ਔਰਤਾਂ ਅਤੇ ਘੱਟ ਗਿਣਤੀ ਟਰੱਕਰਸ ਵਿਰੁੱਧ ਅਪਰਾਧਾਂ ’ਚ ਪ੍ਰਮੁੱਖ ਹਨ ਧਮਕੀਆਂ ਅਤੇ ਕੁੱਟਮਾਰ : ਰਿਪੋਰਟ

ਯੂ.ਐਸ. ਫ਼ੈਡਰਲ ਮੋਟਰ ਕਰੀਅਰ ਸੇਫ਼ਟੀ ਐਡਮਿਨੀਸਟਰੇਸ਼ਨ (ਐਫ਼.ਐਮ.ਸੀ.ਐਸ.ਏ.) ਦੇ ਸਾਹਮਣੇ ਆਇਆ ਹੈ ਕਿ ਔਰਤ ਟਰੱਕ ਡਰਾਈਵਰਾਂ ਸਮੇਤ ਮਰਦ ਘੱਟਗਿਣਤੀ ਡਰਾਈਵਰ ਵੀ ਅਜਿਹੇ ਟਰੱਕਰਸ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਨੌਕਰੀ ਦੌਰਾਨ ਕੁੱਟਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਕ੍ਰਾਈਮ ਪ੍ਰਵੈਂਸ਼ਨ ਫ਼ਾਰ ਟਰੱਕਰਸ ਨਾਮਕ ਰਿਪੋਰਟ ਤਿਆਰ ਕਰਨ ਲਈ 653 ਟਰੱਕਰਸ ਦੇ ਕੀਤੇ ਗਏ ਆਨਲਾਈਨ ਸਰਵੇ ’ਚ ਖੋਜਾਰਥੀਆਂ ਨੇ ਵੇਖਿਆ ਕਿ, ‘‘ਔਰਤਾਂ ਅਤੇ ਘੱਟ ਗਿਣਤੀ ਟਰੱਕਰਸ ਵਿਰੁੱਧ ਕੀਤੇ ਜਾਂਦੇ ਅਪਰਾਧਾਂ ’ਚ ਧਮਕੀਆਂ ਦੇਣਾ ਅਤੇ ਸੱਚਮੁੱਚ ਦੀ ਕੁੱਟਮਾਰ ਦੀ ਗਿਣਤੀ ਸਭ ਤੋਂ ਵੱਧ ਹੈ। ਹਾਲਾਂਕਿ ਇਨ੍ਹਾਂ ਦੋਹਾਂ ਸਮੂਹਾਂ ਦਾ ਤਜ਼ਰਬਾ ਵੱਖੋ-ਵੱਖ ਹੈ।’’

workplace harassment
(ਤਸਵੀਰ: ਆਈਸਟਾਕ)

ਔਰਤ ਡਰਾਈਵਰ ਜਿਨਸੀ ਅਪਰਾਧਾਂ ਦੇ ਨਿਸ਼ਾਨੇ ’ਤੇ ਵੱਧ ਹਨ। ਇੱਕ ਤਿਹਾਈ ਔਰਤਾਂ ਨੇ ਦੱਸਿਆ ਕਿ ਨੌਕਰੀ ਦੌਰਾਨ ਪਿਛਲੇ ਦੋ ਸਾਲਾਂ ’ਚ ਘੱਟ ਤੋਂ ਘੱਟ ਇੱਕ ਵਾਰੀ ਉਨ੍ਹਾਂ ਨੂੰ ਅਣਉਚਿਤ ਰੂਪ ’ਚ ਛੂਹਿਆ ਗਿਆ ਸੀ। ਔਰਤਾਂ ’ਚ ਆਪਣੇ ਵੱਧ ਗਿਣਤੀ ਮਰਦ ਹਮਰੁਤਬਾ ਮੁਕਾਬਲੇ ਮਰਜ਼ੀ ਤੋਂ ਬਗ਼ੈਰ ਛੂਹੇ ਜਾਣ ਦੀ ਸੰਭਾਵਨਾ ਦੋ ਤੋਂ ਚਾਰ ਗੁਣਾ ਵੱਧ ਸੀ।

ਔਰਤ ਡਰਾਈਵਰਾਂ ਦੇ ਧੱਕੇ ਮਾਰੇ ਜਾਣ, ਕੁੱਟੇ ਜਾਣ ਜਾਂ ਸਰੀਰਕ ਸੱਟਾਂ ਖਾਣ ਦੀ ਸੰਭਾਵਨਾ ਵੀ ਵੱਧ ਸੀ। 15% ਔਰਤਾਂ ਨੇ ਸਰਵੇ ’ਚ ਅਜਿਹੇ ਤਜ਼ਰਬੇ ਬਾਰੇ ਦੱਸਿਆ, 13% ਵੱਧ ਗਿਣਤੀ ਮਰਦਾਂ ਅਤੇ 7% ਘੱਟਗਿਣਤੀ ਮਰਦਾਂ ਨੇ ਅਜਿਹੇ ਹਮਲਿਆਂ ਦਾ ਸ਼ਿਕਾਰ ਹੋਣ ਬਾਰੇ ਦੱਸਿਆ।

