ਕੈਨੇਡਾ ਵਿੱਚ ਟਰੱਕ ਡਰਾਈਵਰਾਂ ਦੀ ਕਿੱਲਤ, ਕੀ ਇੰਮੀਗਰਾਂਟਾਂ ਹੱਥ ਹੈ ਡੋਰੀ?

ਜਗਦੀਪ ਕੈਲੇ ਦੀ ਖਾਸ ਰਿਪੋਰਟ

ਕਹਿੰਦੇ ਹਨ ਕਿ ਡੁੱਬਦੇ ਨੂੰ ਤੀਲੇ ਦਾ ਸਹਾਰਾ ਹੁੰਦਾ ਹੈ। ਇਸ ਅਖਾਉਤ ਦੇ ਸੱਚ ਨੂੰ ਕੈਨੇਡਾ ਵਿੱਚ ਟਰੱਕ ਡਰਾਈਵਰਾਂ ਦੀ ਪਾਈ ਜਾਂਦੀ ਘਾਟ ਦੇ ਪਰੀਪੇਖ ਵਿੱਚ ਕੈਨੇਡੀਅਨ ਟਰੱਕਿੰਗ ਅਲਾਇੰਸ ਦੀ ਜ਼ੁਬਾਨ ਉੱਤੇ ਇੰਮੀਗਰੇਸ਼ਨ ਅਤੇ ਸਿਟੀਜ਼ਨਸ਼ਿੱਪ ਮੰਤਰੀ ਅਹਮਦ ਹੂਸੈਨ ਵਾਸਤੇ ਆਏ ਧੰਨਵਾਦੀ ਸ਼ਬਦਾਂ ਤੋਂ ਆਂਕਿਆ ਜਾ ਸਕਦਾ ਹੈ। ਇੰਮੀਗਰੇਸ਼ਨ ਮੰਤਰੀ ਨੇ ਪਿਛਲੇ ਮਹੀਨੇ ਇੱਕ ਪੰਜ ਸਾਲਾ ਰੂਰਲ ਅਤੇ ਉੱਤਰੀ ਇੰਮੀਗਰੇਸ਼ਨ ਪਾਇਲਟ ਪ੍ਰੋਜੈਕਟ ਲਾਗੂ ਕਰਨ ਦਾ ਐਲਾਨ ਕੀਤਾ ਜਿਸ ਤਹਿਤ 3000 ਹਜ਼ਾਰ ਦੇ ਕਰੀਬ ਵੱਖ 2 ਕਿਤਿੱਆਂ ਨਾਲ ਜੁੜੇ ਪ੍ਰੋਫੈਸ਼ਨਲ ਕੈਨੇਡਾ ਦੇ ਦਿਹਾਤੀ ਅਤੇ ਘੱਟ ਵੱਸੋਂ ਵਾਲੇ ਪ੍ਰੋਵਿੰਸਾਂ ਵਿੱਚ ਪਰਮਾਨੈਂਟ ਰੈਜ਼ੀਡੈਂਟਾਂ ਵਜੋਂ ਲਿਆਂਦੇ ਜਾਣ ਦੀ ਯੋਜਨਾ ਹੈ। ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਚੜ੍ਹੀ ਖੁਸ਼ੀ ਇਸ ਲਈ ਹੀ ਮਾਣ ਨਹੀਂ ਕਿਉਂਕਿ ਇਸ ਪਾਇਲਟ ਪ੍ਰੋਜੈਕਟ ਤਹਿਤ ਲਿਆਂਦੇ ਜਾਣ ਵਾਲੇ ਪ੍ਰੋਫੈਸਲਨਲਾਂ ਦੀ ਲਿਸਟ ਵਿੱਚ ਟਰੱਕ ਡਰਾਈਵਰ ਸ਼ਾਮਲ ਹਨ।

ਟਰੱਕ ਡਰਾਈਵਰਾਂ ਦੀ ਘਾਟ ਦਾ ਨਾਪਤੋਲ: 

ਸਾਲ 2013 ਵਿੱਚ ਕਾਨਫਰੰਸ ਬੋਰਡ ਆਫ ਕੈਨੇਡਾ ਵੱਲੋਂ ‘ਟਰੱਕ ਡਰਾਈਵਰਾਂ ਦੀ ਗਿਣਤੀ ਅਤੇ ਮੰਗ ਵਿੱਚ ਵਕਫਾ ਅਤੇ ਇਸਦਾ ਕੈਨੇਡਾ ਦੀ ਆਰਥਕਤਾ ਉੱਤੇ ਪ੍ਰਭਾਵ’ ਨਾਮਕ ਇੱਕ 46 ਪੰਨਿਆਂ ਦੀ ਰਿਪੋਰਟ ਰੀਲੀਜ਼ ਕੀਤੀ ਗਈ ਸੀ। ਰਿਪੋਰਟ ਵਿੱਚ ਅਨੁਮਾਨ ਲਾਇਆ ਗਿਆ ਸੀ ਕਿ 2020 ਵਿੱਚ ਕੈਨੇਡਾ ਵਿੱਚ 25 ਤੋਂ 30 ਹਜ਼ਾਰ ਟਰੱਕ ਡਰਾਈਵਰਾਂ ਦੀ ਕਿੱਲਤ ਹੋਵੇਗੀ। ਅੱਜ ਜਦੋਂ ਅਸੀਂ 2019 ਵਿੱਚ ਪੁੱਜ ਚੁੱਕੇ ਹਾਂ ਤਾਂ ਇੰਡਸਟਰੀ ਮਾਹਰ ਖਾਸ ਕਰਕੇ ਕੈਨੇਡੀਅਨ ਟਰੱਕਿੰਗ ਅਲਾਇੰਸ ਦਾ ਮੰਨਣਾ ਹੈ ਕਿ ਹਕੀਕਤ ਉਸ ਰਿਪੋਰਟ ਦੀ ਭੱਵਿਖਬਾਣੀ ਤੋਂ ਵੀ ਵੱਖਰੀ ਹੈ। 2024 ਤੱਕ ਕੈਨੇਡਾ ਵਿੱਚ ਡਰਾਈਵਰਾਂ ਦੀ ਕਿੱਲਤ 48,000 ਹੋ ਚੁੱਕੀ ਹੋਵੇਗੀ।

ਗੈਰ-ਸੁਭਾਵਿਕ ਸੀ ਟਰੱਕਿੰਗ ਇੰਡਸਟਰੀ ਦਾ ਕੁਦਰਤ ਦੇ ਨੇਮ ਤੋਂ ਨਿਰਲੇਪ ਰਹਿਣਾ:

