ਟਰੱਕਿੰਗ ਉਦਯੋਗ ‘ਤੇ ਕੇਂਦਰਤ, ਨਵੀਂ ਤਕਨਾਲੋਜੀ ਘੱਟ ਕਰੇਗੀ ਗ੍ਰੀਨਹਾਊਸ ਗੈਸ ਉਤਸਰਜਨ, ਪੈਸੇ ਦੀ ਵੀ ਹੁੰਦੀ ਹੈ ਬੱਚਤ

ਟੋਰਾਂਟੋ ਆਧਾਰਤ ਨਿਰਮਾਤਾ ਡਾਇਨਾਸਰਟ ਨੇ ਪਿੱਛੇ ਜਿਹੇ ਇੱਕ ਨਵੀਂ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਹੈ ਜੋ ਕਿ ਜੀ.ਐਚ.ਜੀ. ਉਤਸਰਜਨ ਘਟਾਉਂਦੀ ਹੈ ਅਤੇ ਪ੍ਰਦੂਸ਼ਣ ਸਮੇਤ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਵੀ ਲੜਦੀ ਹੈ। ਇਹੀ ਨਹੀਂ ਇਸ ਤਕਨਾਲੋਜੀ ਨਾਲ ਟਰੱਕਿੰਗ ਉਦਯੋਗ ਅਤੇ ਗ੍ਰਾਹਕਾਂ ਦਾ ਪੈਸਾ ਵੀ ਬਚਦਾ ਹੈ।

ਕੰਪਨੀ ਵੱਲੋਂ ਪੇਸ਼ ਕੀਤੀ ਗਈ ਸੂਟਕੇਸ ਦੇ ਆਕਾਰ ਦੀ ਹਾਈਡਰਾਜੈੱਨ ਇਕਾਈ ਹਾਈਡਰੋਜਨ ਪੈਦਾ ਕਰਦੀ ਹੈ ਜਿਸ ਨੂੰ ਇੰਜਣ ਦੇ ਏਅਰ ਇਨਟੇਕ ‘ਚ ਛੱਡਿਆ ਜਾਂਦਾ ਹੈ ਤਾਂ ਕਿ ਇੰਜਣ ਦੇ ਪਾਵਰ ਸਟਰੋਕ ਦੌਰਾਨ ਫ਼ਿਊਲ ਜ਼ਿਆਦਾ ਮੁਕੰਮਲ ਤਰੀਕੇ ਨਾਲ ਬਲ ਸਕੇ। ਡਿਸਟਿਲਡ ਪਾਣੀ ਨੂੰ ਗਰਮ ਕੀਤੀ ਟੈਂਕੀ ‘ਚ ਪਾਇਆ ਜਾਂਦਾ ਹੈ, ਜਿਸ ਨੂੰ ਪੋਟਾਸ਼ੀਅਮ ਹਾਈਡ੍ਰੋਆਕਸਾਈਡ ਇਲੈਕਟ੍ਰੋਲਾਈਟ ਅਤੇ 300 ਵਾਟ ਦੀ ਬਿਜਲੀ ਸ਼ਕਤੀ ਨਾਲ ਮਿਲਾਉਣ ਤੋਂ ਬਾਅਦ ਇਲੈਕਟ੍ਰੋਲਾਈਸਿਸ ਰਾਹੀਂ ਗੈਸ ‘ਚ ਤਬਦੀਲ ਕੀਤਾ ਜਾਂਦਾ ਹੈ। ਇਸ ਉਪਕਰਨ ਦੀ ਕੀਮਤ ਤਕਰੀਬਨ 8,500 ਡਾਲਰ ਹੈ।

ਇਸ ਦੇ ਲਾਭਾਂ ‘ਚ ਫ਼ਿਊਲ ਦੀ ਬਚਤ, ਘੱਟ ਗ੍ਰੀਨਹਾਊਸ ਗੈਸ ਉਤਸਰਜਨ ਅਤੇ ਘੱਟ ਪ੍ਰਦੂਸ਼ਿਤ ਕਣ ਪੈਦਾ ਹੋਣਾ ਸ਼ਾਮਲ ਹਨ।

ਡਾਇਨਾਸਰਟ ਨੂੰ ਕਿਊਬੈੱਕ ਆਧਾਰਤ ਪੀ.ਆਈ.ਟੀ. ਗਰੁੱਪ ਸਮੇਤ ਕਈ ਪ੍ਰਯੋਗਸ਼ਾਲਾਵਾਂ ਤੋਂ ਸਾਕਾਰਾਤਮਕ ਨਤੀਜੇ ਮਿਲ ਰਹੇ ਹਨ। ਇਸ ਵੇਲੇ ਇਸ ਦੀਆਂ 500 ਇਕਾਈਆਂ ਦੀ ਫ਼ੀਲਡ ‘ਚ ਪਰਖ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਇਕਹਿਰੀ ਸਿਫ਼ਟ ਦੇ ਆਧਾਰ ‘ਤੇ ਪ੍ਰਤੀ ਮਹੀਨਾ ਅਜਿਹੀਆਂ 6,000 ਇਕਾਈਆਂ ਨੂੰ ਬਣਾਇਆ ਜਾ ਸਕਦਾ ਹੈ।

