ਓਂਟਾਰੀਓ ਬਾਰਡਰ ਕਰਾਸਿੰਗ ’ਤੇ 265 ਕਿੱਲੋ ਨਸ਼ੀਲੇ ਪਦਾਰਥ ਜ਼ਬਤ ਹੋਣ ਮਗਰੋਂ ਟਰੱਕ ਡਰਾਈਵਰ ’ਤੇ ਦੋਸ਼ ਆਇਦ

ਪਿਛਲੇ ਮਹੀਨੇ ਪੁਆਇੰਟ ਐਡਵਰਡ, ਓਂਟਾਰੀਓ ’ਚ ਬਲੂ ਵਾਟਰ ਬ੍ਰਿਜ ’ਤੇ ਇੱਕ ਟਰੱਕ ’ਚੋਂ 265 ਕਿੱਲੋਗ੍ਰਾਮ ਦੇ ਸ਼ੱਕੀ ਨਸ਼ੀਲੇ ਪਦਾਰਥ ਬਰਾਮਦ ਹੋਣ ਮਗਰੋਂ ਇਸ ਦੇ ਡਰਾਈਵਰ ’ਤੇ ਡਰੱਗਜ਼ ਤਸਕਰੀ ਦੇ ਦੋਸ਼ ਲਾਏ ਗਏ ਹਨ।

Picture of drugs seized
13 ਜਨਵਰੀ ਨੂੰ ਬਲੂ ਵਾਟਰ ਬ੍ਰਿਜ ’ਤੇ ਮਿਲੇ ਸ਼ੱਕੀ ਨਸ਼ੀਲੇ ਪਦਾਰਥ। (ਤਸਵੀਰ: ਸੀ.ਬੀ.ਐਸ.ਏ.)

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ’ਚ ਕਿਹਾ ਕਿ 13 ਜਨਵਰੀ ਨੂੰ ਇੱਕ ਕਮਰਸ਼ੀਅਲ ਟਰਾਂਸਪੋਰਟ ਟਰੱਕ ਡਰਾਈਵਰ ਬਾਰਡਰ ਕਰਾਸਿੰਗ ’ਤੇ ਪਹੁੰਚਿਆ ਅਤੇ ਉਸ ਨੂੰ ਸੈਕੰਡਰੀ ਜਾਂਚ ਲਈ ਭੇਜਿਆ ਗਿਆ।

ਸੀ.ਬੀ.ਐਸ.ਏ. ਅਫ਼ਸਰਾਂ ਨੂੰ ਵੱਡੇ ਕੂੜੇ ਵਾਲੇ ਲਿਫ਼ਾਫ਼ਿਆਂ ਅਤੇ ਫ਼ਾਲਤੂ ਟਾਇਰਾਂ ’ਚ ਰੱਖੀ ਸ਼ੱਕੀ ਹੈਰੋਇਨ, 2 ਸੀ-ਬੀ (ਜਿਸ ਨੂੰ ਆਮ ਤੌਰ ’ਤੇ ਗੁਲਾਬੀ ਕੋਕੀਨ ਵਜੋਂ ਜਾਣਿਆ ਜਾਂਦਾ ਹੈ) ਅਤੇ ਮੇਥਾਫ਼ੈਟਾਮਾਇਨਸ ਮਿਲੀ।

ਆਰ.ਸੀ.ਐਮ.ਪੀ. ਨੇ ਸ਼ੱਕੀ ਨਸ਼ੀਲੇ ਪਦਾਰਥਾਂ ਨੂੰ ਆਪਣੇ ਕਬਜ਼ੇ ’ਚ ਅਤੇ ਕਿਊਬੈੱਕ ਸਿਟੀ, ਕਿਊਬੈੱਕ ਦੇ 23 ਵਰਿ੍ਹਆਂ ਦੇ ਸ਼ੱਕੀ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ।