ਟਰੱਕਿੰਗ ਇੰਡਸਟਰੀ ਲਈ ਸਿਰਦਰਦੀ – ਬੁਨਿਆਦੀ ਸਹੂਲਤਾਂ ਦੀ ਘਾਟ

ਕੈਨੇਡਾ ਵਿੱਚ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਕਿਹੋ ਜਿਹੀ ਸਮੱਸਿਆ ਹੈ, ਇਸ ਦਾ ਝਲਕਾਰਾ ਪਾਉਣ ਲਈ ਸਾਨੂੰ ਕੈਨੇਡੀਅਨ ਚੈਂਬਰਜ਼ ਆਫ਼ ਕਾਮਰਸ ਦੀ ਰਿਪੋਰਟ ਨੂੰ ਘੋਖਣਾ ਬਣਦਾ ਹੈ। ਇਸ ਮੁਤਾਬਕ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਵਿੱਚ ਟਰੈਫ਼ਿਕ ਉਪਭੋਗਤਾਵਾਂ ਨੂੰ ਹਰ ਸਾਲ 10,000 ਸਾਲ ਬਰਾਬਰ ਸਮਾਂ ਸੜਕਾਂ ਉੱਤੇ ਬਰਬਾਦ ਕਰਨਾ ਪੈਂਦਾ ਹੈ। ਕੈਨੇਡਾ ਦੀ 80% ਵੱਸੋਂ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੀ ਹੈ ਜਿਨ੍ਹਾਂ ਦੀ ਜਨਸੰਖਿਆ 90 ਹਜ਼ਾਰ ਤੋਂ ਵੱਧ ਹੈ। ਕੈਨੇਡਾ ਦੀ ਇੱਕ ਤਿਹਾਈ ਆਬਾਦੀ ਭਾਵ 12.5 ਮਿਲੀਅਨ ਲੋਕ ਟੋਰਾਂਟੋ, ਮਾਂਟਰੀਅਲ ਅਤੇ ਵੈਨਕੂਵਰ ਵਿੱਚ ਵੱਸਦੇ ਹਨ। ਇਸ ਦਾ ਅਰਥ ਹੈ ਕਿ ਨਿੱਕੇ ਕਸਬਿਆਂ ਅਤੇ ਵੱਡੇ ਸ਼ਹਿਰਾਂ ਤੋਂ ਬਾਹਰ ਦੀਆਂ ਸੜਕਾਂ ਆਦਿ ਦੇ ਬੁਨਿਆਦੀ ਢਾਂਚੇ ਉੱਤੇ ਖਰਚ ਕਰਨਾ ਸਰਕਾਰਾਂ ਦੀ ਪਹਿਲ ਨਹੀਂ ਰਹਿੰਦੀ।

ਦੂਜੇ ਪਾਸੇ ਵੱਡੇ ਸ਼ਹਿਰਾਂ ਵਿੱਚ ਆਬਾਦੀ ਦਾ ਪਸਾਰ ਐਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਮੁੜ-ਨਿਰਮਾਣ ਲਈ ਜਿੰਨੇ ਡਾਲਰ ਰੱਖੇ ਜਾਣ, ਥੋੜ੍ਹੇ ਹਨ। ਕੈਨੇਡੀਅਨ ਚੈਂਬਰਜ਼ ਆਫ਼ ਕਾਮਰਸ ਦੀ ਰਿਪੋਰਟ ਮੁਤਾਬਕ ਜੇ ਕੈਨੇਡਾ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਮੁੜ ਪੈਰਾਂ ਸਿਰ ਰੱਖਣਾ ਹੈ ਤਾਂ ਇਸ ਨੂੰ 1 ਟ੍ਰਿਲੀਅਨ ਬਿਲੀਅਨ ਡਾਲਰਾਂ ਦੀ ਲੋੜ ਹੈ। ਹਵਾਲੇ ਮਾਤਰ ਦੱਸਣਾ ਬਣਦਾ ਹੈ ਕਿ 1 ਟ੍ਰਿਲੀਅਨ ਵਿੱਚ 1 ਹਜ਼ਾਰ ਬਿਲੀਅਨ ਹੁੰਦੇ ਹਨ। ਜੇ ਇਸ ਪੱਧਰ ਦਾ ਨਿਵੇਸ਼ ਨਾ ਕੀਤਾ ਗਿਆ ਤਾਂ ਟਰੱਕ ਡਰਾਈਵਰ ਤੋਂ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਜਾ ਕੇ ਰੋਟੀ ਰੋਜ਼ੀ ਕਮਾਉਣ ਵਾਲੇ ਹੈਂਡੀਮੈਨ ਤੱਕ ਸਾਰਿਆਂ ਨੂੰ ਖਾਮਿਆਜ਼ਾ ਫਜ਼ੂਲ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਸੜਕਾਂ ਉੱਤੇ ਜ਼ਾਇਆ ਕਰਨੇ ਪੈਂਦੇ ਰਹਿਣਗੇ। ਕੈਨੇਡੀਅਨ ਆਟੋਮੋਬਈਲ ਐਸੋਸੀਏਸ਼ਨ ਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਦੇ ਤਿੰਨ ਵੱਡੇ ਸ਼ਹਿਰਾਂ ਦੀ ਟਰੈਫ਼ਿਕ ਸਾਡੇ ਜੀਵਨ ਦੇ 88 ਮਿਲੀਅਨ ਘੰਟੇ ਖਾ ਜਾਂਦੀ ਹੈ। ਇੱਕਲੇ ਟੋਰਾਂਟੋ ਏਰੀਆ ਦੀ ਟਰੈਫ਼ਿਕ ਦੀ ਔਖਿਆਈ ਸਾਡੇ ਜੀਵਨ ਦੇ 52 ਮਿਲੀਅਨ ਘੰਟੇ ਹਰ ਸਾਲ ਖਪਾ ਜਾਂਦੀ ਹੈ। ਸਿਰਫ ਸਮਾਂ ਹੀ ਨਹੀਂ ਸਗੋਂ ਇੱਕ ਹੋਰ ਰਿਪੋਰਟ ਮੁਤਾਬਕ ਗਰੇਟਰ ਟੋਰਾਂਟੋ ਏਰੀਆ ਦੀ ਟਰੈਫ਼ਿਕ ਸਮੱਸਿਆ ਕਾਰਣ 2030 ਤੱਕ ਹਰ ਸਾਲ 15 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਕਰੇਗਾ ਜੋ ਵਰਤਮਾਨ ਵਿੱਚ 8 ਤੋਂ 9 ਬਿਲੀਅਨ ਡਾਲਰ ਦਾ ਅੰਦਾਜ਼ਾ ਹੈ।

ਟਰੱਕਿੰਗ ਲਈ ਮਜ਼ਬੂਤ ਬੁਨਿਆਦੀ ਢਾਂਚੇ ਦੀ ਲੋੜ ਕਿਉਂ: ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਖਪਤ-ਉਤਪਾਦਨਾਂ ਅਤੇ ਖਾਧ-ਪਦਾਰਥਾਂ ਦੀ 90% ਢੋਆ-ਢੁਆਈ ਟਰੱਕਿੰਗ ਇਡੰਸਟਰੀ ਦੁਆਰਾ ਕੀਤੀ ਜਾਂਦੀ ਹੈ ਜਦੋਂ ਕਿ ਕੈਨੇਡਾ ਦੇ ਅਮਰੀਕਾ ਨਾਲ ਹੁੰਦੇ ਕੁੱਲ ਟਰੇਡ ਦਾ ਦੋ-ਤਿਹਾਈ ਵਜ਼ਨ ਟਰੱਕਿੰਗ ਇੰਡਸਟਰੀ ਵੱਲੋਂ ਉਠਾਇਆ ਜਾਂਦਾ ਹੈ।ਕੈਨੇਡਾ ਦੀ ਕੁੱਲ ਜਨਸੰਖਿਆ ਦਾ 1% ਲੋਕ ਟਰੱਕਿੰਗ ਇੰਡਸਟਰੀ ਵਿੱਚ ਰੁਜ਼ਗਾਰਸ਼ੁਦਾ ਹਨ। ਇਹ ਇੰਡਸਟਰੀ ਇੱਕ ਸਾਲ ਵਿੱਚ 65 ਬਿਲੀਅਨ ਡਾਲਰ ਦਾ ਰੈਵੇਨਿਊ ਪੈਦਾ ਕਰਦੀ ਹੈ। ਐਨੀ ਵੱਡੀ ਅਹਿਮੀਅਤ ਵਾਲੇ ਸੈਕਟਰ ਦਾ ਸਾਰਾ ਦਾਰੋਮਦਾਰ ਬੁਨਿਆਦੀ ਢਾਂਚੇ ਸੜਕਾਂ ਆਦਿ ਦੀ ਸਿਹਤ ਉੱਤੇ ਨਿਰਭਰ ਕਰਦਾ ਹੈ।

ਨਿਵੇਸ਼ ਨਹੀਂ ਤਾਂ ਹੱਲ ਕਿਵੇਂ: ਫ਼ੈਡਰਲ ਅੰਕੜਾ ਵਿਭਾਗ ਦੇ ਅੰਕੜਿਆਂ ਮੁਤਾਬਕ 1950ਵਿਆਂ ਦੇ ਦਹਾਕੇ ਵਿੱਚ ਫ਼ੈਡਰਲ ਸਰਕਾਰ ਵੱਲੋਂ ਮੁਲਕ ਦੀ ਕੁੱਲ ਗਰਾਸ ਡੋਮੈਸਟਿਕ ਪ੍ਰੋਡਕਟ (GDP) ਦਾ 3% ਬੁਨਿਆਦੀ ਢਾਂਚੇ ਉੱਤੇ ਖਰਚਿਆ ਜਾਂਦਾ ਸੀ। ਉਸ ਤੋਂ ਬਾਅਦ ਅਜਿਹਾ ਚੱਕਰ ਚੱਲਿਆ ਕਿ ਬੁਨਿਆਦੀ ਢਾਂਚੇ ਵਿੱਚ ਸਰਕਾਰਾਂ ਦੀ ਨਿਵੇਸ਼ ਕਰਨ ਦੀ ਰੁਚੀ ਘੱਟਦੀ ਚਲੀ ਗਈ ਜਿਸਦਾ ਇੱਕ ਕਾਰਣ ਇਸ ਨਿਵੇਸ਼ ਦਾ ਸਰਕਾਰ ਦੇ ਚਾਰ ਸਾਲਾਂ ਵਿੱਚ ਰੰਗ ਵਿਖਾਈ ਨਾ ਦੇਣਾ ਸੀ। ਸਰਕਾਰਾਂ ਵੋਟਾਂ ਵਾਸਤੇ ਅਜਿਹੇ ਹਲਕੇ-ਫੁਲਕੇ ਕਾਰਜਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗੀਆਂ ਜਿਨ੍ਹਾਂ ‘ਝੱਟ ਮੰਗਣੀ ਪੱਟ ਵਿਆਹ’ ਵਾਲੇ ਫਾਰਮੂਲੇ ਉੱਤੇ ਸਹੀ ਢੁੱਕਦੇ ਹੋਣ ਭਾਵ ਵੋਟਰਾਂ ਦੀ ਅੱਖ ਨੂੰ ਚੰਗੇ ਲੱਗਣ ਬੇਸ਼ੱਕ ਉਨ੍ਹਾਂ ਦੇ ਚਿਰ-ਸਥਾਈ ਪ੍ਰਭਾਵ ਨਿਰਮੂਲ ਹੀ ਹੋਣ। ਸਿੱਟਾ ਇਹ ਹੋਇਆ ਹੈ ਕਿ ਅੱਜ ਸਾਡੀ GDP ਦਾ ਮਹਿਜ਼ 0.4% ਹੀ ਬੁਨਿਆਦੀ ਢਾਂਚੇ ਉੱਤੇ ਖਰਚ ਹੁੰਦਾ ਹੈ।

ਸਰਕਾਰੀ ਪਹਿਲਤਾਵਾਂ ਦਾ ਉਲਝਿਆ ਤਾਣਾ ਬਾਣਾ: ਜਦੋਂ ਟਰੱਕਿੰਗ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਬੁਨਿਆਦੀ ਢਾਂਚੇ ਦੀ ਗੱਲ ਹੁੰਦੀ ਹੈ ਤਾਂ ਫ਼ੈਡਰਲ ਸਰਕਾਰ ਦੇ ਦੋ ਮਹਿਕਮੇ ਮੁੱਖ ਰੂਪ ਵਿੱਚ ਜੁੰਮੇਵਾਰੀ ਵਾਲਾ ਰੋਲ ਨਿਭਾਉਂਦੇ ਹਨ। ਪਹਿਲਾ ਹੈ ਟਰਾਂਸਪੋਰਟ ਮਹਿਕਮਾ ਅਤੇ ਦੂਜਾ ਹੈ ਬੁਨਿਆਦੀ ਢਾਂਚੇ ਬਾਰੇ ਮਹਿਕਮਾ। ਚੇਤੇ ਰਹੇ ਕਿ ਬੁਨਿਆਦੀ ਢਾਂਚੇ ਬਾਰੇ ਮਹਿਕਮੇ ਦੀ ਸਥਾਪਤੀ 2015 ਵਿੱਚ ਲਿਬਰਲ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਕੀਤੀ ਸੀ ਜਿਸ ਨੂੰ ਇੱਕ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ। ਸਰਕਾਰ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਆਪਣੀ ਵਜ਼ਾਰਤ ਦੇ ਮੰਤਰੀਆਂ ਨੂੰ ‘ਉਦੇਸ਼ ਪੱਤਰ’ (Mandate Letter) ਲਿਖੇ ਜਾਂਦੇ ਹਨ ਜਿਨ੍ਹਾਂ ਦਾ ਮਨੋਰਥ ਮੰਤਰੀ ਵਿਸ਼ੇਸ਼ ਨੂੰ ਸਰਕਾਰ ਦੀ ਉਸ ਮਹਿਕਮੇ ਤੋਂ ਤਵੱਕੋਂ ਬਾਰੇ ਜਾਣੂੰ ਕਰਵਾਉਣਾ ਹੁੰਦਾ ਹੈ। 2019 ਅਕਤੂਬਰ ਵਿੱਚ ਹੋਈਆਂ ਫ਼ੈਡਰਲ ਚੋਣਾਂ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੂੰ ਲਿਖੇ ਗਏ ਆਦੇਸ਼ ਪੱਤਰ ਵਿੱਚ 2030 ਤੱਕ ਦੀ ਰਣਨੀਤੀ ਨੂੰ ਨੇਪਰੇ ਚਾੜ੍ਹਨ ਲਈ ਕਿਸੇ ਅਜਿਹੇ ਪ੍ਰੋਜੈਕਟ ਜਾਂ ਕਾਰਜ ਦਾ ਵਰਨਣ ਨਹੀਂ ਕੀਤਾ ਗਿਆ ਜਿਸ ਦਾ ਬੁਨਿਆਦੀ ਢਾਂਚੇ ਨਾਲ ਸਬੰਧ ਵਿਖਾਈ ਦੇਂਦਾ ਹੋਵੇ ਸਿਵਾਏ ਇਸ ਦੇ ਕਿ ਬੁਨਿਆਦੀ ਢਾਂਚੇ ਬਾਰੇ ਮੰਤਰੀ ਨਾਲ ਤਾਲ ਮੇਲ ਬਣਾਈ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ। ਬੁਨਿਆਦੀ ਢਾਂਚੇ ਬਾਰੇ ਮੰਤਰੀ ਨੂੰ ਲਿਖੇ ਗਏ ਆਦੇਸ਼ ਪੱਤਰ ਦਾ ਜ਼ਿਕਰ ਇਸ ਆਰਟੀਕਲ ਦੇ ਹਿੱਸੇ ਵਜੋਂ ਵੱਖਰੇ ਤੌਰ ਉੱਤੇ ਦਿੱਤਾ ਜਾ ਰਿਹਾ ਹੈ ਜਿਸ ਵਿੱਚੋਂ ਵੀ ਜ਼ਮੀਨੀ ਟਰਾਂਸਪੋਰਟ ਬਾਰੇ ਕੋਈ ਸਪੱਸ਼ਟਰਣ ਨੀਤੀ ਉੱਘੜ ਕੇ ਸਾਹਮਣੇ ਆਈ ਵਿਖਾਈ ਨਹੀਂ ਦੇਂਦੀ।

ਮਹਿਜ਼ ਨਿਵੇਸ਼ ਨਹੀਂ ਸਗੋਂ ਸਹੀ ਨਿਵੇਸ਼ ਦੀ ਲੋੜ: ਜਿਵੇਂ ਕਿ ਜਸਟਿਨ ਟਰੂਡੋ ਵੱਲੋਂ ਬੁਨਿਆਦੀ ਢਾਂਚੇ ਬਾਰੇ ਮੰਤਰੀ ਨੂੰ ਲਿਖੇ ਪੱਤਰ ਦੇ ਸਾਰ ਤੋਂ ਪਾਠਕ ਵੇਖਣਗੇ ਕਿ ਸਰਕਾਰ ਦੀ ਨਿਵੇਸ਼ ਨੀਤੀ ਜੇਕਰ ਸਿਰਫ ਗਰੀਨ ਤਕਨਾਲੋਜੀ ਅਤੇ ਕਲਾਈਮੇਟ ਚੇਂਜ ਦੇ ਪਰੀਪੇਖ ਤੋਂ ਘੜੀ ਜਾਂਦੀ ਰਹੇਗੀ ਤਾਂ ਬੁਨਿਆਦੀ ਢਾਂਚੇ ਨੂੰ ਸੁਧਾਰ ਦੀ ਹਵਾ ਲੱਗਣਾ ਸੌਖਾ ਨਹੀਂ ਹੋਵੇਗਾ। ਫਰੇਜ਼ਰ ਇਨਸਟਿਟਿਊਟ ਦੀ 2017 ਵਿੱਚ ਛਪੀ ਇੱਕ ਰਿਪੋਰਟ ‘ਕੈਨੇਡਾ ਵਿੱਚ ਬੁਨਿਆਦੀ ਢਾਂਚੇ ਉੱਤੇ ਹੁੰਦੇ ਨਿਵੇਸ਼ ਬਾਰੇ ਗਲਤ ਫਹਿਮੀਆਂ’ ਵਿੱਚ ਦੱਸਿਆ ਗਿਆ ਹੈ ਕਿ ਜਿੰਨੇ ਕੁੱਲ ਡਾਲਰ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਲਈ ਨਿਰਧਾਰਤ ਕੀਤੇ ਜਾਣਗੇ, ਉਸਦਾ ਸਿਰਫ਼ 10.6% ਹੀ ਟਰੇਡ ਅਤੇ ਟਰਾਂਸਪੋਰਟ ਢਾਂਚੇ ਨੂੰ ਮਜ਼ਬੂਤ ਕਰਨ ਉੱਤੇ ਲਾਉਣ ਦੀ ਯੋਜਨਾ ਹੈ। ਬਾਕੀ ਸਾਰਾ ਪੈਸਾ ‘ਗਰੀਨ’ ਅਤੇ ‘ਸੋਸ਼ਲ’ ਢਾਂਚੇ ਉੱਤੇ ਖਰਚ ਹੋਵੇਗਾ ਜਿਸ ਵਿੱਚ ਸੋਸ਼ਲ ਹਾਊਸਿੰਗ, ਕਮਿਊਨਿਟੀ ਸੈਂਟਰ ਅਤੇ ਹਾਕੀ ਮੈਦਾਨ ਆਦਿ ਸ਼ਾਮਲ ਹਨ। ਇਹ ਸਾਰੇ ਪ੍ਰੋਜੈਕਟ ਬਹੁਤ ਅਹਿਮ ਹਨ ਪਰ ਇਨ੍ਹਾਂ ਦੀ ਉਸਾਰੀ ਟਰਾਂਸਪੋਰਟ ਲੋੜਾਂ ਦੀ ਕੁਰਬਾਨੀ ਕਰਕੇ ਨਹੀਂ ਕੀਤੀ ਜਾਣੀ ਚਾਹੀਦੀ। ਚੇਤੇ ਰਹੇ ਕਿ ਫ਼ੈਡਰਲ ਸਰਕਾਰ ਦੇ ਬੀਤੇ ਕਾਰਜ ਕਾਲ (2015 ਤੋਂ 2019) ਵਿੱਚ ਬਰੈਂਪਟਨ ਵਰਗੇ ਪਰਵਾਸੀ ਬਹੁ-ਗਿਣਤੀ ਵਾਲੇ ਸ਼ਹਿਰਾਂ ਤੋਂ ਚੁਣੇ ਗਏ ਸਥਾਨਕ ਐਮ.ਪੀਜ਼ ਨੇ ਬੁਨਿਆਦੀ ਢਾਂਚੇ ਲਈ ਆਏ ਪੈਸੇ ਵਿੱਚੋਂ ਆਪਣਾ ਹਿੱਸਾ ਪਾਰਕਾਂ ਵਿੱਚ ਗਜੀਬੋ ਅਤੇ ਹੋਰ ਨਿੱਕੇ ਮੋਟੇ ਸੁਧਾਰ ਕਰਨ ਉੱਤੇ ਖਰਚ ਕਰ ਦਿੱਤੇ ਤਾਂ ਜੋ ਲੋਕਾਂ ਨੂੰ ਵੋਟਾਂ ਲਈ ਖੁਸ਼ ਕੀਤਾ ਜਾ ਸਕੇ।

ਕੈਨੇਡਾ ਬੁਨਿਆਦੀ ਢਾਂਚਾ ਬੈਂਕ ਦਾ ਟਰੱਕਿੰਗ ਇੰਡਸਟਰੀ ਵੱਲ ਮੁੱਖ ਮੋੜਨਾ: ਫ਼ੈਡਰਲ ਸਰਕਾਰ ਨੇ 2016 ਵਿੱਚ ਬੁਨਿਆਦੀ ਢਾਂਚਾ ਬੈਂਕ (Infrastructure Bank) ਬਣਾਉਣ ਦਾ ਐਲਾਨ ਕੀਤਾ ਸੀ ਜਿਸ ਨੂੰ ਜੂਨ 2017 ਵਿੱਚ ਬਿੱਲ ਪਾਸ ਕਰ ਕੇ ਵਿਧੀਵਤ ਮਨਜ਼ੂਰੀ ਦਿੱਤੀ ਗਈ। ਇਸ ਬੈਂਕ ਦਾ ਉਦੇਸ਼ ਰੈਵੇਨਿਊ ਪੈਦਾ ਕਰਨ ਵਾਲੇ ਉਨ੍ਹਾਂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿੱਪ ਰਾਹੀਂ ਪੂਰਾ ਕਰਨਾ ਹੈ ਜਿਹੜੇ ਪਬਲਿਕ ਦੇ ਹਿੱਤ ਵਿੱਚ ਹੁੰਦੇ ਹਨ। ਹਾਲਾਂਕਿ ਟਰਾਂਸਪੋਰਟੇਸ਼ਨ ਦਾ ਵਿਕਾਸ ਇਸ ਬੈਂਕ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ ਪਰ ਹਾਲੇ ਤੱਕ ਇਸ ਦੁਆਰਾ ਪ੍ਰਾਈਵੇਟ ਨਿਵੇਸ਼ ਦੀ ਭਾਈਵਾਲੀ ਨਾਲ ਕਿਸੇ ਟਰੱਕਿੰਗ ਇੰਡਸਟਰੀ ਦੇ ਲਾਭ ਹਿੱਤ ਕਿਸੇ ਪ੍ਰੋਜੈਕਟ ਨੂੰ ਹੱਥੀਂ ਨਹੀਂ ਲਿਆ ਗਿਆ ਹੈ।

ਨੌਰਥਰਨ ਕੌਰੀਡੋਰ ਦਾ ਸੁਝਾਅ : 21 ਜੂਨ 2017 ਨੂੰ ਕੈਨੇਡਾ ਦੀ ਸੈਨੇਟ ਦੀ ਬੈਂਕਿੰਗ, ਟਰੇਡ ਅਤੇ ਕਾਮਰਸ ਬਾਰੇ ਸਟੈਂਡਿੰਗ ਕਮੈਟੀ ਨੇ National Corridor: Enhancing and Facilitating Commerce and Internal Trade ਨਾਮਕ ਰੀਪੋਰਟ ਰੀਲੀਜ਼ ਕੀਤੀ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਜੇ ਕੈਨੇਡਾ ਦੇ ਨੌਰਥ ਵਿੱਚ 7000 ਕਿਲੋਮੀਟਰ ਦਾ ਟਰਾਂਸਪੋਰਟੇਸ਼ਨ ਜਾਲ ਵਿਛਾਇਆ ਜਾਵੇ ਤਾਂ ਇਸ ਨੂੰ ਕੈਨੇਡਾ ਦੀ ਆਰਥਕਤਾ ਲਈ ਉੱਨਾ ਵੱਡਾ ਹੀ ਕ੍ਰਾਂਤੀਕਾਰੀ ਕਦਮ ਮੰਨਿਆ ਜਾਵੇਗਾ ਜਿੰਨਾ ਕ੍ਰਾਂਤੀਕਾਰੀ 1800ਵਿਆਂ ਰੇਲਵੇ ਦਾ ਜਾਲ ਵਿਛਾਉਣਾ ਸਾਬਤ ਹੋਇਆ ਸੀ। ਖਿਆਲ ਇਹ ਹੈ ਕਿ ਟਰਾਂਸਪੋਰਟੇਸ਼ਨ ਦੇ ਇਸ ਜਾਲ ਵਿੱਚ ਹਾਈਵੇ, ਰੇਲਵੇ, ਪਾਈਪ ਲਾਈਨਾਂ, ਬਿਜਲੀ ਸੰਚਾਰ ਅਤੇ ਕਮਿਉਨੀਕੇਸ਼ਨ ਨੈੱਟਵਰਕ ਸ਼ਾਮਲ ਹੋਣ ਅਤੇ ਇਹ ਨਵਾਂ ਸਿਰਜਿਆ ਢਾਂਚਾ ਟਰਾਂਸ ਕੈਨੇਡਾ ਹਾਈਵੇ ਅਤੇ ਗਰੇਟ ਲੇਕਸ-ਸੇਂਟ ਲਾਅਰੈਂਸ ਸੀਅਵੇ ਨਾਲ ਜੁੜਿਆ ਹੋਵੇ ਤਾਂ ਜੋ ਕੈਨੇਡਾ ਭਰ ਵਿੱਚ ਟਰੇਡ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਡੀਆਂ ਨਾਲ ਜੋੜਨ ਵਾਲਾ ਨਿਰਵਿਘਨ ਜੁੜਾਵ ਪੈਦਾ ਹੋ ਸਕੇ। 2016 ਵਿੱਚ ਯੂਨੀਵਰਸਟੀ ਆਫ਼ ਕੈਲਗਰੀ ਦੇ ਸਕੂਲ ਆਫ਼ ਪਬਲਿਕ ਪਾਲਸੀ ਵੱਲੋਂ ਇੱਕ ਸਟੱਡੀ ਕੀਤੀ ਗਈ ਸੀ ਜਿਸ ਵਿੱਚ ਅੰਦਾਜ਼ਾ ਲਾਇਆ ਗਿਆ ਸੀ ਕਿ ਇਸ ਕੌਰੀਡੋਰ ਦੇ ਮੁਕੰਮਲ ਹੋਣ ਉੱਤੇ 100 ਬਿਲੀਅਨ ਡਾਲਰ ਖਰਚ ਹੋਣਗੇ।

ਕੀ P3 ਹੱਲ ਹੈ: ਨੌਰਥਰਨ ਕੌਰੀਡੋਰ ਵਰਗੇ ਵੱਡੇ ਨਿਵੇਸ਼ ਲਈ ਧਨ ਰਾਸ਼ੀ ਜੁਟਾਉਣਾ ਸਿਰਫ਼ ਸਰਕਾਰਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਵਿਸ਼ਵ ਭਰ ਵਿੱਚ ਇਹ ਸਿਧਾਂਤ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਿ ਵੱਡੇ ਆਰਥਕ ਲਾਭ ਦੇਣ ਵਾਲੇ ਜਨ-ਸਾਧਾਰਨ ਦੇ ਜੀਵਨ ਉੱਤੇ ਹਾਂ ਪੱਖੀ ਪ੍ਰਭਾਵ ਪਾਉਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿੱਪ (Private Public Partnership) ਜਿਸ ਨੂੰ ਆਮ ਭਾਸ਼ਾ ਵਿੱਚ P3 ਕਿਹਾ ਜਾਂਦਾ ਹੈ, ਰਾਹੀਂ ਹੀ ਸੰਭਵ ਬਣਾਇਆ ਜਾ ਸਕਦਾ ਹੈ। ਸੈਨੇਟ ਵੱਲੋਂ ਕੀਤੀ ਗਈ ਸਟੱਡੀ ਇਸ ਗੱਲ ਉੱਤੇ ਜ਼ੋਰ ਦੇ ਰਹੀ ਹੈ ਕਿ ਕੈਨੇਡਾ ਦੇ ਬੁਨਿਆਦੀ ਢਾਂਚੇ ਨੂੰ ਦਰੁਸਤ ਕਰਨ ਲਈ ਪ੍ਰਾਈਵੇਟ ਅਤੇ ਸਰਕਾਰੀ ਫ਼ੰਡਾਂ ਦਾ ਮਿਸ਼ਰਣ ਲੋੜੀਂਦਾ ਹੋਵੇਗਾ ਪਰ ਇਸ ਵਿੱਚ ਉਪਭੋਗਤਾਵਾਂ ਵੱਲੋਂ ਫ਼ੀਸ ਅਦਾਕਰਨ ਦਾ ਸਿਧਾਂਤ ਵੀ ਸ਼ਾਮਲ ਰੱਖਣਾ ਹੋਵੇਗਾ। ਜਿਸ ਵੇਲੇ ਤੱਕ ਪ੍ਰਾਈਵਟ ਨਿਵੇਸ਼ਕਰਤਾ ਵੱਡੇ ਪ੍ਰੋਜੈਕਟਾਂ ਵਿੱਚ ਰੁਚੀ ਨਹੀਂ ਵਿਖਾਉਂਦੇ, ਉਸ ਵੇਲੇ ਤੱਕ ਦੇ ਮੁੱਢਲੇ ਪੜਾਅ ਲਈ ਸਾਰੇ ਫ਼ੰਡ ਸਰਕਾਰ ਨੂੰ ਹੀ ਮੁਹਈਆ ਕਰਨੇ ਹੋਣਗੇ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ


ਲਿਖਤੁਮ ਜਸਟਿਨ ਟਰੂਡੋ : ਵਾਤਾਵਰਣ ਨੂੰ ਕੇਂਦਰ ਬਿੰਦੂ ਬਣਾ ਕੇ ਰੱਖੋ

ਕੈਨੇਡਾ ਵਿੱਚ ਸਰਕਾਰੀ ਤਾਣੇ ਬਾਣੇ ਨੂੰ ਸੁਰ ਸਿੱਧ ਕਰਨ ਲਈ ਇਹ ਚਿਰਾਂ ਪੁਰਾਣੀ ਰਿਵਾਇਤ ਹੈ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਆਪਣੇ ਵਜ਼ਾਰਤ ਦੇ ਹਰ ਇੱਕ ਮੰਤਰੀ ਨੂੰ ਖਤ ਲਿਖਿਆ ਜਾਂਦਾ ਹੈ ਜਿਸ ਨੂੰ ‘ਆਦੇਸ਼ ਪੱਤਰ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਕਤੂਬਰ 2019 ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਬੁਨਿਆਦੀ ਢਾਂਚੇ ਬਾਰੇ ਮੰਤਰੀ (Minister Responsible for Infrastructure) ਨੂੰ ਜੋ ਪੱਤਰ ਲਿਖਿਆ, ਰੋਡ ਟੂਡੇ ਵੱਲੋਂ ਉਸ ਪੱਤਰ ਨੂੰ ਪ੍ਰਾਪਤ ਕਰਕੇ ਚੋਣਵੇਂ ਅੰਸ਼ ਪਾਠਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ:
•     ਟਰੇਡ ਦੀ ਤਰੱਕੀ ਵਾਸਤੇ ਪਬਲਿਕ ਟਰਾਂਜ਼ਿਟ ਵਿੱਚ ਵਿਕਾਸਮਈ ਨਿਵੇਸ਼ ਨੂੰ ਸਮੇਂ ਸਿਰ ਸਭੰਵ ਬਣਾਓ। ਸਾਡੀ ਸਰਕਾਰ ਦੀ ਯੋਜਨਾ ਦਾ ਮੁੱਖ ਉਦੇਸ਼ ਅਰਥਚਾਰੇ ਨੂੰ ਅੱਗੇ ਤੋਰਨਾ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੁਆਰਾ ਚੰਗੀਆਂ ਮੱਧਵਰਗੀ ਜੌਬਾਂ ਪੈਦਾ ਕਰਨੀਆਂ ਹਨ ਜਿਸ ਨਾਲ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਆਵੇ।
•     ਯਕੀਨੀ ਬਣਾਓ ਕਿ ਸਾਰੇ ਪ੍ਰੋਵਿੰਸ ਅਤੇ ਟੈਰੀਟੋਰੀਆਂ ਅਗਲੇ ਦੋ ਸਾਲਾਂ ਵਿੱਚ ਬੁਨਿਆਦੀ ਢਾਂਚੇ ਬਾਰੇ ਆਪਣੀਆਂ ਲੰਬੇ ਸਮੇਂ ਦੀਆਂ ਪਹਿਲਤਾਵਾਂ ਦੀ ਸ਼ਨਾਖ਼ਤ ਕਰ ਕੇ ਪਰਵਾਨਗੀ ਦੇ ਦੇਣ। ਜੇ ਕਿਸੇ ਨੇ ਪੱਕੀਆਂ ਯੋਜਨਾਵਾਂ ਤੈਅ ਨਾ ਕੀਤੀਆਂ ਤਾਂ ਉਨ੍ਹਾਂ ਦੇ ਫ਼ੰਡ ਹੋਰ ਕਮਿਊਨਿਟੀ ਆਧਾਰਿਤ ਪ੍ਰੋਜੈਕਟਾਂ ਉੱਤੇ ਲਾ ਦਿੱਤੇ ਜਾਣਗੇ।
•     ਪਬਲਿਕ ਟਰਾਂਜ਼ਿਟ ਲਈ ਫ਼ੈਡਰਲ ਫ਼ੰਡ ਦੇਣ ਨੂੰ ਸਥਾਈ ਫ਼ੀਚਰ ਬਣਾਓ ਅਤੇ ਇਹ ਫ਼ੰਡ ਕੀਮਤਾਂ ਵਿੱਚ ਵਾਧੇ ਨਾਲ ਵੱਧਣੇ ਚਾਹੀਦੇ ਹਨ। ਯਕੀਨੀ ਬਣਾਓ ਕਿ ਪਬਲਿਕ ਟਰਾਂਜ਼ਿਟ ਵਿੱਚ ਫ਼ੈਡਰਲ ਨਿਵੇਸ਼ ਬੱਸਾਂ ਅਤੇ ਰੇਲਾਂ ਵਿੱਚ ਜ਼ੀਰੋ ਈਮਿਸ਼ਨ ਲਈ ਵਰਤੇ ਜਾਣ। ਸਕੂਲ ਬੋਰਡਾਂ ਅਤੇ ਮਿਉਂਸਪੈਲਟੀਆਂ ਨੂੰ 5000 ਜ਼ੀਰੋ ਈਮਿਸ਼ਨ ਬੱਸਾਂ ਖਰੀਦਣ ਵਿੱਚ ਮੱਦਦ ਕੀਤੀ ਜਾਵੇ।
•     ਕਲਾਈਮੇਟ ਚੇਂਜ ਬਾਰੇ ਰਣਨੀਤੀ ਤਿਆਰ ਕਰਨ ਲਈ ਕਦਮ ਚੁੱਕੇ ਜਾਣ।
•     Champlain bridge  ਨੂੰ ਟੋਲ ਫਰੀ ਕਰਨ, ਕਿਉਬਿੱਕ ਵਿੱਚ Pont de Quebec ਦੀ ਮੁੜ ਉਸਾਰੀ ਅਤੇ Gordie Howe International bridge ਨੂੰ ਬਣਾਉਣ ਲਈ ਕਦਮ ਚੁੱਕਣ ਵਾਸਤੇ ਕੰਮ ਕਰੋ।
•     ਕੈਨੇਡੀਅਨਾਂ ਵਸਤਾਂ ਦੇ ਗਲੋਬਲ ਮਾਰਕੀਟ ਵਿੱਚ ਪੁੱਜਣ ਵਾਸਤੇ ਕੈਨੇਡਾ ਦੇ ਟਰੇਡ ਕੌਰੀਡੋਰਾਂ ਵਿੱਚ ਨਿਵੇਸ਼ ਕਰੋ

ਇਹ ਵਰਨਣਯੋਗ ਹੈ ਕਿ ਉੱਪਰ ਦਿੱਤੀਆਂ ਪਹਿਲਤਾਵਾਂ ਤੋਂ ਇਲਾਵਾ ਕੁੱਝ ਹੋਰ ਨੁਕਤੇ ਵੀ ਆਦੇਸ਼ ਪੱਤਰ ਵਿੱਚ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਜ਼ੋਰ ਜ਼ੀਰੋ ਈਮਿਸ਼ਨ, ਵਾਤਾਵਰਣ ਦੀ ਰਖਵਾਲੀ, ਗਰੀਨ ਹਾਊਸ ਗੈਸ ਈਮਿਸ਼ਨ ਆਦਿ ਉੱਤੇ ਦਿੱਤਾ ਗਿਆ ਹੈ। ਇਹ ਸਾਰਾ ਜ਼ੋਰ ਜਿੱਥੇ ਵਾਤਾਵਰਣ ਲਈ ਸਰਕਾਰ ਦੀ ਚਿੰਤਾ ਵਾਸਤੇ ਸਹੀ ਜਾਪ ਸਕਦਾ ਹੈ, ਉੱਥੇ ਵੱਡੇ ਨਿਰਮਾਣ ਪ੍ਰੋਜੈਕਟ ਕਈ ਵਾਰ ਵਾਤਾਵਰਣ ਦੇ ਪਰੀਪੇਖ ਤੋਂ ਐਨੇ ਸਹੀ ਵੀ ਨਹੀਂ ਹੁੰਦੇ ਪਰ ਆਰਥਕ ਖੁਸ਼ਹਾਲੀ ਲਈ ਲਾਜ਼ਮੀ ਹੁੰਦੇ ਹਨ। ਜੇ ਇਹ ਆਦੇਸ਼ ਪੱਤਰ ਸਰਕਾਰ ਦੀ ਪਹਿਲ ਬਾਰੇ ਕੋਈ ਇਸ਼ਾਰਾ ਹੈ ਤਾਂ ਅਗਲੇ ਕੁੱਝ ਸਾਲ ਵਾਤਾਵਰਣ ਦੇ ਨਾਮ ਉੱਤੇ ਵਿਕਾਸ ਦੇ ਪੱਖ ਤੋਂ ਨਰਮ ਰਹਿ ਸਕਦੇ ਹਨ।

ਡਰਾਈਵਰਾਂ ਲਈ ਜਾਨ ਦਾ ਜੋਖ਼ਮ ਹਨ ਨੌਰਥ ਓਂਟਾਰੀਓ ਦੀਆਂ ਸੜਕਾਂ – ਸੁਖਦੇਵ ਸਿੰਘ ਝਾਂਡੀ, ਪ੍ਰੋਫੈਸ਼ਨਲ ਟਰੱਕ ਡਰਾਈਵਰ

ਸੁਖਦੇਵ ਸਿੰਘ ਝਾਂਡੀ, ਪ੍ਰੋਫੈਸ਼ਨਲ ਟਰੱਕ ਡਰਾਈਵਰ

ਕਰੀਬ ਇੱਕ ਦਹਾਕੇ ਤੋਂ ਪ੍ਰੋਫੈਸ਼ਨਲ ਟਰੱਕ ਡਰਾਈਵਿੰਗ ਕਰਦੇ ਆ ਰਹੇ ਸੁਖਦੇਵ ਸਿੰਘ ਝਾਂਡੀ ਨੇ ਆਪਣੇ ਪੱਧਰ ਉੱਤੇ ਨੌਰਥ ਓਂਟਾਰੀਓ ਵਿੱਚ ਹਾਈਵੇ ਸੜਕ ਦੇ ਮੰਦੇ ਹਾਲ ਬਾਰੇ ਮੁੱਦਾ ਚੁੱਕਣ ਦੇ ਕਈ ਯਤਨ ਕੀਤੇ ਪਰ ਕੋਈ ਸਹੀ ਪਲੇਟਫਾਰਮ ਨਹੀਂ ਮਿਲਿਆ। ਜਦੋਂ ਰੋਡ ਟੂਡੇ ਨੇ ਉਸ ਨਾਲ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਨੂੰ ਬੁਨਿਆਦੀ ਢਾਂਚੇ ਭਾਵ ਇਨਫਰਾਸਟਰਕਚਰ ਦੀਆਂ ਕਮੀਆਂ ਕਾਰਣ ਪੈਦਾ ਮੁਸ਼ਕਲਾਂ ਬਾਰੇ ਪ੍ਰਤੀਕਰਮ ਜਾਣਨ ਲਈ ਸੰਪਰਕ ਕੀਤਾ ਤਾਂ ਸੁਖਦੇਵ ਸਿੰਘ ਨੂੰ ਇਹ ਇੱਕ ਰੱਬ ਦਾ ਭੇਜਿਆ ਸੱਬਬ ਜਾਪਿਆ। ਰੋਡ ਟੂਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹਰ ਸਾਲ ਸਰਦੀ ਰੁੱਤ ਵਿੱਚ 4 ਤੋਂ 6 ਡਰਾਈਵਰ ਨੌਰਥ ਬੇਅ ਤੋਂ ਮੇਨੀਟੋਬਾ ਦੇ ਬਾਰਡਰ ਤੱਕ ਦੇ ਰਸਤੇ ਵਿੱਚ ਆਪਣੀਆਂ ਜਾਨਾਂ ਗੁਆਉਂਦੇ ਹਨ। ਸੁਖਦੇਵ ਸਿੰਘ ਮੁਤਾਬਕ ਸੜਕ ਦੇ ਤੰਗ ਹੋਣ ਕਰਕੇ ਡਰਾਈਵਰਾਂ ਨੂੰ ਸਾਹਮਣੇ ਤੋਂ ਆ ਰਹੀ ਟਰੈਫ਼ਿਕ ਲਈ ਲੋੜੀਂਦੀ ਥਾਂ ਛੱਡਣੀ ਬਹੁਤ ਔਖੀ ਹੁੰਦੀ ਹੈ ਅਤੇ ਸਾਈਡਾਂ ਉੱਤੇ ਸਖ਼ਤ ਥਾਂ (road shoulders) ਨਾ ਹੋਣ ਕਾਰਣ ਟਰੱਕ ਜ਼ਮੀਨ ਵਿੱਚ ਧੱਸ ਜਾਂਦੇ ਹਨ। ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਇਸ ਨਾਜ਼ੁਕ ਸਥਿਤੀ ਵੱਲ ਧਿਆਨ ਦੇਣਾ ਆਪਣੀ ਜੁੰਮਵਾਰੀ ਨਹੀਂ ਸਮਝਿਆ ਜਦੋਂ ਕਿ ਓਂਟਾਰੀਓ ਦੀ ਆਰਥਕਤਾ ਦਾ ਵੱਡਾ ਭਾਰ ਇਸ ਹਾਈਵੇ ਉੱਤੇ ਹੈ। ਇਸ ਸੜਕ ਦੀ ਕਮਜ਼ੋਰੀ ਨੂੰ ਇੰਝ ਆਖਿਆ ਜਾ ਸਕਦਾ ਹੈ ਜਿਵੇਂ ਕਿਸੇ ਵਿਅਕਤੀ ਦਾ ਸਾਰਾ ਸਰੀਰ ਠੀਕ ਹੋਵੇ ਪਰ ਰੀੜ ਦੀ ਹੱਡੀ ਵਿੱਚ ਨੁਕਸ ਪਿਆ ਹੋਵੇ। ਦੁਰਭਾਗਵੱਸ ਜੇ ਇਸ ਹਾਈਵੇ ਉੱਤੇ ਤੁਹਾਡਾ ਟਰੱਕ ਖਰਾਬ ਹੋ ਜਾਵੇ ਜਾਂ ਸਿਹਤ ਦੀ ਲੋੜ ਮੁਤਾਬਕ ਵਾਸ਼ਰੂਮ ਦੀ ਜ਼ਰੂਰਤ ਹੋਵੇ ਤਾਂ ਡਰਾਈਵਰ ਕੋਲ ਕੋਈ ਚਾਰਾ ਨਹੀਂ ਰਹਿ ਜਾਂਦਾ ਸਿਵਾਏ ਖੱਜਲ ਖੁਆਰੀ ਤੋਂ ਕਿਉਂਕਿ ਤਿੰਨ ਚਾਰ ਸੌ ਕਿਲੋਮੀਟਰ ਤੱਕ ਕੋਈ ਵਿਧੀਵਤ ਟਰੱਕ ਸਟਾਪ ਨਹੀਂ ਹੈ।

ਸੁਖਦੇਵ ਸਿੰਘ ਮੁਤਾਬਕ ਇੱਕ ਪਾਸੇ ਟਰੱਕਿੰਗ ਇੰਡਸਟਰੀ ਟਰੱਕ ਡਰਾਈਵਰਾਂ ਦੀ ਘਾਟ ਬਾਰੇ ਗੱਲਾਂ ਕਰਦੀ ਹੈ ਤਾਂ ਦੂਜੇ ਪਾਸੇ ਇੱਕ ਸਿੱਧਾ ਪੱਧਰੀ ਗੱਲ ਨੂੰ ਸਮਝਣ ਵਿੱਚ ਅਸਫ਼ਲ ਹੋ ਰਹੀ ਹੈ ਕਿ ਇਸ ਹਾਈਵੇ ਉੱਤੇ ਚੱਲਣ ਵਾਲੇ ਵੱਡੀ ਗਿਣਤੀ ਵਿੱਚ ਟਰੱਕ ਡਰਾਈਵਰ ਜਨਵਰੀ ਤੋਂ ਮਾਰਚ ਤੱਕ ਛੁੱਟੀਆਂ ਉੱਤੇ ਕਿਉਂ ਚਲੇ ਜਾਂਦੇ ਹਨ? ਸੁਖਦੇਵ ਸਿੰਘ ਮੁਤਾਬਕ ਸਰਦੀ ਦੇ ਸੀਜ਼ਨ ਵਿੱਚ ਟਰੱਕ ਡਰਾਈਵਰ ਇਸ ਸੜਕ ਉੱਤੇ ਆਪਣੀ ਜਾਨ ਦੀ ਬਲੀ ਦੇਣੋਂ ਕਤਰਾਉਂਦੇ ਹਨ।

ਬੁਨਿਆਦੀ ਸਹੂਲਤਾਂ ਤੋਂ ਸੱਖਣੀਆਂ ਅਸੁਰੱਖਿਅਤ ਸੜਕਾਂ ਬਿਜ਼ਨੈਸ ਲਈ ਖਾਤਕਮਨਦੀਪ ਸੰਧੂ

ਮਨਦੀਪ ਸੰਧੂ

ਮੇਨੀਟੋਬਾ ਵਿੱਚ ਸਫ਼ਲ ਲੌਂਗਵਿਊ ਲੌਜਿਸਟਿਕਸ ਟਰੱਕਿੰਗ ਕੰਪਨੀ ਚਲਾ ਰਹੇ ਮਨਦੀਪ ਸੰਧੂ ਦਾ ਮੰਨਣਾ ਹੈ ਕਿ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਕੈਨੇਡਾ ਵਿੱਚ ਬਿਜ਼ਨੈਸ ਲਈ ਇੱਕ ਮਾੜਾ ਸ਼ਗਨ ਹੈ। ਰੋਡ ਟੂਡੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਹੇਠ ਲਿਖੇ ਵਿਚਾਰ ਪ੍ਰਗਟ ਕੀਤੇ:
‘ਕੈਨੇਡਾ ਵਿੱਚ ਹਾਈਵੇ ਦੇ ਨਾਮ ਉੱਤੇ ਪਾਈਆਂ ਜਾਂਦੀਆਂ ਸਿੰਗਲ ਲੇਨ ਸੜਕਾਂ ਉੱਤੇ ਟਰੱਕ ਡਰਾਈਵਰ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਹਾਦਸਿਆਂ ਦੇ ਜੋਖ਼ਮ ਹੋਣ ਦੇ ਨਾਲ ਨਾਲ ਇਹ ਲੁੱਟਮਾਰ ਦੇ ਪੱਖ ਤੋਂ ਵੀ ਅਸੁਰੱਖਿਅਤ ਹਨ। ਮੇਨੀਟੋਬਾ ਤੋਂ ਓਂਟਾਰੀਓ ਦਾਖ਼ਲ ਹੋਣ ਤੋਂ ਬਾਅਦ ਸੈਂਕੜੇ ਕਿਲੋਮੀਟਰਾਂ ਤੱਕ ਕਿਸੇ ਕਿਸਮ ਦੀ ਸਹੂਲਤ ਨਾ ਹੋਣ ਕਾਰਣ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਡਰਾਈਵਰਾਂ ਉੱਤੇ ਰਾਡਾਂ ਆਦਿ ਨਾਲ ਹਮਲਾ ਕਰਕੇ ਰੀਫਰਾਂ ਸਮੇਤ ਹਰ ਕਿਸਮ ਦੀਆਂ ਗੱਡੀਆਂ ਵਿੱਚੋਂ ਸਮਾਨ ਲੁੱਟ ਲੈਣਾ ਟਰੱਕਿੰਗ ਸੈਕਟਰ ਲਈ ਕੋਈ ਅਨਜਾਣੀ ਗੱਲ ਨਹੀਂ ਹੈ। ਟਰੱਕਿੰਗ ਕੰਪਨੀਆਂ ਲਈ ਇਹ ਬਹੁਤ ਹੀ ਮਾੜੀ ਸਥਿਤੀ ਹੈ ਕਿਉਂਕਿ ਤੁਹਾਡਾ ਸਾਰਾ ਧਿਆਨ ਸਿਰਫ਼ ਮਾਲ-ਅਸਬਾਬ ਦੀ ਢੋਆ ਢੁਆਈ ਉਤੇ ਨਾ ਰਹਿ ਕੇ ਬੇਲੋੜੀਆਂ ਸਥਿਤੀਆਂ ਦੇ ਹੱਲ ਉੱਤੇ ਲੱਗਿਆ ਰਹਿ ਜਾਂਦਾ ਹੈ। ਜਿਸ ਬਿਜ਼ਨੈਸ ਦਾ ਇਹ ਪੱਖ ਕਮਜ਼ੋਰ ਹੋਣ ਲੱਗ ਪਵੇ, ਉਸ ਵਾਸਤੇ ਵਿਕਾਸ ਕਰਨਾ ਐਨਾ ਸੌਖਾ ਨਹੀਂ। ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਡੀ ਵਿੱਚੋਂ ਟਰੱਕ ਡਰਾਈਵਰ ਭਰਤੀ ਕਰਨੇ ਹੁੰਦੇ ਹਨ ਪਰ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਸਾਡਾ ਧਿਆਨ ਸਹੀ ਮੁੱਦੇ ਵੱਲ ਜਾਣ ਤੋ ਂਰੋਕੀ ਰੱਖਦਾ ਹੈ। ਅੱਜ ਹਾਲਾਤ ਇਹ ਹਨ ਕਿ ਡਰਾਈਵਰ ਵੈਸਟ ਭਾਵ ਅਲਬਰਟਾ ਵੱਲ ਜਾਣ ਨੂੰ ਤਾਂ ਤਰਜੀਹ ਦੇਂਦੇ ਹਨ ਪਰ ਈਸਟ ਭਾਵ ਓਂਟਾਰੀਓ ਵੱਲ ਜਾਣਾ ਪਸੰਦ ਨਹੀਂ ਕਰਦੇ। ਬਿਜ਼ਨੈਸ ਲਈ ਸਹੀ ਸਹੂਲਤਾਂ ਪੈਦਾ ਕਰਨਾ ਸਰਕਾਰਾਂ ਦਾ ਫਰਜ਼ ਹੈ ਜਿਸ ਨੂੰ ਪੂਰਾ ਕਰਨ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ।’

