੌਰ ’ਤੇ ਛੋਟ ਪ੍ਰਾਪਤ ਹੈ, ਅਤੇ ਬੱਸ ਡਰਾਈਵਰਾਂ ’ਤੇ ਇਹ ਕਾਨੂੰਨ ਲਾਗੂ ਕਰਨਾ ਇੱਕ ਹੋਰ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਰੋਬਿਨਸਨ ਨੇ ਕਿਹਾ, ‘‘ਅਸੀਂ ਬੱਸ ਉਦਯੋਗ ਨੂੰ ਇੱਕ ਹੋਰ ਸਾਲ ਦੇ ਰਹੇ ਹਾਂ ਕਿਉਂਕਿ ਸੈਰ-ਸਪਾਟਾ ਉਦਯੋਗ ਨੂੰ ਮਹਾਂਮਾਰੀ ਕਰਕੇ ਬਹੁਤ ਵੱਡੀ ਮਾਰ ਪਈ ਹੈ ਅਤੇ ਜ਼ਿਆਦਾਤਰ ਥਾਵਾਂ ਬੰਦ ਰਹੀਆਂ।’’

ਹੋਰ ਪ੍ਰੋਵਿੰਸ਼ੀਅਲ ਛੋਟਾਂ ਫ਼ੈਡਰਲ ਕਾਨੂੰਨ ਅਨੁਸਾਰ ਹੋਣਗੀਆਂ, ਜਿਵੇਂ ਕਿ 30 ਦਿਨਾਂ ਤੋਂ ਘੱਟ ਦਾ ਥੋੜ੍ਹੇ ਸਮੇਂ ਦਾ ਰੈਂਟਲ, ਜੋ ਗੱਡੀਆਂ ਆਪਣੇ ਟਰਮੀਨਲ ਦੇ 160 ਕਿਲੋਮੀਟਰ ਦੇ ਘੇਰੇ ਅੰਦਰ ਰਹਿੰਦੀਆਂ ਹਨ, ਅਤੇ 2000 ਤੋਂ ਪਹਿਲਾਂ ਬਣੀਆਂ ਕਮਰਸ਼ੀਅਲ ਗੱਡੀਆਂ। ਬਾਅਦ ਵਾਲੀ ਸਥਿਤੀ ’ਚ, ਗੱਡੀ ਦੀ ਉਮਰ ਟਰੱਕ ’ਤੇ ਲਾਗੂ ਹੁੰਦੀ ਹੈ, ਇੰਜਣ ’ਤੇ ਨਹੀਂ।

ਰੋਬਿਨਸਨ ਨੇ ਕਿਹਾ, ‘‘ਇੰਜਣ ਇਹ ਨਹੀਂ ਦਰਸਾਉਂਦਾ ਕਿ ਟਰੱਕ ਦਾ ਮਾਡਲ ਵਰ੍ਹਾ ਕਿਹੜਾ ਰਿਹਾ।’’

ਪਰ ਟਰੱਕ ਪਾਰਕਿੰਗ ਨੂੰ ਲੱਭਣ ਲਈ ਚਲ ਰਹੀ ਚੁਨੌਤੀ ਨੂੰ ਮੰਨਦਿਆਂ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਜਾਜ਼ਤਯੋਗ ਡਰਾਈਵਿੰਗ ਦੇ ਘੰਟਿਆਂ ’ਚ ਕੋਈ ਤਬਦੀਲੀ ਨਾ ਕੀਤੀ ਜਾਵੇ।

ਉਨ੍ਹਾਂ ਕਿਹਾ, ‘‘ਅਸੀਂ ਸੇਵਾ ਦੇ ਘੰਟਿਆਂ ’ਚ ਕੋਈ ਤਬਦੀਲੀ ਨਹੀਂ ਕਰ ਰਹੇ। ਇਹ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਨਿਯਮ ਜੋ ਹਨ, ਉਹੀ ਹਨ। ਇਹ ਬਦਲ ਨਹੀਂ ਰਹੇ।’’ ਅਤੇ ਇਸ ਦਾ ਮਤਲਬ ਹੈ ਕੰਮ ਦੇ ਘੰਟੇ ਖ਼ਤਮ ਹੋਣ ਤੋਂ ਬਾਅਦ ਪਾਰਕਿੰਗ ਵਾਲੀ ਥਾਂ ਨੂੰ ਲੱਭ ਰਹੇ ਡਰਾਈਵਰਾਂ ਲਈ ਰਾਹਤ ਵਜੋਂ ਕੋਈ ਸਮਾਂ ਨਹੀਂ ਮਿਲੇਗਾ।

ਰੋਬਿਨਸਨ ਨੇ ਕਿਹਾ, ‘‘ਇਸ ਸਥਿਤੀ ਤੋਂ ਬਿਹਤਰ ਯੋਜਨਾਬੰਦੀ ਨਾਲ ਬਚਿਆ ਜਾ ਸਕਦਾ ਹੈ। ਹਰ ਰੋਜ਼ ਵੱਧ ਤੋਂ ਵੱਧ ਡਰਾਈਵਿੰਗ ਕਰਨ ਦੀ ਨਾ ਸੋਚੋ। ਜਦੋਂ ਤੁਸੀਂ ਰੁਕ ਸਕਦੇ ਹੋ, ਰੁਕ ਜਾਓ।’’

ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਨਫ਼ੋਰਸਮੈਂਟ ਅਫ਼ਸਰ ਆਪਣੀ ਸਮਝ ਅਨੁਸਾਰ ਉਨ੍ਹਾਂ ਟਰੱਕ ਡਰਾਈਵਰਾਂ ਨੂੰ ਰਾਹਤ ਦੇ ਸਕਦੇ ਹਨ ਜਿਨ੍ਹਾਂ ਨੇ ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਗੱਡੀ ਨੂੰ ਸਿਰਫ਼ 100 ਕੁ ਮੀਟਰ ਤੱਕ ਹੀ ਚਲਾਇਆ ਹੋਵੇ। ਉਨ੍ਹਾਂ ਕਿਹਾ ਕਿ ਸੰਬੰਧਤ ਜੀ.ਪੀ.ਐਸ. ਕੋ-ਆਰਡੀਨੇਟ ਉਨ੍ਹਾਂ ਮਾਮਲਿਆਂ ਨੂੰ ਦਰਸਾਉਣਗੇ ਜਦੋਂ ਕਿਸੇ ਨੇ ਦੂਜੇ ਟਰੱਕ ਲਈ ਬਾਹਰ ਨਿਕਲਣ ਦਾ ਰਸਤਾ ਬਣਾਉਣ ਲਈ ਗੱਡੀ ਚਲਾਈ ਹੋਵੇ।

‘‘ਇਹ ਸਭ ਮੌਕੇ ’ਤੇ ਮੌਜੂਦ ਅਫ਼ਸਰ ’ਤੇ ਨਿਰਭਰ ਕਰਦਾ ਹੈ।’’

ਇਸ ਦੌਰਾਨ ਉਨ੍ਹਾਂ ਨੇ ਡਰਾਈਵਰ ਨੂੰ ਵੀ ਆਪਣੇ ਵੱਲੋਂ ਪ੍ਰਯੋਗ ਕੀਤੇ ਜਾ ਰਹੇ ਈ.ਐਲ.ਡੀ. ਦੀ ਸਿਖਲਾਈ ਪ੍ਰਾਪਤ ਕਰਨ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, ‘‘ਉਪਕਰਨ ਨੂੰ ਚਲਾਉਣਾ, ਮੌਜੂਦਾ ਲੌਗ ਵੇਖਣਾ, ਪਿਛਲਾ ਲੌਗ ਵੇਖਣਾ, ਇਸ ਨੂੰ ਅਫ਼ਸਰ ਕੋਲ ਭੇਜਣਾ, ਇਸ ਸੂਚਨਾ ਦਾ ਲੈਣ-ਦੇਣ ਕਰਨਾ ਜ਼ਰੂਰ ਸਿੱਖੋ।’’