ਓਂਟਾਰੀਓ ਮੁਢਲਾ ਢਾਂਚਾ ਪ੍ਰਾਜੈਕਟਾਂ ਨੂੰ ਮਿਲੇ 42 ਮਿਲੀਅਨ ਡਾਲਰ

ਕੇਂਦਰੀ ਅਤੇ ਪੂਰਬੀ ਓਂਟਾਰੀਓ ‘ਚ 10 ਸੜਕ ਅਤੇ ਪੁਲ ਪ੍ਰਾਜੈਕਟਾਂ ਦੇ ਨਿਰਮਾਣ ਲਈ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਪੈਸਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਦੋਹਾਂ ਸਰਕਾਰਾਂ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ‘ਚ ਓਟਾਵਾ 22 ਮਿਲੀਅਨ ਡਾਲਰ ਨਿਵੇਸ਼ ਕਰ ਰਿਹਾ ਹੈ ਜਦਕਿ ਓਂਟਾਰੀਓ ਇਸ ‘ਚ 10 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ। ਮਿਊਨਿਸਿਪਲ ਕਮੇਟੀ ਅਤੇ ਫ਼ਰਸਟ ਨੇਸ਼ਨ ਕਮਿਊਨਿਟੀਜ਼ ਵੀ ਇਸ ‘ਚ 5-5 ਮਿਲੀਅਨ ਡਾਲਰ ਦਾ ਯੋਗਦਾਨ ਦੇ ਰਹੀਆਂ ਹਨ।
ਪੀਟਰਬੋਰੋ ਕਾਊਂਟੀ ‘ਚ 1.4 ਕਿਲੋਮੀਟਰ ਦੇ ਜੇਮਸ ਏ. ਜਿਫ਼ਰਡ ਕਾਜ਼ਵੇ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ, ਜਿਸ ‘ਚ ਚੇਮੋਂਗ ਬ੍ਰਿਜ ਦੀ ਮੁਰੰਮਤ ਵੀ ਸ਼ਾਮਲ ਹੈ।
ਯੈਂਕੀ ਲਾਈਨ (ਕਾਊਂਟੀ ਰੋਡ 14) ‘ਤੇ ਵੀ 5.3 ਕਿਲੋਮੀਟਰ ਵਾਧੂ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਇਹ ਪੀਟਰਬੋਰੋ ਕਾਊਂਟੀ ਅਤੇ ਸੇਲਵਿਨ ਟਾਊਨਸ਼ਿਪ ਦਾ ਸਾਂਝਾ ਪ੍ਰਾਜੈਕਟ ਹੈ।
ਦੋਹਾਂ ਸਰਕਾਰਾਂ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਗੱਡੀ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਵਧੇਗੀ ਅਤੇ ਪੁਲ ਦੇ ਜੀਵਨਕਾਲ ‘ਚ ਕਈ ਸਾਲਾਂ ਦਾ ਵਾਧਾ ਹੋਵੇਗਾ।
ਹੋਰਨਾਂ ਪ੍ਰਾਜੈਕਟਾਂ ‘ਚ ਐਸਫ਼ੋਡੇਲ-ਨੋਰਵੁੱਡ, ਬਿਊਸੋਲੇਲ ਫ਼ਰਸਟ ਨੇਸ਼ਨ, ਕੋਲਿੰਗਵੁੱਡ ਅਤੇ ਹਾਇਆਵਾਥਾ ਫ਼ਰਸਟ ਨੇਸ਼ਨ ‘ਚ ਸੜਕ ਦੀ ਮੁਰੰਮਤ ਸ਼ਾਮਲ ਹੈ।
ਇਸ ਤੋਂ ਇਲਾਵਾ, ਬਰਿੱਜ ਦੀ ਮੁਰੰਮਤ ਅਤੇ ਤਬਦੀਲੀ ਨਾਲ ਅਡਜਾਲਾ-ਟੋਸੋਰੋਂਟੀਓ, ਫ਼ੈਰਾਡੇ, ਹਾਈਲੈਂਡ ਈਸਟ, ਮਿੰਡਨ ਹਿੱਲਸ ਅਤੇ ਕੁਇੰਟ ਦੀ ਖਾੜੀ ਦੇ ਮੋਹੋਕਸ ਆਫ ਬੇ ਆਫ ਕੁਇੰਟੀ ਦੇ ਸਾਰੇ ਪ੍ਰਯੋਗਕਰਤਾਵਾਂ ਲਈ ਸੁਰੱਖਿਅਤ ਅਤੇ ਹੋਰ ਜ਼ਿਆਦਾ ਬਿਹਤਰ ਹਾਲਾਤ ਬਣਨਗੇ।
ਔਰਤ ਤੇ ਲਿੰਗ ਸਮਾਨਤਾ ਅਤੇ ਪੇਂਡੂ ਆਰਥਕ ਵਿਕਾਸ ਬਾਰੇ ਫ਼ੈਡਰਲ ਮੰਤਰੀ ਮਰੀਅਮ ਮੋਨਸੇਫ਼ ਨੇ ਕਿਹਾ, ”ਪੇਂਡੂ ਭਾਈਚਾਰੇ ਕੈਨੇਡੀਅਨ ਆਰਥਿਕਤਾ ਦੀ ਰੀੜ ਦੀ ਹੱਡੀ ਹਨ। ਇਨ੍ਹਾਂ ਪ੍ਰਾਜੈਕਟਾਂ ‘ਚ ਨਿਵੇਸ਼ ਕਰਨ ਨਾਲ, ਅਸੀਂ ਇਨ੍ਹਾਂ ਨੂੰ ਮਜ਼ਬੂਤ ਅਤੇ ਜ਼ਿਆਦਾ ਮੁਕਾਬਲੇਬਾਜ਼ ਬਣਾਉਣ ‘ਚ ਮੱਦਦ ਕਰ ਰਹੇ ਹਾਂ।”
”ਇਨ੍ਹਾਂ ਮਹੱਤਵਪੂਰਨ ਪ੍ਰਾਜੈਕਟਾਂ ਨਾਲ ਨਾ ਸਿਰਫ਼ ਉਸਾਰੀ ਕਾਲ ਦੌਰਾਨ ਚੰਗੀ-ਤਨਖ਼ਾਹ ਵਾਲੇ ਰੁਜ਼ਗਾਰ ਪੈਦਾ ਹੋਣਗੇ, ਬਲਕਿ ਇਨ੍ਹਾਂ ਦੇ ਨਾਗਰਿਕਾਂ ਅਤੇ ਕਾਰੋਬਾਰਾਂ ਲਈ ਆਉਣ ਵਾਲੇ ਕਈ ਸਾਲਾਂ ਲਈ ਟਿਕਾਊ ਲਾਭ ਵੀ ਮਿਲਣਗੇ।”
ਇਨ੍ਹਾਂ ਪ੍ਰਾਜੈਕਟਾਂ ਲਈ ਫ਼ੰਡ ਕੈਨੇਡਾ ਇੰਫ਼ਰਾਸਟਰੱਕਚਰ ਪ੍ਰੋਗਰਾਮ ‘ਚ ਨਿਵੇਸ਼ ਰਾਹੀਂ ਆਉਣਗੇ।
ਇਸ ਯੋਜਨਾ ਹੇਠ, ਓਟਾਵਾ ਜਨਤਕ ਆਵਾਜਾਈ ਪ੍ਰਾਜੈਕਟਾਂ, ਗ੍ਰੀਨ ਇੰਫ਼ਰਾਸਟਰੱਕਚਰ, ਸੋਸ਼ਲ ਇੰਫ਼ਰਾਸਟਰੱਕਚਰ, ਵਪਾਰਕ ਅਤੇ ਆਵਾਜਾਈ ਰਸਤਿਆਂ, ਅਤੇ ਕੈਨੇਡਾ ਦੇ ਪੇਂਡੂ ਅਤੇ ਉੱਤਰੀ ਕਮਿਊਨਿਟੀਜ਼ ਲਈ 12 ਸਾਲਾਂ ਦੇ ਸਮੇਂ ਦੌਰਾਨ 180 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ।