ਕੈਨੇਡਾ ‘ਚ ਪੁਰਾਣੇ ਟਰੱਕਾਂ ਦੀਆਂ ਕੀਮਤਾਂ ਘਟੀਆਂ, ਪਰ ਅਮਰੀਕਾ ਜਿੰਨੀਆਂ ਨਹੀਂ : ਰਿਚੀ ਬ੍ਰਦਰਜ਼ ਦੇ ਅੰਕੜੇ

ਕੋਵਿਡ-19 ਕਰ ਕੇ ਰਿਚੀ ਬ੍ਰਦਰਜ਼ ਦੀ ਇਸ ਤਰ੍ਹਾਂ ਦੀ ਨੀਲਾਮੀ ਵਰਗੇ ਪ੍ਰੋਗਰਾਮ ਹੂਣ ਆਨਲਾਈਨ ਹੋ ਗਏ ਹਨ। (ਫ਼ੋਟੋ : ਰਿਚੀ ਬ੍ਰਦਰਜ਼)

ਪਿਛਲੇ ਕੁੱਝ ਮਹੀਨਿਆਂ ਦੌਰਾਨ ਕੈਨੇਡਾ ‘ਚ ਵਿਕਰੀ ਲਈ ਰੱਖੇ ਪੁਰਾਣੇ ਟਰੱਕਾਂ ਦੀਆਂ ਕੀਮਤਾਂ ‘ਚ ਕਮੀ ਵੇਖਣ ਨੂੰ ਮਿਲੀ ਹੈ, ਪਰ ਫਿਰ ਵੀ ਇਹ ਅਮਰੀਕਾ ‘ਚ ਹੋਈ ਕੀਮਤਾਂ ਦੀ ਕਮੀ ਤੋਂ ਬਿਹਤਰ ਹਨ।

ਇਹ ਅੰਕੜੇ ਭਾਰੇ ਉਪਕਰਨਾਂ ਦੀ ਨੀਲਾਮੀ ਲਈ ਮਸ਼ਹੂਰ ਰਿਚੀ ਬ੍ਰਦਰਜ਼ ਦੀ ਇੱਕ ਮਾਰਕੀਟ ਰੁਝਾਨਾਂ ਬਾਰੇ ਰੀਪੋਰਟ ‘ਚ ਉੱਭਰ ਕੇ ਸਾਹਮਣੇ ਆਏ ਹਨ।

ਮਈ ‘ਚ ਖ਼ਤਮ ਹੋਏ ਪਿਛਲੇ ਤਿੰਨ ਮਹੀਨਿਆਂ ਲਈ ਟਰੱਕ ਟਰੈਕਟਰ ਦੀਆਂ ਕੀਮਤਾਂ ਪਿਛਲੇ ਸਾਲ ਮੁਕਾਬਲੇ 5% ਘੱਟ ਹੋਈਆਂ, ਜਦਕਿ ਇਸੇ ਸਮੇਂ ਦੌਰਾਨ ਅਮਰੀਕਾ ‘ਚ ਇਹ ਕਮੀ 9% ਸੀ। ਵੋਕੇਸ਼ਨਲ ਟਰੱਕਾਂ ਦੇ ਮਾਮਲੇ ‘ਚ ਕੀਮਤਾਂ 3% ਘਟੀਆਂ ਜਦਕਿ ਅਮਰੀਕਾ ‘ਚ ਇਹ ਕਮੀ 5% ਰਹੀ।

ਰਿਚੀ ਬ੍ਰਦਰਜ਼ ਨੇ ਕਿਹਾ ਕਿ ਪੁਰਾਣੇ ਭਾਰੇ ਉਪਕਰਨਾਂ ਦੀਆਂ ਕੀਮਤਾਂ ਕੈਨੇਡਾ ‘ਚ ਮੁਕਾਬਲਤਨ ਸਥਿਰ ਰਹੀਆਂ, ਪਰ ਅਮਰੀਕਾ ‘ਚ ਇਨ੍ਹਾਂ ਕੀਮਤਾਂ ‘ਚ 3% ਦੀ ਕਮੀ ਵੇਖੀ ਗਈ। ਲਿਫ਼ਟਿੰਗ ਅਤੇ ਧਾਤਾਂ ਦੀ ਢੋਆ-ਢੁਆਈ ‘ਚ ਪ੍ਰਯੋਗ ਹੋਣ ਵਾਲੇ ਉਪਕਰਨਾਂ ਦੀਆਂ ਕੀਮਤਾਂ 1% ਘੱਟ ਗਈਆਂ ਪਰ ਅਮਰੀਕਾ ‘ਚ ਇਨ੍ਹਾਂ ਦੀ ਕੀਮਤ 8% ਘਟੀ।

