ਟਰੱਕਰਸ ‘ਤੇ ਤਮਾਕੂ ਦੀ ਤਸਕਰੀ ਦਾ ਦੋਸ਼

ਤਸਕਰੀ ਦੇ ਕੰਮ ‘ਚ ਤਿੰਨ ਟਰੱਕ ਪ੍ਰਯੋਗ ਕੀਤੇ ਗਏ। (ਤਸਵੀਰ: ਸੀ.ਬੀ.ਐਸ.ਏ.)

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕਾ ਤੋਂ ਕੈਨੇਡਾ ‘ਚ ਤਮਾਕੂ ਦੀ ਵੱਡੀ ਮਾਤਰਾ ‘ਚ ਤਸਕਰੀ ਕਰਨ ਲਈ 13 ਵਿਅਕਤੀਆਂ ‘ਤੇ ਦੋਸ਼ ਲਾਏ ਗਏ ਹਨ ਜਿਨ੍ਹਾਂ ‘ਚੋਂ ਕਈ ਟਰੱਕ ਡਰਾਈਵਰ ਹਨ।

ਏਜੰਸੀ ਨੇ ਕਿਹਾ, ”ਇਸ ਸੰਗਠਨ ਦੀ ਕਥਿਤ ਧੋਖੇਧੜੀ ਵਾਲੀ ਰਣਨੀਤੀ ਕਰਕੇ ਤਮਾਕੂ ਦੇ ਟੈਕਸਾਂ ਦੀ ਵਸੂਲੀ ‘ਚ 450 ਮਿਲੀਅਨ ਡਾਲਰਾਂ ਦਾ ਨੁਕਸਾਨ ਹੋਇਆ ਹੈ।”

ਕੁਲ ਮਿਲਾ ਕੇ 36,000 ਕਿਲੋਗ੍ਰਾਮ ਤਮਾਕੂ ਜ਼ਬਤ ਕੀਤਾ ਗਿਆ। (ਤਸਵੀਰ: ਸੀ.ਬੀ.ਐਸ.ਏ.)

ਸ਼ੱਕੀਆਂ ‘ਤੇ 15 ਦੋਸ਼ ਲਾਏ ਗਏ ਹਨ ਜਿਨ੍ਹਾਂ ‘ਚ ਕੈਨੇਡਾ ਅਤੇ ਕਿਊਬੈਕ ਦੀ ਸਰਕਾਰ ਨਾਲ ਧੋਖਾਧੜੀ, ਮੋਹਰਹੀਣ ਤਮਾਕੂ ਉਤਪਾਦ ਰੱਖਣ ਅਤੇ ਨਸ਼ੀਲਾ ਤਮਾਕੂ ਲੈ ਕੇ ਜਾਣ ਦੀ ਸਾਜ਼ਿਸ਼ ਵਰਗੇ ਦੋਸ਼ ਸ਼ਾਮਲ ਹਨ।

ਇਸ ਨੈੱਟਵਰਕ ਦੇ ਕਥਿਤ ਸਰਗਨਾ, ਮਾਰਟਿਨ ਬੈਸੇਟ ਅਤੇ ਐਰੀਕ ਲੈਂਡਰੀ ਵੀ ਦੋਸ਼ੀਆਂ ‘ਚ ਸ਼ਾਮਲ ਹਨ। ਸ਼ੱਕੀਆਂ ਨੂੰ 14 ਅਕਤੂਬਰ ਨੂੰ ਲੌਂਗੁਇਲ, ਕਿਊਬੈਕ ਦੀ ਲੌਂਗੁਇਲ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਸੀ.ਬੀ.ਐਸ.ਏ. ਨੇ ਕਿਹਾ ਕਿ ਪ੍ਰਾਜੈਕਟ ਬੂਟੇਨ ਨਾਂ ਦੀ ਜਾਂਚ ਨੂੰ 2018 ‘ਚ ਸ਼ੁਰੂ ਕੀਤਾ ਗਿਆ ਸੀ। ਏਜੰਸੀ ਨੇ ਕਿਹਾ ਕਿ ਸ਼ੱਕੀ ਇੱਕ ਅਪਰਾਧਕ ਸੰਗਠਨ ਦਾ ਹਿੱਸਾ ਹਨ ਜੋ ਵੱਡੀ ਮਾਤਰਾ ‘ਚ ਨਸ਼ੇ ਲਈ ਵਰਤੇ ਜਾਂਦੇ ਤਮਾਕੂ ਦਾ ਆਯਾਤ ਕਰਦੇ ਸਨ।

ਇਸ ‘ਚ ਕਿਹਾ ਗਿਆ ਹੈ, ”ਜਾਂਚ ਦੌਰਾਨ ਇਕੱਠਾ ਕੀਤੇ ਗਏ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਸੰਗਠਨ ਕੋਲ ਵੱਡੀ ਮਾਤਰਾ ‘ਚ ਤਮਾਕੂ ਦੇ 88 ਬਲਕ ਲੋਡ ਸਨ ਜੋ ਕਿ 2 ਸਤੰਬਰ, 2017 ਅਤੇ 27 ਮਈ, 2019 ਦੌਰਾਨ ਲਿਆਂਦੇ ਗਏ ਸਨ।

ਕੁਲ ਮਿਲਾ ਕੇ ਕਿਊਬੈਕ ‘ਚ 36,000 ਕਿਲੋਗ੍ਰਾਮ ਤਮਾਕੂ ਬਾਰਡਰ ਕਰਾਸਿੰਗ ‘ਤੇ ਜ਼ਬਤ ਕੀਤਾ ਗਿਆ। ਤਿੰਨ ਟਰੱਕ ਵੀ ਜ਼ਬਤ ਕਰ ਲਏ ਗਏ।

ਏਜੰਸੀ ਨੇ ਕਿਹਾ, ”ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਾਲੇ ਬਾਜ਼ਾਰ ਨੂੰ ਹੱਲਾਸ਼ੇਰੀ ਦੇ ਕੇ ਕੈਨੇਡਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।”