ਟਰੱਕਰਸ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ ਵਾਲਾ

ਲੂੰਬਾ ਦਾ ਕਹਿਣਾ ਹੈ ਕਿ ਕੰਟਰੈਕਟ ਨੂੰ ਸਮਝਣਾ ਹੀ ਮੁੱਖ ਗੱਲ ਹੈ

ਦੀਪਇੰਦਰ ਲੂੰਬਾ ਇੱਕ ਰਾਜ਼ ਸਾਂਝਾ ਕਰਨਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਅਦਾਲਤ ਵਿੱਚ 90% ਫੈਸਲੇ ਡਰਾਈਵਰਾਂ ਦੇ ਹੱਕ ਵਿੱਚ ਜਾਂਦੇ ਹਨ, ਟਰਾਂਸਪੋਰਟ ਕੰਪਨੀਆਂ ਦੇ ਨਹੀਂ।

ਇਸ ਲਾਇਸੰਸਸ਼ੁਦਾ ਪੈਰਾਲੀਗਲ ਦਾ ਕਹਿਣਾ ਹੈ, ‘‘ਡਰਾਈਵਰਾਂ ਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।’’

ਦੀਪਇੰਦਰ ਲੂੰਬਾ ਆਪਣੇ ਬਰੈਂਪਟਨ, ਓਂਟਾਰੀਓ ’ਚ ਸਥਿਤ ਦਫਤਰ ਵਿਖੇ। ਫੋਟੋ: ਲੀਓ ਬਾਰੋਸ

ਬਰੈਂਪਟਨ, ਓਂਟਾਰੀਓ ਵਿੱਚ ਪ੍ਰੈਕਟਿਸ ਕਰਨ ਵਾਲੇ ਲੂੰਬਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਨਵੇਂ ਟਰੱਕ ਡਰਾਈਵਰ ਹਾਲ ਹੀ ਦੇ ਪ੍ਰਵਾਸੀ ਅਤੇ ਵਰਕ ਪਰਮਿਟ ਵਾਲੇ ਸਾਬਕਾ ਵਿਦਿਆਰਥੀ ਹਨ ਅਤੇ ਆਪਣੇ ਅਧਿਕਾਰਾਂ ਤੋਂ ਅਣਜਾਣ ਹਨ। ਕਈ ਵਾਰ, ਤਨਖਾਹਾਂ ਅਦਾ ਨਾ ਕਰਨ ਅਤੇ ਕੰਟਰੈਕਟ ਨਾਲ ਜੁੜੇ ਮਾਮਲੇ ਪੈਦਾ ਹੋ ਜਾਂਦੇ ਹਨ।

ਲੂੰਬਾ ਕਹਿੰਦਾ ਹੈ ਕਿ ਤਨਖਾਹਾਂ ਨੂੰ ਕਿਸੇ ਵੀ ਸਥਿਤੀ ਵਿੱਚ ਰੋਕਿਆ ਨਹੀਂ ਜਾ ਸਕਦਾ, ਅਤੇ ਕੁਝ ਡਰਾਈਵਰ ਇਸ ਬਾਰੇ ਨਹੀਂ ਜਾਣਦੇ।

ਟਰੱਕ ਡਰਾਈਵਰਾਂ ਨੂੰ ਪੂਰਾ ਕੰਟਰੈਕਟ (ਇਕਰਾਰਨਾਮਾ) ਪੜ੍ਹਨਾ ਚਾਹੀਦਾ ਹੈ। ਲੂੰਬਾ ਸਲਾਹ ਦਿੰਦੇ ਹਨ, ‘‘ਉਨ੍ਹਾਂ ਨੂੰ ਪੜ੍ਹੇ ਬਗੈਰ ਕਿਸੇ ਵੀ ਚੀਜ਼ ’ਤੇ ਦਸਤਖਤ ਨਹੀਂ ਕਰਨੇ ਚਾਹੀਦੇ, ਭਾਵੇਂ ਉਨ੍ਹਾਂ ਨੂੰ ਚਾਰ ਘੰਟੇ ਜਾਂ ਪੰਜ ਘੰਟੇ ਵੀ ਲੱਗ ਜਾਣ।’’ ਜੇ ਉਹ ਇਕਰਾਰਨਾਮੇ ਨੂੰ ਨਹੀਂ ਸਮਝਦੇ, ਤਾਂ ਉਨ੍ਹਾਂ ਨੂੰ ਸਪੱਸ਼ਟੀਕਰਨ ਲਈ ਦਸਤਾਵੇਜ਼ ਆਪਣੇ ਵਕੀਲ ਜਾਂ ਪੈਰਾਲੀਗਲ ਕੋਲ ਲਿਜਾਣ ਦਾ ਵੀ ਅਧਿਕਾਰ ਹੈ।

ਲੂੰਬਾ ਕਹਿੰਦਾ ਹੈ ਕਿ ਜੇ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ, ਤਾਂ ਉਨ੍ਹਾਂ ਨੂੰ ਇਕਰਾਰਨਾਮਾ ਦੇਣ ਵਾਲੇ ਵਿਅਕਤੀ ਤੋਂ ਸਪੱਸ਼ਟੀਕਰਨ ਮੰਗਣਾ ਚਾਹਿਦਾ ਹੈ। ਅਤੇ ਇਹ ਨਾ ਮਿਲਣ ’ਤੇ ਉਨ੍ਹਾਂ ਨੂੰ ਇਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਕਿ ਦਸਤਾਵੇਜ਼ ’ਤੇ ਹਸਤਾਖਰ ਕੀਤੇ ਗਏ ਪਰ ਇਸ ਨੂੰ ਬਾਅਦ ਵਿੱਚ ਸਮਝਾਇਆ ਜਾਵੇਗਾ।

ਲੂੰਬਾ, ਜੋ ਕਿ ਭਾਰਤ ਤੋਂ ਹੈ, ਅਫ਼ਰੀਕਾ ਵਿੱਚ ਬਿਜ਼ਨੈਸ ਐਗਜ਼ੀਕਿਊਟਿਵ ਦੇ ਤੌਰ ’ਤੇ ਕੰਮ ਕਰਨ ਮਗਰੋਂ 2001 ਵਿੱਚ ਕੈਨੇਡਾ ਪਹੁੰਚਿਆ ਸੀ।

ਉਹ ਕਹਿੰਦਾ ਹੈ, ‘‘ਮੈਂ ਆਪਣੇ ਕੰਮ ਦੇ ਖੇਤਰ ਵਿੱਚ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਦੌਰਾਨ ਇਹ ਬਹੁਤ ਮੁਸ਼ਕਲ ਸੀ।’’ ਉਸਨੂੰ ਇੱਕ ਕਾਲ ਸੈਂਟਰ ਅਤੇ ਇੱਕ ਸੁਰੱਖਿਆ ਕੰਪਨੀ ਵਿੱਚ ਕੰਮ ਮਿਲਿਆ।

ਲੂੰਬਾ ਨੂੰ ਕਾਨੂੰਨੀ ਸੰਦਰਭ ਵਿੱਚ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਆਪਸ ਵਿੱਚ ਟਕਰਾਉਣ ਦਾ ਸਿੱਧਾ ਤਜ਼ਰਬਾ ਹੋਇਆ।

2005 ਵਿੱਚ, ਇੱਕ ਸੁਰੱਖਿਆ ਕੰਪਨੀ ਵਿੱਚ ਕੰਮ ਕਰਦੇ ਸਮੇਂ, ਉਸ ਨੂੰ ਇੱਕ ਹੋਮ ਡਿਪੂ ਸਟੋਰ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਜੋ ਉਸਾਰੀ ਅਧੀਨ ਸੀ।

ਹਾਲਾਂਕਿ ਸਾਈਟ ’ਤੇ ਹਾਰਡਹੈਟਸ ਪਹਿਨਣ ਦੀ ਜ਼ਰੂਰਤ ਦੇ ਸੰਕੇਤ ਲੱਗੇ ਹੋਏ ਸਨ, ਲੂੰਬਾ ਨੇ ਇਸ ਨੂੰ ਨਹੀਂ ਪਹਿਨਿਆ ਸੀ ਕਿਉਂਕਿ ਇਹ ਉਸ ਨੂੰ ਪੱਗ ਬੰਨ੍ਹਣ ਤੋਂ ਰੋਕਦਾ ਸੀ, ਜੋ ਕਿ ਉਸ ਦੇ ਧਰਮ ਦਾ ਇੱਕ ਅੰਗ ਹੈ।

ਲੂੰਬਾ ਨੇ ਕਿਹਾ, ‘‘ਮੈਂ ਉਸਾਰੀ ਵਿੱਚ ਸ਼ਾਮਲ ਨਹੀਂ ਸੀ ਅਤੇ ਮੈਂ ਉਸ ਖੇਤਰ ਵਿੱਚ ਨਹੀਂ ਜਾ ਰਿਹਾ ਸੀ ਜਿੱਥੇ ਨਿਰਮਾਣ ਗਤੀਵਿਧੀਆਂ ਹੋ ਰਹੀਆਂ ਸਨ।’’

ਇਸ ਕਰਕੇ ਸਟੋਰ ਦੇ ਸਹਾਇਕ ਮੈਨੇਜਰ ਨਾਲ ਬਹਿਸ ਵੀ ਹੋਈ, ਜਿਸ ਨੇ ਜ਼ੋਰ ਦਿੱਤਾ ਕਿ ਕਿੱਤਾਮੁਖੀ ਸਿਹਤ ਅਤੇ ਸੁਰੱਖਿਆ ਕਾਨੂੰਨ ਦੇ ਤਹਿਤ ਹਾਰਡਹੈਟ ਸੁਰੱਖਿਆ ਦੀ ਜ਼ਰੂਰਤ ਸੀ। ਲੂੰਬਾ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਅਤੇ ਉਸ ਨੂੰ ਕੰਮ ਦੇ ਸਮੇਂ ਵਿੱਚ ਕਮੀ ਦਾ ਸਾਹਮਣਾ ਕਰਨਾ ਪਿਆ।

ਜੂਨ 2020 ਦੇ ਇੱਕ ਫੈਸਲੇ ਵਿੱਚ, ਓਂਟਾਰੀਓ ਦੇ ਮਨੁੱਖੀ ਅਧਿਕਾਰ ਟਿ੍ਰਬਿਊਨਲ ਨੇ ਪਾਇਆ ਕਿ ਲੂੰਬਾ ਨਾਲ ਵਿਤਕਰਾ ਕੀਤਾ ਗਿਆ ਸੀ – ਉਸ ਨੂੰ ਸਿਰਫ਼ ਪੱਗ ਕਰਕੇ ਇੱਕ ਨਕਾਰਾਤਮਕ ਤਰੀਕੇ ਦਾ ਵਿਹਾਰ ਸਹਿਣਾ ਪਿਆ। ਲੂੰਬਾ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਮੁਆਵਜ਼ਾ ਦਿੱਤਾ ਅਤੇ ਮੇਰੇ ਖਰਚਿਆਂ ਦਾ ਭੁਗਤਾਨ ਕੀਤਾ।’’

ਲੂੰਬਾ, ਜਿਸਨੇ 2002 ਵਿੱਚ ਆਪਣਾ ਇਮੀਗ੍ਰੇਸ਼ਨ ਡਿਪਲੋਮਾ ਪ੍ਰਾਪਤ ਕੀਤਾ ਸੀ, ਲੀਗਲ ਪ੍ਰੋਸੈਸਿੰਗ ਅਤੇ ਆਊਟਸੋਰਸਿੰਗ ਵਿੱਚ ਵੀ ਸ਼ਾਮਲ ਸੀ। ਉਸ ਨੇ ਆਪਣੀ ਪੈਰਾਲੀਗਲ ਦੀ ਪੜ੍ਹਾਈ ਪੂਰੀ ਕੀਤੀ ਅਤੇ 2012 ਵਿੱਚ ਪ੍ਰੈਕਟਿਸ ਸ਼ੁਰੂ ਕੀਤੀ।

ਲੂੰਬਾ ਕਹਿੰਦਾ ਹੈ ਕਿ ਕਿਸੇ ਦੁਰਘਟਨਾ ਦੇ ਮਾਮਲੇ ਵਿੱਚ, ਡਰਾਈਵਰ ਕੋਈ ਭੁਗਤਾਨ ਕਰਨ ਲਈ ਜ਼ਿੰਮੇਵਾਰ ਨਹੀਂ ਹੁੰਦਾ। ਉਹ ਅੱਗੇ ਕਹਿੰਦਾ ਹੈ ਕਿ ਜੇ ਮਾਲਕ ਬੀਮਾ ਕੰਪਨੀ ਨੂੰ ਸੂਚਿਤ ਕਰਨ ਵਿੱਚ ਅਸਫ਼ਲ ਰਹਿੰਦਾ ਹੈ ਅਤੇ ਡਰਾਈਵਰ ਨੂੰ ਭੁਗਤਾਨ ਲਈ ਦਬਾਅ ਪਾਉਂਦਾ ਹੈ, ਤਾਂ ਕਾਨੂੰਨੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਉਹ ਕਹਿੰਦਾ ਹੈ ਕਿ ਡਰਾਈਵਰਾਂ ਦੀ ਤਨਖਾਹ ਵਿੱਚੋਂ ਬੀਮਾ ਪ੍ਰੀਮੀਅਮ ਕੱਟਣਾ ਵੀ ਗ਼ੈਰਕਨੂੰਨੀ ਹੈ।

ਲੂੰਬਾ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਲੌਗਿੰਗ ਡਿਵਾਇਸ ਡਰਾਈਵਰਾਂ ਨੂੰ ਨਿਰਧਾਰਤ ਘੰਟਿਆਂ ਤੋਂ ਵੱਧ ਕੰਮ ਕਰਨ ਲਈ ਮਜਬੂਰ ਨਾ ਹੋਣ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਤੋਂ ਰੋਕਣਗੇ।

ਨਵੇਂ ਪ੍ਰਵਾਸੀਆਂ ਨੂੰ ਡੀਪੋਰਟੇਸ਼ਨ ਦੀ ਧਮਕੀ ਬਾਰੇ ਵੀ ਚਿੰਤਾ ਨਹੀਂ ਕਰਨੀ ਚਾਹੀਦੀ। ਲੂੰਬਾ ਕਹਿੰਦਾ ਹੈ, ‘‘ਜੇ ਕੋਈ ਕਾਨੂੰਨੀ ਤੌਰ ’ਤੇ ਇਸ ਦੇਸ਼ ਵਿੱਚ ਦਾਖ਼ਲ ਹੋਇਆ ਹੈ, ਤਾਂ ਕੋਈ ਵੀ ਵਿਅਕਤੀ ਉਸ ਵਿਅਕਤੀ ਨੂੰ ਦੇਸ਼ਨਿਕਾਲਾ ਨਹੀਂ ਦੇ ਸਕਦਾ, ਜਦੋਂ ਤੱਕ ਉਹ ਕੈਨੇਡੀਅਨ ਅਦਾਲਤ ਦੁਆਰਾ ਦੋਸ਼ੀ ਸਾਬਤ ਨਹੀਂ ਹੋ ਜਾਂਦਾ।’’

ਉਹ ਕਹਿੰਦਾ ਹੈ ਕਿ ਟਰਾਂਸਪੋਰਟ ਕੰਪਨੀਆਂ ਨੂੰ ਵੀ ਚੰਗੀ ਸਲਾਹ ਲੈਣ ਦੀ ਜ਼ਰੂਰਤ ਹੈ। ਕੁਝ ਕੰਪਨੀਆਂ ਜ਼ਿਆਦਾ ਪ੍ਰਵਾਹ ਨਹੀਂ ਕਰਦੀਆਂ ਕਿਉਂਕਿ ਉਹ ਜਾਣਦੀਆਂ ਹਨ ਕਿ ਜ਼ਿਆਦਾਤਰ ਕਰਮਚਾਰੀ ਜਾਂ ਸਾਬਕਾ ਕਰਮਚਾਰੀ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕਰਨ ਜਾ ਰਹੇ ਹਨ। ਉਹ ਕਹਿੰਦਾ ਹੈ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਲੂੰਬਾ ਤਨਖਾਹ, ਬੀਮਾ ਅਤੇ ਹੋਰ ਮੁੱਦਿਆਂ ’ਤੇ ਟਿੱਕਟੋਕ ਵੀਡੀਓ ਬਣਾਉਂਦਾ ਹੈ। ਉਹ ਕਹਿੰਦਾ ਹੈ, ‘‘ਸੋਸ਼ਲ ਮੀਡੀਆ, ਯੂ-ਟਿਊਬ, ਰੇਡੀਓ ਅਤੇ ਮੀਡੀਆ ਟਰੱਕਰਸ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਸੰਦੇਸ਼ ਦੇਣ ਲਈ ਵਧੀਆ ਪਲੇਟਫਾਰਮ ਹਨ।’’

 

ਲੀਓ ਬਾਰੋਸ ਵੱਲੋਂ