ਟਰੈਕਟਰ, ਟਰੇਲਰ ਅਤੇ ਲੋਡ ਦੀ ਚੋਰੀ ਲਈ ਤਿੰਨ ਜਣੇ ਗਿ੍ਰਫ਼ਤਾਰ

ਪੀਲ ਰੀਜਨ ਦੀ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਤਿੰਨ ਬਰੈਂਪਟਨ ਵਾਸੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਜੋ ਕਿ ਕਥਿਤ ਤੌਰ ’ਤੇ ਇੱਕ ਸੰਗਠਤ ਅਪਰਾਧਕ ਗਰੁੱਪ ਦਾ ਹਿੱਸਾ ਹਨ ਜੋ ਕਿ ਪੂਰੇ ਦੱਖਣੀ ਓਂਟਾਰੀਓ ਦੇ ਵੱਖੋ-ਵੱਖ ਅਧਿਕਾਰ ਖੇਤਰਾਂ ’ਚ ਟਰੈਕਟਰ, ਟਰੇਲਰ ਅਤੇ ਲੋਡ ਦੀਆਂ ਚੋਰੀਆਂ ਲਈ ਜ਼ਿੰਮੇਵਾਰ ਹਨ।

ਇੱਕ ਬਿਆਨ ਅਨੁਸਾਰ ਅਪ੍ਰੈਲ 2021 ਤੋਂ ਸ਼ੁਰੂ ਕਰ ਕੇ ਜਾਂਚਕਰਤਾਵਾਂ ਨੇ ਇੱਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਿਸ ਦਾ ਨਿਸ਼ਾਨਾ ਪੀਲ, ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਤੇ ਗੋਲਡਨ ਹੋਰਸਸ਼ੂ ’ਚ ਚਲ ਰਿਹਾ ਇੱਕ ਸੰਗਠਤ ਅਪਰਾਧਕ ਗਰੁੱਪ ਸੀ।

Cargo theft
(ਤਸਵੀਰ: ਆਈਸਟਾਕ)

ਪੁਲਿਸ ਨੇ ਕਿਹਾ ਕਿ ਸ਼ੱਕੀ ਲੋਕ ਟਰੈਕਟਰ ਅਤੇ ਖ਼ਾਲੀ ਕਾਰਗੋ ਟਰੇਲਰ ਚੋਰੀ ਕਰਦੇ ਸਨ ਅਤੇ ਇਨ੍ਹਾਂ ਨੂੰ ਲੋਜਿਸਟਿਕ ਕੰਪਨੀਆਂ, ਫ਼ਰੇਟਰ ਫ਼ਾਰਵਾਰਡਰਾਂ ਅਤੇ ਵੱਖੋ-ਵੱਖ ਹੋਰ ਕਮਰਸ਼ੀਅਲ ਜਾਇਦਾਦਾਂ ’ਚ ਲੈ ਜਾਂਦੇ ਸਨ ਜਿੱਥੇ ਵੱਖੋ-ਵੱਖ ਕਾਰਗੋ ਖੜ੍ਹੇ ਹੁੰਦੇ ਸਨ। ਚੋਰੀ ਕੀਤੀਆਂ ਗੱਡੀਆਂ ਨੂੰ ਭਰੇ ਕਾਰਗੋ ਟਰੇਲਰ ਹਟਾਉਣ ਲਈ ਪ੍ਰਯੋਗ ਕੀਤਾ ਜਾਂਦਾ ਸੀ ਜਿਨ੍ਹਾਂ ’ਚ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਉਪਕਰਨ ਤੱਕ ਸ਼ਾਮਲ ਹੁੰਦੇ ਸਨ।

ਸ਼ੱਕੀ ਚੋਰੀ ਕੀਤੀ ਜਾਇਦਾਦ ਨੂੰ ਪੂਰੇ ਜੀ.ਟੀ.ਏ. ’ਚ ਫੈਲੀਆਂ ਸਟੋਰੇਜ ਸਹੂਲਤਾਂ ਵਿੱਚ ਲੁਕੋ ਕੇ  ਰੱਖਦੇ ਸਨ, ਜਦੋਂ ਤੱਕ ਇਹ ਵਿਕ ਨਾ ਜਾਣ। ਕਈ ਚੀਜ਼ਾਂ ਭੋਜਨ ਬਾਜ਼ਾਰ ’ਚ, ਲਿਕੂਈਡੇਟਰਾਂ ਅਤੇ ਡਾਲਰ ਸਟੋਰਾਂ ’ਚ ਜਾਂਦੀਆਂ, ਜਿੱਥੇ ਆਮ ਲੋਕ ਇਨ੍ਹਾਂ ਗ਼ੈਰਕਾਨੂੰਨੀ ਤਰੀਕੇ ਨਾਲ ਜਮ੍ਹਾਂ ਕੀਤੀਆਂ ਚੀਜ਼ਾਂ ਨੂੰ ਖ਼ਰੀਦ ਲੈਂਦੇ ਸਨ।

ਅਪਰਾਧਕ ਗਰੁੱਪ ਦੇ ਤਿੰਨ ਸ਼ੱਕੀਆਂ ਨੂੰ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਦੇ ਵਾਰੰਟ ਜਾਰੀ ਹੋਣ ਤੋਂ ਬਾਅਦ ਗਿ੍ਰਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਕਥਿਤ ਅਪਰਾਧ ਦੇ ਸਬੂਤ ਮਿਲ ਗਏ।

ਪੂਰੇ ਪ੍ਰਾਜੈਕਟ ਦੌਰਾਨ ਕਈ ਤਲਾਸ਼ੀ ਵਾਰੰਟਾਂ ਦੇ ਨਤੀਜੇ ਵਜੋਂ 20 ਚੋਰੀ ਦੇ ਕਾਰਗੋ ਲੋਡ, ਟਰੈਕਟਰ ਅਤੇ ਟਰੇਲਰ ਬਰਾਮਦ ਹੋਏ ਜਿਨ੍ਹਾਂ ਦੀ ਅੰਦਾਜ਼ਨ ਕੀਮਤ 4 ਮਿਲੀਅਨ ਡਾਲਰ ਹੈ। ਜ਼ਿਆਦਾਤਰ ਚੋਰੀ ਦੀਆਂ ਚੀਜ਼ਾਂ ਈਕੁਆਈਟ ਐਸੋਸੀਏਸ਼ਨ ਨਾਲ ਭਾਈਵਾਲੀ ਦੇ ਨਤੀਜੇ ਵਜੋਂ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੀਆਂ ਗਈਆਂ।

ਬਰੈਂਪਟਨ ਵਾਸੀ ਧਰਵੰਤ ਗਿੱਲ, 39, ਰਵਨੀਤ ਬਰਾੜ, 25, ਅਤੇ ਦੇਵੇਸ਼ ਪਾਲ, 23, ’ਤੇ ਜਾਂਚ ਨਾਲ ਸੰਬੰਧਤ ਦੋਸ਼ ਲਾਏ ਗਏ ਹਨ।