ਓਂਟਾਰੀਓ ਦੇ ਟਰੱਕ ਡਰਾਈਵਰਾਂ ਨੇ ਦਾਖ਼ਲਾ-ਪੱਧਰੀ ਸਿਖਲਾਈ ’ਚ ਕਮੀਆਂ ਦੀ ਪਛਾਣ ਕੀਤੀ

ਓਂਟਾਰੀਓ ਆਵਾਜਾਈ ਮੰਤਰਾਲੇ ਲਈ ਕੀਤੇ ਇੱਕ ਸਰਵੇਖਣ ’ਚ ਸ਼ਾਮਲ ਜ਼ਿਆਦਾਤਰ ਟਰੱਕ ਡਰਾਈਵਰਾਂ ਦਾ ਮੰਨਣਾ ਹੈ ਕਿ ਦਾਖ਼ਲਾ ਪੱਧਰੀ ਸਿਖਲਾਈ (ਈ.ਐਲ.ਟੀ.) ਨੇ ਉਨ੍ਹਾਂ ਨੂੰ ਰੋਡ ਟੈਸਟ ਪਾਸ ਕਰਨ ’ਚ ਤਾਂ ਮੱਦਦ ਕੀਤੀ, ਪਰ ਕਈਆਂ ਨੇ ਸਵਾਲ ਚੁੱਕਿਆ ਕਿ ਕੀ ਇਸ ਸਿਖਲਾਈ ਨੇ ਉਨ੍ਹਾਂ ਨੂੰ ਅਸਲ ਹਾਲਾਤ ’ਚ ਸੁਰੱਖਿਆ ਦੇ ਮਸਲਿਆਂ ਦਾ ਸਾਹਮਣਾ ਕਰਨ ਤਿਆਰ ਕੀਤਾ ਹੈ।

ਇਹ ਤੱਥ 2021 ’ਚ ਕਰਵਾਏ ਇੱਕ ਸਰਵੇ ’ਚ ਸਾਹਮਣੇ ਆਇਆ ਹੈ ਜਿਸ ਨੂੰ ਟ੍ਰੈਫ਼ਿਕ ਇੰਜਰੀ ਰੀਸਰਚ ਫ਼ਾਊਂਡੇਸ਼ਨ (ਟੀ.ਆਈ.ਆਰ.ਐਫ਼.) ਨੇ ਮੰਤਰਾਲੇ ਦੇ ਹਿੱਤ ਕਰਵਾਇਆ ਸੀ।

ਜੁਲਾਈ, 2017 ਤੋਂ ਬਾਅਦ 49,000 ਡਰਾਈਵਰਾਂ ਨੇ ਸ਼੍ਰੇਣੀ ਏ ਰੋਡ ਟੈਸਟ ਪਾਸ ਕੀਤਾ ਹੈ, ਜਦੋਂ ਪ੍ਰੋਵਿੰਸ ਨੇ ਪਹਿਲੀ ਵਾਰੀ ਘੱਟ ਤੋਂ ਘੱਟ 103.5 ਘੰਟਿਆਂ ਦੀ ਸਿਖਲਾਈ ਲਾਜ਼ਮੀ ਕਰ ਦਿੱਤੀ ਸੀ। ਲਾਜ਼ਮੀ ਸਿਖਲਾਈ ਕਾਨੂੰਨ ਲਾਗੂ ਕਰਨ ਵਾਲਾ ਇਹ ਕੈਨੇਡਾ ਦਾ ਪਹਿਲਾ ਅਧਿਕਾਰ ਖੇਤਰ ਸੀ।

Student
(ਫ਼ਾਈਲ ਫ਼ੋਟੋ : ਜੌਨ ਜੀ ਸਮਿੱਥ)

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਦੀ ਸਾਲਾਨਾ ਮੀਟਿੰਗ ’ਚ ਨਤੀਜੇ ਪੇਸ਼ ਕਰਦੇ ਹੋਏ ਟੀ.ਆਈ.ਆਰ.ਐਫ਼. ਸੀ.ਓ.ਓ. ਵਾਰਡ ਵੈਨਲਾਰ ਨੇ ਕਿਹਾ, ‘‘ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਬਹੁਤ ਘੱਟ ਹੈ, ਜਦਕਿ ਬਹੁਤ ਘੱਟ ਲੋਕਾਂ ਦਾ ਮੰਨਣਾ ਹੈ ਕਿ ਇਹ ਬਹੁਤ ਜ਼ਿਆਦਾ ਹੈ।’’

ਸਰਵੇਖਣ ’ਚ ਸ਼ਾਮਲ 45 ਫ਼ੀਸਦੀ ਲੋਕਾਂ ਨੇ ਕਿਹਾ ਕਿ ਘੱਟ ਤੋਂ ਘੱਟ 32 ਘੰਟਿਆਂ ਦੀ ਕੈਬ-ਅੰਦਰ ਸਿਖਲਾਈ ਘੱਟ ਹੈ, ਇਸੇ ਤਰ੍ਹਾਂ 34.1% ਲੋਕਾਂ ਨੇ 17 ਘੰਟਿਆਂ ਦੀ ਯਾਰਡ ਅੰਦਰਲੀ ਸਿਖਲਾਈ ’ਚ ਕਮੀਆਂ ਕੱਢੀਆਂ। ਦੂਜੇ ਪਾਸੇ 62.2% ਲੋਕਾਂ ਨੇ ਮੰਨਿਆ ਕਿ 36.5 ਜਮਾਤ ਅੰਦਰ ਬਿਤਾਏ ਜਾਣ ਵਾਲੇ ਘੰਟੇ ਸਹੀ ਹਨ। ਲਗਭਗ 57% ਨੇ ਇਹੀ ਗੱਲ ਸੜਕ ਤੋਂ ਦੂਰ 18 ਸਿਖਲਾਈ ਘੰਟਿਆਂ ਬਾਰੇ ਕਹੀ।

ਸਰਵੇਖਣ ’ਚ ਸ਼ਾਮਲ 2/3 (61.2%) ਲੋਕਾਂ ਨੇ ਮੰਨਿਆ ਕਿ ਈ.ਐਲ.ਟੀ. ਟ੍ਰੇਨਿੰਗ ਨੇ ਉਨ੍ਹਾਂ ਨੂੰ ਬਿਹਤਰ ਡਰਾਈਵਰ ਬਣਾਇਆ ਹੈ, 57.3% ਨੇ ਕਿਹਾ ਕਿ ਕੋਰਸ ਨੇ ਉਨ੍ਹਾਂ ਦੀ ਡਰਾਈਵਿੰਗ ਦੌਰਾਨ ਉਨੀਂਦਰੇ ਨਾ ਰਹਿਣ, ਅਤੇ 54% ਨੇ ਕਿਹਾ ਕਿ ਸਿਖਲਾਈ ਨੇ ਉਨ੍ਹਾਂ ਨੂੰ ਟੱਕਰ ਤੋਂ ਬਚਣ ’ਚ ਮੱਦਦ ਕੀਤੀ।

ਵੈਨਲਾਰ ਨੇ ਕਿਹਾ, ‘‘ਇਹ ਗੱਲ ਸਮਝਣ ਦੀ ਹੈ ਕਿ ਕਮਰਸ਼ੀਅਲ ਮੋਟਰ ਵਹੀਕਲ ਡਰਾਈਵਰਾਂ ਨੂੰ ਲਗਦਾ ਹੈ ਕਿ ਹੋਰ ਸਿਖਲਾਈ ਲਾਹੇਵੰਦ ਸਾਬਤ ਹੋਵੇਗੀ।’’

62% ਵਿਦਿਆਰਥੀਆਂ ਨੇ ਰੋਡ ਟੈਸਟ ਨੂੰ ਪਹਿਲੀ ਵਾਰੀ ’ਚ ਹੀ ਪਾਸ ਕਰ ਲਿਆ, ਜਦਕਿ 79% ਨੇ ਕਿਹਾ ਕਿ ਸਿਖਲਾਈ ਕਰਕੇ ਹੀ ਉਹ ਰੋਡ ਟੈਸਟ ਪਾਸ ਕਰ ਸਕੇ। ਜਿਨ੍ਹਾਂ ਨੂੰ ਆਪਣੇ ਪਿਛਲੇ ਤਜ਼ਰਬੇ ਕਰਕੇ ਲੋੜੀਂਦੇ ਸਿਖਲਾਈ ਘੰਟੇ ਸੀਮਤ ਕਰਨ ਦੀ ਇਜਾਜ਼ਤ ਸੀ, ਨੂੰ ਵੀ ਸ਼੍ਰੇਣੀ ਏ ਰੋਡ ਟੈਸਟ ਪਾਸ ਕਰਨ ਲਈ ਵੱਧ ਕੋਸ਼ਿਸ਼ਾਂ ਕਰਨੀਆਂ ਪਈਆਂ।

ਵੈਨਲਾਰ ਨੇ ਕਿਹਾ, ‘‘ਰੋਡ ਟੈਸਟ ਪਾਸ ਕਰ ਲੈਣਾ ਇੱਕ ਗੱਲ ਹੈ, ਅਤੇ ਅਸਲ ਹਾਲਾਤ ’ਚ ਸੁਰੱਖਿਅਤ ਡਰਾਈਵਰ ਬਣਨਾ ਦੂਜੀ ਗੱਲ ਹੈ।’’

ਸਰਵੇ ’ਚ ਸ਼ਾਮਲ ਡਰਾਈਵਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਟਰੈਕਟਰ-ਟਰੇਲਰ ਆਫ਼-ਰੋਡ ਕੰਮਾਂ, ਹੰਗਾਮੀ ਸਥਿਤੀਆਂ ਨੂੰ ਸੰਭਾਲਣ, ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਚਲਾਉਣ ਵਾਲਿਆਂ ਦੁਆਲੇ ਗੱਡੀ ਚਲਾਉਣ ਅਤੇ ਕੰਮ ਕਰਨ ਬਾਅਦ ਦੇ ਸਮੇਂ ਤੋਂ ਇਲਾਵਾ ਥਕੇਵਾਂ ਪ੍ਰਬੰਧਨ ਬਾਰੇ ਮੱਦਦ ਮਿਲਦੀ ਤਾਂ ਉਨ੍ਹਾਂ ਨੂੰ ਜ਼ਿਆਦਾ ਫ਼ਾਇਦਾ ਹੋਣਾ ਸੀ।

ਵੈਨਲਾਰ ਨੇ ਕਿਹਾ ਕਿ ਅਸਲ ਹਾਲਾਤ ’ਚ ਜ਼ਿਆਦਾ ਸਿਖਲਾਈ ਡਰਾਈਵਰਾਂ ਨੂੰ ਜ਼ਰੂਰੀ ਮੁਹਾਰਤਾਂ ਪ੍ਰਦਾਨ ਕਰ ਸਕਦੀ ਹੈ ਤਾਂ ਕਿ ਉਹ ਲਗਭਗ ਹੋਣ ਵਾਲੀਆਂ ਟੱਕਰਾਂ ਜਾਂ ਹਾਦਸਿਆਂ ਤੋਂ ਬਚ ਸਕਣ।