ਟਰੱਕਰ ਵੀ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਦਾ ਲਾਭ ਲੈ ਸਕਣਗੇ : ਸੀ.ਟੀ.ਏ.
ਇਮੀਗਰੇਸ਼ਨ, ਰਿਫ਼ੀਊਜੀ ਅਤੇ ਸਿਟੀਜ਼ਨਸ਼ਿਪ ਬਾਰੇ ਮੰਤਰੀ ਸ਼ੌਨ ਫ਼ਰੇਜ਼ਰ ਨੇ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨਾਲ ਹੋਈ ਇੱਕ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਹੈ ਕਿ ਬਹੁਤ ਛੇਤੀ ਟਰੱਕ ਡਰਾਈਵਰ ਵੀ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ’ਚ ਹਿੱਸਾ ਲੈਣ ਦੇ ਯੋਗ ਬਣ ਜਾਣਗੇ।
ਸੀ.ਟੀ.ਏ. ਦੇ ਜਨਤਕ ਮਾਮਲਿਆਂ ਦੇ ਡਾਇਰੈਕਟਰ ਜੋਨਾਥਨ ਬਲੈਕਹੈਮ ਨੇ ਕਿਹਾ, ‘‘ਲੇਬਰ ਦੀ ਬਹੁਤ ਜ਼ਿਆਦਾ ਕਮੀ ਅਤੇ ਸਪਲਾਈ ਚੇਨ ’ਤੇ ਭਾਰੀ ਦਬਾਅ ਕਰਕੇ, ਸਾਡੇ ਉਦਯੋਗ ਅਤੇ ਇਸ ਰਾਹੀਂ ਕੈਨੇਡੀਅਨ ਆਰਥਿਕਤਾ ਲਈ ਇਹ ਬਹੁਤ ਸਵਾਗਤਯੋਗ ਖ਼ਬਰ ਹੈ।’’

‘‘ਲੰਮੇ ਸਮੇਂ ਤੋਂ ਸੀ.ਟੀ.ਏ. ਕੈਨੇਡਾ ਦੀ ਸਰਕਾਰ ਨੂੰ ਇਮੀਗਰੇਸ਼ਨ ਤੱਕ ਪਹੁੰਚ ਮੁਹੱਈਆ ਕਰਵਾ ਕੇ ਸਾਡੇ ਖੇਤਰ ’ਚ ਬਦਤਰ ਹੁੰਦੀ ਜਾ ਰਹੀ ਲੇਬਰ ਦੀ ਕਮੀ ਦਾ ਹੱਲ ਕਰਨ ’ਚ ਮੱਦਦ ਦੀ ਅਪੀਲ ਕਰਦੀ ਰਹੀ ਹੈ। ਇਹ ਐਲਾਨ ਬਹੁਤ ਵੇਲੇ ਸਿਰ ਆਇਆ ਹੈ ਅਤੇ ਟਰੱਕਿੰਗ ਉਦਯੋਗ ਇਸ ਦਾ ਸਵਾਗਤ ਕਰਦਾ ਹੈ।’’
ਐਕਸਪ੍ਰੈੱਸ ਐਂਟਰੀ ਇੱਕ ਅਜਿਹਾ ਆਨਲਾਈਨ ਸਿਸਟਮ ਹੈ ਜਿਸ ਦਾ ਪ੍ਰਯੋਗ ਹੁਨਰਮੰਦ ਵਰਕਰਾਂ ਤੋਂ ਇਮੀਗਰੇਸ਼ਨ ਬਿਨੈ ਦਾ ਪ੍ਰਬੰਧਨ ਕਰਨ ਲਈ ਕੀਤਾ ਜਾਂਦਾ ਹੈ ਅਤੇ ਇਸ ਨੂੰ ਵਿਸ਼ੇਸ਼ ਤੌਰ ’ਤੇ ਹੁਨਰਮੰਦ ਇਮੀਗਰੈਂਟਸ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਕੈਨੇਡਾ ’ਚ ਪੱਕੇ ਤੌਰ ’ਤੇ ਵਸਣਾ ਚਾਹੁੰਦੇ ਹਨ।
ਭਾਵੇਂ ਅਜੇ ਇਸ ਨੂੰ ਅੰਤਮ ਰੂਪ ਦੇਣਾ ਬਾਕੀ ਹੈ, ਪਰ ਸੀ.ਟੀ.ਏ. ਨੂੰ ਉਮੀਦ ਹੈ ਕਿ ਇਸ ਨਵੇਂ ਜ਼ਰੀਏ ਤੱਕ ਪਹੁੰਚ ਨਾਲ ਟਰੱਕਿੰਗ ਕੰਪਨੀਆਂ, ਇੱਛੁਕ ਡਰਾਈਵਰਾਂ ਅਤੇ ਕੈਨੇਡਾ ਤੇ ਟਰੱਕਿੰਗ ਉਦਯੋਗ ਨੂੰ ਆਪਣਾ ਘਰ ਬਣਾਉਣ ਲਈ ਪਹਿਲਾਂ ਤੋਂ ਹੋਰ ਇਮੀਗਰੇਸ਼ਨ ਪ੍ਰੋਗਰਾਮ ਰਾਹੀਂ ਇੱਥੇ ਪੁੱਜੇ ਲੋਕਾਂ ਲਈ ਹੋਰ ਆਸਾਨੀ ਹੋ ਜਾਵੇਗੀ।
ਸੀ.ਟੀ.ਏ. ਵੇਰਵਿਆਂ ਨੂੰ ਅੰਤਮ ਰੂਪ ਦੇਣ ਅਤੇ ਮੈਂਬਰਾਂ ਨੂੰ ਵਿੱਦਿਅਕ ਸੈਸ਼ਨਾਂ ਰਾਹੀਂ ਐਕਸਪ੍ਰੈੱਸ ਐਂਟਰੀ ਪ੍ਰੋਗਰਾਮਾਂ ਦਾ ਪ੍ਰਯੋਗ ਕਰਨ ਬਾਰੇ ਜਾਣਕਾਰੀ ਦੇਵੇਗੀ। ਸੀ.ਟੀ.ਏ. ਨੂੰ ਉਮੀਦ ਹੈ ਕਿ ਉਦਯੋਗ 2022 ਦੇ ਅੰਤ ਤੱਕ ਇਸ ’ਚ ਹਿੱਸਾ ਲੈਣ ਦੇ ਪੂਰੀ ਤਰ੍ਹਾਂ ਯੋਗ ਹੋ ਜਾਵੇਗਾ।