ਬੁਨਿਆਦੀ ਢਾਂਚਾ: ਪਰਵਾਸੀਆਂ ਦੀ ਲੋੜ ਅਤੇ ਪਰਵਾਸੀਆਂ ਉੱਤੇ ਜੋਰ

ਕੈਨੇਡਾ ਵਿੱਚ ਬੁਨਿਆਦੀ ਢਾਂਚੇ ਦੀਆ ਲੋੜਾਂ ਨੂੰ ਜਾਣਨ ਵਾਸਤੇ ਰੋਡ ਟੂਡੇ ਵੱਲੋਂ ਕਈ ਸ੍ਰੋਤਾਂ ਦੀ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚੋਂ ਕੁੱਝ ਦਿਲਚਸਪ ਨੁਕਤੇ ਸਾਹਮਣੇ ਆਏ। ਕਿਉਂਕਿ ਰੋਡ ਟੂਡੇ ਦਾ ਮੁੱਢਲਾ ਧਿਆਨ ਪਰਵਾਸੀਆਂ ਦੁਆਰਾ ਸੰਚਾਲਿਤ ਟਰੱਕਿੰਗ ਇੰਡਸਟਰੀ ਹੈ, ਇੱਥੇ ਕੁੱਝ ਤੱਥ ਪੇਸ਼ ਕੀਤੇ ਜਾ ਰਹੇ ਹਨ ਜੋ ਦੱਸਦੇ ਹਨ ਕਿ ਕਿਵੇਂ ਪਰਵਾਸੀਆਂ ਦਾ ਆਉਣਾ ਅਤੇ ਪਰਵਾਸੀਆਂ ਦੀ ਸਥਾਪਤੀ ਕੈਨੇਡਾ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮਜ਼ਬੂਰ ਕਰਦੀ ਹੈ:
•   ਵਰਤਮਾਨ ਵਿੱਚ ਢਾਈ ਲੱਖ ਨਵੇਂ ਪਰਵਾਸੀ ਵਿਸ਼ਵ ਦੇ ਵੱਖੋ ਵੱਖਰੇ ਮੁਲਕਾਂ ਵਿੱਚੋਂ ਆ ਕੇ ਕੈਨੇਡਾ ਵੱਸਦੇ ਹਨ ਅਤੇ ਅਰਥ-ਸ਼ਾਸ਼ਤਰੀਆਂ ਮੁਤਾਬਕ ਇਹ ਗਿਣਤੀ ਅਗਲੇ ਪੰਜ ਸਾਲਾਂ ਤੱਕ ਤਿੰਨ ਲੱਖ ਸਾਲਾਨਾ ਹੋ ਜਾਵੇਗੀ। ਨਵੇਂ ਪਰਵਾਸੀਆਂ ਦਾ 63% ਹਿੱਸਾ ਕੈਨੇਡਾ ਦੇ ਤਿੰਨ ਵੱਡੇ ਸ਼ਹਿਰਾਂ ਟੋਰਾਂਟੋ, ਮਾਂਟ੍ਰਿਆਲ, ਵੈਨਕੂਵਰ ਵਿੱਚ ਆ ਕੇ ਵੱਸਦਾ ਹੈ ਜਿੱਥੇ ਪਹਿਲਾਂ ਹੀ ਕੈਨੇਡਾ ਦੀ 35% ਵੱਸੋਂ ਵੱਸਦੀ ਹੈ। ਇਸ ਦਾ ਅਰਥ ਹੈ ਕਿ ਇਹ ਤਿੰਨੇ ਸ਼ਹਿਰ ਅਗਲੇ ਸਾਲਾਂ ਵਿੱਚ ਸੜਕਾਂ ਸਮੇਤ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਨੂੰ ਹੰਢਾਉਣਾ ਜਾਰੀ ਰੱਖਣਗੇ।
•   ਪਰਵਾਸੀਆਂ ਦੇ ਆਉਣ ਨਾਲ ਮਕਾਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਨਸਟਰਕਸ਼ਨ ਗਤੀਵਿਧੀਆਂ ਵਿੱਚ ਬੇਹੱਦ ਵਾਧਾ ਹੋਇਆ ਹੈ ਜਿਸ ਬਦੌਲਤ ਕੈਨੇਡਾ ਜੋ ਵਿਸ਼ਵ ਦੀ 11ਵੀਂ ਵੱਡੀ ਆਰਥਕਤਾ ਹੋਣ ਦੇ ਬਾਵਜੂਦ ਵਿਸ਼ਵ ਦਾ 5ਵਾਂ ਸੱਭ ਤੋਂ ਵੱਡਾ ਕਨਸਟਰਕਸ਼ਨ ਅਰਥਚਾਰਾ ਬਣ ਗਿਆ ਹੈ। ਇਸ ਦੇ ਉਲਟ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਉਸ ਪੱਧਰ ਉੱਤੇ ਨਹੀਂ ਹੋਇਆ ਜਿਸ ਕਾਰਣ ਜਨਸੰਖਿਆ ਦੀਆਂ ਢੋਆ ਢੁਆਈ ਦੀਆਂ ਲੋੜਾਂ ਨੂੰ ਲੈ ਕੇ ਅਸਾਵਾਂਪਣ ਪੈਦਾ ਹੋਇਆ ਹੈ।
•   ਵਿੰਡਸਰ ਤੋਂ ਕਿਉਬਿੱਕ ਦੇ ਬਾਰਡਰ ਤੱਕ ਜਾਂਦੀ 401 ਹਾਈਵੇ ਉੱਤੇ ਓਂਟਾਰੀਓ ਆ ਕੇ ਵੱਸਣ ਵਾਲੇ ਪਰਵਾਸੀਆਂ ਦੀ ਸੱਭ ਤੋਂ ਵੱਧ ਗਿਣਤੀ ਹੁੰਦੀ ਹੈ। 828 ਕਿਲੋਮੀਟਰ ਲੰਬੀ ਇਸ ਸੜਕ ਦੇ ਇਰਦ ਗਿਰਦ ਵੱਸੇ ਸ਼ਹਿਰਾਂ ਵਿੱਚ ਕੈਨੇਡਾ ਦਾ 50% ਦੇ ਕਰੀਬ ਵੱਸੋਂ ਦਾ ਵਾਸਾ ਹੈ ਅਤੇ ਇਹ ਕੈਨੇਡਾ ਦੀਆਂ ਸੱਭ ਤੋਂ ਵੱਧ ਮਸਰੂਫੀਅਤ ਵਾਲੀਆਂ ਸੜਕਾਂ ਵਿੱਚੋਂ ਇੱਕ ਹੈ। ਕਈ ਲੋਕ ਇਸ ਨੂੰ ਫੋਰ-ਓ-ਵਨ ਆਖਣ ਦੀ ਥਾਂ ਫੋਰ-ਓ-ਬੰਦ ਹੀ ਆਖਦੇ ਹਨ।

