ਟਰੱਕਿੰਗ ਇੰਡਸਟਰੀ ਵਿੱਚ ਪੈਰ ਜਮਾਉਣ ਲਈ ਜੂਝਦੀਆਂ ਔਰਤਾਂ

 

ਟਰੱਕ ਡਰਾਈਵਰ ਕਮਲ ਨੱਤ 

ਟੋਰਾਂਟੋ ਵਿੱਚ ਸਥਿਤ ਰਾਇਰਸਨ ਯੂਨੀਵਰਸਿਟੀ ਲਈ ਤਿਆਰ ਕੀਤੇ ਗਏ ਇੱਕ ਖੋਜ ਪੱਤਰ ਵਿੱਚ ਬਸ਼ਿੰਦਰ ਗਿੱਲ ਕੋਲ ਇੱਕ ਪੰਜਾਬਣ ਟਰੱਕ ਡਰਾਈਵਰ ਨੇ ਇੰਕਸ਼ਾਫ ਕੀਤਾ ਕਿ ਬੱਚਿਆਂ ਨੂੰ ਘਰ ਛੱਡ ਕੇ ਟਰੱਕ ਡਰਾਈਵਿੰਗ ਕਰਨਾ ਔਖਾ ਹੁੰਦਾ ਹੈ ਪਰ ਜਦੋਂ ਤੁਸੀਂ ਵੇਖਦੇ ਹੋ ਕਿ ਪਤੀ ਨਾਲ ਦੋ ਸਾਲ ਟਰੱਕ ਚਲਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਤੋਰ ਸਕਦੇ ਹੋ ਤਾਂ ਇਹ ਪੇਸ਼ਾ ਕਾਫ਼ੀ ਦਿਲ ਲੁਭਾਵਣਾ ਜਾਪਦਾ ਹੈ। ਬਸ਼ਿੰਦਰ ਗਿੱਲ ਵੱਲੋਂ 2013 ਵਿੱਚ ‘ਗਰੇਟਰ ਟੋਰਾਂਟੋ ਏਰੀਆ ਦੀ ਟਰੱਕਿੰਗ ਇੰਡਸਟਰੀ ਵਿੱਚ ਪੰਜਾਬੀ ਪਰਵਾਸੀ ਔਰਤਾਂ’ ਨਾਮਕ ਸਟੱਡੀ ਇੱਕੋ ਇੱਕ ਯਤਨ ਹੈ ਜੋ ਟਰੱਕਿੰਗ ਇੰਡਸਟਰੀ ਵਿੱਚ ਪੰਜਾਬੀ ਔਰਤਾਂ ਦੇ ਸਥਾਨ ਦੀ ਨਿਸ਼ਾਨਦੇਹੀ ਕਰਨ ਲਈ ਕੀਤਾ ਗਿਆ ਹੋਵੇਗਾ। ਇੰਮੀਗਰੇਸ਼ਨ ਅਤੇ ਸੈਟਲਮੈਂਟ ਪ੍ਰੋਗਰਾਮ ਵਿੱਚ ਮਾਸਟਰ ਆਫ਼ ਆਰਟਸ ਦੀ ਡਿਗਰੀ ਹਾਸਲ ਕਰਨ ਲਈ ਕੀਤੀ ਗਈ ਪੰਜਾਬੀ ਔਰਤਾਂ ਬਾਬਤ ਇਸ ਸਟੱਡੀ ਵਿੱਚ ਕਈ ਦਿਲਚਸਪ ਤੱਥ ਸਾਹਮਣੇ ਆਉਣ ਦੇ ਬਾਵਜੂਦ ਇਸ ਵਿੱਚੋਂ ਪੰਜਾਬਣਾਂ ਦੀ ਟਰੱਕਿੰਗ ਇੰਡਸਟਰੀ ਵਿੱਚ ਸਮੁੱਚੀ ਤਸਵੀਰ ਉੱਘੜਕੇ ਸਾਹਮਣੇ ਨਹੀਂ ਆਉਂਦੀ। ਇਹ ਚੁਣੌਤੀ ਅੱਜ ਤੱਕ ਵੀ ਜਾਰੀ ਹੈ।

ਬਰਾਬਰ ਹੋਣ ਦੇ ਬਾਵਜੂਦ ਨਾ ਬਰਾਬਰੀ: ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਵਾਹਦ ਇੱਕ ਅਜਿਹਾ ਸੈਕਟਰ ਹੈ ਜਿਸ ਬਾਰੇ ਕਿਹਾ ਜਾ ਸਕਦਾ ਹੈ ਜਿੱਥੇ ਹੋਰਾਂ ਸੈਕਟਰਾਂ ਦੇ ਮੁਕਾਬਲੇ ਔਰਤ-ਮਰਦ ਨੂੰ ਮਿਲਣ ਵਾਲੇ ਇਵਜਾਨੇ ਵਿੱਚ ਕੋਈ ਅੰਤਰ ਨਹੀਂ ਪਾਇਆ ਜਾਂਦਾ। ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਾਲ 2018 ਦੇ ਅੰਕੜਿਆਂ ਦੀ ਪੁਣਛਾਣ ਕੀਤਿਆਂ ਪਤਾ ਚੱਲਦਾ ਹੈ ਕਿ ਕੈਨੇਡਾ ਵਿੱਚ ਜੇਕਰ ਮਰਦ 31 ਡਾਲਰ 5 ਸੈਂਟ ਪ੍ਰਤੀ ਘੰਟਾ ਕਮਾਉਂਦਾ ਹੈ ਤਾਂ ਉਹੋ ਜਿਹੀਆਂ ਸਥਿਤੀਆਂ ਵਿੱਚ ਉੱਨੀ ਹੀ ਵਿੱਦਿਅਕ ਅਤੇ ਪ੍ਰੋਫੈਸ਼ਨਲ ਲਿਆਕਤ ਅਤੇ ਅਨੁਭਵ ਰੱਖਣ ਵਾਲੀ ਔਰਤ ਮੁਲਾਜ਼ਮ ਨੂੰ 5 ਡਾਲਰ ਪ੍ਰਤੀ ਘੰਟਾਂ ਘੱਟ ਵੇਤਨ ਮਿਲਦਾ ਹੈ। ਪ੍ਰੋਫੈਸ਼ਨਲ ਟਰੱਕ ਡਰਾਈਵਰ ਔਰਤਾਂ ਦੇ ਕੇਸ ਵਿੱਚ ਅਜਿਹਾ ਵੇਖਣ ਨੂੰ ਨਹੀਂ ਮਿਲਦਾ ਬਲਕਿ ਔਰਤਾਂ ਨੂੰ ਲਗਭੱਗ ਮਰਦਾਂ ਦੇ ਬਰਾਬਰ ਤਨਖਾਹ ਮਿਲਦੀ ਹੈ। ਇਸਦੇ ਬਾਵਜੂਦ ਕੌੜਾ ਸੱਚ ਇਹ ਹੈ ਕਿ ਕੈਨੇਡਾ ਵਿੱਚ ਔਰਤਾਂ ਕੁੱਲ ਲੋਂਗ-ਹੌਲ ਡਰਾਈਵਰ, ਮਕੈਨਿਕ ਅਤੇ ਕਾਰਗੋ ਵਰਕ ਫੋਰਸ ਦਾ ਸਿਰਫ਼ 3% ਹਿੱਸਾ ਬਣਦੀਆਂ ਹਨ। ਵਰਨਣਯੋਗ ਹੈ ਕਿ ਔਰਤਾਂ ਕੈਨੇਡਾ ਦੀ ਕੁੱਲ ਵਰਕ ਫੋਰਸ ਦਾ 48% ਹਿੱਸਾ ਹਨ। ਟਰੱਕਿੰਗ ਜਿੱਥੇ ਕੈਨੇਡਾ ਵਿੱਚ ਅਗਲੇ ਦੋ ਸਾਲਾਂ ਵਿੱਚ 35 ਤੋਂ 40 ਹਜ਼ਾਰ ਟਰੱਕ ਡਰਾਈਵਰਾਂ ਦੀ ਘਾਟ ਹੋਣ ਦਾ ਖਦਸ਼ਾ ਹੈ, ਉੱਥੇ ਕੈਨੇਡਾ ਦੀ ਜਨਸੰਖਿਆ ਦੇ 50% ਹਿੱਸੇ ਦਾ ਇਸ ਸੈਕਟਰ ਵਿੱਚੋਂ ਗੈਰਹਾਜ਼ਰ ਹੋਣਾ ਕਈ ਸੁਆਲ ਖੜ੍ਹੇ ਕਰਦਾ ਹੈ।

ਸੌਖਾ ਨਹੀਂ ਸਮਾਜਕ ਪਰਵਾਨਗੀ ਦੇ ਦਾਇਰੇ ਨੂੰ ਤੋੜਨਾ: ਉਪਰੋਕਤ ਜ਼ਿਕਰ ਕੀਤੀ ਗਈ ਬਸ਼ਿੰਦਰ ਗਿੱਲ ਦੀ 2013 ਦੀ ਖੋਜ ਇੱਕ ਤੱਥ ਨੂੰ ਬਹੁਤ ਸਪੱਸ਼ਟ ਤਰੀਕੇ ਸਾਹਮਣੇ ਲਿਆਉਂਦੀ ਹੈ ਕਿ ਪੰਜਾਬੀ ਟਰੱਕ ਡਰਾਈਵਰ ਔਰਤਾਂ 100% ਸ਼ਾਦੀਸ਼ੁਦਾ ਸਨ ਅਤੇ ਉਹ ਸਾਰੀਆਂ ਹੀ ਇਸ ਗੱਲ ਤੋਂ ਤਸੱਲੀ ਲੈਂਦੀਆਂ ਸਨ ਕਿ ਉਨ੍ਹਾਂ ਦੇ ਜਾਣ ਪਹਿਚਾਣ ਵਿੱਚ ਰਿਸ਼ਤੇਦਾਰ ਦੋਸਤ ਮਿੱਤਰਾਂ ਦੇ ਦਾਇਰੇ ਵਿੱਚ ਹੋਰ ਕਿੰਨੀਆਂ ਹੀ ਸ਼ਾਦੀਸ਼ੁਦਾ ਔਰਤਾਂ ਆਪਣੇ ਪਤੀਆਂ ਨਾਲ ਟਰੱਕ ਚਲਾਉਂਦੀਆਂ ਹਨ। ਬੇਸ਼ੱਕ ਅੱਜ ਇਸ ਸਥਿਤੀ ਨੂੰ ਕਈ ਨਵੀਂ ਊਮਰ ਦੀਆਂ ਕੈਨੇਡੀਅਨ-ਪੰਜਾਬੀ ਲੜਕੀਆਂ ਅਤੇ ਅੰਤਰਰਾਸ਼ਟਰੀ ਵਿੱਦਿਆਰਥਣਾਂ ਵੱਲੋਂ ਟਰੱਕ ਡਰਾਈਵਰ ਬਣਨ ਤੋਂ ਬਾਅਦ ਚੁਣੌਤੀ ਦਿੱਤੀ ਗਈ ਹੈ ਪਰ ਤਾਂ ਵੀ ਕੈਨੇਡਾ ਵੱਸਦੇ ਪੰਜਾਬੀ ਸਮਾਜ ਦਾ ਤਾਣਾ ਬਾਣਾ ਅਜਿਹਾ ਹੈ ਜਿੱਥੇ ਔਰਤ ਤੋਂ ਕੁੱਝ ਖਾਸ ਕਿਸਮ ਦੀਆਂ ਨੌਕਰੀਆਂ ਕਰਨ ਨੂੰ ਵਧੇਰੇ ਸਮਾਜਕ ਪਰਵਾਨਗੀ ਦਿੱਤੀ ਜਾਂਦੀ ਹੈ।

ਔਰਤਾਂ ਬਨਾਮ ਮਰਦ: ਟਰੱਕਿੰਗ ਪੇਸ਼ੇ ਦਾ ਹੋਰ ਪ੍ਰੋਫੈਸ਼ਨਾਂ ਮੁਕਾਬਲੇ ਸਥਾਨ: Pew Research Center  ਵੱਲੋਂ ਕੀਤੀ ਗਈ ਇੱਕ ਖੋਜ ਮੁਤਾਬਕ ਬੇਸ਼ੱਕ ਔਰਤਾਂ ਦੁਆਰਾ ਨੌਕਰੀ ਕਰਨ ਦੇ ਰੁਝਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 2000 ਦੇ ਕਰੀਬ ਬਾਲਗਾਂ ਉੱਤੇ ਕੀਤੇ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ  59% ਔਰਤਾਂ ਦਾ ਯਕੀਨ ਹੈ ਕਿ ਬੱਚਾ ਹੋਣ ਤੋਂ ਬਾਅਦ ਪ੍ਰੋਫੈਸ਼ਨਲ ਕਿੱਤੇ ਵਿੱਚ ਤਰੱਕੀ ਕਰਨਾ ਔਖਾ ਹੋ ਜਾਂਦਾ ਹੈ ਜਦੋਂ ਕਿ 81% ਮਰਦਾਂ ਦਾ ਮੰਨਣਾ ਹੈ ਕਿ ਬੱਚੇ ਦਾ ਹੋਣਾ ਉਨ੍ਹਾਂ ਦੇ ਕੈਰੀਅਰ ਉੱਤੇ ਕੋਈ ਪ੍ਰਭਾਵ ਨਹੀਂ ਪਾਉਂਦਾ। ਇਸਦੇ ਉਲਟ ਅਮਰੀਕਾ ਵਿੱਚ ਕੌਮੀ ਪੱਧਰ ਦੀ Third Way  ਨਾਮਕ ਸੰਸਥਾ ਵੱਲੋਂ ਕੀਤੀ ਖੋਜ ਦੱਸਦੀ ਹੈ ਕਿ ਹਰ ਬੱਚਾ ਹੋਣ ਤੋਂ ਬਾਅਦ ਕੰਮਕਾਜੀ ਔਰਤ ਦੀ ਡਾਲਰ ਕਮਾਉਣ ਦੀ ਸਮਰੱਥਾ 4% ਘੱਟ ਹੋ ਜਾਂਦੀ ਹੈ ਜਦੋਂ ਕਿ ਮਰਦਾਂ ਦੇ ਕੇਸ ਵਿੱਚ ਹਰ ਬੱਚੇ ਤੋਂ ਬਾਅਦ ਕਮਾਈ ਵਿੱਚ 6% ਵਾਧਾ ਹੁੰਦਾ ਹੈ। 2017 ਵਿੱਚ Leanln.Org  ਅਤੇ McKinsey  ਦੁਆਰਾ ਕੀਤੀ ਗਈ ਸਟੱਡੀ ਵਿੱਚ ਸਾਹਮਣੇ ਆਇਆ ਕਿ 39% ਔਰਤਾਂ ਮੰਨਦੀਆਂ ਹਨ ਕਿ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੇ ਕੈਰੀਅਰ ਨੂੰ ਬਰੇਕਾਂ ਲੱਗਣੀਆਂ ਸੁਭਾਵਿਕ ਹਨ। ਇਹ ਅੰਕੜੇ ਸਿੱਧ ਕਰਦੇ ਹਨ ਕਿ ਜੇਕਰ ਕੈਨੇਡੀਅਨ ਲੇਬਰ ਫੋਰਸ ਵਿੱਚ ਔਰਤਾਂ ਨੂੰ ਪਰਿਵਾਰ ਸੰਭਾਲਣ ਦੀ ਜੁੰਮੇਵਾਰੀ ਕਾਰਣ ਦਿੱਕਤਾਂ ਹਨ ਤਾਂ ਟਰੱਕ ਡਰਾਈਵਰ ਔਰਤ ਨੂੰ ਕਿੰਨੀਆਂ  ਜਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ।

ਔਰਤਾਂ ਦਾ ਦਿਮਾਗੀ ਅਤੇ ਚੇਤਨਾ ਪੱਧਰ ਉੱਤੇ ਮਰਦਾਂ ਮੁਕਾਬਲੇ ਵਧੇਰੇ ਚੇਤੰਨ ਹੋਣਾ: ਇਹ ਗੱਲ ਬੇਸ਼ੱਕ ਥੋੜ੍ਹੀ ਅਜੀਬ ਜਾਪੇ ਪਰ ਔਰਤਾਂ ਦੇ ਟਰੱਕਿੰਗ ਇੰਡਸਟਰੀ ਵਿੱਚ ਘੱਟ ਦਾਖ਼ਲ ਹੋਣ ਪਿੱਛੇ ਉਨ੍ਹਾਂ ਦਾ ਮਾਨਸਿਕ ਪੱਧਰ ਉੱਤੇ ਮਰਦਾਂ ਦੇ ਮੁਕਾਬਲੇ ਵਧੇਰੇ ਸਿਆਣਾ ਅਤੇ ਪਰਪੱਕ ਹੋਣਾ ਵੀ ਹੋ ਸਕਦਾ ਹੈ। ਮਨੁੱਖੀ ਮਾਨਸਿਕਤਾ ਦਾ ਪ੍ਰੋਫੈਸ਼ਨਲ ਜੀਵਨ ਉੱਤੇ ਪੈਂਦੇ ਪ੍ਰਭਾਵ ਬਾਰੇ ਰਿਪੋਰਟਾਂ ਤਿਆਰ ਕਰਨ ਲਈ ਵਿਸ਼ਵ ਭਰ ਵਿੱਚ ਜਾਣੀ ਜਾਂਦੀ ਕੰਪਨੀ Talent Smart ਵੱਲੋਂ 10 ਲੱਖ ਲੋਕਾਂ ਉੱਤੇ ਕੀਤੇ ਸਰਵੇਖਣ ਤੋਂ ਬਾਅਦ ਸਿੱਟਾ ਕੱਢਿਆ ਗਿਆ ਕਿ ਭਾਵਨਾਤਮਕ ਸੂਝ ਬੂਝ ਵਿੱਚ ਔਰਤਾਂ ਦਾ ਮਰਦਾਂ ਨਾਲੋਂ ਹੱਥ ਉੱਚਾ ਹੁੰਦਾ ਹੈ। ਇਸ ਖੋਜ ਮੁਤਾਬਕ ਔਰਤਾਂ ਜੀਵਨ ਦੇ ਲੰਬੇ ਦਾਈਏ ਨੂੰ ਸਾਹਮਣੇ ਰੱਖ ਕੇ ਫੈਸਲੇ ਕਰਨ ਵਿੱਚ ਮਰਦ ਨਾਲੋਂ ਵਧੇਰੇ ਸਿਆਣੀਆਂ ਹੁੰਦੀਆਂ ਹਨ। ਇਸੇ ਕਰਕੇ ਸ਼ਾਇਦ ਉਹ ਕੈਰੀਅਰ ਨਾਲੋਂ ਪਰਿਵਾਰ ਅਤੇ ਬੱਚਿਆਂ ਨੂੰ ਸੰਭਾਲਣ ਵੱਲ ਵੱਧ ਤਰਜੀਹ ਦੇਂਦੀਆਂ ਹਨ ਕਿਉਂਕਿ ਦੂਰਦ੍ਰਿਸ਼ਟੀ ਦੇ ਲਿਹਾਜ ਨਾਲ ਮਨੁੱਖੀ ਜੀਵਨ ਨੂੰ ਸਥਿਤਰਤਾ ਦੇਣ ਵਿੱਚ ਪਰਿਵਾਰ ਦਾ ਅਹਿਮ ਰੋਲ ਹੁੰਦਾ ਹੈ। ਟਰੱਕਿੰਗ ਇੰਡਸਟਰੀ ਖਾਸ ਕਰਕੇ ਡਰਾਈਵਿੰਗ ਪੇਸ਼ੇ ਦਾ ਇਹ ਸੰਕਟ ਹੈ ਕਿ ਇਸ ਵਿੱਚ ਲੰਬੇ ਸਮੇਂ ਤੱਕ ਟਿਕੇ ਰਹਿਣਾ ਔਖਾ ਹੁੰਦਾ ਹੈ। ਇਸ ਤੱਥ ਨੂੰ ਮਰਦਾਂ ਨਾਲੋਂ ਔਰਤਾਂ ਵਧੇਰੇ ਸਮਝਦੀਆਂ ਹਨ ਅਤੇ ਉਹ ਐਸੀ ਇੰਡਸਟਰੀ ਵਿੱਚ ਸ਼ਾਮਲ ਹੋਣੋਂ ਬਚਾਅ ਕਰ ਜਾਂਦੀਆਂ ਹਨ ਜੋ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਦੇ ਉਦੇਸ਼ ਨਾਲ ਮੇਲ ਨਾ ਖਾਂਦੀ ਹੋਵੇ।

ਔਰਤਾਂ ਲਈ ਟਰੱਕਿੰਗ ਇੰਡਸਟਰੀ ਨਾਲ ਸਬੰਧਿਤ ਵਿਸ਼ੇਸ਼ ਮੁਸ਼ਕਲਾਂ: ਟਰੱਕਿੰਗ ਇੰਡਸਟਰੀ ਬਾਰੇ ਇੱਕ ਆਮ ਧਾਰਨਾ ਹੈ ਕਿ ਇਹ ਮਰਦਾਂ ਦਾ ਪੇਸ਼ਾ ਹੈ ਅਤੇ ਇਸ ਧਾਰਨਾ ਨੂੰ ਤੋੜਨਾ ਬਹੁਤ ਔਖਾ ਕੰਮ ਸਾਬਤ ਹੋ ਰਿਹਾ ਹੈ। ਬੇਸ਼ੱਕ ਇਹ ਧਾਰਨਾ ਕਿਸੇ ਸਾਇੰਟਿਫਿਕ ਤੱਥ ਉੱਤੇ ਆਧਾਰਿਤ ਨਹੀਂ ਹੈ ਪਰ ਤਾਂ ਵੀ ਮੰਨ ਲਿਆ ਜਾਂਦਾ ਹੈ ਕਿ ਟਰੱਕ ਚਲਾਉਣਾ ਔਰਤਾਂ ਲਈ ਔਖਾ ਹੋ ਸਕਦਾ ਹੈ ਖਾਸ ਕਰਕੇ ਜਦੋਂ ਲੋਂਗ-ਹੌਲ ਉੱਤੇ ਤੁਹਾਨੂੰ 12 ਤੋਂ 14 ਦਿਨ ਬਾਹਰ ਰਹਿਣਾ ਪੈ ਸਕਦਾ ਹੈ। ਘਰ ਬੱਚੇ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਖਿਆਲ ਕਰਨਾ ਲੋੜ ਨਹੀਂ ਸਗੋਂ ਮਜਬੂਰੀ ਹੁੰਦੀ ਹੈ। ਸੜਕ ਉੱਤੇ ਸਿਹਤ ਖਰਾਬ ਹੋਣ ਦੀ ਸੂਰਤ ਵਿੱਚ ਪੈਦਾ ਹੋਣ ਵਾਲੀ ਮੁਸ਼ਕਲ ਦਾ ਕਿਸੇ ਕੋਲ ਕੋਈ ਬਣਦਾ ਹੱਲ ਨਹੀਂ ਹੈ। ਟਰੱਕਿੰਗ ਇੰਡਸਟਰੀ ਹਾਲੇ ਇਸ ਪੜਾਅ ਉੱਤੇ ਨਹੀਂ ਪੁੱਜੀ ਕਿ ਟਰੱਕ ਸ਼ਾਪਾਂ ਉੱਤੇ ਔਰਤਾਂ ਲਈ ਬਣਦੀਆਂ ਸਹੂਲਤਾਂ ਪੈਦਾ ਕਰ ਸਕੀ ਹੋਵੇ ਜਿਸ ਵਿੱਚ ਵਾਸ਼ਰੂਮਾਂ ਦੀ ਸਫ਼ਾਈ ਅਤੇ ਖਾਣੇ ਦੀਆਂ ਸਹੂਲਤਾਂ ਸ਼ਾਮਲ ਹਨ। ਇੰਡਸਟਰੀ ਦੇ ਪੁਰਾਣੇ ਸੀਨੀਅਰ ਮੈਨੇਜਰਾਂ ਦੀ ਇਹ ਧਾਰਨਾ ਤੋੜਨਾ ਵੀ ਇੱਕ ਚੁਣੌਤੀ ਹੈ ਕਿ ਔਰਤਾਂ ਵੀ ਮਰਦਾਂ ਬਰਾਬਰ ਕੰਮ ਸਕਦੀਆਂ ਹਨ। ਜੇ ਸੀਨੀਅਰ ਮੈਨੇਜਰਾਂ ਦੀਆਂ ਮਨੋਧਾਰਨਾਵਾਂ ਨੂੰ ਇੱਕ ਪਲ ਲਈ ਲਾਂਭੇ ਰੱਖ ਦਿੱਤਾ ਜਾਵੇ, ਟਰੱਕਿੰਗ ਇੰਡਸਟਰੀ ਵਿੱਚ ਟਰੱਕ ਡਰਾਈਵਰਾਂ ਅਤੇ ਡਿਸਪੈਚਰਾਂ ਦਰਮਿਆਨ ਹੋਣ ਵਾਲਾ ਸਾਧਾਰਨ ਰਿਸ਼ਤਾ ਵੀ ਰੱਬ ਦਾ ਕਹਿਰ ਨਾਜ਼ਲ ਹੋਣ ਵਾਲਾ ਬਣ ਚੁੱਕਾ ਹੈ। ਬਹੁਤ ਘੱਟ ਟਰੱਕ ਡਰਾਈਵਰ ਹੋਣਗੇ ਜਿਹੜੇ ਡਿਸਪੈਚਰਾਂ ਹੱਥੋਂ ਤੰਗ ਹੋਣ ਦੀ ਕਹਾਣੀ ਦੇ ਜ਼ਾਮਨ ਨਹੀਂ ਹੋਣਗੇ। ਔਰਤ ਡਰਾਈਵਰ ਹੋਣ ਦੀ ਸੂਰਤ ਵਿੱਚ ਇਹ ਸਬੰਧ ਹੋਰ ਵੀ ਪਰੇਸ਼ਾਨੀ ਵਾਲਾ ਬਣ ਜਾਂਦਾ ਹੈ। ਬੇਸ਼ੱਕ ਕੰਮ ਦੇ ਸਥਾਨ ਭਾਵ ਵਰਕਪਲੇਸ ਉੱਤੇ ਕਿਸੇ ਕਿਸਮ ਦੀ ਧੱਕੇਸ਼ਾਹੀ, ਮਾਨਸਿਕ ਜਾਂ ਸਰੀਰਕ ਸੋਸ਼ਣ ਨੂੰ ਰੋਕਣ ਲਈ ਫੈਡਰਲ ਪੱਧਰ ਉੱਤੇ ਕਾਨੂੰਨ 2017 ਵਿੱਚ ਬਣ ਗਿਆ ਸੀ ਪਰ ਜ਼ਮੀਨੀ ਪੱਧਰ ਉੱਤੇ ਇਸਦਾ ਪ੍ਰਭਾਵ ਹਾਲੇ ਬਹੁਤਾ ਵੇਖਣ ਨੂੰ ਨਹੀਂ ਮਿਲਿਆ ਖਾਸ ਕਰਕੇ ਟਰੱਕਿੰਗ ਇੰਡਸਟਰੀ ਵਿੱਚ ਜਿੱਥੇ ਕੰਮ ਕਰਨ ਦੀਆਂ ਸਥਿਤੀਆਂ ਦਿਨ ਰਾਤ, ਇਕਾਂਤ ਅਤੇ ਵੇਲੇ ਕੁਵੇਲੇ ਦੇ ਪ੍ਰਭਾਵ ਤੋਂ ਨਿਰਲੇਪ ਨਹੀਂ ਹਨ।

ਪੰਜਾਬੀ ਗੜ੍ਹ ਵਾਲੇ ਇਲਾਕਿਆਂ ਤੋਂ ਬਾਹਰ ਮੁਸ਼ਕਲਾਂ ਹੋਰ ਵੀ ਵੱਧ: ਬਸ਼ਿੰਦਰ ਗਿੱਲ ਦੀ ਰਾਇਰਸਨ ਯੂਨੀਵਰਸਿਟੀ ਲਈ ਗਰੇਟਰ ਟੋਰਾਂਟੋ ਏਰੀਆ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਖੋਜ ਦੱਸਦੀ ਹੈ ਕਿ ਜਿਨ੍ਹਾਂ ਇਲਾਕਿਆਂ ਜਿਵੇਂ ਬਰੈਂਪਟਨ, ਮਿਸੀਸਾਗਾ ਵਿੱਚ ਵੱਸਦੀਆਂ ਪੰਜਾਬੀ ਔਰਤਾਂ ਨੂੰ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸੌਖਾ ਹੈ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਲੋਕ ਟਰੱਕਿੰਗ ਇੰਡਸਟਰੀ ਵਿੱਚ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਵਿੱਚ ਪਰਿਵਾਰਾਂ ਦਾ ਇੱਕੋ ਜਿਹੀਆਂ ਪ੍ਰਸਥਿਤੀ ਵਿੱਚ ਜਿਉਣਾ ਟਰੱਕਿੰਗ ਪ੍ਰੋਫੈਸ਼ਨ ਨੂੰ ਅਪਨਾਉਣ ਵਿੱਚ ਸਹਾਰਾ ਬਣਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਪੰਜਾਬੀ ਪਰਿਵਾਰ ਬਰੈਂਪਟਨ, ਮਿਸੀਸਾਗਾ ਵਰਗੇ ਪਰਵਾਸੀ ਗੜ੍ਹ ਵਾਲੇ ਇਲਾਕਿਆਂ ਤੋਂ ਦੂਰ ਦੁਰਾਡੇ ਵੱਸਣ ਦਾ ਫੈਸਲਾ ਕਰਦੇ ਹਨ, ਉਨ੍ਹਾਂ ਪਰਿਵਾਰਾਂ ਵਿੱਚੋਂ ਔਰਤਾਂ ਦਾ ਇਸ ਕਿੱਤੇ ਵਿੱਚ ਆਉਣਾ ਲਗਭੱਗ ਨਾਮੁਮਕਿਨ ਹੋ ਸਕਦਾ ਹੈ।

ਅਵਸਰ ਮਿਲਣ ਤਾਂ ਔਰਤਾਂ ਕਮਾਲ ਕਰ ਸਕਦੀਆਂ ਹਨ: ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦੀ ਇਹ ਲੋੜ ਹੈ ਕਿ ਔਰਤਾਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ। ਇਸ ਵਾਸਤੇ ਇੰਡਸਟਰੀ ਨੂੰ ਅਗਾਂਹ ਹੋ ਕੇ ਉੱਦਮ ਕਰਨ ਦੀ ਲੋੜ ਹੋਵੇਗੀ। ਜਦੋਂ ਤੱਕ ਇੰਡਸਟਰੀ ਇਸ ਬੇਸ਼ੁਮਾਰ ਸੰਭਾਵਨਾ ਵਾਲੇ ਮਨੁੱਖੀ ਸ੍ਰੋਤ ਭਾਵ ਔਰਤਾਂ ਦੇ ਯੋਗਦਾਨ ਤੋਂ ਲਾਭ ਲੈਣ ਲਈ ਖੁਦ ਨੂੰ ਤਿਆਰ ਨਹੀਂ ਕਰੇਗੀ ਉਸ ਵੇਲੇ ਤੱਕ ਇਸਦਾ ਡਰਾਈਵਰਾਂ ਦੀ ਘਾਟ ਵਾਲਾ ਸੰਕਟ ਗੰਭੀਰ ਤੋਂ ਅਤੀਅੰਤ ਗੰਭੀਰ ਹੁੰਦਾ ਚਲਾ ਜਾਵੇਗਾ, ਐਸਾ ਅਨੁਮਾਨ ਇੰਡਸਟਰੀ ਮਾਹਰਾਂ ਦਾ ਹੈ। ਮਾਹਰ ਇਹ ਵੀ ਮੰਨ ਰਹੇ ਹਨ ਕਿ ਸਹੀ ਅਵਸਰ, ਸਹੂਲਤਾਂ ਅਤੇ ਕੈਰੀਅਰ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਸਪੱਸ਼ਟ ਕਰਨਾ ਇੰਡਸਟਰੀ ਦੀ ਮਜਬੂਰੀ ਬਣ ਜਾਣਾ ਚਾਹੀਦਾ ਹੈ ਕਿਉਂਕਿ ਟਰੱਕਿੰਗ ਇੰਡਸਟਰੀ ਨੂੰ ਔਰਤ ਪ੍ਰੋਫੈਸ਼ਨਲਾਂ ਦੀ ਲੋੜ ਹੈ ਨਾ ਕਿ ਔਰਤਾਂ ਨੂੰ ਟਰੱਕਿੰਗ ਇੰਡਸਟਰੀ ਦੀ। ਇਸ ਤੱਥ ਨੂੰ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਅਤੇ ਹੋਰ ਸਾਰੇ ਇੰਡਸਟਰੀ ਭਾਗੀਦਾਰ ਜਿੰਨੀ ਜਲਦ ਸਮਝ ਲੈਣਗੇ, ਉੱਨਾ ਹੀ ਦੇਸ਼ ਅਤੇ ਸਮਾਜ ਦਾ ਭਲਾ ਹੋਵੇਗਾ।

ਟਰਕਿੰਗ ਵਿੱਚ ਮਰਦਾਂ ਦੇ ਪ੍ਰਭਾਵ ਨੂੰ ਬਦਲਣਾ ਹੋਵੇਗਾ
ਸ਼ੈਲੀ ਯੂਵਨਿਲ-ਹੈਸ਼ (Shelley Uvanile-Hesch) ਮੁੱਖ ਕਾਰਜਕਾਰੀ ਅਫ਼ਸਰ, ਵਿਮੈਨ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ

ਸ਼ੈਲੀ ਯੂਵਨਿਲ-ਹੈਸ਼

Sharp Transportation Systems ਨਾਲ ਪਿਛਲੇ 13 ਸਾਲਾਂ ਤੋਂ ਟਰੱਕ ਡਰਾਈਵਿੰਗ ਕਰਦੀ ਆ ਰਹੀ ਸ਼ੈਲੀ ਯੂਵਨਿਲ-ਹੈਸ਼ ਲਈ ਟਰੱਕ ਚਲਾਉਣਾ ਪੇਸ਼ਾ ਨਹੀਂ ਸਗੋਂ ਜਨੂਨ ਹੈ, ਇੱਕ ਐਸਾ ਜਨੂਨ ਜਿਸਨੂੰ ਉਹ ਔਰਤਾਂ ਲਈ ਟਰੱਕਿੰਗ ਇੰਡਸਟਰੀ ਵਿੱਚ ਬਿਹਤਰ ਸਥਾਨ ਪੈਦਾ ਕਰਨ ਲਈ ਵਰਤ ਰਹੀ ਹੈ। ਆਪਣੇ ਜਨੂਨ ਦੀ ਪੂਰਤੀ ਲਈ ਉਸਨੇ ਵਿਮੈਨ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ ਦੀ ਸਥਾਪਤੀ ਕੀਤੀ। ਉਸਦਾ ਮੰਨਣਾ ਹੈ ਕਿ ਟਰੱਕਿੰਗ ਇੰਡਸਟਰੀ ਔਰਤਾਂ ਲਈ ਰੁਜ਼ਗਾਰ ਦਾ ਇੱਕ ਅੱਛਾ ਮਾਰਗ ਹੈ ਜਿਸ ਵਿੱਚ ਮੌਜੂਦ ਸੰਭਾਵਨਾਵਾਂ ਨੂੰ ਹਾਲੇ ਖੋਜਿਆ ਨਹੀਂ ਗਿਆ।

ਰੋਡ ਟੂਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ਼ੈਲੀ ਨੇ ਕਿਹਾ ਕਿ ਬੇਸ਼ੱਕ ਟਰੱਕਿੰਗ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਤਨਖਾਹ ਮਿਲਦੀ ਹੈ ਪਰ ਔਰਤਾਂ ਦੀ ਨਫ਼ਰੀ ਨੂੰ ਹੋਰ ਵਧਾਉਣ ਲਈ ਸਿਰਫ਼ ਇਹੀ ਗੱਲ ਕਾਫੀ ਨਹੀਂ ਹੈ ਸਗੋਂ ਹੋਰ ਬਹੁਤ ਕੁੱਝ ਕੀਤੇ ਜਾਣ ਦੀ ਲੋੜ ਹੈ। ਵਿਸ਼ੇਸ਼ ਕਰਕੇ ਇਸ ਧਾਰਨਾ ਨੂੰ ਤੋੜਨਾ ਹੋਵੇਗਾ ਕਿ ਟਰੱਕਿੰਗ ਵਿੱਚ ਸਿਰਫ਼ ਮਰਦਾਂ ਦਾ ਸਿੱਕਾ ਚੱਲਦਾ ਹੈ। ਅੱਜ ਦੇ ਸਮਾਜ ਦੇ ਹਰ ਪਹਿਲੂ ਵਿੱਚ ਵਿਭਿੰਨਤਾ ਅਤੇ ਸ਼ਮੂਲੀਅਤ ਲੋੜੀਂਦੇ ਗੁਣ ਮੰਨੇ ਜਾਂਦੇ ਹਨ ਜਿਸਦਾ ਅਰਥ ਹੈ ਕਿ ਔਰਤਾਂ ਦੀ 3% ਦਰ ਨੂੰ ਅੱਗੇ ਵਧਾਉਣ ਲਈ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਲੋੜ ਹੈ।

ਕੀ ਔਰਤਾਂ ਨੂੰ ਕੰਮ ਕਰਦੇ ਸਮੇਂ ਬੁਲਿੰਗ, ਜਿਸਮਾਨੀ ਜਾਂ ਸਰੀਰਕ ਸੋਸ਼ਣ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸਦੇ ਜਵਾਬ ਵਿੱਚ ਸ਼ੈਲੀ ਦਾ ਆਖਣਾ ਹੈ ਕਿ ਇਹ ਇੱਕ ਗੰਭੀਰ ਮੁੱਦਾ ਹੈ ਜਿਸਦਾ ਪ੍ਰਭਾਵ ਸਿਰਫ਼ ਟਰੱਕਿੰਗ ਵਿੱਚ ਹੀ ਨਹੀਂ ਸਗੋਂ ਕਈ ਸੈਕਟਰਾਂ ਵਿੱਚ ਪਾਇਆ ਜਾਂਦਾ ਹੈ। ਕਈ ਕੰਪਨੀਆਂ ਵੱਲੋਂ ਇਸ ਦਿਸ਼ਾ ਵਿੱਚ ਬਹੁਤ ਅੱਛਾ ਕੰਮ ਕੀਤਾ ਜਾਂਦਾ ਹੈ ਪਰ ਹੋਰ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਕੈਨੇਡਾ ਦੇ ਅੰਕੜਾ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ 19% ਦੇ ਕਰੀਬ ਮੁਲਾਜ਼ਮ ਔਰਤਾਂ ਇੱਕ ਜਾਂ ਦੂਜੀ ਕਿਸਮ ਦੇ ਸੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਜਿਨ੍ਹਾਂ ਕੰਪਨੀਆਂ ਵਿੱਚ ਉੱਚ ਮੈਨੇਜਮੈਂਟ ਵਿੱਚ ਔਰਤਾਂ ਹੁੰਦੀਆਂ ਹਨ, ਉੱਥੇ ਔਰਤਾਂ ਦੇ ਸੋਸ਼ਣ ਦੇ ਆਸਾਰ ਘੱਟ ਹੁੰਦੇ ਹਨ ਪਰ ਸ਼ੈਲੀ ਮੁਤਾਬਕ ਉਸਦੀ ਜਾਣਕਾਰੀ ਵਿੱਚ ਨਹੀਂ ਆਇਆ ਕਿ ਕੈਨੇਡਾ ਵਿੱਚ ਸਿਰਫ਼ ਔਰਤਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਟਰੱਕਿੰਗ ਕੰਪਨੀਆਂ ਮੌਜੂਦ ਹੋਣ।

ਅਸੀਂ ਆਸ ਦੀ ਕਿਰਣ ਹਾਂ
ਚਰਨਜੀਤ ਕੌਰ, ਪਾਰਟਨਰ, ਟਰਾਂਸ ਰੈਪਿਡ ਕਾਰਗੋ

ਚਰਨਜੀਤ ਕੌਰ

ਬੀਤੇ ਇੱਕ ਦਹਾਕੇ ਤੋਂ ਆਪਣੇ ਪਤੀ ਨਾਲ 10-12 ਟਰੱਕਾਂ ਦੀ ਮਲਕੀਅਤ ਵਾਲੀ ਬਰੈਂਪਟਨ ਸਥਿਤ ਕੰਪਨੀ ਵਿੱਚ ਪਾਰਟਨਰ ਚਰਨਜੀਤ ਕੌਰ ਇੱਕ ਦਿਨ ਵਿੱਚ ਕਈ ਰੋਲ ਨਿਭਾਉਂਦੀ ਹੈ। ਦੋ ਲਾਡਲੀਆਂ ਧੀਆਂ ਦੀ ਮਾਂ ਨੂੰ ਉਨ੍ਹਾਂ ਦੀ ਸਿੱਖਿਆ ਸਿਹਤ ਦਾ ਖਿਆਲ ਰੱਖਣ, ਪਰਿਵਾਰ ਦੀ ਹਰ ਜੁੰਮੇਵਾਰੀ ਨੂੰ ਪੂਰਾ ਕਰਨ ਦੇ ਨਾਲ ਨਾਲ ਟਰਾਂਸ ਰੈਪਿਡ ਦੀਆਂ ਅਕਾਉਂਟਿੰਗ, ਐਚ ਆਰ ਅਤੇ ਲਾਜਸਟਿਕਸ ਲੋੜਾਂ ਵੱਲ ਫੁੱਲ ਟਾਈਮ ਜੌਬ ਜਿੰਨਾ ਵਕਤ ਦੇਣਾ ਹੁੰਦਾ ਹੈ। ਚਰਨਜੀਤ ਕੌਰ ਦਾ ਆਖਣਾ ਹੈ ਕਿ ਆਪਣੀ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨੂੰ ਉਹ ਬੋਝ ਮਹਿਸੂਸ ਨਹੀਂ ਕਰਦੀ ਪਰ ਇੱਕ ਤਵਾਜਨ ਹੈ ਜਿਸਨੂੰ ਕਾਇਮ ਕਰਨਾ ਸਿਰਫ਼ ਚਰਨਜੀਤ ਕੌਰ ਲਈ ਨਹੀਂ ਸਗੋਂ ਟਰੱਕਿੰਗ ਸੈਕਟਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਚੁਣੌਤੀ ਬਣਦਾ ਹੈ। ਪੇਸ਼ ਹਨ ਚਰਨਜੀਤ ਕੌਰ ਨਾਲ ਰੋਡ ਟੂਡੇ ਵੱਲੋਂ ਕੀਤੀ ਗਈ ਇੱਕ ਮੁਲਾਕਾਤ ਦੇ ਕੁੱਝ ਅੰਸ਼:

ਸੁਆਲ: ਟਰੱਕਿੰਗ ਇੰਡਸਟਰੀ ਵਿੱਚ ਔਰਤਾਂ ਨੂੰ ਕਿਹੋ ਜਿਹੀਆਂ ਚੁਣੌਤੀਆਂ ਦਰਪੇਸ਼ ਹਨ?
ਚਰਨਜੀਤ ਕੌਰ: ਔਰਤ ਕੋਈ ਇੱਕਲੀ ਕਾਰੀ ਬਿਜ਼ਨੈਸ ਇਕਾਈ (business unit) ਨਹੀਂ ਹੈ ਸਗੋਂ ਮਨੁੱਖੀ ਸੱਭਿਅਤਾ ਅਤੇ ਪਰਿਵਾਰਕ ਬਣੱਤਰ ਦਾ ਧੁਰਾ ਹੈ। ਉਸ ਨੇ ਬਿਜ਼ਨੈਸ ਕਰਦੇ ਹੋਏ ਪਰਿਵਾਰ ਵੱਲ ਵੇਖਣਾ ਹੁੰਦਾ ਹੈ ਅਤੇ ਸਮਾਜ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਹੈ ਕਿਉਂਕਿ ਇਨ੍ਹਾਂ ਤਬਦੀਲੀਆਂ ਦਾ ਉਸਦੇ ਪਰਿਵਾਰ ਅਤੇ ਬਿਜ਼ਨੈਸ ਦੋਵਾਂ ਉੱਤੇ ਅਸਰ ਪੈਂਦਾ ਹੈ। ਔਰਤ ਦੀ ਖੂਬਸੂਰਤੀ ਹੈ ਕਿ ਉਹ ਇੱਕ ਪਾਸੜ ਸੋਚ ਦੀ ਧਾਰਨੀ ਨਹੀਂ ਹੁੰਦੀ ਬੇਸ਼ੱਕ ਇਸ ਗੱਲ ਦਾ ਅਹਿਸਾਸ ਬਹੁਤ ਮਰਦਾਂ ਨੂੰ ਕਾਫੀ ਦੇਰ ਬਾਅਦ ਜਾ ਕੇ ਹੁੰਦਾ ਹੈ। ਮੇਰੇ ਲਈ ਕੰਮ ਕੋਈ 9 ਤੋਂ 5 ਵਜੇ ਦੀ ਨੌਕਰੀ ਨਹੀਂ ਸਗੋਂ ਇੱਕ ਨਾ ਮੁੱਕਣ ਵਾਲਾ ਗੇੜ ਹੈ ਜਿਸ ਵਿੱਚ ਜਿੱਥੇ ਕਸਟਮ ਪੇਪਰ ਤਿਆਰ ਕਰਨੇ, ਲੋਡ ਬਾਰੇ ਜਾਣਕਾਰੀ ਤਿਆਰ ਰੱਖਣੀ, ਕੈਸ਼ ਫਲੋਅ ਉੱਤੇ ਨਜ਼ਰ ਰੱਖਣੀ, ਪੇਅ-ਰੋਲ ਨੂੰ ਵੇਖਣਾ ਹੁੰਦਾ ਹੈ ਤਾਂ ਬੱਚਿਆਂ ਦੇ ਸਕੂਲ ਅਤੇ ਪਤੀ ਦੀ ਸਿਹਤ ਦਾ ਖਿਆਲ ਵੀ ਰੱਖਣਾ ਹੁੰਦਾ ਹੈ। ਮਰਨੇ ਪਰਨੇ ਅਤੇ ਖੁਸ਼ੀ ਦੇ ਅਵਸਰਾਂ ਉੱਤੇ ਹਾਜ਼ਰੀ ਭਰਨੀ ਹੁੰਦੀ ਹੈ। ਕਈ ਵਾਰ ਜੀਵਨ ਇੱਕ ਲਗਾਤਾਰ ਚੱਲਣ ਵਾਲੀ ਜੱਦੋਜਹਿਦ ਜਾਪਦਾ ਹੈ ਪਰ ਜਦੋਂ ਤੁਸੀਂ ਆਪਣੀਆਂ ਘਾਲਣਾਵਾਂ ਨਾਲ ਕੁੱਝ ਚੰਗਾ ਹੁੰਦਾ ਵੇਖਦੇ ਹੋ ਤਾਂ ਤੱਸਲੀ ਵੀ ਬਹੁਤ ਜ਼ਿਆਦਾ ਮਿਲਦੀ ਹੈ।

ਸੁਆਲ: ਟਰੱਕਿੰਗ ਵਿੱਚ ਔਰਤਾਂ ਲਈ ਮੌਜੂਦ ਅਵਸਰਾਂ ਬਾਰੇ ਚਾਨਣਾ ਪਾਓ?
ਚਰਨਜੀਤ ਕੌਰ: ਕੁਦਰਤ ਦੇ ਸਮੁੱਚੇ ਵਰਤਾਰੇ ਵਿੱਚ ਔਰਤ ਇੱਕ ਸੰਪੂਰਣ ਜੀਵ ਹੈ ਜਿਸ ਵਿੱਚ ਬੇਅੰਤ ਪ੍ਰਾਪਤੀਆਂ ਕਰਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ। ਜਿੱਥੇ ਤੱਕ ਟਰੱਕਿੰਗ ਸੈਕਟਰ ਦਾ ਸੁਆਲ ਹੈ, ਮੇਰੇ ਖਿਆਲ ਵਿੱਚ ਇਸ ਵਕਤ ਲੋੜ ਹੈ ਕਿ ਕੋਈ ਅਜਿਹੀ ਵੱਡੀ ਕੰਪਨੀ ਸਥਾਪਿਤ ਹੋਵੇ ਜਿਸ ਵਿੱਚ 100% ਔਰਤਾਂ ਦੀ ਮਲਕੀਅਤ ਹੋਵੇ। ਇਸ ਵਾਸਤੇ ਫੈਡਰਲ ਜਾਂ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਹਿੱਸਾ ਪਾਉਣ ਤੋਂ ਨਹੀਂ ਝਿਜਕਣਾ ਚਾਹੀਦਾ ਕਿਉਂਕਿ ਔਰਤਾਂ ਵਿੱਚ ਨਿਵੇਸ਼ ਇੰਡਸਟਰੀ ਦੇ ਭੱਵਿਖ ਵਿੱਚ ਨਿਵੇਸ਼ ਪਾਉਣ ਬਰਾਬਰ ਹੈ। ਮੈਂ ਸਮਝਦੀ ਹਾਂ ਕਿ ਔਰਤਾਂ ਬੇਸ਼ੱਕ ਟਰੱਕ ਡਰਾਈਵਿੰਗ ਕਰਨ ਜਾਂ ਮੈਨੇਜਮੈਂਟ, ਉਹ ਆਪਣੀ ਸਮਝ ਅਤੇ ਸੂਝ ਨਾਲ ਇੰਡਸਟਰੀ ਨੂੰ ਵੱਡਾ ਲਾਭ ਖੱਟ ਕੇ ਦੇ ਸਕਦੀਆਂ ਹਨ। ਔਰਤਾਂ ਲਈ ਚੰਗੇ ਅਵਸਰ ਪੈਦਾ ਕਰਨ ਵਾਸਤੇ ਰੋਲ ਮਾਡਲ ਲੱਭਣੇ ਚਾਹੀਦੇ ਹਨ ਅਤੇ ਇਨ੍ਹਾਂ ਰੋਲ ਮਾਡਲਾਂ ਨੂੰ ਇੰਡਸਟਰੀ ਵੱਲੋਂ ਧਨ ਅਤੇ ਸ੍ਰੋਤਾਂ ਦਾ ਸਹਾਰਾ ਦਿੱਤਾ ਜਾਵੇ। ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਔਰਤਾਂ ਟਰੱਕਿੰਗ ਇੰਡਸਟਰੀ ਦੇ ਭੱਵਿਖ ਲਈ ਆਸ ਦੀ ਕਿਰਣ ਹਨ।

ਸੁਆਲ: ਸਵੈ ਦੀ ਸੰਭਾਲ (self care) ਵਾਸਤੇ ਤੁਸੀਂ ਕੀ ਸਲਾਹ ਦੇਵੋਗੇ?
ਚਰਨਜੀਤ ਕੌਰ: ਸਵੈ ਹੀ ਤਾਂ ਹੈ ਜੋ ਸਾਨੂੰ ਹਰ ਪਾਸੇ ਘੁਮਾਈ ਫਿਰਦਾ ਹੈ। ਕਿਸੇ ਵਿਅਕਤੀ ਦਾ ਜੀਵਨ ਕੀ ਪ੍ਰਾਪਤੀ ਕਰੇਗਾ ਜੇ ਉਸਦਾ ਸਵੈ ਹੀ ਸਾਥ ਛੱਡ ਦੇਵੇ! ਮੈਂ ਸਮਝਦੀ ਹਾਂ ਕਿ ਸਵੈ ਦੀ ਤੰਦਰੁਸਤੀ ਹਰ ਇੱਕ ਲਈ ਬਹੁਤ ਲਾਜ਼ਮੀ ਹੈ ਪਰ ਔਰਤਾਂ ਵਾਸਤੇ ਇਹ ਹੋਰ ਵੀ ਜਰੂਰੀ ਹੈ ਕਿਉਂਕਿ ਅਸੀਂ ਹੋਰਾਂ ਲਈ ਕਿੰਨਾ ਕੁੱਝ ਕਰਨ ਦੇ ਚੱਕਰ ਵਿੱਚ ਖੁਦ ਨੂੰ ਵਿਸਾਰ ਹੀ ਦੇਂਦੀਆਂ ਹਾਂ। ਮੈਨੂੰ ਧਿਆਨ ਸਾਧਨਾ ਅਤੇ ਸੰਗੀਤ ਤੋਂ ਬਹੁਤ ਸਹਾਰਾ ਮਿਲਦਾ ਹੈ। ਧਿਆਨ ਸਾਧਨਾ ਰਾਹੀਂ ਤੁਸੀਂ ਖੁਦ ਨੂੰ ਮੁੜ ਸੁਰਜੀਤ ਹੋਇਆ ਮਹਿਸੂਸ ਕਰਦੇ ਹੋ। ਧਾਰਮਿਕ ਸ਼ਬਦਾਂ/ਗੀਤਾਂ ਨੂੰ ਹਾਰਮੋਨੀਅਮ ਉੱਤੇ ਪੈਦਾ ਕਰਨਾ ਮੇਰਾ ਮਨਪਸੰਦ ਟਾਈਮ ਪਾਸ ਹੈ। ਮੈਂ ਖੂਸ਼ਕਿਸਮਤ ਹਾਂ ਕਿ ਮੇਰੇ ਅਧਿਆਤਮਕ ਰਹਿਬਰ ਸਾਈ ਕਾਕਾ ਜੀ ਦਾ ਇੱਕ ਅੱਛਾ ਖਾਸਾ ਪਰਿਵਾਰਕ ਗਰੁੱਪ ਹੈ ਜਿਸਦਾ ਮੈਂ ਹਿੱਸਾ ਹਾਂ, ਜਿੱਥੋਂ ਮੈਨੂੰ ਮਾਨਸਿਕ, ਅਧਿਆਤਮਕ ਅਤੇ ਸਮਾਜਕ ਸਾਂਝ ਮਿਲਦੀ ਹੈ। ਮੈਂ ਆਖਾਂਗੀ ਕਿ ਹਰ ਵਿਅਕਤੀ ਨੂੰ ਕੋਈ ਅਜਿਹਾ ਸ਼ੌਕ ਜਾਂ ਰੁਚੀ ਪਾਲਣੀ ਚਾਹੀਦੀ ਹੈ ਜੋ ਸਿਰਫ਼ ਤੁਹਾਡੇ ਸਵੈ ਦੀ ਸਲਾਮਤੀ ਵਾਸਤੇ ਕਰਨ ਵਾਲੀ ਹੋਵੇ (something you do for the sake of your inner self)। ਟਰੱਕਿੰਗ ਇੰਡਸਟਰੀ ਨਾਲ ਜੁੜੀ ਕਿਸੇ ਔਰਤ ਨੂੰ ਸਵੈ ਸੰਭਾਲ ਵਾਸਤੇ ਕੋਈ ਸਲਾਹ ਮਸ਼ਵਰਾ ਚਾਹੀਦਾ ਹੋਵੇ ਤਾਂ ਮੈਂ ਨਿਰਸਵਾਰਥ ਮਸ਼ਵਰਾ ਦੇ ਸਕਦੀ ਹਾਂ।

ਟਰੱਕ ਡਰਾਈਵਰ ਜਸਸਿਮਰਨ ਕੌਰ 

ਟਰੱਕਿੰਗ ਇੰਡਸਟਰੀ ਵਿੱਚ ਕਿੰਨੀਆਂ ਔਰਤਾਂ ਕਿੱਥੇ
ਵਿਮੈਨ ਟਰੱਕਿੰਗ ਫੈਡਰੇਸ਼ਨ ਆਫ਼ ਕੈਨੇਡਾ ਨੇ ਇਹ ਦਿਲਚਸਪ ਅੰਕੜੇ ਇੱਕਤਰ ਕੀਤੇ ਹਨ ਜੋ ਦੱਸਦੇ ਹਨ ਕਿ ਟਰੱਕਿੰਗ ਇੰਡਸਟਰੀ ਦੇ ਕਿਸ ਹਿੱਸੇ ਵਿੱਚ ਕਿੰਨੇ ਪ੍ਰਤੀਸ਼ਤ ਔਰਤਾਂ ਕੰਮ ਕਰਦੀਆਂ ਹਨ। ਫੈਡਰੇਸ਼ਨ ਮੁਤਾਬਕ ਬੇਸ਼ੱਕ ਔਰਤਾਂ ਕੈਨੇਡਾ ਦੀ ਕੁੱਲ ਵਰਕਫੋਰਸ ਦਾ 48% ਬਣਦੀਆਂ ਹਨ ਪਰ ਇਸਦੇ ਉਲਟ ਟਰੱਕਿੰਗ ਇੰਡਸਟਰੀ ਦੀ ਸੱਚਾਈ ਕੁੱਝ ਇਸ ਤਰ੍ਹਾਂ ਹੈ:

3% ਟਰੱਕ ਡਰਾਈਵਰ ਵਜੋਂ
11% ਮਕੈਨਿਕਾਂ, ਟਰਾਂਸਪੋਰਟ ਟਰੇਲਰ ਤਕਨੀਸ਼ੀਅਨਾਂ ਅਤੇ ਕਾਰਗੋ ਵਰਕਰਾਂ ਵਜੋਂ
11% ਮੈਨੇਜਮੈਂਟ ਸਟਾਫ਼ ਵਿੱਚ
25% ਫਰੇਟ ਕਲੇਮ, ਸੇਫਟੀ ਅਤੇ ਨੁਕਸਾਨ ਦੀ ਪੂਰਤੀ ਵਿਸ਼ੇਸ਼ੱਗਾਂ ਵਜੋਂ
18% ਡਿਸਪੈਚਰਾਂ ਵਜੋਂ
13% ਸਪੇਅਰ ਪਾਰਟ ਤਕਨੀਸ਼ੀਅਨਾਂ ਵਜੋਂ

 

