ਕੈਨੇਡੀਅਨ ਉੱਦਮੀ ਨੇ ਲਾਂਚ ਕੀਤਾ ਹਾਈਡਰੋਜਨ ਊਰਜਾ ਨਾਲ ਚੱਲਣ ਵਾਲਾ ਖ਼ੁਦਮੁਖਤਿਆਰ ਟਰੱਕ ਉੱਦਮ
ਇੱਕ ਕੈਨੇਡੀਅਨ ਉੱਦਮੀ ਮੋ ਚੇਨ – ਜਿਸ ਨੇ ਟੂਸਿੰਪਲ ਦੇ ਖ਼ੁਦਮੁਖਤਿਆਰ ਟਰੱਕ ਕਾਰੋਬਾਰ ਦੀ ਸਹਿ-ਸਥਾਪਨਾ ਕੀਤੀ ਸੀ – ਨੇ ਹੁਣ ਹਾਈਡ੍ਰੋਨ ਨਾਂ ਦਾ ਨਵਾਂ ਉੱਦਮ ਲਾਂਚ ਕੀਤਾ ਹੈ, ਜਿਸ ਦਾ ਟੀਚਾ ਚੌਥੇ ਪੱਧਰ ਦੀ ਖ਼ੁਦਮੁਖਤਿਆਰ (ਆਟੋਨੋਮਸ) ਤਕਨਾਲੋਜੀ ਨਾਲ ਲੈਸ ਹਾਈਡ੍ਰੋਜਨ ਦੀ ਊਰਜਾ ’ਤੇ ਚੱਲਣ ਵਾਲੇ ਟਰੱਕਾਂ ਦਾ ਵਿਕਾਸ, ਨਿਰਮਾਣ ਅਤੇ ਵੇਚਣਾ ਹੈ।
ਉਸ ਨੇ ਆਪਣੇ ਪਾਰਟਨਰ ਸ਼ੀਓਡੀ ਹੌ ਨਾਲ ਮਿਲ ਕੇ 2015 ’ਚ ਟੂਸਿੰਪਲ ਦੀ ਸਥਾਪਨਾ ਕੀਤੀ ਸੀ, ਅਤੇ ਇਸ ਕਾਰੋਬਾਰ ਨੇ ਅਮਰੀਕਾ ’ਚ 2019 ਦੌਰਾਨ ਆਪਣੇ ਆਈ.ਪੀ.ਓ. ਰਾਹੀਂ 1.3 ਬਿਲੀਅਨ ਡਾਲਰ ਦੀ ਫ਼ੰਡਿੰਗ ਪ੍ਰਾਪਤ ਕੀਤੀ ਸੀ।

ਚੇਨ ਨੇ ਕਿਹਾ, ‘‘ਖ਼ੁਦਮੁਖਤਿਆਰ ਗੱਡੀਆਂ ਦਾ ਵਪਾਰੀਕਰਨ ਕਰਨ ਦੇ ਰਾਹ ’ਚ ਗੁੰਝਲਦਾਰ ਹਾਰਡਵੇਅਰ ਅਤੇ ਸਾਫ਼ਟਵੇਅਰ ਏਕੀਕਰਨ ਦੀ ਜ਼ਰੂਰਤ ਪੈਂਦੀ ਹੈ। ਉਹ ਹਾਈਡ੍ਰੋਨ ਦੇ ਸੀ.ਈ.ਓ. (ਚੀਫ਼ ਐਗਜ਼ੀਕਿਊਟਿਵ ਅਫ਼ਸਰ) ਵੀ ਹੋਣਗੇ।
ਉਨ੍ਹਾਂ ਕਿਹਾ, ‘‘ਖ਼ੁਦਮੁਖਤਿਆਰ ਡਰਾਈਵਿੰਗ ਨੂੰ ਵੱਡੀ ਗਿਣਤੀ ’ਚ ਬਾਜ਼ਾਰ ’ਚ ਲਿਆਉਣ ਦੇ ਰਾਹ ’ਚ ਸਭ ਤੋਂ ਵੱਡੀ ਚੁਨੌਤੀ ਸਾਫ਼ਟਵੇਅਰ ਦਾ ਵਿਕਾਸ ਨਹੀਂ ਹੈ, ਬਲਕਿ ਵੱਡੇ ਪੱਧਰ ’ਤੇ ਭਰੋਸੇਯੋਗ ਹਾਰਡਵੇਅਰ ਦਾ ਭਾਰੀ ਉਤਪਾਦਨ ਹੈ, ਅਤੇ ਹੁਣ ਹਾਈਡ੍ਰੋਨ ਨਾਲ, ਅਸੀਂ ਆਟੋਮੋਟਿਵ-ਗ੍ਰੇਡ ਹਾਰਡਵੇਅਰ ਮੁਹੱਈਆ ਕਰਵਾਉਣ ’ਚ ਸਫ਼ਲ ਰਹਾਂਗੇ, ਵਿਸ਼ੇਸ਼ ਕਰ ਕੇ ਖ਼ੁਦਮੁਖਤਿਆਰ ਨੈੱਟਵਰਕ ਲਈ।’’
ਹਾਈਡ੍ਰੋਨ ਦੀ ਯੋਜਨਾ ਰੀਫ਼ਿਊਲਿੰਗ ਮੁਢਲਾ ਢਾਂਚਾ ਮੁਹੱਈਆ ਕਰਵਾਉਣ ਦੀ ਵੀ ਹੈ।
ਇੱਕ ਪ੍ਰੈੱਸ ਰਿਲੀਜ਼ ’ਚ ਕੰਪਨੀ ਨੇ ਕਿਹਾ ਕਿ ਇਸ ਦੀ ਯੋਜਨਾ ਪਾਰਟਨਰਾਂ ਨਾਲ ਸਹਿਯੋਗ ਕਰ ਕੇ ਉੱਤਰੀ ਅਮਰੀਕਾ ’ਚ ਨਿਰਮਾਣ ਸਹੂਲਤ ਬਣਾਉਣ ਦੀ ਹੈ। ‘ਵੱਡੀ ਗਿਣਤੀ ’ਚ ਉਤਪਾਦਨ’ 2024 ਦੀ ਤੀਜੀ ਤਿਮਾਹੀ ਤਕ ਸ਼ੁਰੂ ਕਰਨ ਦੀ ਹੈ।