ਕੈਨੇਡਾ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਦੀ ਸਥਿਤੀ ਉਸ ਬਾਗ ਦਾ ਚੇਤਾ ਕਰਵਾਉਂਦੀ ਹੈ ਜਿਸਦੇ ਮਾਲੀ ਇੱਕ ਤੋਂ ਬਾਅਦ ਇੱਕ ਕਰਕੇ ਲਾਂਭੇ ਹੋਣ ਲੱਗ ਪੈਣ। ਪਿਛਲੀ ਪੀੜ੍ਹੀ ਦੇ ਉਹ ਟਰੱਕ ਡਰਾਈਵਰ ਜਿਹੜੇ ਇਸ ਕਿੱਤੇ ਵਿੱਚ 25 ਤੋਂ 30 ਸਾਲ ਹੱਸ ਕੇ ਲਾ ਦੇਂਦੇ ਸਨ, ਉਹ ਵੱਡੀ ਗਿਣਤੀ ਵਿੱਚ ਉਮਰ ਵਿਹਾਅ ਚੁੱਕੇ ਹਨ। ਮਾਣਮੱਤੇ ਇਨ੍ਹਾਂ ਡਰਾਈਵਰਾਂ ਦੀ ਪੂਰੀ ਦੀ ਪੂਰੀ  ਪੀੜ੍ਹੀ ਸੈਕਟਰ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ ਪਰ ਨਵੀਂ  ਪੀੜ੍ਹੀ ਦੇ ਕੈਨੇਡੀਅਨ ਨੌਜਵਾਨ ਇਸ ਧੰਦੇ ਨੂੰ ਅਪਨਾਉਣਾ ਪਸੰਦ ਨਹੀਂ ਕਰ ਰਹੇ। ਕੁਦਰਤ ਦਾ ਨੇਮ ਹੈ ਕਿ ਜਦੋਂ ਕਿਸੇ ਕਿਸਮ ਦਾ ਖੱਪਾ ਪੈਦਾ ਹੁੰਦਾ ਹੈ ਤਾਂ ਉਸਦੀ ਪੂਰਤੀ ਲਈ ਉਹ ਕੁੱਝ ਨਵਾਂ ਅਤੇ ਵੱਧ ਨਰੋਆ ਪੇਸ਼ ਕਰ ਦੇਂਦੀ ਹੈ। ਕੈਨੇਡਾ ਵਿੱਚ ਕੁਦਰਤ ਨੇ ਬਦਲ ਲਿਆਂਦਾ ਸਾਊਥ ਏਸ਼ੀਅਨ ਖਾਸ ਕਰਕੇ ਪੰਜਾਬੀ ਟਰੱਕ ਡਰਾਈਵਰਾਂ ਦੇ ਰੂਪ ਵਿੱਚ।

ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ: 

ਭਾਈ ਵੀਰ ਸਿੰਘ ਨੇ ‘ਸਮਾਂ’ ਨਾਮ ਦੀ ਕਵਿਤਾ ਵਿੱਚ ਜੀਵਨ ਵਿੱਚ ਆਉਣ ਵਾਲੇ ਅਟੁੱਟ ਬਦਲਾਅ ਦੇ ਫਲਸਫੇ ਨੂੰ ਅਧਿਆਤਮਕ ਪੱਖ ਤੋਂ ਪੇਸ਼ ਕੀਤਾ ਸੀ। ਪਰ ਅਜਿਹੇ ਅਮਰ ਫਲਸਫੇ ਵਿਉਪਾਰ ਵਰਗੇ ਆਮ ਵਰਤਾਰਿਆਂ ਉੱਤੇ ਲਾਗੂ ਹੋਣ ਤੋਂ ਕਦੋਂ ਫੇਲ ਹੋਏ ਹਨ? ਅੱਜ ਤੋਂ 20 ਸਾਲ ਪਹਿਲਾਂ ਕੈਨੇਡਾ ਦੇ ਸਮੁੱਚੇ ਟਰਕਿੰਗ ਸੈਕਟਰ ਵਿੱਚ ਸਾਊਥ ਏਸ਼ੀਅਨ ਡਰਾਈਵਰਾਂ ਦੀ ਨਫ਼ਰੀ ਮਹਿਜ਼ 1.8% ਸੀ ਜਿਨ੍ਹਾਂ ਵਿੱਚੋਂ ਬਹੁ-ਗਿਣਤੀ ਵੈਨਕੂਵਰ ਦੇ ਇਰਦ ਗਿਰਦ ਕਾਰਜਰਤ ਸਨ। ਫੇਰ ਭਾਰਤ ਤੋਂ ਪਰਵਾਸੀਆਂ ਖਾਸ ਕਰਕੇ ਪੰਜਾਬੀਆਂ ਦਾ ਵਹੀਰਾਂ ਘੱਤ ਕੇ ਆਉਣਾ ਆਰੰਭ ਹੋਇਆ ਜਿਨ੍ਹਾਂ ਨੇ ਸ਼ਿੱਦਤ ਨਾਲ ਟਰੱਕਿੰਗ ਪ੍ਰੋਫੈਸ਼ਨ ਨੂੰ ਅਪਣਾਇਆ। ਇੱਕ ਕਾਰਣ ਕੈਨੇਡਾ ਦੇ ਸਿਸਟਮ ਦਾ ਉੱਚ ਵਿੱਦਿਆ ਪ੍ਰਾਪਤ ਇੰਮੀਗਰਾਂਟਾਂ ਨੂੰ ਉਨ੍ਹਾਂ ਦੇ ਪ੍ਰੋਫੈਸ਼ਨਲ ਫੀਲਡ ਵਿੱਚ ਰੁਜ਼ਗਾਰ ਦੇਣ ਵਿੱਚ ਅਸਫ਼ਲ ਰਹਿਣਾ ਸੀ। ਡਾਕਟਰ, ਇੰਜੀਨੀਅਰ, ਸਾਇੰਸਦਾਨ ਜਾਂ ਹੋਰ ਵਿਸ਼ਿਆਂ ਦੇ ਮਾਹਰਾਂ ਦੇ ਦਿਲਾਂ ਵਿੱਚ ਕੈਨੇਡਾ ਆ ਕੇ ਤਰੱਕੀ ਕਰਨ ਦੇ ਵੱਡੇ ਸੁਫ਼ਨੇ ਹੁੰਦੇ ਪਰ ਕੈਨੇਡਾ ਦਾ ਸੰਸਥਾਗਤ ਢਾਂਚਾ ਉਨ੍ਹਾਂ ਦੀ ਵਿੱਦਿਆ, ਉੱਚ ਪੱਧਰ ਦੇ ਹੁਨਰਾਂ ਅਤੇ ਅਨੁਭਵਾਂ ਤੋਂ ਪੂਰਾ ਲਾਭ ਨਾ ਲੈ ਸਕਿਆ। ਪੰਜਾਬੀ ਪਰਵਾਸੀਆਂ ਦੇ ਵੱਡੀ ਗਿਣਤੀ ਵਿੱਚ ਟਰੱਕਿੰਗ ਇੰਡਸਟਰੀ ਨੂੰ ਅਪਣਾਉਣ ਪਿੱਛੇ ਮਿਲਣ ਵਾਲੇ ਅੱਛੇ ਖਾਸੇ ਇਵਜ਼ਾਨੇ ਦੇ ਨਾਲ 2 ਇਸ ਧੰਦੇ ਦਾ ਉਨ੍ਹਾਂ ਦੀ ਆਜ਼ਾਦਾਨਾ ਫਿਤਰਤ ਦੇ ਬਹੁਤ ਅਨੁਕੂਲ ਹੋਣਾ ਸੀ। ਟਰੱਕ ਦੇ ਸਟੀਰਿੰਗ ਪਿੱਛੇ ਬੈਠਾ ਪੰਜਾਬੀ ਆਪਣੇ ਆਪ ਨੂੰ ਕਿਸੇ ਰਿਆਸਤ ਦੇ ਨਵਾਬ ਤੋਂ ਘੱਟ ਨਹੀਂ ਸਮਝਦਾ।

ਅੱਜ ਦੇ ਸੱਚ ਦੀ ਆਰਸੀ: 

