ਕਲੀਨ ਬੀ.ਸੀ. ਐਚ.ਡੀ.ਵੀ.ਈ. ਪ੍ਰੋਗਰਾਮ ਹੇਠ ਮਿਲੇਗੀ 35 ਲੱਖ ਡਾਲਰ ਦੀ ਛੋਟ

ਬ੍ਰਿਟਿਸ਼ ਕੋਲੰਬੀਆ ਟਰੱਕਿੰਗ ਅਸੋੋਸੀਏਸ਼ਨ (ਬੀ.ਸੀ.ਟੀ.ਏ.) ਨੇ ਬ੍ਰਿਟਿਸ਼ ਕੋਲੰਬੀਆ ਦੇ ਆਵਾਜਾਈ ਅਤੇ ਮੁਢਲਾ ਢਾਂਚਾ ਬਾਰੇ ਮੰਤਰਾਲੇ ਨਾਲ ਭਾਈਵਾਲੀ ’ਚ ਕਲੀਨ ਬੀ.ਸੀ. ਹੈਵੀ-ਡਿਊਟੀ ਵਹੀਕਲ ਐਫ਼ੀਸ਼ੀਐਂਸੀ (ਐਚ.ਡੀ.ਵੀ.ਈ.) ਦੀ ਚੌਥੀ ਕਿਸ਼ਤ ਦਾ ਐਲਾਨ ਕਰ ਦਿੱਤਾ ਹੈ, ਜਿਸ ਅਧੀਨ ਪ੍ਰੋਵਿੰਸ਼ੀਅਲ ਸਰਕਾਰ ਪਿਛਲੇ ਵਾਰੀ ਤੋਂ ਦੁੱਗਣੀਆਂ 35 ਲੱਖ ਡਾਲਰ ਦੀਆਂ ਛੋਟਾਂ ਪ੍ਰਦਾਨ ਕਰ ਰਹੀ ਹੈ।

green truck

ਇਸ ਪ੍ਰੋਗਰਾਮ ਅਧੀਨ ਬ੍ਰਿਟਿਸ਼  ਕੋਲੰਬੀਆ ਦੇ ਕੈਰੀਅਰਸ ਨੂੰ ਪ੍ਰਤੀ ਗੱਡੀ 15,000 ਡਾਲਰ ਅਤੇ ਪ੍ਰਤੀ ਫ਼ਲੀਟ 100,000 ਡਾਲਰ ਤੱਕ ਦੀਆਂ ਛੋਟਾਂ ਦਾ ਲਾਭ ਮਿਲੇਗਾ ਤਾਂ ਕਿ ਉਹ ਮਨਜ਼ੂਰਸ਼ੁਦਾ ਫ਼ਿਊਲ ਬੱਚਤ ਉਪਕਰਨ ਅਤੇ ਤਕਨਾਲੋਜੀ ਦੀ ਖ਼ਰੀਦ ਅਤੇ ਇੰਸਟਾਲ ਕਰ ਸਕਣ।

ਕਮਰਸ਼ੀਅਲ ਕੈਰੀਅਰਸ ਨੂੰ ਫ਼ਿਊਲ ਪ੍ਰਬੰਧਨ ਰਣਨੀਤੀਆਂ ਅਤੇ ਮਨਜ਼ੂਰਸ਼ੁਦਾ ਫ਼ਿਊਲ-ਬੱਚਤ ਉਪਕਰਨਾਂ ਲਈ 50% ਤੱਕ ਦੇ ਇੰਸੈਂਟਿਵ ਪ੍ਰਦਾਨ ਕਰਵਾਉਣ ਨਾਲ ਐਚ.ਡੀ.ਵੀ.ਈ. ਪ੍ਰੋਗਰਾਮ ਦਾ ਮੰਤਵ ਫਿਊਲ ਦੀ ਖਪਤ ਅਤੇ ਇਸ ਨਾਲ ਸੰਬੰਧਤ ਗ੍ਰੀਨ ਹਾਊਸ ਗੈਸਾਂ (ਜੀ.ਐਚ.ਜੀ.) ਦੇ ਉਤਸਰਜਨ ਨੂੰ ਕਮਰਸ਼ੀਅਲ ਰੋਡ ਟਰਾਂਸਪੋਰਟੇਸ਼ਨ ਉਦਯੋਗ ’ਚੋਂ 35% ਤੱਕ ਘੱਟ ਕਰਨਾ ਹੈ।

