ਟਰੱਕਾਂ ‘ਚੋਂ ਮਿਲੀ 17 ਮਿਲੀਅਨ ਡਾਲਰ ਦੀ 136 ਕਿੱਲੋ ਕੋਕੀਨ

ਦੱਖਣੀ ਓਂਟਾਰੀਓ ‘ਚ ਸਰਹੱਦ ਲਾਂਘਿਆਂ ‘ਤੇ ਦੋ ਘਟਨਾਵਾਂ ‘ਚ ਅਥਾਰਟੀਆਂ ਨੇ 17 ਮਿਲੀਅਨ ਡਾਲਰ ਮੁੱਲ ਦੀ 136 ਕਿੱਲੋਗ੍ਰਾਮ ਸ਼ੱਕੀ ਕੋਕੀਨ ਬਰਾਮਦ ਕੀਤੀ ਹੈ।

ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਬਾਰੇ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਅਤੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਪੀ.) ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ।

ਸੀ.ਬੀ.ਐਸ.ਏ. ਵੱਲੋਂ 18 ਅਗੱਸਤ ਨੂੰ ਕੁਈਨਸਟਨ-ਲੁਇਸਟਨ ਬਰਿਜ ਵਿਖੇ ਜ਼ਬਤ ਕੀਤੀ ਗਈ ਸ਼ੱਕੀ ਕੋਕੀਨ। (ਤਸਵੀਰ: ਸੀ.ਬੀ.ਐਸ.ਏ.)

ਸੀ.ਬੀ.ਐਸ.ਏ. ਨੇ ਕਿਹਾ ਕਿ ਸਭ ਤੋਂ ਤਾਜ਼ਾ ਘਟਨਾ 18 ਅਗੱਸਤ ਦੀ ਹੈ ਜਦੋਂ ਇੱਕ ਟਰੈਕਟਰ ਟਰੇਲਰ ਚਲਾ ਰਿਹਾ ਵਿਅਕਤੀ ਕੁਈਨਸਟੋਨ-ਲੁਇਸਟਨ ਬਰਿੱਜ ਵਿਖੇ ਆਇਆ ਅਤੇ ਸ਼ਿਪਮੈਂਟ ‘ਚ ਗੜਬੜੀ ਦਿਸਣ ‘ਤੇ ਉਸ ਨੂੰ ਦੂਜੀ ਜਾਂਚ ਲਈ ਭੇਜਿਆ ਗਿਆ।

”ਹੋਰ ਜਾਂਚ ਤੋਂ ਬਾਅਦ 104 ਪੈਕੇਟ ਸ਼ੱਕੀ ਕੋਕੀਨ ਦੇ ਬਰਾਮਦ ਹੋਏ ਜਿਨ੍ਹਾਂ ਨੂੰ ਕਮਰਸ਼ੀਅਲ ਲੋਡ ‘ਚ ਲੁਕਾ ਕੇ ਰੱਖਿਆ ਗਿਆ ਸੀ।”

ਸੀ.ਬੀ.ਐਸ.ਏ. ਨੇ 117 ਕਿੱਲੋਗ੍ਰਾਮ ਕੋਕੀਨ ਬਰਾਮਦ ਕੀਤੀ ਜਿਸ ਦੀ ਕੀਮਤ 14 ਮਿਲੀਅਨ ਡਾਲਰ ਹੈ। ਏਜੰਸੀ ਨੇ ਕਿਹਾ ਕਿ ਇਹ ਇਸ ਖੇਤਰ ‘ਚ ਬਰਾਮਦ ਹੋਣ ਵਾਲੀਆਂ ਸਭ ਤੋਂ ਵੱਡੀਆਂ ਨਸ਼ੀਲੀਆਂ ਖੇਪਾਂ ‘ਚੋਂ ਇੱਕ ਸੀ।

ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਆਰ.ਸੀ.ਐਮ.ਪੀ. ਹੈਮਿਲਟਨ ਨਿਆਗਰਾ ਡੀਟੈਚਮੈਂਟ ‘ਚ ਭੇਜ ਦਿੱਤਾ ਗਿਆ ਹੈ।

ਏਜੰਸੀਆਂ ਨੇ ਕਿਹਾ ਕਿ ਇਸ ਤੋਂ ਪਹਿਲੀ ਘਟਨਾ ਅਪ੍ਰੈਲ ‘ਚ ਵਾਪਰੀ ਸੀ। ਹਾਲਾਂਕਿ ਇਹ ਅਜੇ ਤਕ ਪਤਾ ਨਹੀਂ ਲਗ ਸਕਿਆ ਹੈ ਕਿ ਉਸ ਘਟਨਾ ਦੀ ਜਾਣਕਾਰੀ ਹੁਣ ਤਕ ਕਿਉਂ ਨਹੀਂ ਨਸ਼ਰ ਕੀਤੀ ਗਈ ਸੀ।

15 ਅਪ੍ਰੈਲ ਨੂੰ ਬਲੂ ਵਾਟਰ ਬਰਿਜ ਵਿਖੇ ਜ਼ਬਤ ਕੀਤੀ ਗਈ ਸ਼ੱਕੀ ਕੋਕੀਨ। (ਤਸਵੀਰ : ਸੀ.ਬੀ.ਐਸ.ਏ.)

ਸੀ.ਬੀ.ਐਸ.ਏ. ਨੇ ਕਿਹਾ ਕਿ 15 ਅਪ੍ਰੈਲ ਨੂੰ ਇੱਕ ਮਰਦ ਟਰੱਕ ਡਰਾਈਵਰ ਬਲੂ ਵਾਟਰ ਬਰਿਜ ਵਿਖੇ ਆਇਆ ਅਤੇ ਉਸ ਨੂੰ ਦੂਜੀ ਜਾਂਚ ਲਈ ਭੇਜਿਆ ਗਿਆ।

ਅਫ਼ਸਰਾਂ ਨੇ 19 ਕਿੱਲੋ ਸ਼ੱਕੀ ਕੋਕੀਨ ਬਰਾਮਦ ਕੀਤੀ ਜਿਸ ਦੀ ਕੀਮਤ 3 ਮਿਲੀਅਨ ਡਾਲਰ ਹੈ।

ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਆਰ.ਸੀ.ਐਮ.ਪੀ. ਲੰਦਨ ਡੀਟੈਚਮੈਂਟ ਹਵਾਲੇ ਕਰ ਦਿੱਤਾ ਗਿਆ।

ਏਜੰਸੀ ਨੇ ਕਿਹਾ ਕਿ ਦੱਖਣ ਓਂਟਾਰੀਓ ਦੇ ਦਾਖ਼ਲਾ ਪੋਰਟਾਂ ਵਿਖੇ ਜਨਵਰੀ, 2019 ਤੋਂ ਅਗਸਤ, 2020 ਤਕ ਸੀ.ਬੀ.ਐਸ.ਏ. ਵੱਲੋਂ 600 ਕਿਲੋਗ੍ਰਾਮ ਸ਼ੱਕੀ ਕੋਕੀਨ ਜ਼ਬਤ ਕੀਤੀ ਗਈ ਹੈ।