18 ਤੋਂ 20 ਬਿਲੀਅਨ ਡਾਲਰ ਦੀ ਗਰੌਸ ਡੋਮੈਸਟਿਕ ਪ੍ਰੋਡਕਟ (GDP) ਵਾਲੇ ਟਰੱਕਿੰਗ ਦੇ ਧੰਦੇ ਦਾ ਪਹੀਆ ਘੁਮਾਉਣ ਵਾਲੀ ਸ਼ਕਤੀ ਦਾ ਖੁਰਾ ਖੋਜ ਲਾਉਣ ਲਈ ਨਿਊਕਾਮ ਮੀਡੀਆ ਗਰੁੱਪ ਵੱਲੋਂ ਕੈਨੇਡਾ ਸਰਕਾਰ ਦੇ ਅੰਕੜਾ ਵਿਭਾਗ ਤੋਂ ਜਾਣਕਾਰੀ ਹਾਸਲ ਕੀਤੀ ਗਈ। ਇਸ ਮੁਤਾਬਕ 2016 ਵਿੱਚ ਕੈਨੇਡਾ ਵਿੱਚ ਹਰ ਪੰਜਵਾਂ ਟਰੱਕ ਡਰਾਈਵਰ ਸਾਊਥ ਏਸ਼ੀਅਨ ਮੂਲ ਦਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਤੀਜਾ (34.6%) ਅਤੇ ਓਂਟਾਰੀਓ ਵਿੱਚ ਹਰ ਚੌਥਾ (25.6%) ਟਰੱਕ ਡਰਾਈਵਰ ਸਾਊਥ ਏਸ਼ੀਅਨ ਹੈ। 

ਟਰੱਕਿੰਗ ਇੰਡਸਟਰੀ ਦੀ ਗੁਹਾਰ:

ਟਰੱਕਿੰਗ ਇੰਡਸਟਰੀ ਦੇ ਹਿੱਤਾਂ ਲਈ ਕੰਮ ਕਰਨ ਵਾਲੀਆਂ ਜੱਥੇਬੰਦੀਆਂ ਕੈਨੇਡੀਅਨ ਟਰੱਕਿੰਗ ਅਲਾਇੰਸ ਅਤੇ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਟਰੱਕ ਡਰਾਈਵਰਾਂ ਦੀ ਕਿੱਲਤ ਨੂੰ ਪੂਰਾ ਕਰਨ ਲਈ ਆਸ ਉਸ ਸ੍ਰੋਤ ਭਾਵ ਪਰਵਾਸੀਆਂ ਉੱਤੇ ਲਾਈ ਬੈਠੀਆਂ ਹਨ ਜਿਨ੍ਹਾਂ ਦਾ ਇਸ ਇੰਡਸਟਰੀ ਵਿੱਚ ਪਸਾਰਾ ਜੱਗ ਜਾਹਰ ਹੋ ਚੁੱਕਾ ਹੈ। ਉਹ ਹਰ ਸੰਭਵ ਪਲੇਟਫਾਰਮ ਉੱਤੇ ਸਰਕਾਰ ਕੋਲੋਂ ਮੰਗ ਕਰ ਰਹੀਆਂ ਹਨ ਕਿ ਕੈਨੇਡਾ ਨੂੰ ਟਰੱਕ ਡਰਾਈਵਰਾਂ ਦੇ ਪਰਮਾਨੈਂਟ ਰੈਜ਼ੀਡੈਂਟ ਅਤੇ ਟੈਂਪਰੇਰੀ ਫੋਰਨ ਵਰਕਰਾਂ ਵਜੋਂ ਆਉਣ ਦੇ ਰਾਹ ਮੋਕਲੇ ਕੀਤੇ ਜਾਣ ਦੀ ਲੋੜ ਹੈ। ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫ਼ਨ ਲਾਕੋਵਸਕੀ ਦਾ ਆਖਣਾ ਹੈ ਕਿ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਟਰੱਕਿੰਗ ਇੰਡਸਟਰੀ ਨੂੰ ਧਿਆਨ ਵਿੱਚ ਰੱਖ ਕੇ ਨਵੇਂ ਇੰਮੀਗਰਾਂਟ ਪ੍ਰੋਗਰਾਮ ਲਾਗੂ ਕਰਨ ਦੀ ਫੌਰੀ ਲੋੜ ਹੈ। ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਟਰੱਕ ਡਰਾਈਵਰ ਕਿੱਤੇ ਨੂੰ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਦੇ ਦਾਇਰੇ ਵਿੱਚ ਲਿਆਉਣ ਲਈ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਕੋਲ ਵਿਸ਼ੇਸ਼ ਪਹੁੰਚ ਕੀਤੀ ਹੈ।

ਓਂਟਾਰੀਓ ਵਿੱਚ ਹੋ ਰਹੀ ਹਿੱਲਜੁਲ: 

ਕੈਨੇਡਾ ਸਰਕਾਰ ਦੇ ਅੰਕੜਾ ਵਿਭਾਗ ਦੇ 2017 ਦੇ ਅੰਕੜਿਆਂ ਮੁਤਾਬਕ ਓਂਟਾਰੀਓ ਪ੍ਰੋਵਿੰਸ ਕੈਨੇਡਾ ਦੀ ਆਰਥਕਤਾ ਵਿੱਚ 38.63% ਹਿੱਸਾ ਪਾਉਂਦਾ ਹੈ। ਬੇਸ਼ੱਕ ਇਸ ਭਾਰੀ ਆਰਥਕਤਾ ਦਾ ਪਹੀਆ ਵੱਡੀ ਹੱਦ ਤੱਕ ਟਰੱਕਾਂ ਦੁਆਰਾ ਕੀਤੀ ਜਾਂਦੀ ਢੋਆ ਢੁਆਈ ਸਹਾਰੇ ਘੁੰਮਦਾ ਹੈ ਪਰ ਓਂਟਾਰੀਓ ਸਰਕਾਰ ਟਰੱਕ ਡਰਾਈਵਰਾਂ ਦੀ ਥੋੜ ਨੂੰ ਅੰਤਰਰਾਸ਼ਟਰੀ ਮੰਡੀ ਵਿੱਚੋਂ ਪੂਰਾ ਕਰਨ ਦੇ ਮਾਮਲੇ ਵਿੱਚ ਤਕਰੀਬਨ ਸੁੱਤੀ ਹੀ ਰਹੀ ਹੈ। ਸ਼ੁਕਰ ਹੈ ਕਿ ਹੁਣ ਖੇਮਿਆਂ ਵਿੱਚ ਕੁੱਝ ਹਿੱਲਜੁਲ ਹੁੰਦੀ ਵਿਖਾਈ ਦੇ ਰਹੀ ਹੈ। ਰੋਡ ਟੂਡੇ ਵੱਲੋਂ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਓਂਟਾਰੀਓ ਦੇ ਆਰਥਕ ਵਿਕਾਸ ਅਤੇ ਟਰੇਡ ਮਹਿਕਮੇ ਨੇ ਪੁਸ਼ਟੀ ਕੀਤੀ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫੈਡਰਲ ਸਰਕਾਰ ਨਾਲ ਮਿਲ ਕੇ ਅਜਿਹੇ ਕਦਮ ਚੁੱਕਣ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਨਾਲ ਟਰੱਕਿੰਗ ਕੰਪਨੀਆਂ ਨੂੰ ਕੌਮੀ ਅਤੇ ਕੌਮਾਂਤਰੀ ਮੰਡੀ ਵਿੱਚੋਂ ਮੁਲਾਜ਼ਮ ਭਰਤੀ ਕਰਨ ਵਿੱਚ ਮਦਦ ਮਿਲੇਗੀ। ਸਰਕਾਰੀ ਬੁਲਾਰੇ ਵੌਕ ਕੌਂਗ (Kwok Kong) ਨੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਵਿੱਚ ਤਬਦੀਲੀਆਂ ਕਰਨ ਲਈ ਮਹਿਕਮੇ ਵਿੱਚ ਹੋ ਰਹੀ ਗੱਲਬਾਤ ਦਾ ਵੀ ਇਸ਼ਾਰਾ ਕੀਤਾ ਹੈ। ਪਰ ਸਰਕਾਰ ਦੇ ਵਾਅਦਿਆਂ ਦੇ ਊਠ ਦਾ ਬੁੱਲ ਕਦੋਂ ਡਿੱਗੇਗਾ ਇਸ ਬਾਰੇ ਕੁੱਝ ਵੀ ਆਖਣਾ ਸਹੀ ਨਹੀਂ ਹੋਵੇਗਾ।