ਬੀ.ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡੇਵ ਅਰਲ ਨੇ ਕਿਹਾ, ‘‘ਅਸੀਂ ਉਤਸ਼ਾਹਿਤ ਹਾਂ ਕਿ ਪ੍ਰੋਵਿੰਸ ਇਹ ਯਕੀਨੀ ਕਰ ਰਿਹਾ ਹੈ ਕਿ ਇਸ ਸਾਲ ਵੱਧ ਤੋਂ ਵੱਧ ਫ਼ੰਡ ਛੋਟਾਂ ਲਈ ਮੌਜੂਦ ਹਨ। ਇਸ ਦਾ ਮਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਕੈਰੀਅਰਸ ਨੂੰ ਪੈਸਾ ਆਪਣੀਆਂ ਜੇਬ੍ਹਾਂ ’ਚ ਵਾਪਸ ਮਿਲ ਸਕੇਗਾ ਅਤੇ ਵਾਤਾਵਰਣ ’ਚ ਘੱਟ ਜੀ.ਐਚ.ਜੀ. ਉਤਸਰਜਨ ਹੋਵੇਗਾ।’’

ਬੀ.ਸੀ.ਟੀ.ਏ. ਦਾ ਅੰਦਾਜ਼ਾ ਹੈ ਕਿ 2019 ’ਚ ਇਸ ਦੀ ਸ਼ੁਰੂਆਤ ਤੋਂ ਬਾਅਦ ਤੋਂ ਲੈ ਕੇ 39.4 ਲੱਖ ਕਿੱਲੋਗ੍ਰਾਮ ਕਾਰਬਨ ਡਾਈਆਕਸਾਈਡ ਦਾ ਉਤਸਰਜਨ ਹਰ ਸਾਲ ਘੱਟ ਹੋਇਆ ਹੈ – ਜੋ ਕਿ ਉੱਤਰੀ ਅਮਰੀਕਾ ’ਚ 8,800 ਯਾਤਰੀ ਗੱਡੀਆਂ ਦੇ ਬਰਾਬਰ ਹੈ – ਅਤੇ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ।

ਨਵੇਂ ਬਿਨੈਕਰਤਾਵਾਂ ਨੂੰ ਪਹਿਲ

ਇਹ ਪ੍ਰੋਗਰਾਮ ਬੀ.ਸੀ. ’ਚ ਹਰ ਆਕਾਰ ਦੇ ਫ਼ਲੀਟ ਲਈ ਮੌਜੂਦ ਹੈ, ਅਤੇ ਇਸ ਲਈ ਬੀ.ਸੀ.ਟੀ.ਏ. ਦਾ ਮੈਂਬਰ ਹੋਣ ਦੀ ਵੀ ਜ਼ਰੂਰਤ ਨਹੀਂ ਹੈ। ਨਵੇਂ ਬਿਨੈਕਰਤਾਵਾਂ ਨੂੰ ਫ਼ੰਡਿੰਗ ਲਈ ਪਹਿਲ ਦਿੱਤੀ ਜਾਵੇਗੀ।

ਨਵੇਂ ਬਿਨੈਕਰਤਾਵਾਂ ਤੋਂ ਅਰਜ਼ੀਆਂ 12 ਅਗਸਤ ਤੋਂ ਪ੍ਰਾਪਤ ਕਰਨੀਆਂ ਸ਼ੁਰੂ ਹੋ ਜਾਣਗੀਆਂ ਅਤੇ ਬਾਕੀ ਸਾਰੇ ਬਿਨੈਕਰਤਾਵਾਂ ਤੋਂ ਇਹ ਅਰਜ਼ੀਆਂ 15 ਸਤੰਬਰ ਤੋਂ ਪ੍ਰਾਪਤ ਕੀਤੀਆਂ ਜਾਣੀਆਂ ਸ਼ੁਰੂ ਹੋਣਗੀਆਂ।