ਮੈਂਟਰਸ਼ਿੱਪਇੱਕ ਸੰਭਾਵਨਾ
ਪ੍ਰੋਫੈਸ਼ਨਲ ਮੈਂਟਰਸ਼ਿੱਪ (Mentorship) ਤੋਂ ਭਾਵ ਕਿਸੇ ਹੰਢੇ ਵਰਤੇ ਪ੍ਰੋਫੈਸ਼ਨਲ ਵੱਲੋਂ ਨਵੇਂ ਪ੍ਰੋਫੈਸ਼ਨਲ ਨੂੰ ਆਪਣੇ ਅਨੁਭਵ ਅਤੇ ਸਿੱਖਿਆ ਦੇ ਆਧਾਰ ਉੱਤੇ ਸਲਾਹ ਮਸ਼ਵਰਾ ਦੇਣਾ ਹੁੰਦਾ ਹੈ। ਵਿਮੈਨ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ ਦੀ ਮੁੱਖ ਕਾਰਜਕਾਰੀ ਅਫ਼ਸਰ ਸ਼ੈਲੀ ਯੂਵਨਿਲ-ਹੈਸ਼ (Shelley Uvanile-Hesch) ਮੁਤਾਬਕ ਔਰਤਾਂ ਨੂੰ ਟਰੱਕਿੰਗ ਇੰਡਸਟਰੀ ਵਿੱਚ ਪੱਕੇ ਪੈਰੀਂ ਕਰਨ ਲਈ ਮੈਂਬਰਸ਼ਿੱਪ ਦਾ ਵੱਡਾ ਰੋਲ ਹੈ। ਉਸਦੀ ਸੰਸਥਾ ਨੇ ਫੇਸਬੁੱਕ ਆਧਾਰਿਤ ਇੱਕ ਮੈਂਬਰਸ਼ਿੱਪ ਪ੍ਰੋਗਰਾਮ ਆਰੰਭ ਕੀਤਾ ਹੋਇਆ ਹੈ ਜਿਸਦੇ 200 ਦੇ ਕਰੀਬ ਮੈਂਬਰ ਹਨ। ਇਸੇ ਤਰੀਕੇ Trucking HR Canada  ਦੁਆਰਾ ਔਰਤਾਂ ਨੂੰ ਮੈਂਟਰਸ਼ਿੱਪ ਪ੍ਰਦਾਨ ਕਰਨ ਲਈ ਟੂਲਬਾਕਸ ਬਣਾਇਆ ਗਿਆ ਹੈ। Trucking HR Canada ਮੁਤਾਬਕ ਔਰਤਾਂ ਨੂੰ ਟਰੱਕਿੰਗ ਇੰਡਸਟਰੀ ਵਿੱਚ ਮਹਿਜ਼ ਉਨ੍ਹਾਂ ਦੀ ਨਫ਼ਰੀ ਵਧਾਉਣ ਲਈ ਨਹੀਂ ਲਿਆਉਣਾ ਚਾਹੀਦਾ ਸਗੋਂ ਇਸ ਲਈ ਲਿਆਉਣ ਦੀ ਲੋੜ ਹੈ ਕਿਉਂਕਿ ਔਰਤਾਂ ਦੀ ਨਫਰੀ ਵੱਧਣਾ ਇੱਕ ਬਿਜ਼ਨੈਸ ਕੇਸ ਹੈ ਭਾਵ ਅੱਗੇ ਅੱਗੇ ਬਿਜ਼ਨੈਸ ਦੇ ਵਾਧੇ ਵਾਸਤੇ ਔਰਤਾਂ ਦੀ ਨਫ਼ਰੀ ਵਿੱਚ ਵਾਧਾ ਜਰੂਰੀ ਹੋ ਜਾਵੇਗਾ। Trucking HR Canada ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ 60% ਔਰਤਾਂ ਨੇ ਆਖਿਆ ਕਿ ਉਹ ਮੈਂਟਰਸ਼ਿੱਪ ਤੋਂ ਲਾਭ ਲੈਣਾ ਚਾਹੁਣਗੀਆਂ ਜਿਸ ਵਿੱਚ ਸਥਾਨਕ ਈਵੈਂਟਾਂ ਵਿੱਚ ਹਿੱਸਾ ਲੈਣ ਦੇ ਅਵਸਰ ਅਤੇ ਆਨਲਾਈਨ ਮੈਂਟਰਸ਼ਿੱਪ ਸਹੂਲਤ ਲਈ ਵਧੇਰੇ ਵੋਟ ਮਿਲੇ। ਤੁਸੀਂ ਆਪਣੀ ਕੰਪਨੀ ਵਿੱਚ ਮੈਂਟਰਸ਼ਿੱਪ ਪ੍ਰੋਗਰਾਮ ਕਿਵੇਂ ਲਾਗੂ ਕਰ ਸਕਦੇ ਹੋ, ਇਸ ਵਾਸਤੇ ਟੂਲਕਿੱਟ ਡਾਊਨਲੋਡ ਕਰਨ ਲਈ https://truckinghr.com/wp-content/uploads/2019/09/My-Toolbox-for-Mentoring-Women-in-Canadas-Trucking-Industry-Employer-Association-Guide.pdf  ਉੱਤੇ ਜਾਇਆ ਜਾ ਸਕਦਾ ਹੈ।

 

ਧੀਆਂ ਭੈਣਾਂ ਦੇ ਸਫ਼ਰ ਦੀਆਂ ਬੋਲੀਆਂ

ਟਰੱਕ ਡਰਾਈਵਰ ਦਵਿੰਦਰ ਪੰਧੇਰ ਆਪਣੇ ਪਿਤਾ ਦੇ ਨਾਲ

ਆਰ ਢਾਂਗਾ ਪਾਰ ਢਾਂਗਾ
ਵਿੱਚ ਟੱਲਮ ਟੱਲੀਆਂ
ਧੀਆਂ, ਬਾਬਾ ਨਾਨਕਾ ਨੇ
ਗੱਡੀ ਲੈ ਕੇ ਚੱਲੀਆਂ।

ਆ ਵੀਰ ਬਹਿ ਵੀਰ
ਕਿੱਥੋਂ ਆਇਆ ਚੱਲ ਕੇ
ਟਰੱਕ ਮੇਰਾ ਜਿਉਣ ਜੋਗਾ
ਪੈਂਡਾ ਰੱਖੇ ਨੱਪ ਕੇ।

ਆਰ ਵੇਖਾਂ ਪਾਰ ਵੇਖਾਂ
ਵੇਖਾਂ ਚਾਅ ਧਰ ਕੇ
ਗੱਡੀ ਮੇਰੀ ਉੱਡੀ ਜਾਵੇ
ਰੁੱਗ ਡਾਲਰਾਂ ਦੇ ਭਰ ਕੇ।

ਆਰ ਢਾਂਗਾ ਪਾਰ ਢਾਂਗਾ
ਵਿੱਚ ਪਾਈਆਂ ਠੂਠੀਆਂ
ਰੱਬ ਦੇਂਦਾ ਤਾਕਤਾਂ
‘ਤੇ ਬਾਕੀ ਗੱਲਾਂ ਝੂਠੀਆਂ।

ਕੌਣ ਤੇਰਾ ਕੌਣ ਮੇਰਾ
ਕੌਣ ਜਾਣੇ ਸਾਰ ਨੂੰ
ਦਿਲ ਮੇਰਾ ਟਿੱਚ ਜਾਣੇ
ਪੈਂਡਿਆਂ ਦੇ ਭਾਰ ਨੂੰ।

ਵੇਖ ਭੈਣ ਸੋਚ ਭੈਣ,
ਕੀਤੀਆਂ ਤਰੱਕੀਆਂ
ਨਾ ਸਾਡੀ ਸੋਚ ਮਾੜੀ
ਨਾ ਹੀ ਸੰਗਾਂ ਰੱਖੀਆਂ।

ਜਗਦੀਪ ਕੈਲੇ

ਲੇਖਕ ਬਾਰੇ:
ਜਗਦੀਪ ਕੈਲੇ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਨਾਲ ਇੱਕ ਦਹਾਕੇ ਤੋਂ ਵੱਧ ਅਰਸੇ ਤੋਂ ਸਰਗਰਮੀ ਨਾਲ ਜੁੜੇ ਹੋਏ ਹਨ। ਫੈਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ਬਾਰੇ ਲਿਖਣ ਦਾ ਗਹਿਰਾ ਅਨੁਭਵ ਹੈ। ਕੈਨੇਡਾ ਵਿੱਚ ਨਵੇਂ ਪਰਵਾਸੀਆਂ ਦੀ ਸਥਾਪਤੀ ਲਈ ਕੰਮ ਕਰਨ ਤੋਂ ਇਲਾਵਾ ਉਹ ਲੋੜਵੰਦ ਵਿਅਕਤੀਆਂ ਅਤੇ ਅਨਾਥ ਬੱਚਿਆਂ ਦੀ ਬਿਹਤਰੀ ਲਈ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕਰਨ ਦਾ ਲੰਬਾ ਤਜੁਰਬਾ ਰੱਖਦੇ ਹਨ। ਜਗਦੀਪ ਕੈਲੇ ਨਾਲ jkailey@roadtoday.com ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।