ਯੂਨੀਅਨ ਦਾ ਰੇੜਕਾ: 

ਵਿਦੇਸ਼ਾਂ ਤੋਂ ਟਰੱਕ ਡਰਾਈਵਰਾਂ ਨੂੰ ਵੱਧ ਗਿਣਤੀ ਵਿੱਚ ਬੁਲਾਉਣ ਬਾਬਤ ਜਿਸ ਵੇਲੇ ਸਮੁੱਚੇ ਕੈਨੇਡਾ ਭਰ ਵਿੱਚ ਸਰਕਾਰ ਤੋਂ ਲੈ ਕੇ ਇੰਡਸਟਰੀ ਲੀਡਰਾਂ ਤੱਕ ਇੱਕ ਕਿਸਮ ਦੀ ਸਹਿਮਤੀ ਬਣ ਚੁੱਕੀ ਜਾਪਦੀ ਹੈ ਤਾਂ ਟਰੱਕ ਡਰਾਈਵਰਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਕੰਮ ਕਰਨ ਵਾਲੀ ‘ਟੀਮਸਟਰ ਯੂਨੀਅਨ’ ਵੱਲੋਂ ਅਜਿਹੇ ਕਿਸੇ ਵੀ ਯਤਨ ਦਾ ਸਖ਼ਤ ਵਰੋਧ ਕੀਤਾ ਜਾ ਰਿਹਾ ਹੈ। ਟੀਮਸਟਰ ਕੈਨੇਡਾ ਦੇ ਪ੍ਰੈਜ਼ੀਡੈਂਟ ਫਰਾਂਸੁਆ ਲਾਪੋਰਟ ਨੇ ਕੈਨੇਡੀਅਨ ਕੰਪਨੀਆਂ ਲਈ ਵਿਦੇਸ਼ੀ ਟਰੱਕ ਡਰਾਈਵਰਾਂ (ਟੈਂਪਰੇਰੀ ਫੌਰਨ ਵਰਕਰ) ਦੇ ਕੰਮ ਕਰਨ ਨੂੰ ‘Sweat Shops’ ਨਾਲ ਸੰਗਿਆ ਦਿੱਤੀ ਹੈ। ‘Sweat Shops’ ਸ਼ਬਦ ਉਸ ਵਰਤਾਰੇ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਬਿਜਨਸ ਮਾਲਕਾਂ ਵੱਲੋਂ ਵਰਕਰਾਂ ਦਾ ਸੋਸ਼ਣ ਕੀਤਾ ਜਾਂਦਾ ਹੈ। ਮਾਲਕਾਂ ਵੱਲੋਂ ਵਰਕਰਾਂ ਦੇ ਕੀਤੇ ਜਾਂਦੇ ਸੋਸ਼ਣ ਦੇ ਪਰੀਪੇਖ ਵਿੱਚ ਇਹ ਇੱਕ ਨਿੰਦਣਯੋਗ ਸ਼ਬਦ ਹੈ। ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਉੱਤ ‘Sweat Shops’ ਖੋਲ੍ਹਣ ਦੇ ਇਲਜ਼ਾਮ ਅਕਸਰ ਲੱਗਦੇ ਹਨ।

ਹੱਲ ਕੀ ਹੋਵੇ: 

ਰੋਡ ਟੂਡੇ ਨੂੰ ਟਰੱਕਿੰਗ ਇੰਡਸਟਰੀ, ਨਵੇਂ ਪਰਵਾਸੀਆਂ ਲਈ ਕੰਮ ਕਰਨ ਵਾਲੇ ਗਰੁੱਪਾਂ, ਇੰਮੀਗਰੇਸ਼ਨ ਸਲਾਹਕਾਰਾਂ, ਵਰਕਰ ਯੂਨੀਅਨਾਂ ਅਤੇ ਸਰਕਾਰੀ ਅਦਾਰਿਆਂ ਸਮੇਤ ਵੱਖ 2 ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰਭਾਵ ਮਿਲਿਆ ਹੈ ਕਿ ਟਰੱਕ ਡਰਾਈਵਰਾਂ ਦੀ ਘਾਟ ਬਾਰੇ ਜਾਣਕਾਰੀ ਦੀ ਕੋਈ ਘਾਟ ਨਹੀਂ ਹੈ ਪਰ ਸਮੱਸਿਆ ਦੇ ਹੱਲ ਲਈ ਠੋਸ ਸੁਝਾਅ ਕਿਸੇ ਕੋਲ ਵੀ ਨਹੀਂ ਹੈ। ਸੁਆਲ ਉੱਠਦਾ ਹੈ ਕਿ ਕੀ ਸਮੱਸਿਆ ਦਾ ਹੱਲ ਸਿਰਫ਼ ਪਰਵਾਸੀਆਂ ਨੂੰ ਵੱਧ ਗਿਣਤੀ ਵਿੱਚ ਬੁਲਾਉਣਾ ਹੈ ਜਾਂ ਟਰੱਕ ਡਰਾਈਵਰਾਂ ਨੂੰ ਵੱਧ ਤਨਖਾਹਾਂ ਅਤੇ ਸਹੂਲਤਾਂ ਦੇਣਾ ਹੈ ਜਿਵੇਂ ਕਿ ਯੂਨੀਅਨ ਵੱਲੋਂ ਆਖਿਆ ਜਾ ਰਿਹਾ ਹੈ? ਕੀ ਡਰਾਈਵਰਾਂ ਤੋਂ ਬਿਨਾ ਤਕਨਾਲੋਜੀ ਸਹਾਰੇ ਚੱਲਣ ਵਾਲੇ ਟਰੱਕ (Driverless trucks) ਇਸ ਮਰਜ਼ ਦੀ ਦਵਾ ਬਣਨਗੇ? ਇਹ ਸੁਆਲ ਹਨ ਜਿਨ੍ਹਾਂ ਬਾਰੇ ਇੰਡਸਟਰੀ, ਸਰਕਾਰ, ਯੂਨੀਅਨਾਂ ਅਤੇ ਐਸੋਸੀਏਸ਼ਨਾਂ ਸਮੇਤ ਸਾਰਿਆਂ ਨੂੰ ਇੱਕਠਿਆਂ ਹੋ ਕੇ ਸੋਚਣਾ ਪਵੇਗਾ।

ਡਰਾਈਵਰਾਂ ਦੀ ਕਿੱਲਤ ਕੈਨੇਡਾ ਦੀ ਸਾਊਥ ਏਸ਼ੀਅਨ ਟਰੱਕਿੰਗ ਇੰਡਸਟਰੀ ਲਈ ਵੀ ਸੁਆਲ ਖੜ੍ਹਾ ਕਰਦੀ ਹੈ ਕਿ ਜਿਵੇਂ ਨਵੀਂ ਪੀੜ੍ਹੀ ਦੀ ਇਸ ਪ੍ਰੋਫੈਸ਼ਨ ਵਿੱਚ ਰੁਚੀ ਕਾਰਣ ਅੱਜ ਕੈਨੇਡਾ ਦੀ ਮੇਨਸਟਰੀਮ ਟਰੱਕਿੰਗ ਇੰਡਸਟਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਕੀ ਅਸੀਂ ਆਖ ਸਕਦੇ ਹਾਂ ਕਿ ਇਹ ਕੌੜਾ ਸੱਚ ਅੱਜ ਜਾਂ ਭਲਕ ਕੈਨੇਡਾ ਦੀ ਸਾਊਥ ਏਸ਼ੀਅਨ ਟਰੱਕਿੰਗ ਇੰਡਸਟਰੀ ਉੱਤੇ ਲਾਗੂ ਨਹੀਂ ਹੋਵੇਗਾ?

ਰੋਡੈਲ ਰਾਮੋਸ, ਡਾਇਰੈਕਟਰ, ਪੀਲ ਨਿਊਕਮਰ ਸਟਰੈਟਜੀ ਗਰੁੱਪ (PNSG) Rodel Ramos, Director, Peel Newcomer Strategy Group

ਇੰਮੀਗਰਾਂਟਾਂ ਲਈ ਅਵਸਰਾਂ ਦੀ ਘਾਟ ਕਾਰਣ ਕੈਨੇਡੀਅਨ ਆਰਥਕਤਾ ਦਾ ਭਾਰੀ ਨੁਕਸਾਨ – ਰੋਡੈਲ ਰਾਮੋਸ, ਡਾਇਰੈਕਟਰ, ਪੀਲ ਨਿਊਕਮਰ ਸਟਰੈਟਜੀ ਗਰੁੱਪ (PNSG)
“ਬਹੁਤ ਸਾਰੇ ਇੰਮੀਗਰਾਂਟ ਆਪਣੇ ਚੁਣੇ ਹੋਏ ਪ੍ਰੋਫੈਸ਼ਨਲ ਫੀਲਡ ਵਿੱਚ ਕੰਮ ਨਹੀਂ ਕਰ ਰਹੇ ਜਿਸਦੇ ਮੁੱਖ ਕਾਰਣ ਉਹਨਾਂ ਲਈ ਪ੍ਰੋਫੈਸ਼ਨਲ ਨੈੱਟਵਰਕਾਂ ਦੀ ਘਾਟ ਅਤੇ ਵਿੱਦਿਆ ਦਾ ਸਹੀ ਮੁਲਾਂਕਣ ਨਾ ਹੋ ਸੱਕਣਾ ਹਨ। ‘ਸੀ ਬੀ ਸੀ’  ਦੇ ਇੱਕ ਆਰਟੀਕਲ ਮੁਤਾਬਕ ਕੈਨੇਡਾ ਵਿੱਚ 850,000 ਲੋਕੀ ਬੇਰੁਜ਼ਗਾਰ ਜਾਂ ਆਪਣੀ ਯੋਗਤਾ ਤੋਂ ਥੱਲੇ ਕੰਮ ਕਰ ਰਹੇ ਹਨ ਜਿਹਨਾਂ ਵਿੱਚੋਂ 60% ਇੰਮੀਗਰਾਂਟ ਹਨ। ਇਸ ਸਥਿਤੀ ਬਦੌਲਤ ਕੈਨੇਡਾ ਦੀ ਆਰਥਕਤਾ ਨੂੰ ਸਾਲਾਨਾ 17 ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਇੰਮੀਗਰਾਂਟਾਂ ਨੂੰ ਉਨ੍ਹਾਂ ਦੇ ਚੁਣੇ ਹੋਏ ਫੀਲਡ ਵਿੱਚ ਕੰਮ ਕਰਨ ਦੇ ਰਾਹ ਖੋਲਣ ਨਾਲ ਸਾਰਿਆਂ ਨੂੰ ਲਾਭ ਹੁੰਦਾ ਹੈ। ਪ੍ਰੋਫੈਸ਼ਨਲ ਟਰੱਕ ਡਰਾਈਵਿੰਗ ਇੱਕ ਉਹ ਖੇਤਰ ਹੈ ਜਿਸ ਵਿੱਚ ਅਵਸਰ ਮੌਜੂਦ ਹੈ ਜਿਸਤੋਂ ਕਾਫੀ ਇੰਮੀਗਰਾਂਟ ਲਾਭ ਲੈ ਸਕਦੇ ਹਨ।”

ਰੋਡੈਲ ਰਾਮੋਸ (Rodel Ramos) ਨੇ ਅੱਗੇ  ਕਿਹਾ, ”ਮੈਂ ਇਹ ਵੀ ਸੋਚਦਾ ਹਾਂ ਕਿ ਬਹੁਤ ਸਾਰੇ ਨਵੇਂ ਇੰਮੀਗਰਾਂਟ ਆਪੋ ਆਪਣੇ ਮੁਲਕਾਂ ਵਿੱਚੋਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਖੇਤਰਾਂ ਦਾ ਅਨੁਭਵ ਲੈ ਕੇ ਹੀ ਕੈਨਡਾ ਆਉਂਦੇ ਹਨ। ਅਜਿਹੇ ਪਰਵਾਸੀਆਂ ਲਈ ਟਰੱਕਿੰਗ ਇੰਡਸਟਰੀ ਵਿੱਚ ਕਈ ਦਿਲ ਲੁਭਾਵਣੇ ਅਵਸਰ ਹੋ ਸਕਦੇ ਹਨ। ਮਿਸਾਲ ਵਜੋਂ ਉਨ੍ਹਾਂ ਲੋਕਾਂ ਦੇ ਬਿਜਨਸਾਂ ਨੂੰ ਮਦਦ ਕਰਨਾ ਜਾਂ ਮਲਕੀਅਤ ਹਾਸਲ ਕਰਨ ਲਈ ਯੋਗ ਮਿਹਨਤ ਕਰਨੀ ਜੋ ਬਜ਼ੁਰਗ ਹੋਣ ਕਾਰਣ ਇਸ ਖੇਤਰ ਨੂੰ ਛੱਡ ਕੇ ਜਾ ਰਹੇ ਹਨ। ਮਹਿਜ਼ ਟਰੱਕ ਚਲਾਉਣ ਤੋਂ ਇਲਾਵਾ ਇਸ ਇੰਡਸਟਰੀ ਵਿੱਚ ਹੋਰ ਬਹੁਤ ਸੰਭਾਵਨਾਵਾਂ ਮੌਜੂਦ ਹਨ।”

ਮਨਦੀਪ ਸੰਧੂ, ਲੌਂਗਵਿਊ ਲੌਜਿਸਟਿਕਸ, ਵਿੱਨੀਪੈਗ, ਮੇਨੀਟੋਬਾ Mandeep Sandhu, Longview Logistics, Winnipeg, Manitoba

ਯੂਨੀਅਨ ਸਾਡੇ ਨਾਲ ਬੈਠ ਕੇ ਗੱਲ ਕਰੇ- ਮਨਦੀਪ ਸੰਧੂ, ਲੌਂਗਵਿਊ ਲੌਜਿਸਟਿਕਸ, ਵਿੱਨੀਪੈਗ, ਮੇਨੀਟੋਬਾ
”ਟੀਮਸਟਰ ਯੂਨੀਅਨ ਦੇ ਆਗੂ ਟਰੱਕ ਡਰਾਈਵਰਾਂ ਦੀ ਕਿੱਲਤ ਦੀਆਂ” ਹਕੀਕਤਾਂ ਨੂੰ ਨਾ ਸਮਝਣ ਕਾਰਣ ਟੈਂਪਰੇਰੀ ਫੌਰਨ ਵਰਕਰਾਂ ਨੂੰ ਬੁਲਾਉਣ ਦਾ ਵਿਰੋਧ ਕਰ ਰਹੇ ਹਨ। ਜੇ ਯੂਨੀਅਨ ਨੇ ਸੱਚ ਜਾਨਣਾ ਹੈ ਤਾਂ ਸਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਹਨ।” ਮਨਦੀਪ ਸੰਧੂ ਨੇ ਇਹ ਸ਼ਬਦ ਟੀਮਸਟਰ ਯੂਨੀਅਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਫਰਾਂਸੁਆ ਲਾਪੋਰਟ (François Laporte) ਦੇ ਉਸ ਬਿਆਨ ਦੇ ਪ੍ਰਤੀਕਰਮ ਵਜੋਂ ਆਖੇ ਜਿਸ ਵਿੱਚ ਫਰਾਂਸੁਆ ਨੇ ਫੌਰਨ ਟਰੱਕ ਡਰਾਈਵਰਾਂ ਨੂੰ ਮੰਗਵਾਉਣ ਦੀ ਸੰਗਿਆ ‘Sweat Shops’ ਖੋਲਣ ਨਾਲ ਦਿੱਤੀ ਸੀ।

