ਕੈਨੇਡਾ ‘ਚ 2021 ਤਕ ਲਾਜ਼ਮੀ ਹੋ ਜਾਣਗੇ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.)

Avatar photo
ਓ.ਟੀ.ਏ. ਰੋਡ ਨਾਈਟ ਤੋਂ ਈ.ਐਲ.ਡੀ. ਬਾਰੇ ਜਾਣਕਾਰੀ ਲੈਂਦੇ ਆਵਾਜਾਈ ਮੰਤਰੀ ਮਾਰਕ ਗਾਰਨੋ।

ਕੈਨੇਡਾ ਦੇ ਚਿਰਉਡੀਕਵੇਂ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਬਾਰੇ ਨਿਯਮ ਨੂੰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਨੁਸਾਰ ਇਹ ਕੈਨੇਡਾ ਨੂੰ ਸੁਰੱਖਿਆ ਅਤੇ ਕਾਨੂੰਨ ਪਾਲਣਾ ਦੇ ਮੁੱਦੇ ‘ਤੇ ਅਮਰੀਕਾ ਤੋਂ ਵੀ ਅੱਗੇ ਲੈ ਕੇ ਜਾਏਗਾ।

ਪੂਰੀ ਤਰ੍ਹਾਂ ਕੈਨੇਡਾ ‘ਚ ਬਣੇ ਇਨ੍ਹਾਂ ਨਿਯਮਾਂ ਅਨੁਸਾਰ ਤੀਜੀ-ਧਿਰ ਡਿਵਾਇਸ ਸਰਟੀਫ਼ੀਕੇਸ਼ਨ, ਜਿਸ ਦੀ ਅਮਰੀਕਾ ‘ਚ ਮੰਗ ਨਹੀਂ ਕੀਤੀ ਜਾਂਦੀ, ਦੀ ਜ਼ਰੂਰਤ ਹੋਵੇਗੀ ਜਿਸ ਨੂੰ ਸ਼ਾਮਿਲ ਕਰਨ ਲਈ ਕੈਨੇਡੀਅਨ ਟਰੱਕਿੰਗ ਉਦਯੋਗ ਨੇ ਵੱਡੇ ਪੱਧਰ ‘ਤੇ ਸਿਫ਼ਾਰਿਸ਼ ਕੀਤੀ ਸੀ। ਅਮਰੀਕਾ ‘ਚ ਇਹ ਉਪਕਰਣ ਖ਼ੁਦ-ਤਸਦੀਕ ਹੁੰਦੇ ਹਨ, ਜਿਸ ਕਰ ਕੇ ਬਾਜ਼ਾਰ ‘ਚ ਅਜਿਹੇ ਈ.ਐਲ.ਡੀ. ਆ ਗਏ ਹਨ ਜਿਨ੍ਹਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਜਾਂ ਉਨ੍ਹਾਂ ‘ਚ ਆਪਣੀ ਮਰਜ਼ੀ ਅਨੁਸਾਰ ਤਬਦੀਲੀ ਕੀਤੀ ਜਾ ਸਕਦੀ ਹੈ।

ਇਸ ਨਿਯਮ ਦਾ ਐਲਾਨ ਸਰਕਾਰ ਅਤੇ ਉਦਯੋਗ ਅਧਿਕਾਰੀਆਂ ਵੱਲੋਂ ਓਂਟਾਰੀਓ ਟਰੱਕਿੰਗ ਐੋਸੋਸੀਏਸ਼ਨ (ਓ.ਟੀ.ਏ.) ਦੇ ਹੈੱਡਕੁਆਰਟਰ ਵਿਖੇ 13 ਜੂਨ ਨੂੰ ਇੱਕ ਪ੍ਰੈੱਸ ਬਿਆਨ ਦੌਰਾਨ ਕੀਤਾ ਗਿਆ।
ਜੂਨ 2021 ਤਕ, ਤੀਜੀ-ਧਿਰ-ਪ੍ਰਮਾਣਿਤ ਈ.ਐਲ.ਡੀ. ਹਰ ਟਰੱਕ ‘ਚ ਲਾਗੂ ਹੋਣੇ ਲਾਜ਼ਮੀ ਹੋਣਗੇ ਜਿਨ੍ਹਾਂ ਲਈ ਅਜੇ ਤਕ ਸਿਰਫ਼ ਲਾਗਬੁੱਕ ਬਣਾ ਕੇ ਰੱਖਣੀ ਹੀ ਲਾਜ਼ਮੀ ਸੀ। ਇਸ ਐਲਾਨ ਦਾ ਉਦਯੋਗਿਕ ਐਸੋਸੀਏਸ਼ਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ।

ਕੰਮ ਦੇ ਸਮੇਂ ਬਾਰੇ ਨਿਯਮ ਤਬਦੀਲ ਨਹੀਂ ਕੀਤਾ ਜਾਵੇਗਾ; ਇਨ੍ਹਾਂ ਨੂੰ ਸਿਰਫ਼ ਈ.ਐਲ.ਡੀ. ਦਾ ਪ੍ਰਯੋਗ ਕਰ ਕੇ ਰੀਕਾਰਡ ਕੀਤਾ ਜਾਵੇਗਾ।

ਸੀ.ਟੀ.ਏ. ਦੇ ਮੁਖੀ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਕੰਮ ਦੇ ਘੰਟਿਆਂ ਅਤੇ ਥਕਾਨ ਪ੍ਰਬੰਧਨ ਬਾਰੇ ਨਿਯਮ ਨੂੰ ਲਾਗੂ ਕਰਨ ਲਈ ਈ.ਐਲ.ਡੀ. ਦਾ ਤੀਜੀ-ਧਿਰ ਵੱਲੋਂ ਪ੍ਰਮਾਣਿਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਈ.ਐਲ.ਡੀ. ਉਪਕਰਨਾਂ ਪਿੱਛੇ ਤਕਨੀਕ ਹੀ ਇਹ ਯਕੀਨੀ ਕਰੇਗੀ ਕਿ ਡਰਾਈਵਰ ਅਤੇ ਕੰਪਨੀਆਂ ਆਪਣੇ ਕੰਮ-ਆਰਾਮ ਚੱਕਰ ਦਾ ਪਾਲਣ ਕਰਨਗੀਆਂ।”

ਈ.ਐਲ.ਡੀ. ਨਿਯਮ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਸਮਾਂ ਸੀਮਾ ਵੀ ਤੇਜ਼ ਕਰ ਦਿੰਦਾ ਹੈ, ਜੋ ਕਿ ਪਹਿਲਾਂ ਤਜਵੀਜ਼ਤ ਚਾਰ ਸਾਲਾਂ ਤੋਂ ਘਟਾ ਕੇ ਦੋ ਸਾਲ ਕਰ ਦਿੱਤੀ ਗਈ ਹੈ। ਪਰ ਅਮਰੀਕਾ ਵਾਂਗ ਮੌਜੂਦਾ ਆਟੋਮੈਟਿਕ ਆਨ-ਬੋਰਡ ਰੀਕਾਰਡਿੰਗ ਉਪਕਰਨਾਂ ਦਾ ਪ੍ਰਯੋਗ ਨਹੀਂ ਹੋ ਸਕੇਗਾ।

ਸੀ.ਟੀ.ਏ. ਦਾ ਕਹਿਣਾ ਹੈ ਕਿ ਇਹ ਇੱਕ ਸਿੱਖਿਆ ਮੁਹਿੰਮ ਸ਼ੁਰੂ ਕਰੇਗੀ ਅਤੇ ਈ.ਐਲ.ਡੀ. ਨਿਰਮਾਤਾਵਾਂ ਅਤੇ ਸਪਲਾਈਕਰਤਾਵਾਂ ਨਾਲ ਮਿਲ ਕੇ ਕੰਮ ਕਰੇਗੀ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਉਹ ਤੀਜੀ-ਧਿਰ-ਪ੍ਰਮਾਣਿਤ ਬਣਨ ਲਈ ਉਨ੍ਹਾਂ ਦੀਆਂ ਜ਼ਰੂਰਤਾਂ ਤੋਂ ਜਾਣੂ ਹਨ। ਈ.ਐਲ.ਡੀ. ਸਪਲਾਈਕਰਤਾਵਾਂ ਵੱਲੋਂ ਸ਼ੁਰੂਆਤੀ ਪ੍ਰਤੀਕਰਮ ਸਾਕਾਰਾਤਮਕ ਰਿਹਾ।

ਆਈਸੈਕ ਇੰਸਟਰੂਮੈਂਟਸ ਦੇ ਮੁੱਖੀ ਜੈਕੁਅਸ ਡੀਲਾਰੋਸ਼ੇਲੀਅਰੇ ਨੇ ਕਿਹਾ, ”ਭਰੋਸੇਯੋਗ ਅਤੇ ਚੰਗੀ ਦੇਖਰੇਖ ਹੇਠ ਤੀਜੀ-ਧਿਰ-ਪ੍ਰਮਾਣਨ ਪ੍ਰਕਿਰਿਆ ਦਾ ਅਸਰ ਪੂਰੇ ਉਦਯੋਗ ‘ਚ ਨਿਯਮਾਂ ਦੀ ਬਿਹਤਰ ਤਾਮੀਲ ਅਤੇ ਇਸ ਦੇ ਕੌਮਾਂਤਰੀ ਪੱਧਰ ‘ਤੇ ਅਮਲ ‘ਚ ਨਿਕਲੇਗਾ।”

ਟੀਮਸਟਰ ਕੈਨੇਡਾ ਨੇ ਵੀ ਈ.ਐਲ.ਡੀ. ਨਿਯਮ ਦਾ ਸਵਾਗਤ ਕੀਤਾ ਹੈ। ਟੀਮਸਟਰਸ ਕੈਨੇਡਾ ਮੁਖੀ ਫਰਾਂਸੁਆ ਲਾਪੋਰਟ ਨੇ ਕਿਹਾ, ”ਅੱਜ ਦੇ ਐਲਾਨ ਨਾਲ ਟਰੱਕਿੰਗ ਉਦਯੋਗ ‘ਚ ਥਕਾਨ ਦੇ ਮੁੱਦੇ ਦਾ ਪੂਰੀ ਤਰ੍ਹਾਂ ਹੱਲ ਨਹੀਂ ਹੁੰਦਾ, ਪਰ ਇਸ ਨਾਲ ਘੱਟੋ-ਘੱਟ ਡਰਾਈਵਰਾਂ ਦੇ ਕੰਮ ਦੇ ਸਮੇਂ ਬਾਰੇ ਨਿਯਮਾਂ ਦੀ ਪਾਲਣਾ ਸਾਰੀਆਂ ਕੰਪਨੀਆਂ ਵੱਲੋਂ ਸਮਾਨ ਰੂਪ ‘ਚ ਹੋ ਸਕੇਗੀ। ਇਹ ਸਵਾਗਤਯੋਗ ਕਦਮ ਹੈ।”