ਅੰਕੜਿਆਂ ਦੀ ਸਮੀਖਿਆ ਕਰਨ ਵਾਲੇ ਵਾਇਸ-ਪ੍ਰੈਜ਼ੀਡੈਂਟ ਕੇਨ ਕਾਲਹੂਨ ਨੇ ਕਿਹਾ, ”ਪੁਰਾਣੇ ਉਪਕਰਨਾਂ ਦੀਆਂ ਕੀਮਤਾਂ ‘ਚ ਕਮੀ ਬੱਚਤ ਦੀਆਂ ਨਿਸ਼ਾਨੀਆਂ ਹਨ, ਹਾਲਾਂਕਿ ਮਿਕਸ-ਅਡਜਸਟਡ ਕੀਮਤਾਂ ਪਿਛਲੇ ਸਾਲ ਦੇ ਇਸੇ ਸਮੇਂ ਮੁਕਾਬਲੇ ਘੱਟ ਬਣੀਆਂ ਹੋਈਆਂ ਹਨ।”

ਅਮਰੀਕਾ ਅਤੇ ਕੈਨੇਡਾ ‘ਚ ਨੀਲਾਮੀ ਘਰਾਂ ਵੱਲੋਂ ਆਨ-ਲਾਈਨ ਮੰਚਾਂ ਰਾਹੀਂ ਵਿਕਰੀ ਕਰਨ ਨਾਲ ਕੀਮਤਾਂ ਬਿਹਤਰ ਵੀ ਹੋ ਰਹੀਆਂ ਹਨ। ਉਦਾਹਰਣ ਵੱਜੋਂ, ਐਡਮਿੰਟਨ ‘ਚ 11 ਤੋਂ 15 ਮਈ ਦੌਰਾਨ ਹੋਈ ਇੱਕ ਆਨ-ਲਾਈਨ ਵਿਕਰੀ ਰਾਹੀਂ ਰਿਚੀ ਬ੍ਰਦਰਜ਼ ਨੇ 10,700 ਉਪਕਰਨ ਵੇਚੇ ਜਿਨ੍ਹਾਂ ਦੀ ਕੁਲ ਕੀਮਤ 184 ਮਿਲੀਅਨ ਡਾਲਰ ਸੀ।

ਕਾਲਹੂਨ ਨੇ ਕਿਹਾ, ”ਵਿਸ਼ੇਸ਼ ਤੌਰ ‘ਤੇ ਅਸੀਂ ਅਮਰੀਕਾ ਅਤੇ ਕੈਨੇਡਾ ਦੋਹਾਂ ਦੇਸ਼ਾਂ ‘ਚ ਹੌਲੀ-ਹੌਲੀ ਕੀਮਤਾਂ ‘ਚ ਵਾਧਾ ਵੇਖ ਰਹੇ ਹਾਂ, ਜਿਸ ‘ਚ ਉੱਤਰੀ ਅਮਰੀਕਾ ਦੇ ਟੈਕਸਾਸ, ਕੈਲੇਫ਼ੋਰਨੀਆ, ਅਲਬਰਟਾ ਅਤੇ ਮੈਕਸੀਕੋ ‘ਚ ਕਾਫ਼ੀ ਮਾਤਰਾ ‘ਚ ਖ਼ਰੀਦਦਾਰ ਮਿਲੇ ਹਨ ਅਤੇ ਕੌਮਾਂਤਰੀ ਪੱਧਰ ‘ਤੇ ਏਸ਼ੀਆ ਅਤੇ ਦੱਖਣੀ ਅਮਰੀਕਾ ‘ਚ ਵਿਕਰੀ ਨੇ ਜ਼ੋਰ ਫੜਿਆ ਹੈ।

ਬਾਜ਼ਾਰ ਦੇ ਰੁਝਾਨਾਂ ਬਾਰੇ ਰੀਪੋਰਟ ਰਿਚੀ ਬ੍ਰਦਰਜ਼ ਐਸੇਟ ਸਲਿਊਸ਼ਨਜ਼ ਦੀਆਂ ਸੇਵਾਵਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ।