ਓਂਟਾਰੀਓ ਪਾਈਲਟ ਪ੍ਰਾਜੈਕਟ ਹੇਠ ਆਰ.ਐਨ.ਜੀ. ਨਾਲ ਚੱਲਣਗੇ ਕੂੜਾ ਚੁੱਕਣ ਵਾਲੇ ਟਰੱਕ

ਓਂਟਾਰੀਓ ਵੇਸਟ ਹੌਲਰ ਛੇਤੀ ਹੀ ਅਜਿਹੇ ਟਰੱਕਾਂ ਦੀ ਟੈਸਟਿੰਗ ਸ਼ੁਰੂ ਕਰਨਗੇ ਜੋ ਕਿ ਨਵਿਆਉਣਯੋਗ ਕੁਦਰਤੀ ਗੈਸ (ਆਰ.ਐਨ.ਜੀ.) ਨਾਲ ਚੱਲਣਗੇ। ਇਹ ਟੈਸਟਿੰਗ ਐਨਬ੍ਰਿਜ ਗੈਸ ਅਤੇ ਓਂਟਾਰੀਓ ਵੇਸਟ ਮੈਨੇਜਮੈਂਟ ਐਸੋਸੀਏਸ਼ਨ (ਓ.ਡਬਲਿਊ.ਐਮ.ਏ.) ਹੇਠ ਚੱਲਣ ਵਾਲੇ ਪਾਈਲਟ ਪ੍ਰਾਜੈਕਟ ਹੇਠ ਕੀਤੀ ਜਾਵੇਗੀ।

ਫ਼ਿਊਲ ਨੂੰ ਕੂੜੇ ਤੋਂ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਮੌਜੂਦਾ ਕੁਦਰਤੀ ਗੈਸ ਮੁਢਲੇ ਢਾਂਚੇ ਰਾਹੀਂ ਵੇਚਿਆ ਜਾ ਸਕਦਾ ਹੈ। ਇਸ ਦਾ ਨਤੀਜਾ ਘੱਟ ਕਾਰਬਨ ਉਤਸਰਜਨ ਦੇ ਰੂਪ ’ਚ ਨਿਕਲ ਸਕਦਾ ਹੈ।

ਓਂਟਾਰੀਓ ’ਚ ਲਗਭਗ 3,650 ਕੂੜਾ ਇਕੱਠਾ ਕਰਨ ਵਾਲੇ ਟਰੱਕ ਅਤੇ ਹੌਲੇਜ ਵਹੀਕਲ ਚਲਦੇ ਹਨ ਜੋ ਕਿ ਮਿਲ ਕੇ 140 ਮਿਲੀਅਨ ਲੀਟਰ ਡੀਜ਼ਲ ਪ੍ਰਤੀ ਸਾਲ ਖਪਤ ਕਰਦੇ ਹਨ। ਐਨਬ੍ਰਿਜ ਨੇ ਇੱਕ ਬਿਆਨ ’ਚ ਕਿਹਾ ਕਿ ਓਂਟਾਰੀਓ ਦੀਆਂ ਮੌਜੂਦਾ ਗੈਸ ਅਧਾਰਤ ਰਿਫ਼ਿਊਜ਼ ਗੱਡੀਆਂ ਨੂੰ ਆਰ.ਐਨ.ਜੀ. ’ਚ ਤਬਦੀਲ ਕਰ ਦੇਣ ਨਾਲ ਹੀ ਫ਼ਲੀਟਸ ਨੂੰ 56,000 ਟਨ ਸਾਲਾਨਾ ਗ੍ਰੀਨਹਾਊਸ ਗੈਸ ਉਤਸਰਜਨ ਘੱਟ ਕਰਨ ’ਚ ਮੱਦਦ ਮਿਲੇਗੀ।

ਸ਼ੁਰੂਆਤੀ ਪਾਈਲਟ ਪ੍ਰਾਜੈਕਟ ਦੋ ਕੁ ਦਰਜਨ ਟਰੱਕਾਂ ’ਚ ਆਰ.ਐਨ.ਜੀ. ’ਤੇ ਚਲਦਾ ਦਰਸਾਏਗਾ। (ਤਸਵੀਰ: ਸੀ.ਐਨ.ਡਬਲਿਊ. ਗਰੁੱਪ/ਐਨਬ੍ਰਿਜ ਗੈਸ ਇੰਕ.)

ਓ.ਡਬਲਿਊ.ਐਮ.ਏ. ਦੇ ਸੀ.ਈ.ਓ. ਮਾਈਕ ਚੋਪੋਵਿੱਕ ਨੇ ਕਿਹਾ ਕਿ ਭਾਵੇਂ ਟਰੱਕਾਂ ਦੀ ਅਸਲ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਾਈਲਟ ਪ੍ਰਾਜੈਕਟ ਨਾਲ ਦੋ ਕੁ ਦਰਜਨ ਗੱਡੀਆਂ ਦੇ ਸੰਬੰਧਤ ਕੀਮਤ ਪ੍ਰੀਮੀਅਮ ਸਮਾਯੋਜਿਤ ਹੋ ਜਾਣਗੇ। ਓ.ਡਬਲਿਊ.ਐਮ.ਏ. ਦੇ ਮੈਂਬਰ ਪ੍ਰੋਵਿੰਸ ਦੇ 85% ਕੂੜੇ ਦਾ ਨਿਪਟਾਰਾ ਕਰਦੇ ਹਨ।

ਉਨ੍ਹਾਂ ਨੇ ਸਾਡੇ ਗਰੁੱਪ ਦੀ ਸਾਈਟ trucknews.com ਨੂੰ ਕਿਹਾ, ‘‘ਮੰਤਵ ਇਹ ਵਿਖਾਉਣਾ ਹੈ ਕਿ ਇਹ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਅਤੇ ਲਾਗਤ ਦੇ ਦ੍ਰਿਸ਼ਟੀਕੋਣ ਤੋਂ ਕੰਮ ਕਰਦਾ ਹੈ।’’ ਪਾਈਲਟ ਪ੍ਰਾਜੈਕਟ ਖ਼ੁਦ 2022 ਤੋਂ 2023 ਵਿਚਕਾਰ ਚੱਲੇਗਾ, ਅਤੇ ਇਸ ਦੇ ਰਿਹਾਇਸ਼ੀ ਕੁਲੈਕਸ਼ਨ ਵਹੀਕਲਾਂ ’ਤੇ ਕੇਂਦਰਤ ਹੋਣ ਦੀ ਸੰਭਾਵਨਾ ਹੈ।

ਕੈਨੇਡੀਅਨ ਕੁਦਰਤੀ ਗੈਸ ਵਹੀਕਲ ਅਲਾਇੰਸ (ਸੀ.ਐਨ.ਜੀ.ਵੀ.ਏ.) ਦੇ ਕਾਰਜਕਾਰੀ ਡਾਇਰੈਕਟਰ ਬਰੂਸ ਵਿੰਚੈਸਟਰ ਨੇ ਕਿਹਾ ਕਿ ਓਂਟਾਰੀਓ ’ਚ ਇਸ ਵੇਲੇ ਕੂੜਾ ਚੁੱਕਣ ਦਾ ਕੰਮ ਕਰ ਰਹੀਆਂ 600 ਗੈਸ ਅਧਾਰਤ ਗੱਡੀਆਂ ਹਨ, ਜੋ ਕਿ ਰਵਾਇਤੀ ਦਹਿਨ-ਸੰਬੰਧੀ ਉਤਸਰਜਨ ਨੂੰ 90% ਤੱਕ ਘੱਟ ਕਰਦੀਆਂ ਹਨ।

ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ, ਇਹ ਗੱਡੀਆਂ ਗ੍ਰੀਨ ਹਾਊਸ ਉਤਸਰਜਨ ਨੂੰ ਵੀ ਪ੍ਰਤੀ ਸਾਲ 10,000 ਟਨ ਘੱਟ ਕਰਦੀਆਂ ਹਨ – ਜੋ ਕਿ ਓਂਟਾਰੀਓ ਦੀਆਂ ਸੜਕਾਂ ਤੋਂ 2,000 ਕਾਰਾਂ ਘੱਟ ਕਰਨ ਦੇ ਬਰਾਬਰ ਹੈ। ਇਹ ਉਦਯੋਗ ਉਤਸਰਜਨ ਘੱਟ ਕਰਨ ’ਚ ਪਹਿਲਾਂ ਹੀ ਮੋਢੀ ਰਿਹਾ ਹੈ ਅਤੇ ਇਹ ਕਮਰਸ਼ੀਅਲ ਟਰਾਂਸਪੋਰਟੇਸ਼ਨ ਸੈਕਟਰ ’ਚ ਉਤਸਰਜਨ ਹੋਰ ਘੱਟ ਕਰਨ ਜਾ ਰਿਹਾ ਹੈ।’’

ਐਨਬ੍ਰਿਜ ਦੀ ਵਾਇਸ-ਪ੍ਰੈਜ਼ੀਡੈਂਟ – ਬਿਜ਼ਨੈਸ ਡਿਵੈਲਪਮੈਂਟ ਅਤੇ ਰੈਗੂਲੇਟਰੀ, ਮਾਲਿਨੀ ਗਿਰੀਧਰ ਨੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼ ’ਚ ਕਿਹਾ, ‘‘ਨਵਿਆਉਣਯੋਗ ਕੁਦਰਤੀ ਗੈਸ ਹੁਣ ਓਂਟਾਰੀਓ ਵੱਲੋਂ ਘੱਟ-ਕਾਰਬਨ, ਟਿਕਾਊ ਊਰਜਾ ਹੱਲ ਅਪਨਾਉਣ ’ਚ ਮਹੱਤਵਪੂਰਨ ਰੋਲ ਨਿਭਾ ਰਹੀ ਹੈ। ਇਹ ਐਨਬ੍ਰਿਜ ਗੈਸ ਵੱਲੋਂ, ਸੁਰੱਖਿਅਤ, ਭਰੋਸੇਯੋਗ ਅਤੇ ਸਸਤੀ ਊਰਜਾ ਦੀ ਮੰਗ ਪੂਰੀ ਕਰਨ ਲਈ ਕੁਦਰਤੀ ਗੈਸ ਗਰਿੱਡ ਨੂੰ ਹਰਿਤ ਬਣਾਉਣ ਲਈ ਵੱਖੋ-ਵੱਖ ਬਾਜ਼ਾਰਾਂ ’ਚ ਕੀਤੇ ਜਾ ਰਹੇ ਨਿਵੇਸ਼ ਦਾ ਮਹੱਤਵਪੂਰਨ ਉਦਾਹਰਣ ਹੈ।’’

ਓਂਟਾਰੀਓ ਦੇ ਵਾਤਾਵਰਣ, ਸੰਭਾਲ ਅਤੇ ਪਾਰਕਾਂ ਬਾਰੇ ਮੰਤਰੀ ਡੇਵਿਡ ਪਿਚੀਨੀ ਨੇ ਕਿਹਾ, ‘‘ਕੂੜਾ ਚੁੱਕਣ ਵਾਲੇ ਟਰੱਕਾਂ ਨੂੰ ਕਾਰਬਨਮੁਕਤ ਕਰਨ ਵਰਗੀਆਂ ਇਸ ਤਰ੍ਹਾਂ ਦੀਆਂ ਪਹਿਲਾਂ ਓਂਟਾਰੀਓ ਦੇ ਗ੍ਰੀਨਹਾਊਸ ਗੈਸ ਉਤਸਰਜਨ ਨੂੰ ਘੱਟ ਕਰਨ ਅਤੇ 2030 ਦੇ ਟੀਚਿਆਂ ਨੂੰ ਪੂਰਾ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ’ਚ ਮਹੱਤਵਪੂਰਨ ਰੋਲ ਅਦਾ ਕਰਨਗੀਆਂ।’’

ਓਂਟਾਰੀਓ ਦਾ ਟੀਚਾ ਪ੍ਰਦੂਸ਼ਣ ਦੇ ਪੱਧਰ ਨੂੰ 2005 ’ਚ ਵੇਖੇ ਗਏ ਪੱਧਰ ਤੋਂ 30% ਫ਼ੀਸਦੀ ਘੱਟ ਕਰਨਾ ਹੈ।