ਕੰਮਕਾਜ ਦੀਆਂ ਥਾਵਾਂ ’ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਕਾਰਕ

ਮੋਟਰ ਕਰੀਅਰ ਐਚ.ਆਰ. ਵਿਭਾਗ ਵੱਲੋਂ ਜ਼ਿੰਮੇਵਾਰੀ, ਸੰਵੇਦਨਸ਼ੀਲਤਾ ਅਤੇ ਅਗਲੇਰੀ ਕਾਰਵਾਈ ਦੀ ਕਮੀ ਨੂੰ ਟਰੱਕਰਸ, ਵਿਸ਼ੇਸ਼ ਕਰਕੇ ਔਰਤਾਂ, ਵਿਰੁੱਧ ਕੀਤੇ ਜਾ ਰਹੇ ਅਪਰਾਧਾਂ ਨੂੰ ਉਤਸ਼ਾਹਿਤ ਕਰਨ ਵਾਲੇ ਕਾਰਕ ਦੱਸਿਆ ਗਿਆ। ਸਾਰੇ ਜੁਰਮਾਂ ’ਚੋਂ ਲਗਭਗ ਅੱਧਿਆਂ ਬਾਰੇ ਸੂਚਨਾ ਨਹੀਂ ਮਿਲ ਸਕੀ।

ਅਜਿਹੀਆਂ ਸਥਿਤੀਆਂ ਬਾਰੇ ਰਿਪੋਰਟ ’ਚ ਕਿਹਾ ਗਿਆ, ‘‘ਉਨ੍ਹਾਂ  (ਸਰਵੇ ’ਚ ਸ਼ਾਮਲ ਲੋਕਾਂ) ਨੇ ਸੋਚਿਆ ਕਿ ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ ਜਾਂ ਉਨ੍ਹਾਂ ਨੂੰ ਕਿਸੇ ਵੀ ਹਾਲਤ ’ਚ ਇਨ੍ਹਾਂ ਜੁਰਮਾਂ ਦਾ ਸਾਹਮਣਾ ਕਰਨਾ ਹੀ ਪਵੇਗਾ।’’

ਸਭ ਤੋਂ ਵੱਧ ਤਰੀਕੇ ਦੇ ਸੋਸ਼ਣ ’ਚ ਸ਼ਾਮਲ ਹੈ ਗਾਲੀ-ਗਲੋਚ, ਅਤੇ ਇਸ ਤੋਂ ਬਾਅਦ ਜ਼ੁਬਾਨੀ ਧਮਕੀਆਂ।

ਸਰਵੇ ਕੀਤੇ ਗਏ ਲੋਕਾਂ ’ਚੋਂ ਅੱਧੇ ਤੋਂ ਵੱਧ ਨੇ ਆਪਣੇ ਨਾਲ ਹੋਈ ਗਾਲੀ-ਗਲੋਚ ਅਤੇ ਜ਼ੁਬਾਨੀ ਧਮਕੀਆਂ ਦੀਆਂ ਘਟਨਾਵਾਂ ਬਾਰੇ ਦੱਸਿਆ। ਹਾਲਾਂਕਿ, ਘੱਟਗਿਣਤੀ ਅਤੇ ਵੱਧ ਗਿਣਤੀ ਮਰਦਾਂ ਦੇ ਮੁਕਾਬਲੇ, ਔਰਤਾਂ ਨੂੰ ਗਾਲੀ-ਗਲੋਚ ਦਾ ਸਾਹਮਣਾ ਵੱਧ ਕਰਨਾ ਪਿਆ।

ਸੋਸ਼ਣ ਦੀਆਂ ਛੇ ਪਛਾਣੀਆਂ ਗਈਆਂ ਸ਼੍ਰੇਣੀਆਂ ’ਚੋਂ ਚਾਰ ’ਚ ਸਭ ਤੋਂ ਵੱਧ ਪ੍ਰਤੀਸ਼ਤਤਾ ਪੀੜਤ ਔਰਤਾਂ ਅਤੇ ਘੱਟਗਿਣਤੀ ਮਰਦਾਂ ਦੀ ਰਹੀ, ਜ਼ੁਬਾਨੀ ਧਮਕੀਆਂ ਦਾ ਸਾਹਮਣਾ ਕਰਨ ਵਾਲਿਆਂ ’ਚ ਵੱਧਗਿਣਤੀ ਮਰਦਾਂ ਦੀ ਗਿਣਤੀ 44% ਰਹੀ।

