ਕੈਲਗਰੀ ਅਧਾਰਤ ਕੈਰੀਅਰ ਲੱਖਾ ਟਰੱਕਿੰਗ ‘ਤੇ ਬੀਮਾ ਧੋਖਾਧੜੀ ਕਰਨ ਦਾ ਦੋਸ਼

ਕੈਲਗਰੀ ਪੁਲਿਸ ਨੇ ਤਿੰਨ ਲੋਕਾਂ ਉੱਤੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ।

ਕੈਲਗਰੀ ਦੀ ਟਰੱਕਿੰਗ ਕੰਪਨੀ ਲੱਖਾ ਟਰੱਕਿੰਗ, ਬੀਮਾ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਉਸ ‘ਤੇ 2009 ਤੋਂ ਲੈ ਕੇ ਝੂਠੀਆਂ ਟਰੱਕ ਚੋਰੀਆਂ ਦਾ ਦਾਅਵਾ ਕਰਨ ਦਾ ਦੋਸ਼ ਹੈ।

ਅਥਾਰਟੀਆਂ ਨੇ ਵੇਖਿਆ ਕਿ ਵੱਡੀ ਗਿਣਤੀ ‘ਚ ਸੈਮੀ-ਟਰੱਕਾਂ ਦੀ ਚੋਰੀ ਦਾ ਦਾਅਵਾ ਕੀਤਾ ਗਿਆ ਪਰ ਉਨ੍ਹਾਂ ‘ਚੋਂ ਕੋਈ ਵੀ ਬਰਾਮਦ ਨਾ ਹੋਇਆ, ਜਿਸ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਅਫ਼ਸਰਾਂ ਅਨੁਸਾਰ ਅਜਿਹਾ ਬਹੁਤ ਘੱਟ ਹੁੰਦਾ ਹੈ, ਕਿਉਂਕਿ ਚੋਰੀ ਦੀਆਂ 90% ਗੱਡੀਆਂ ਮਿਲ ਹੀ ਜਾਂਦੀਆਂ ਹਨ।

ਲੱਖਾ ਟਰੱਕਿੰਗ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕੰਪਨੀ ਨੇ ਜਿਸ ਵੀ ਗੱਡੀ ਦੇ ਚੋਰੀ ਹੋਣ ਦਾ ਦਾਅਵਾ ਕੀਤਾ ਸੀ ਉਹ ਕਦੇ ਚੋਰੀ ਹੋਈ ਹੀ ਨਹੀਂ ਅਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਬੀਮੇ ਦੀ ਰਕਮ ਪ੍ਰਾਪਤ ਕਰਨ ਲਈ ਝੂਠੇ ਦਾਅਵੇ ਕੀਤੇ। ਉਨ੍ਹਾਂ ‘ਤੇ ਗੱਡੀਆਂ ਦੇ ਅਸਲ ਪਛਾਣ ਨੰਬਰ (ਵੀ.ਆਈ.ਐਨ.) ਨੂੰ ਬਦਲਣ ਦਾ ਵੀ ਦੋਸ਼ ਹੈ।

ਕੈਲਗਰੀ ਪੁਲਿਸ ਸਰਵੀਸਿਜ਼ (ਸੀ.ਪੀ.ਐਸ.) ਦਾ ਕਹਿਣਾ ਹੈ ਕਿ ਕੰਪਨੀ ਨੇ ਪਛਾਣ ਨੰਬਰ ਬਦਲ ਕੇ ਗੱਡੀਆਂ ਨੂੰ ਵੇਚ ਦਿੱਤਾ ਸੀ, ਜਾਂ ਉਨ੍ਹਾਂ ਨਾਲ ਅੱਗੇ ਹੋਰ ਅਜਿਹੇ ਧੋਖਾਧੜੀ ਵਾਲੇ ਦਾਅਵੇ ਕੀਤੇ ਗਏ। ਕਈ ਮਾਮਲਿਆਂ ‘ਚ ਇਸ ਜੁਰਮ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਜਣਿਆਂ ਨੇ ਇੱਕ ਹੀ ਗੱਡੀ ਲਈ ਕਈ ਵਾਰੀ ਚੋਰੀ ਹੋਣ ਦੇ ਨਾਂ ‘ਤੇ ਬੀਮਾ ਦਾਅਵੇ ਪ੍ਰਾਪਤ ਕੀਤੇ।

ਇੱਕ ਅੰਦਾਜ਼ੇ ਅਨੁਸਾਰ ਅੱਠ ਟਰੱਕਾਂ ਦੀਆਂ ਬੀਮਾ ਅਦਾਇਗੀਆਂ ਅਤੇ ਗੱਡੀਆਂ ਦੀ ਵਿਕਰੀ ਤੋਂ ਪ੍ਰਾਪਤ ਹੋਈ ਕੁੱਲ ਰਕਮ 350,000 ਡਾਲਰ ਤੋਂ ਵੱਧ ਹੈ।

ਸੀ.ਪੀ.ਐਸ. ਡਿਸਟਰਿਕਟ ਸੁਪੋਰਟ ਯੂਨਿਟ ਦੇ ਸਟਾਫ਼ ਸਾਰਜੈਂਟ ਗਰੈਮ ਸਮਾਇਲੀ ਨੇ ਕਿਹਾ, ”ਇਹ ਉਨ੍ਹਾਂ ਬਹੁਤ ਸਾਰੇ ਖਪਤਕਾਰਾਂ ਲਈ ਬਹੁਤ ਮਾੜਾ ਰੁਝਾਨ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬੀਮਾ ਪ੍ਰੀਮੀਅਮ ਭਰਨਾ ਪੈਂਦਾ ਹੈ। ਜਿਸ ਤਰ੍ਹਾਂ ਦੇ ਕੇਸਾਂ ਦੀ ਅਸੀਂ ਜਾਂਚ ਕੀਤੀ ਹੈ ਉਹ ਜ਼ਿਆਦਾਤਰ ਮਹਿੰਗੀਆਂ ਕਮਰਸ਼ੀਅਲ ਗੱਡੀਆਂ ਹੁੰਦੀਆਂ ਹਨ, ਪਰ ਇਸ ਤਰ੍ਹਾਂ ਦੀਆਂ ਧੋਖਾਧੜੀਆਂ ਵਿਅਕਤੀਗਤ ਗੱਡੀਆਂ ਦੇ ਮਾਮਲੇ ‘ਚ ਵੀ ਹੁੰਦੀਆਂ ਹਨ।”

ਜਾਂਚ ਦੇ ਨਤੀਜੇ ਵਜੋਂ, ਲਖਬੀਰ ਸਿੰਘ ਧਾਲੀਵਾਲ, 52, ‘ਤੇ 5,000 ਡਾਲਰ ਤੋਂ ਵੱਧ ਦੀ ਧੋਖਾਧੜੀ, ਫ਼ਰਜ਼ੀ ਦਸਤਾਵੇਜ਼ ਪੇਸ਼ ਕਰਨ, ਜਨਤਕ ਰੂਪ ‘ਚ ਖਰਾਬੀ ਕਰਨ, ਚੋਰੀ ਦੀ ਜਾਇਦਾਦ ‘ਚ ਤਸਕਰੀ ਅਤੇ ਗੱਡੀ ਦੇ ਵੀ.ਆਈ.ਐਨ. ਨਾਲ ਛੇੜਛਾੜ ਦਾ ਇੱਕ-ਇੱਕ ਦੋਸ਼ ਲਾਇਆ ਗਿਆ ਹੈ।

ਨਸੀਬ ਕੌਰ ਧਾਲੀਵਾਲ, 52, ‘ਤੇ 5,000 ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਅਤੇ ਫ਼ਰਜ਼ੀ ਦਸਤਾਵੇਜ਼ ਪੇਸ਼ ਕਰਨ ਦਾ ਇੱਕ-ਇੱਕ ਦੋਸ਼ ਲਾਇਆ ਗਿਆ ਹੈ।

ਅਤੇ ਬਲਤੇਜ ਸਿੰਘ ਧਾਲੀਵਾਲ, 56, ‘ਤੇ 5,000 ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ, ਫ਼ਰਜ਼ੀ ਦਸਤਾਵੇਜ਼ ਪੇਸ਼ ਕਰਨ ਅਤੇ ਚੋਰੀ ਦੀ ਜਾਇਦਾਦ ‘ਚ ਤਸਕਰੀ ਕਰਨ ਦਾ ਇੱਕ-ਇੱਕ ਦੋਸ਼ ਲਾਇਆ ਗਿਆ ਹੈ।

ਇਨ੍ਹਾਂ ਸਾਰੇ ਮੁਲਜ਼ਮਾਂ ਨੂੰ 9 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।