ਓਂਟਾਰੀਓ ਨੇ ਟਰੱਕਿੰਗ ਇੰਡਸਟਰੀ ‘ਚ ਬਿਹਤਰ ਸੁਰੱਖਿਆ ਲਈ ਜਾਰੀ ਕੀਤੀ ਵਿਸਤ੍ਰਿਤ ਯੋਜਨਾ

ਓਂਟਾਰੀਓ ਨੇ ਪਿੱਛੇ ਜਿਹੇ ਟਰੱਕਿੰਗ ਉਦਯੋਗ ਅਤੇ ਹਾਈਵੇਜ਼ ਨੂੰ ਸੁਰੱਖਿਅਤ ਬਣਾਉਣ ਲਈ ਦੋ ਸਾਲਾਂ ਦੀ ਦੂਰਦ੍ਰਿਸ਼ਟੀਪੂਰਨ ਵਿਸਤ੍ਰਿਤ ਯੋਜਨਾ ਦੇ ਖਾਕੇ ਦਾ ਐਲਾਨ ਕੀਤਾ ਹੈ ਜੋ ਕਿ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਕੈਰੀਅਰਜ਼ ਨਾਲ ਨਜਿੱਠਣ ਲਈ ਇਨਫ਼ੋਰਸਮੈਂਟ ਦੀ ਦ੍ਰਿਸ਼ਟੀ ਅਤੇ ਪਹੁੰਚ ਦਾ ਵਿਸਤਾਰ ਕਰੇਗਾ। ਆਪਣੀ ਤਰ੍ਹਾਂ ਦੀ ਇਹ ਪਹਿਲੀ ਟਰੱਕ ਸੁਰੱਖਿਆ ਯੋਜਨਾ ਅਸੁਰੱਖਿਅਤ, ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਆਪਰੇਟਰਾਂ ਦੇ ਛੋਟੇ ਤਬਕੇ ਨੂੰ ਖ਼ਤਮ ਕਰਨ ਲਈ ਬਣਾਈ ਗਈ ਹੈ ਜੋ ਕਿ ਪੂਰੇ ਉਦਯੋਗ ‘ਚ ਫੈਲ ਰਹੇ ਹਨ। ਅਸੀਂ ਇਸ ਪਹਿਲ ਦਾ ਸਵਾਗਤ ਕਰਦੇ ਹਾਂ ਅਤੇ ਹਰ ਉਸ ਅਦਾਰੇ, ਜੋ ਕਿ ਹਾਈਵੇ ਸੁਰੱਖਿਆ ਨੂੰ ਬਿਹਤਰ ਕਰਨਾ ਚਾਹੁੰਦਾ ਹੈ, ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਲਾਹਕਾਰ ਪ੍ਰਕਿਰਿਆ ‘ਚ ਸ਼ਾਮਲ ਹੋ ਜਾਵੇ।

ਦਰਜਨਾਂ ਟਰੱਕਿੰਗ ਫ਼ਲੀਟਸ ਨੂੰ ਹੁਣ ਇਹ ਗੱਲ ਸਮਝ ਆ ਗਈ ਹੈ ਕਿ ਡਰਾਈਵਰ ਇੰਕ. ਯੋਜਨਾ ਨੂੰ ਲਾਗੂ ਕਰਨ ਦੇ ਮਾੜੇ ਨਤੀਜੇ ਹੋ ਸਕਦੇ ਹਨ। ਡਰਾਈਵਰ ਇੰਕ. ਅਤੇ ਸਬੰਧਤ ਕਾਨੂੰਨਾਂ ਦੀ ਉਲੰਘਣਾ ਲਈ ਕਈ ਓਂਟਾਰੀਓ ਆਧਾਰਤ ਟਰੱਕਿੰਗ ਕੰਪਨੀਆਂ ਦਾ ਵਰਕਪਲੇਸ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਵੱਲੋਂ ਆਡਿਟ ਹੋ ਚੁੱਕਾ ਹੈ। ਡਰਾਈਵਰ ਇੰਕ. ਇੱਕ ਵਿਵਾਦਤ ਬਿਜ਼ਨੈਸ ਮਾਡਲ ਹੈ ਜੋ ਕਿ ਫ਼ਲੀਟਸ ਦੇ ਮੁਲਾਜ਼ਮਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਵਰਗੀਕ੍ਰਿਤ ਕਰਦਾ ਹੈ। ਡਰਾਈਵਰਾਂ ਨੂੰ ਨਿਗਮਿਤ ਕਰ ਦਿੱਤਾ ਜਾਂਦਾ ਹੈ ਅਤੇ ਉਹ ਆਪਣੀ ਤਨਖ਼ਾਹ ਬਗ਼ੈਰ ਕਿਸੇ ਸੋਰਸ ਕਟੌਤੀ ਤੋਂ ਪ੍ਰਾਪਤ ਕਰਦੇ ਹਨ। ਇਹ ਸਿਰਫ਼ ਟੈਕਸਾਂ ਦੀ ਚੋਰੀ ਦਾ ਘਪਲਾ ਨਹੀਂ ਹੈ, ਇਹ ਟਰੱਕ ਸੁਰੱਖਿਆ, ਮਜ਼ਦੂਰੀ ਮਾਨਕ ਅਤੇ ਸਿਹਤ ਤੇ ਸੁਰੱਖਿਆ ਦਾ ਮੁੱਦਾ ਵੀ ਹੈ। ਡਰਾਈਵਰ ਇੰਕ. ਵਰਗੀ ਕਾਨੂੰਨ ਦੀ ਉਲੰਘਣਾ ਬਾਰੇ ਸੂਚਨਾ ਦੇਣ ਲਈ ਡਬਲਿਊ.ਐਸ.ਆਈ.ਬੀ. ਨੇ ਇੱਕ ਭਰੋਸੇਯੋਗ ਨੰਬਰ 1-888-745-3237 ਜਾਰੀ ਕੀਤਾ ਹੈ ਜਿਸ ‘ਤੇ ਅਜਿਹੇ ਡਰਾਈਵਰ ਉਸ ਕੰਪਨੀ ਬਾਰੇ ਸੂਚਨਾ ਦੇ ਸਕਦੇ ਹਨ ਜੋ ਕਿ ਉਨ੍ਹਾਂ ਨੂੰ ਡਰਾਈਵਰ ਇੰਕ. ਯੋਜਨਾ ‘ਚ ਸ਼ਾਮਲ ਹੋਣ ਲਈ ਮਜਬੂਰ ਕਰ ਰਹੀ ਹੈ। ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦਾ ਅੰਦਾਜ਼ਾ ਹੈ ਕਿ ਓਟਾਵਾ ਨੂੰ ਡਰਾਈਵਰ ਇੰਕ. ਕਰ ਕੇ ਟਰੱਕਿੰਗ ਉਦਯੋਗ ‘ਚੋਂ ਮਿਲਣ ਵਾਲੇ ਮਾਲੀਏ ‘ਚ 1 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ।