ਸਰਵੇ ’ਚ ਸ਼ਾਮਲ ਦੋਹਾਂ ਤਰ੍ਹਾਂ ਦੇ ਮਰਦ ਡਰਾਈਵਰਾਂ ਨੂੰ ਔਰਤਾਂ ਮੁਕਾਬਲੇ ਹਥਿਆਰ (ਬੰਦੂਕਾਂ, ਚਾਕੂ, ਰੈਂਚ ਜਾਂ ਟਾਇਰ ਥੰਪਰ) ਵਿਖਾ ਕੇ ਧਮਕੀਆਂ ਦਿੱਤੇ ਜਾਣ ਅਤੇ ਟਰੱਕਾਂ ਜਾਂ ਕਾਰਗੋ ਨੂੰ ਲੁੱਟੇ ਜਾਣ ਦੀ ਸੰਭਾਵਨਾ ਵੱਧ ਸੀ। ਜਿੱਥੇ ਸਿਰਫ਼ 20% ਔਰਤਾਂ ਨੇ ਅਜਿਹੇ ਜੁਰਮਾਂ ਦੀ ਸੂਚਨਾ ਦਿੱਤੀ, ਲਗਭਗ 25% ਘੱਟ ਗਿਣਤੀ ਅਤੇ ਵੱਧਗਿਣਤੀ ਮਰਦ ਅਜਿਹੇ ਜੁਰਮਾਂ ਦੇ ਪੀੜਤ ਬਣੇ।

ਸਮਾਜਕ ਕਮਜ਼ੋਰੀਆਂ

ਸਰਵੇ ’ਚ ਦੱਸਿਆ ਗਿਆ ਕਿ ਘੱਟਗਿਣਤੀ ਗਰੁੱਪਾਂ ਦੀਆਂ ਸਮਾਜਕ ਕਮਜ਼ੋਰੀਆਂ ਹੀ ਉਨ੍ਹਾਂ ਵਿਰੁੱਧ ਕੀਤੀ ਜਾ ਰਹੀ ਹਿੰਸਾ ਦਾ ਪ੍ਰਮੁੱਖ ਕਾਰਨ ਹੈ।

‘‘ਮੋਟਰ ਕੈਰੀਅਰਾਂ ਦੀਆਂ ਸਪਲਾਈ ਚੇਨਾਂ, ਟਰੱਕ ਡਰਾਈਵਰਾਂ ਦੇ ਹੋਰਨਾਂ ਦੇਸ਼ਾਂ ਵਾਲਿਆਂ ਪ੍ਰਤੀ ਮਾੜੇ ਵਤੀਰੇ ਅਤੇ ਘੱਟਗਿਣਤੀਆਂ ’ਚ ਇੰਗਲਿਸ਼ ਭਾਸ਼ਾ ਦੀ ਕਮਜ਼ੋਰ ਸਮਝ ਨੂੰ ਵੀ ਘੱਟਗਿਣਤੀਆਂ ਵੱਲੋਂ ਸਾਹਮਣਾ ਕੀਤੇ ਜਾ ਰਹੇ ਅਪਰਾਧਾਂ ਦਾ ਕਾਰਨ ਮੰਨਿਆ ਜਾ ਰਿਹਾ ਹੈ।’’

ਟਰੱਕ ਡਰਾਈਵਰਾਂ ਵਿਰੁੱਧ ਅਪਰਾਧਾਂ ਦੇ ਆਮ ਪੈਟਰਨ ਦੀ ਵੀ ਪਛਾਣ ਕੀਤੀ ਗਈ – ਅਤੇ ਇਹ ਸਾਰੇ ਡਰਾਈਵਰਾਂ ਲਈ ਸਾਂਝੇ ਹਨ, ਭਾਵੇਂ ਉਹ ਕਿਸੇ ਵੀ ਲਿੰਗ ਜਾਂ ਘੱਟਗਿਣਤੀ ਰੁਤਬੇ ਦੇ ਕਿਉਂ ਨਾ ਹੋਣ।