”ਜੇ ਤੁਸੀਂ ਟਰੱਕ ਡਰਾਈਵਰਾਂ ਦੀ ਘਾਟ ਬਾਰੇ ਅੰਦਾਜ਼ਾ ਲਾਉਣਾ ਹੈ ਤਾਂ ਤੁਹਾਨੂੰ ਕੋਈ ਵੱਡੇ ਪੱਧਰ ਦੀ ਰੀਸਰਚ ਕਰਨ ਦੀ ਲੋੜ ਨਹੀਂ ਸਗੋਂ ਚੰਦ ਮਿੰਟ ਬਿਤਾ ਕੇ KIJIJI ਅਤੇ Indeed ਵਰਗੀਆਂ ਵੈੱਬਸਾਈਟਾਂ ਉੱਤੇ ਜਾ ਕੇ ਵੇਖਿਆ ਜਾ ਸਕਦਾ ਹੈ ਕਿ ਟਰੱਕ ਡਰਾਈਵਰ ਪੁਜ਼ੀਸ਼ਨਾਂ ਲਈ ਕਿੰਨੇ ਲੋਕ ਅਪਲਾਈ ਕਰਦੇ ਹਨ ਅਤੇ ਅਪਲਾਈ ਕਰਨ ਵਾਲਿਆਂ ਵਿੱਚ ਕਿੰਨੇ ਕੁ ਹਨ ਜੋ ਅਸਲ ਵਿੱਚ ਟਰੱਕ ਡਰਾਈਵਰ ਬਣਨ ਦੀ ਯੋਗਤਾ ਰੱਖਦੇ ਹਨ। 

ਫਰਾਂਸੁਆ ਲਾਪੋਰਟ, ਟੀਮਸਟਰ ਯੂਨੀਅਨ ਦੇ ਨੈਸ਼ਨਲ ਪ੍ਰੈਜ਼ੀਡੈਂਟ Francois Laporte, National President – Teamsters Union

ਯੂਨੀਅਨ ਅਤੇ ਸਰਕਾਰ ਨੂੰ ਸਮਝਣਾ ਹੋਵੇਗਾ ਕਿ ਟਰੱਕਿੰਗ ਇੰਡਸਟਰੀ ਦੀਆਂ ਲੋੜਾਂ ਸਿੱਧੇ ਤੌਰ ਉੱਤੇ ਕੈਨੇਡਾ ਦੀਆਂ ਆਰਥਕਤਾ ਚੁਣੌਤੀਆਂ ਨਾਲ ਜੁੜੀਆਂ ਹੋਈਆਂ ਹਨ। ਟਰੱਕਿੰਗ ਉਹ ਬਿਜਨਸ ਹੈ ਜੋ ਸੜਕਾਂ ਦੇ ਔਖੇ ਪੈਂਡੇ ਸਾਧ ਕੇ ਕੈਨੇਡੀਅਨਾਂ ਨੂੰ ਸੁਖ ਸੁਵਿਧਾ ਪ੍ਰਦਾਨ ਕਰਦਾ ਹੈ ਪਰ ਇਸ ਇੰਡਸਟਰੀ ਨੂੰ ਦਰਪੇਸ਼ ਦਿੱਕਤਾਂ ਦਾ ਦਰਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ? ਥੋੜਾ ਸਮਾਂ ਪਹਿਲਾਂ ਤੱਕ ਮੇਨੀਟੋਬਾ ਵਿੱਚ ਡਰਾਈਵਰਾਂ ਨੂੰ ਇਵਜਾਨਾ 22 ਸੈਂਟ ਪ੍ਰਤੀ ਕਿਲੋਮੀਟਰ ਦੇ ਹਿਸਾਬ ਦਿੱਤਾ ਜਾਂਦਾ ਸੀ ਜੋ ਵੱਧ ਕੇ 30 ਸੈਂਟ ਪ੍ਰਤੀ ਕਿਲੋਮੀਟਰ ਤੱਕ ਜਾ ਪੁੱਜਾ ਹੈ। ਸਾਡਾ ਇਤਰਾਜ਼ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਰੇਟ ਬਾਰੇ ਨਹੀਂ ਹੈ ਪਰ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਲੋਡ ਚੁੱਕਣ ਦੇ ਰੇਟਾਂ ਵਿੱਚ ਲਗਾਤਾਰ ਆ ਰਹੀ ਕਮੀ ਅਤੇ ਫ਼ਿਊਲ ਦੇ ਭਾਅ ਨਿੱਤ ਦਿਨ ਵੱਧਦੀਆਂ ਕੀਮਤਾਂ ਦਾ ਖਾਮਿਆਜ਼ਾ ਕੌਣ ਭੁਗਤਦਾ ਹੈ?”

 

ਹਰਮਨ ਢਿੱਲੋਂ, ਸਟਾਰ ਇੰਮੀਗਰੇਸ਼ਨ ਕਨਸਲਟੈਂਸੀ, ਬਰੈਂਪਟਨ Harman Dhillon, Star Immigration Consultancy, Brampton

ਪਰਵਾਸੀਆਂ ਦੇ ਹੁਨਰਾਂ ਨੂੰ ਕੈਨੇਡੀਅਨ ਮਾਰਕੀਟ ਦੀਆਂ ਜਰੂਰਤਾਂ ਨਾਲ ਮੇਲਣ ਦੀ ਲੋੜ- ਹਰਮਨ ਢਿੱਲੋਂ, ਸਟਾਰ ਇੰਮੀਗਰੇਸ਼ਨ ਕਨਸਲਟੈਂਸੀ, ਬਰੈਂਪਟਨ
”ਜੇ ਟਰੱਕਿੰਗ ਇੰਡਸਟਰੀ ਵਿੱਚ ਪੈਦਾ ਹੋਈ ਲੋੜ ਅਤੇ ਕੈਨੇਡਾ ਆ ਰਹੇ ਪਰਵਾਸੀਆਂ ਦੇ ਹੁਨਰਾਂ (Skill-set) ਦਾ ਮੁਲਾਂਕਣ ਕੀਤਾ ਜਾਵੇ ਤਾਂ ਇੱਕ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਦੋਵਾਂ ਵਿਚਕਾਰ ਤਾਲਮੇਲ ਦੀ ਵੱਡੀ ਘਾਟ ਹੈ ਜਿਸ ਵਾਸਤੇ ਸਰਕਾਰ ਨੂੰ ਪਾਲਸੀ ਪੱਧਰ ਉੱਤੇ ਕੰਮ ਕਰਨ ਦੀ ਲੋੜ ਹੈ। ਸਾਡੇ ਕੋਲ ਕਈ ਇੰਮਪਲਾਇਰਾਂ ਦੇ ਸੁਆਲ ਆਉਂਦੇ ਹਨ ਜੋ ਆਪਣੀਆਂ ਟਰੱਕਿੰਗ ਕੰਪਨੀਆਂ ਲਈ ਭਾਰਤ ਜਾਂ ਹੋਰ ਮੁਲਕਾਂ ਤੋਂ ਟਰੱਕ ਡਰਾਈਵਰ ਮੰਗਵਾਉਣਾ ਚਾਹੁੰਦੇ ਹਨ ਪਰ ਫੈਡਰਲ ਦੇ ਸਕਿੱਲਡ ਵਰਕਰ ਅਤੇ ਓਂਟਾਰੀਓ ਦੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਵਿੱਚ ਹਾਲੇ ਅਜਿਹਾ ਕੋਈ ਪ੍ਰਵਧਾਨ ਨਹੀਂਂ ਜਿਸ ਰਾਹੀਂ ਇਸ ਲੋੜ ਨੂੰ ਪੂਰਾ ਕੀਤਾ ਜਾ ਸਕੇ। ਅਸੀਂ ਓਂਟਾਰੀਓ ਦੀਆਂ ਕਈ ਕੰਪਨੀਆਂ ਨੂੰ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਤਹਿਤ ਟਰੱਕ ਡਰਾਈਵਰ ਮੰਗਵਾਉਣ ਵਿੱਚ ਮਦਦ ਕਰਦੇ ਹਾਂ। ਕਿਉਂਕਿ ਇਹ ਦਾਖ਼ਲਾ ਟੈਂਪਰੇਰੀ ਫੌਰਨ ਵਰਕਰਾਂ ਲਈ ਪਰਮਾਨੈਂਟ ਰੈਜ਼ੀਡੈਂਟ ਬਣਨ ਦਾ ਰਾਹ ਨਹੀਂ ਖੋਲਦਾ ਜਿਸ ਕਾਰਣ ਇਹ ਪ੍ਰੋਗਰਾਮ ਪਰਵਾਸੀ ਪਰਿਵਾਰਾਂ ਲਈ ਓਂਟਾਰੀਓ ਵਿੱਚ ਬਿਹਤਰ ਜੀਵਨ ਦੇ ਉਦੇਸ਼ ਦੀ ਪੂਰਤੀ ਤੋਂ ਕਿਤੇ ਛੋਟਾ ਰਹਿ ਜਾਂਦਾ ਹੈ।”

ਸਟੀਫਨ ਲੈਸਕੋਅਸਕੀ, ਪ੍ਰੈਜ਼ੀਡੈਂਟ, ਕੈਨੇਡੀਅਨ ਟਰੱਕਿੰਗ ਅਲਾਇੰਸ ਅਤੇ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (OTA) Stephen Laskowski, President, Canadian Trucking Alliance and Ontario Trucking Association

ਵਿਦੇਸ਼ਾਂ ਤੋਂ ਟਰੱਕ ਡਰਾਈਵਰ ਮੰਗਵਾਉਣ ਲਈ ਸਪੈਸ਼ਲ ਪ੍ਰੋਗਰਾਮ ਲਾਗੂ ਕਰਨ ਦੀ ਲੋੜ- ਸਟੀਫਨ ਲੈਸਕੋਅਸਕੀ, ਪ੍ਰੈਜ਼ੀਡੈਂਟ, ਕੈਨੇਡੀਅਨ ਟਰੱਕਿੰਗ ਅਲਾਇੰਸ ਅਤੇ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (OTA)
”ਵੱਡੀ ਸਮੱਸਿਆ ਹੈ ਕਿ ਓਂਟਾਰੀਓ ਵਿੱਚ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਵਿੱਚ ਟਰੱਕ ਡਰਾਈਵਰ ਸ਼ਾਮਲ ਨਹੀਂ ਕੀਤੇ ਗਏ ਹਨ ਜਿਸਨੂੰ ਦਰੁਸਤ ਕਰਨ ਲਈ ਅਸੀਂ ਓਂਟਾਰੀਓ ਸਰਕਾਰ ਕੋਲ ਚਾਰਾਜੋਈ ਕਰ ਰਹੇ ਹਾਂ। ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਚਾਹੁੰਦੀ ਹੈ ਕਿ ਫੈਡਰਲ ਸਰਕਾਰ ਵੱਲੋਂ ਹਾਲ ਵਿੱਚ ਹੀ ਐਲਾਨੇ ਗਏ ਖੇਤੀਬਾੜੀ ਅਤੇ ਕਨਸਟਰਕਸ਼ਨ ਇੰਡਸਟਰੀ ਲਈ ਨਵੇਂ ਪਾਇਲਟ ਪ੍ਰੋਜੈਕਟ ਦੀ ਤਰਜ਼ ਉੱਤੇ ਟਰੱਕ ਡਰਾਈਵਰਾਂ ਨੂੰ ਬਾਹਰੋਂ ਮੰਗਵਾਉਣ ਲਈ ਵੀ ਨਵਾਂ ਪਾਇਲਟ ਹੋਂਦ ਵਿੱਚ ਲਿਆਂਦਾ ਜਾਵੇ। ਫੈਡਰਲ ਪੱਧਰ ਉੱਤੇ LMIA ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਦੀ ਵੀ ਲੋੜ ਹੈ। ਸਰਕਾਰ ਨੂੰ ਆਪਣਾ ਧਿਆਨ ਟੈਂਪਰੇਰੀ ਫੌਰਨ ਵਰਕਰ ਮੰਗਵਾਉਣ ਵਿੱਚ ਅਫ਼ਸਰਸ਼ਾਹੀ ਵੱਲੋਂ ਪੈਦਾ ਕੀਤੀਆਂ ਰੁਕਾਵਟਾਂ ਨੂੰ ਦੂਰ ਕਰਨ ਵੱਲ ਦੇਣਾ ਚਾਹੀਦਾ ਹੈ।” 

ਸਟੀਫਨ ਲੈਸਕੋਅਸਕੀ (Stephen Laskowski) ਮੁਤਾਬਕ ”ਵਿਦੇਸ਼ਾਂ ਤੋਂ ਟਰੱਕ ਡਰਾਈਵਰ ਮੰਗਵਾਉਣ ਦੀਆਂ ਚਾਹਵਾਨ ਕੰਪਨੀਆਂ ਲਈ ਸਰਕਾਰ ਉੱਚ ਪੱਧਰੀ ਨੀਯਮ ਹੋਂਦ ਵਿੱਚ ਲਿਆਵੇ ਤਾਂ ਜੋ ਸੜਕ ਸੁਰੱਖਿਆ ਅਤੇ ਮੁਲਾਜ਼ਮਾਂ ਦੇ ਹੱਕਾਂ ਸਹੀ ਪੈਰਵਾਈ ਯਕੀਨੀ ਹੋ ਸਕੇ। ਸਾਡਾ ਯਕੀਨ ਹੈ ਕਿ ਸਹੀ ਸਿਖਲਾਈ ਅਤੇ ਲੇਬਰ ਕਨੂੰਨਾਂ ਦੀ ਪਾਲਣਾ ਕਰਨ ਵਾਲੀਆਂ ਕੰਪਨੀਆਂ ਵੱਲੋਂ ਇੰਮੀਗਰਾਂਟ ਟਰੱਕ ਡਰਾਈਵਰ ਬੁਲਵਾਉਣਾ ਸਹੀ ਕਦਮ ਹੋਵੇਗਾ।”

ਜੌਨ ਮੈਕੈਨ, ਨੈਸ਼ਨਲ ਡਾਇਰੈਕਟਰ, ਟੀਮਸਟਰ ਕੈਨੇਡਾ ਫਰੇਟ ਐਂਡ ਟੈਂਕ ਹਾਲ ਡਿਵੀਜ਼ਨ  John McCann, National Director – Teamster Canada Freight & Tank Hall Division

ਵਿਦੇਸ਼ਾਂ ਤੋਂ ਟਰੱਕ ਮੰਗਵਾਉਣੇ ਸਮੱਸਿਆ ਦਾ ਹੱਲ ਨਹੀਂ ਹੈ- ਜੌਨ ਮੈਕੈਨ, ਨੈਸ਼ਨਲ ਡਾਇਰੈਕਟਰ, ਟੀਮਸਟਰ ਕੈਨੇਡਾ ਫਰੇਟ ਐਂਡ ਟੈਂਕ ਹਾਲ ਡਿਵੀਜ਼ਨ 
”ਸਾਡੀ ਸਮਝ ਵਿੱਚ ਸਮੱਸਿਆ ਡਰਾਈਵਰਾਂ ਦੀ ਕਿੱਲਤ ਦੀ ਨਹੀਂ ਸਗੋਂ ਉਨ੍ਹਾਂ ਨੂੰ ਭਰਤੀ ਕਰਨ ਅਤੇ ਉਨ੍ਹਾਂ ਨੂੰ ਜੌਬ ਵਿੱਚ ਰੱਖਣ ਦੀ ਹੈ। ਸਾਰੇ ਟਰੱਕ ਵਾਲਿਆਂ ਨੂੰ ਇੱਕੋ ਜਿਹੀਆਂ ਚੁਣੌਤੀਆਂ ਹੁੰਦੀਆਂ ਹਨ ਪਰ ਸਾਨੂੰ ਇੱਕ ਗੱਲ ਸਪੱਸ਼ਟ ਹੈ ਕਿ ਕਈਆਂ ਲਈ (ਖਾਸ ਵਰਗ ਦੇ) ਹਾਲਾਤ ਹੋਰਾਂ ਨਾਲੋਂ ਬਹੁਤ ਬਦਤਰ ਹੁੰਦੇ ਹਨ। ਕੈਨੇਡਾ ਵਿੱਚ ਪਹਿਲੀ ਪੀੜ੍ਹੀ ਦੇ ਇੰਮੀਗਰਾਂਟ ਵਰਕਰ ਕੈਨੇਡਾ ਦੇ ਜੰਮਪਲ ਸਾਥੀਆਂ ਨਾਲੋਂ 16% ਘੱਟ ਕਮਾਈ ਕਰਦੇ ਹਨ। ਟਰੱਕਿੰਗ ਇੰਡਸਟਰੀ ਵਿੱਚ ਵੀ ਸਥਿਤੀ ਕੋਈ ਵੱਖਰੀ ਨਹੀਂ ਹੈ। ਜ਼ਿਆਦਾਤਰ ਟਰੱਕ ਡਰਾਈਵਰਾਂ ਨੂੰ, ਉਹ ਇੰਮੀਗਰਾਂਟ ਹੋਣ ਜਾਂ ਨਾ, ਗੁਜ਼ਾਰਾ ਕਰਨ ਲਈ ਹਫ਼ਤੇ ਵਿੱਚ 60 ਘੰਟੇ ਤੱਕ ਕੰਮ ਕਰਨਾ ਪੈਂਦਾ ਹੈ। ‘ਜਸਟ ਇਨ ਟਾਈਮ’ ਡੀਲੀਵਰੀ ਦਾ ਬੋਝ ਉਨ੍ਹਾਂ ਦੇ ਸਾਹ ਸੁਕਾ ਕੇ ਰੱਖਦਾ ਹੈ ਪਰ ਤਨਖਾਹਾਂ ਪਿਛਲੇ 35 ਸਾਲ ਤੋਂ ਉੱਥੇ ਦੀਆਂ ਉੱਥੇ ਖੜ੍ਹੀਆਂ ਹਨ।”

ਜੌਨ ਮੈਕੈਨ (John McCann) ਨੇ ਕਿਹਾ, ”ਟਰੱਕ ਡਰਾਈਵਿੰਗ ਦੇ ਧੰਦੇ ਵਿੱਚ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਤਨਖਾਹਾਂ ਵਧਾਏ ਜਾਣ ਅਤੇ ਕੰਮ ਕਰਨ ਦੇ ਹਾਲਾਤਾਂ ਨੂੰ ਸੁਧਾਰਨ ਦੀ ਲੋੜ ਹੈ। ਸਮੱਸਿਆ ਦਾ ਹੱਲ ਡਰਾਈਵਰਾਂ ਨੂੰ ਬਾਹਰੋਂ ਮੰਗਵਾਉਣ ਵਿੱਚ ਨਹੀਂ ਹੈ ਖਾਸ ਕਰਕੇ ਜਦੋਂ ਵਿਦੇਸ਼ੀ ਵਰਕਰਾਂ ਦਾ ਸੋਸ਼ਣ ਕੀਤੇ ਜਾਣਾ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਅਤੇ ਕੈਨੇਡੀਅਨ ਮੀਡੀਆ ਵਿੱਚ ਇਹ ਮੁੱਦਾ ਉੱਠਦਾ ਰਹਿੰਦਾ ਹੈ। ਸਾਡੀ ਯੂਨੀਅਨ ਕੈਨੇਡਾ ਵਿੱਚ 1 ਲੱਖ 25 ਹਜ਼ਾਰ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ ਜਿਨ੍ਹਾਂ ਵਿੱਚ 15,000 ਲੌਂਗ ਹਾਲ ਕਰਨ ਵਾਲੇ ਟਰੱਕ ਡਰਾਈਵਰ ਹਨ ਜਿਸ ਵਿੱਚ ਹਜ਼ਾਰਾਂ ਹੀ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਇੰਮੀਗਰਾਂਟ ਹਨ। ਨਸਲ ਅਤੇ ਕੌਮੀਅਤ ਦਾ ਭੇਦਭਾਵ ਨਾ ਕਰਦੇ ਹੋਏ ਅਸੀਂ ਸਮੂਹ ਡਰਾਈਵਰਾਂ ਲਈ ਚੰਗੀ ਤਨਖਾਹ ਅਤੇ ਕੰਮ ਦੀਆਂ ਬਿਹਤਰ ਪ੍ਰਸਥਿਤੀਆਂ ਲਈ ਆਵਾਜ਼ ਚੁੱਕਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਾਂਗੇ।”

ਲੇਖਕ ਬਾਰੇ: 
ਜਗਦੀਪ ਕੈਲੇ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਨਾਲ ਇੱਕ ਦਹਾਕੇ ਤੋਂ ਵੱਧ ਅਰਸੇ ਤੋਂ ਸਰਗਰਮੀ ਨਾਲ ਜੁੜੇ ਹੋਏ ਹਨ। ਫੈਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ਬਾਰੇ ਲਿਖਣ ਦਾ ਗਹਿਰਾ ਅਨੁਭਵ ਹੈ। ਕੈਨੇਡਾ ਵਿੱਚ ਨਵੇਂ ਪਰਵਾਸੀਆਂ ਦੀ ਸਥਾਪਤੀ ਲਈ ਕੰਮ ਕਰਨ ਤੋਂ ਇਲਾਵਾ ਉਹ ਲੋੜਵੰਦ ਵਿਅਕਤੀਆਂ ਅਤੇ ਅਨਾਥ ਬੱਚਿਆਂ ਦੀ ਬਿਹਤਰੀ ਲਈ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕਰਨ ਦਾ ਲੰਬਾ ਤਜੁਰਬਾ ਰੱਖਦੇ ਹਨ। ਜਗਦੀਪ ਕੈਲੇ ਨਾਲ  jkailey@roadtoday.com ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।