ਓਂਟਾਰੀਓ ਨੇ ਟਰੱਕ ਡਰਾਈਵਰਾਂ ਨੂੰ ਸੂਚਿਤ ਕਰਨ ਲਈ ਜਾਰੀ ਕੀਤੀ 511 ਐਪ

ਓਂਟਾਰੀਓ ਨੇ ਇੱਕ ਮੁਫ਼ਤ 511 ਐਪ ਜਾਰੀ ਕੀਤੀ ਹੈ ਜੋ ਕਿ ਟਰੱਕ ਡਰਾਈਵਰਾਂ ਨੂੰ ਕੋਵਿਡ-19 ਸੰਕਟ ਦਰਮਿਆਨ ਵੀ ਭੋਜਨ, ਫ਼ਿਊਲ ਅਤੇ ਆਰਾਮ ਕਰਨ ਬਾਰੇ ਜ਼ਰੂਰੀ ਸੂਚਨਾ ਮੁਹੱਈਆ ਕਰਵਾਏਗੀ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਕਿਹਾ, ”ਇਹ ਐਪ ਇੱਕ ਹੋਰ ਅਜਿਹਾ ਮਹੱਤਵਪੂਰਨ ਕਦਮ ਹੈ ਜੋ ਸਾਡੀ ਸਰਕਾਰ ਵਸਤਾਂ ਦੀ ਆਵਾਜਾਈ ਜਾਰੀ ਰੱਖਣ ਅਤੇ ਵਿਅਕਤੀਗਤ ਸੁਰੱਖਿਆ ਉਪਕਰਨ (ਪੀ.ਪੀ.ਈ.) ਵਰਗੇ ਜ਼ਰੂਰੀ ਸਾਮਾਨ ਨੂੰ ਮੰਜ਼ਿਲ ਤਕ ਪਹੁੰਚਾਉਣ ਵਾਲੇ ਟਰੱਕ ਡਰਾਈਵਰਾਂ ਦੀ ਮੱਦਦ ਲਈ ਚੁੱਕ ਰਹੀ ਹੈ। ਸਾਡੀ ਸਪਲਾਈ ਸੀਰੀਜ਼ ਨੂੰ ਮਜ਼ਬੂਤ ਕਰਨ ਅਤੇ ਸੌਦੇ-ਪੱਤੇ ਦੀਆਂ ਦੁਕਾਨਾਂ ਭਰੀਆਂ ਰੱਖਣ ਲਈ ਟਰੱਕਿੰਗ ਉਦਯੋਗ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ।”

ਓਂਟਾਰੀਓ 511 ਐਪ ‘ਤੇ 600 ਤੋਂ ਜ਼ਿਆਦਾ ਕੈਮਰਿਆਂ ਦੀਆਂ ਤਸਵੀਰਾਂ ਦਿਸਦੀਆਂ ਹਨ ਅਤੇ ਇਸ ‘ਚ ਹਾਈਵੇ ਉਸਾਰੀ, ਟੱਕਰਾਂ ਅਤੇ ਬੰਦ ਸੜਕਾਂ ਬਾਰੇ ਸੂਚਨਾ ਵੀ ਮਿਲਦੀ ਹੈ। ਇਸ ‘ਚ ਪੂਰੇ ਸੂਬੇ ਅੰਦਰ ਖੁੱਲ੍ਹੇ ਆਰਾਮ ਘਰਾਂ ਅਤੇ ਉਨ੍ਹਾਂ ਦੀ ਸਥਿਤੀ ਦੀ ਜਾਣਕਾਰੀ ਵੀ ਮਿਲਦੀ ਹੈ ਜਿਨ੍ਹਾਂ ‘ਚ ਭੋਜਨ ਅਤੇ ਫ਼ਿਊਲ ਦੀ ਸਹੂਲਤ ਮੌਜੂਦ ਹੈ। ਇਸ ‘ਚ ਮੌਜੂਦ ਡਰਾਈਵ ਮੋਡ ਰਾਹੀਂ ਤੁਸੀਂ ਬਗ਼ੈਰ ਛੂਹੇ ਹੀ ਬੋਲਦੇ ਸੰਦੇਸ਼ ਵੀ ਪ੍ਰਾਪਤ ਕਰ ਸਕਦੇ ਹੋ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ, ਸਾਊਥ ਏਸ਼ੀਅਨ ਟਰੱਕਿੰਗ ਐਸੋਸੀਏਸ਼ਨ ਆਫ਼ ਕੈਨੇਡਾ ਅਤੇ ਵੂਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ ਦੇ ਪ੍ਰਤੀਨਿਧੀਆਂ ਨੇ 511 ਐਪ ਬਣਾਉਣ ਦੀ ਤਾਰੀਫ਼ ਕੀਤੀ ਹੈ।

ਓਂਟਾਰੀਓ 511 ਪਾਈਲਟ ਐਪ ਮੁਫ਼ਤ ‘ਚ ਐੱਪਲ ਦੇ ਐਪ ਸਟੋਰ ਅਤੇ ਗੂਗਲ ਪਲੇ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।