ਸਰਦ ਰੁੱਤ ‘ਚ ਡਰਾਈਵਿੰਗ ਦਾ ਸਾਕਾਰਾਤਮਕ ਅਹਿਸਾਸ ਪ੍ਰਾਪਤ ਕਰਨ ਲਈ ਸੁਰੱਖਿਅਤ ਦੂਰੀ ਬਣਾਈ ਰਖਣਾ, ਹੌਲੀ ਗੱਡੀ ਚਲਾਉਣਾ ਅਤੇ ਸੜਕ ‘ਤੇ ਮੌਸਮ ਦੀਆਂ ਸਥਿਤੀਆਂ ਅਨੁਸਾਰ ਡਰਾਈਵਿੰਗ ਕਰਨਾ, ਯਾਦ ਰੱਖਣ ਵਾਲੀਆਂ ਗੱਲਾਂ ਹਨ। ਬਰਫ਼ਬਾਰੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ‘ਚ ਡਰਾਈਵਰਾਂ ਨੂੰ ਸੜਕਾਂ ‘ਤੇ ਸਨੋਅ ਪਲੋਅ ਅਤੇ ਹੋਰ ਵਰਤੇ ਜਾਣ ਵਾਲੇ ਉਪਕਰਨ ਮਿਲ ਸਕਦੇ ਹਨ। ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਰਹੋ ਅਤੇ ਕਦੇ ਵੀ ਕੰਮ ਕਰ ਰਹੇ ਸਨੋਅ ਪਲੋਅ ਤੋਂ ਅੱਗੇ ਨਾ ਲੰਘੋ।

ਤਿਉਹਾਰਾਂ ਦੇ ਮੌਸਮ ਦੌਰਾਨ, ਜਦੋਂ ਕਈ ਲੋਕ ਕੰਮਕਾਜ, ਸਮਾਜਕ ਰੁੱਝੇਵਿਆਂ ਅਤੇ ਛੁੱਟੀਆਂ ਕਰ ਕੇ ਰੁੱਝੇ ਹੋਏ ਹੁੰਦੇ ਹਨ ਉਸ ਵੇਲੇ ਸੁਰੱਖਿਆ ਬਾਰੇ ਪਹਿਲਾਂ ਤੋਂ ਹੀ ਯੋਜਨਾਬੰਦੀ ਕਰਨ ਨੂੰ ਪਹਿਲ ਦੇਣੀ ਬਣਦੀ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਕੋਈ ਵਿਅਕਤੀ ਨਸ਼ੇ ਦੀ ਹਾਲਤ ‘ਚ ਹੈ ਤਾਂ ਉਸ ਲਈ ਵੱਖਰੇ ਡਰਾਈਵਰ ਦਾ ਪ੍ਰਬੰਧ ਕਰਨ, ਜਨਤਕ ਆਵਾਜਾਈ ਦੀ ਵਰਤੋਂ ਕਰਨ ਜਾਂ ਕੋਈ ਹੋਰ ਬਦਲ ਲੱਭਣ ਸਮੇਂ – ਛੋਟੀਆਂ ਛੋਟੀਆਂ ਗੱਲਾਂ ਇਹ ਯਕੀਨੀ ਕਰ ਸਕਦੀਆਂ ਹਨ ਕਿ ਸਾਰੇ ਆਪੋ-ਆਪਣੇ ਘਰ ਸੁਰੱਖਿਅਤ ਪਹੁੰਚ ਜਾਣ।

ਰੋਡ ਟੂਡੇ ਆਪਣੇ ਸਾਰੇ ਪਾਠਕਾਂ, ਸਹਾਇਕਾਂ ਅਤੇ ਉਦਯੋਗ ਦੇ ਮਿੱਤਰਾਂ ਨੂੰ ਛੁੱਟੀਆਂ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹੈ। ਤਿਉਹਾਰਾਂ ਦਾ ਰੱਜ ਕੇ ਅਨੰਦ ਮਾਣੋ ਅਤੇ ਅਸੀਂ ਤੁਹਾਨੂੰ 2020 ‘ਚ ਕਈ ਨਵੇਂ ਐਲਾਨਾਂ ਨਾਲ ਫਿਰ ਮਿਲਾਂਗੇ।