ਸਰਵੇ ’ਚ ਕਿਹਾ ਗਿਆ ਹੈ ਕਿ ਭਾਵੇਂ ਸੋਸ਼ਣ ਟਰੱਕਿੰਗ ਉਦਯੋਗ ਨਾਲ ਸੰਬੰਧਤ ਕਿਸੇ ਵੀ ਥਾਂ ਹੋ ਸਕਦਾ ਹੈ, ਪਰ ਟਰੱਕ ਸਟਾਪ ਅਜਿਹੀਆਂ ਘਟਨਾਵਾਂ ਦੀ ਸਭ ਤੋਂ ਆਮ ਥਾਂ ਹੈ, ਜਿਸ ਤੋਂ ਬਾਅਦ ਕਾਰਗੋ ਡਿਲੀਵਰੀ ਅਤੇ ਪਿਕ-ਅੱਪ ਥਾਵਾਂ ਦਾ ਨੰਬਰ ਆਉਂਦਾ ਹੈ, ਅਤੇ ਫਿਰ ਫ਼ਿਊਲਿੰਗ ਸਟੇਸ਼ਨ। 15% ਤੋਂ 33% ਲੋਕਾਂ ਨੇ ਟਰੱਕ ਅੰਦਰ ਬੈਠੇ ਹੋਣ ਦੌਰਾਨ ਸੋਸ਼ਣ ਦਾ ਸ਼ਿਕਾਰ ਹੋਣ ਬਾਰੇ ਦੱਸਿਆ। ਸ਼ਹਿਰੀ ਖੇਤਰਾਂ ਨੂੰ ਪੇਂਡੂ ਖੇਤਰਾਂ ਮੁਕਾਬਲੇ ਵੱਧ ਖ਼ਤਰਨਾਕ ਦੱਸਿਆ ਗਿਆ।

ਜ਼ਿਆਦਾਤਰ ਮਾਮਲਿਆਂ ’ਚ, ਸਰਵੇ ਕੀਤੇ ਟਰੱਕ ਡਰਾਈਵਰਾਂ ਨੇ ਕਿਹਾ ਕਿ ਸਾਜ਼ਸ਼ ਕਰਨ ਵਾਲੇ ਹੋਰ ਟਰੱਕ ਡਰਾਈਵਰ ਹੀ ਸਨ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ। ਹਾਲਾਂਕਿ, 15% ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਸੋਸ਼ਣ ਹੋਰਨਾਂ ਟਰੱਕ ਡਰਾਈਵਰਾਂ ਨੇ ਹੀ ਕੀਤਾ ਜੋ ਕਿ ਉਸੇ ਕੰਪਨੀ ਦੇ ਮੁਲਾਜ਼ਮ ਸਨ ਜਿੱਥੇ ਉਹ ਕੰਮ ਕਰਦੀਆਂ ਸਨ, ਅਤੇ 11% ਨੇ ਟਰੇਨਰਾਂ ਨੂੰ ਅਪਰਾਧੀ ਦੱਸਿਆ।

ਸਰਵੇ ’ਚ ਸ਼ਾਮਲ ਲੋਕਾਂ ਵੱਲੋਂ ਟਰੱਕ ਸੁਰੱਖਿਆ ਨੂੰ ਬਿਹਤਰ ਕਰਨ ਲਈ ਦਿੱਤੀਆਂ ਸਲਾਹਾਂ ’ਚ ਟਰੱਕਿੰਗ ਸਹੂਲਤਾਂ ’ਚ ਸੁਰੱਖਿਆ ਬਿਹਤਰ ਕਰਨਾ, ਵਾਧੂ ਪਾਰਕਿੰਗ ਮੁਹੱਈਆ ਕਰਵਾਉਣਾ, ਅਤੇ ਡਰਾਈਵਰਾਂ ਲਈ ਸੁਰੱਖਿਅਤ ਤੇ ਸਮਰੱਥ ਯਾਤਰਾ ਯੋਜਨਾ ਉਲੀਕਣਾ ਸ਼ਾਮਲ ਹੈ।

ਕਿਉਂਕਿ ਵੱਡੀ ਗਿਣਤੀ ’ਚ ਡਰਾਈਵਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਕੋਈ ਵਿਅਕਤੀਗਤ ਸੁਰੱਖਿਆ ਸਿਖਲਾਈ ਪ੍ਰਾਪਤ ਨਹੀਂ ਹੋਈ, ਐਫ਼.ਐਮ.ਐਸ.ਸੀ.ਏ. ਨੇ ਰੁਜ਼ਗਾਰਦਾਤਾਵਾਂ ਨੂੰ ਅਜਿਹੀ ਸਿਖਲਾਈ ਡਰਾਈਵਰਾਂ ਨੂੰ ਪ੍ਰਦਾਨ ਕਰਵਾਉਣ ਦੇ ਨਾਲ ਸੋਸ਼ਣ ਵਿਰੁੱਧ ਜਾਗਰੂਕਤਾ ਵਧਾਉਣ ਲਈ ਸਿੱਖਿਆਦਾਇਕ ਸਮੱਗਰੀ ਦਾ ਵਿਕਾਸ ਕਰਨ ਲਈ ਕਿਹਾ ਹੈ।