ਕੀ ਚਾਹੁੰਦਾ ਹੈ ਕੈਨੇਡੀਅਨ ਟਰੱਕਿੰਗ ਅਲਾਇੰਸ

ਜਦੋਂ ਟਰੱਕਿੰਗ ਇੰਡਸਟਰੀ ਦੇ ਹਿੱਤਾਂ ਦੀ ਪੂਰਤੀ ਲਈ ਆਵਾਜ ਚੁੱਕਣ ਦੀ ਗੱਲ ਆਉਂਦੀ ਹੈ ਤਾਂ ਕੈਨੇਡੀਅਨ ਟਰੱਕਿੰਗ ਅਲਾਇੰਸ ਦਾ ਨਾਮ ਮੋਹਰੀ ਰੂਪ ਵਿਚ ਸਾਹਮਣੇ ਆਉਂਦਾ ਹੈ। ਇਹ ਅਲਾਇੰਸ ਕੈਨੇਡਾ ਭਰ ਦੀਆਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸੀਏਸ਼ਨਾਂ ਦੀ ਫੈਡਰੇਸ਼ਨ ਹੈ ਜਿਸ ਦੀ ਮੈਂਬਰਸ਼ਿਪ ਕੈਨੇਡਾ ਦੀਆਂ 4500 ਤੋਂ ਵੱਧ ਕੰਪਨੀਆਂ ਨੇ ਹਾਸਲ ਕੀਤੀ ਹੋਈ ਹੈ। ਅਲਾਇੰਸ ਮੁਤਾਬਕ ਕੈਨੇਡਾ ਦੀ ਟਰਕਿੰਗ ਇੰਡਸਟਰੀ 4 ਲੱਖ ਕੈਨੇਡੀਅਨਾਂ ਨੂੰ ਸਿੱਧੇ ਰੂਪ ਵਿਚ ਰੁਜਗਾਰ ਦੇਂਦੀ ਹੈ ਜਿਸ ਵਿੱਚ 3 ਲੱਖ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਹਨ। ਕੈਨੇਡਾ ਲਈ 2019-2020 ਵਿੱਚ ਬੁਨਿਆਦੀ ਢਾਂਚੇ ਦੀਆਂ ਕਿਹੋ ਜਿਹੀਆਂ ਪਹਿਲਤਾਵਾਂ ਹੋਣੀਆਂ ਚਾਹਦੀਆਂ ਹਨ, ਇਸ ਬਾਬਤ ਕੈਨੇਡੀਅਨ ਟਰਕਿੰਗ ਇੰਡਸਟਰੀ ਨੇ ਇੱਕ ਪਾਲਸੀ ਦਸਤਾਵੇਜ ਤਿਆਰ ਕੀਤਾ ਜਿਸ ਦੇ ਕੁੱਝ ਅਹਿਮ ਅੰਸ਼ ਪੇਸ਼ ਕੀਤੇ ਜਾ ਰਹੇ ਹਨ:
•   ਕਿਉਬਿੱਕ ਅਤੇ ਐਟਲਾਂਟਿਕ ਕੈਨੇਡਾ ਵਿੱਚ ਰੂਟ 185 ਉੱਤੇ Saint-Antonin ਤੋਂ Saint-Louis-du-Ha ਤੱਕ, ਹਾਈਵੇ 85/ਰੋਡ 185 ਉੱਤੇ Rivi èredu-Loup (in Quèbec) ਅਤੇ Edmundston (in New-Brunswick) ਦਰਮਿਆਨ ਸੜਕਾਂ ਤਿਆਰ ਕਰਨੀਆਂ।
• ਓਂਟਾਰੀਓ ਵਿੱਚ ਗਰੇਟਰ ਟੋਰਾਂਟੋ ਏਰੀਆ ‘ਚ ਪੈਂਦੀਆਂ ਹਾਈਵੇ ਵਿਸ਼ੇਸ਼ ਕਰ ਕੇ ਹਾਈਵੇ 401 ਦਾ ਵਿਸਥਾਰ। ਨੌਰਥਰਨ ਓਂਟਾਰੀਓ ਵਿੱਚ ਬੁਨਿਆਦੀ ਢਾਂਚੇ ਦਾ ਵਿਸਥਾਰ ਵਿਸ਼ੇਸ਼ ਕਰ ਕੇ ਹਾਈਵੇ 11 ਅਤੇ 17 ਉੱਤੇ ਪੈਂਦੇ ਪੁੱਲਾਂ ਅਤੇ ਮਲਟੀ-ਲੇਨਾਂ ਦੀ ਦਰੁਸਤੀ ਲਈ ਪਹਿਲ ਦੇ ਆਧਾਰ ਉੱਤੇ ਧਿਆਨ ਦੇਣਾ।
• ਮੇਨੀਟੋਬਾ ਵਿੱਚ ਟਰਾਂਸ-ਕੈਨੇਡਾ ਹਾਈਵੇ ਉੱਤੇ ਪੈਂਦੇ Headingley Bypass, ਹਾਈਵੇ 75 ਉੱਤੇ ਪੈਂਦੇ  St Norbert Bypass, ਰੂਟ 90 ਉੱਤੇ Chief Peguis ਐਕਸਟੈਨਸ਼ਨ ਨੂੰ ਨਵਿਆਉਣਾ ਅਤੇ Kenaston Boulevard ਨੂੰ ਚੌੜਾ ਕਰਨਾ ਸ਼ਾਮਲ ਹੈ।
• ਸਸਕੈਚਵਨ ਵਿੱਚ ਹਾਈਵੇ 16 ਅਤੇ ਹਾਈਵੇ 1 ਦੇ ਕਈ ਅਹਿਮ ਹਿੱਸਿਆ ਨੂੰ ਸਿੰਗਲ ਲੇਨ ਤੋਂ ਦੋ ਜਾਂ ਵੱਧ ਲੇਨ ਵਾਲਾ ਬਣਾਉਣਾ।
• ਅਲਬਰਟਾ ਵਿੱਚ ਨੌਰਥ ਈਸਟਰਨ ਕੌਰੀਡੋਰ ਤੋਂ ਫੋਰਟ ਮੈਕਮਰੀ ਦੇ ਇਲਾਕੇ ਵਿੱਚ ਪਾਈਆਂ ਜਾਂਦੀਆਂ ਬੁਨਿਆਦੀ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਜਿਸ ਵਿੱਚ ਗਰਾਸ ਲੈਂਡ ਤੋਂ ਐਡਮਿੰਟਨ ਅਤੇ ਹਾਈਵੇ 63 ਦੇ ਹਿੱਸਿਆਂ ਨੂੰ ਮਜ਼ਬੂਤ ਕਰਨਾ।
• ਬ੍ਰਿਟਿਸ਼ ਕੋਲੰਬੀਆ ਵਿੱਚ ਟਰਾਂਸ ਕੈਨੇਡਾ ਹਾਈਵੇ # 1 ਨੂੰ ਲੈਂਗਲੀ ਵਿੱਚ Hope ਤੋਂ 264 St. ਤੱਕ ਛੇ ਲੇਨ ਬਣਾਉਣਾ, George Massey Tunnel  ਨੂੰ ਬਦਲਣਾ ਸ਼ਾਮਲ ਹੈ।
• ਟਰੱਕ ਪਾਰਕਿੰਗ ਦਾ ਮੁੱਦਾ: ਹੁਣ ਜਦੋਂ ਕੈਨੇਡਾ ਅਤੇ ਅਮਰੀਕਾ ਵੱਲੋਂ ਇਲੈਕਟਰਾਨਿਕ ਲੌਗਿੰਗ ਡੀਵਾਈਸਜ਼ (ELDs) ਲਾਗੂ ਕਰਨਾ ਲਾਜ਼ਮੀ ਬਣਾਇਆ ਜਾ ਰਿਹਾ ਹੈ, ਟਰੱਕ ਡਰਾਈਵਰਾਂ ਦੀ ਸਹੂਲਤ ਵਾਸਤੇ ਪਾਰਕਿੰਗ ਦੀਆਂ ਸੁਵਿਧਾਵਾਂ ਨੂੰ ਸੁਧਾਰਨਾ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ। ਫੈਡਰਲ ਸਰਕਾਰ ਨੂੰ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਮਿਲ ਕੇ ਕੈਨੇਡਾ ਦੇ ਹਾਈਵੇ ਸਿਸਟਮ ਉੱਤੇ ਪਾਰਕਿੰਗ ਸੁਵਿਧਾਵਾਂ ਪੈਦਾ ਕਰਨ ਦੀ ਲੋੜ ਹੈ।

ਜਗਦੀਪ ਕੈਲੇ

ਲੇਖਕ ਬਾਰੇ:
ਜਗਦੀਪ ਕੈਲੇ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਨਾਲ ਇੱਕ ਦਹਾਕੇ ਤੋਂ ਵੱਧ ਅਰਸੇ ਤੋਂ ਸਰਗਰਮੀ ਨਾਲ ਜੁੜੇ ਹੋਏ ਹਨ। ਫੈਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ਬਾਰੇ ਲਿਖਣ ਦਾ ਗਹਿਰਾ ਅਨੁਭਵ ਹੈ। ਕੈਨੇਡਾ ਵਿੱਚ ਨਵੇਂ ਪਰਵਾਸੀਆਂ ਦੀ ਸਥਾਪਤੀ ਲਈ ਕੰਮ ਕਰਨ ਤੋਂ ਇਲਾਵਾ ਉਹ ਲੋੜਵੰਦ ਵਿਅਕਤੀਆਂ ਅਤੇ ਅਨਾਥ ਬੱਚਿਆਂ ਦੀ ਬਿਹਤਰੀ ਲਈ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕਰਨ ਦਾ ਲੰਬਾ ਤਜੁਰਬਾ ਰੱਖਦੇ ਹਨ। ਜਗਦੀਪ ਕੈਲੇ ਨਾਲ jkailey@roadtoday.com ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।