ਪ੍ਰਧਾਨ ਅਤੇ ਸੀ.ਈ.ਓ. ਜਿਮ ਪੇਅਨ ਨੇ ਕਿਹਾ, ”ਸਾਨੂੰ ਸੱਚਮੁਚ ਲਗਦਾ ਹੈ ਕਿ ਹਾਈਡ੍ਰੋਜਨ ਕਮਾਲ ਦੀ ਤਬਦੀਲੀ ਲਿਆ ਸਕਦਾ ਹੈ। ਅਸੀਂ ਅਜਿਹਾ ਕੰਮ ਕਰ ਵਿਖਾਇਆ ਹੈ ਜੋ ਕਿ ਦੁਨੀਆਂ ‘ਚ ਹੋਰ ਕੋਈ ਨਹੀਂ ਕਰ ਸਕਿਆ।”

ਓਂਟਾਰੀਓ ਦੇ ਆਵਾਜਾਈ ਮੰਤਰੀ ਜੈੱਫ਼ ਯੂਰੇਕ ਅਤੇ ਵਾਤਾਵਰਣ, ਸਾਂਭ-ਸੰਭਾਲ ਅਤੇ ਪਾਰਕ ਮੰਤਰੀ ਰੌਡ ਫ਼ਿਲਿਪਸ ਨੇ ਇਸ ਉੱਨਤ ਤਕਨਾਲੋਜੀ ਬਾਰੇ ਪਲਾਂਟ ਦੇ ਟੂਰ ਦੌਰਾਨ 15 ਮਈ ਨੂੰ ਜਾਣਕਾਰੀ ਹਾਸਲ ਕੀਤੀ।

ਆਵਾਜਾਈ ਮੰਤਰੀ ਜੈਫ਼ ਯੂਰੇਕ ਨੇ ਕਿਹਾ, ”ਸਾਡੀ ਸਰਕਾਰ ਇਸ ਖੋਜ ਦਾ ਸਵਾਗਤ ਕਰਦੀ ਹੈ ਜੋ ਕਿ ਗੱਡੀਆਂ ਸਮੇਤ ਪ੍ਰਦੂਸ਼ਣ ਦੇ ਸਾਰੇ ਸਰੋਤਾਂ ਦਾ ਉਤਸਰਜਨ ਘੱਟ ਕਰ ਕੇ ਸਾਡੀ ਹਵਾ ਨੂੰ ਸਾਫ਼-ਸੁਥਰਾ ਬਣਾਏਗਾ।”

ਵਾਤਾਵਰਣ ਮੰਤਰੀ ਰੌਡ ਫ਼ਿਲਿਪਸ ਨੇ ਕਿਹਾ, ”ਡਾਇਨਾਸਰਟ ਵਰਗੀਆਂ ਕੰਪਨੀਆਂ ਦੀ ਖੋਜ ਅਤੇ ਉੱਦਮ ਸਦਕਾ ਅਸੀਂ ਆਪਣੇ ਟੀਚੇ ਤਕ ਪੁੱਜਣ ਲਈ ਉਦਯੋਗ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ, ਜਿਸ ਨਾਲ ਸਾਨੂੰ ਸਿਹਤਮੰਦ ਅਰਥਚਾਰੇ ਦੇ ਨਾਲ ਹੀ ਸਿਹਤਮੰਦ ਵਾਤਾਵਰਣ ਵੀ ਮਿਲੇ।”

ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ ਹਾਈਡਰਾਜੈੱਨ ਤਕਨਾਲੋਜੀ ਨੂੰ ਉੱਤਰੀ ਅਮਰੀਕਾ, ਬ੍ਰਾਜ਼ੀਲ, ਯੂ.ਏ.ਈ., ਸਾਊਦੀ ਅਰਬ, ਭਾਰਤ, ਕਈ ਯੂਰਪੀ ਦੇਸ਼ਾਂ ਅਤੇ ਯੂਨਾਈਟਡ ਕਿੰਗਡਮ ‘ਚ ਪ੍ਰਯੋਗ ਕੀਤਾ ਜਾ ਰਿਹਾ ਹੈ।

————————————————————————————————————-

ਡਾਇਨਾਸਰਟ ਦੇ ਚੀਫ਼ ਇੰਜੀਨੀਅਰ ਰੋਬਰਟ ਮੇਅਰ ਆਪਣੀ ਕੰਪਨੀ ਦੇ ਹਾਈਡਰਾਜੈੱਨ ਸਿਸਟਮ ਬਾਰੇ ਓਂਟਾਰੀਓ ਟਰਾਂਸਪੋਰਟ ਮੰਤਰੀ ਜੈੱਫ਼ ਯੂਰੇਕ (ਕੇਂਦਰ ‘ਚ) ਅਤੇ ਵਾਤਾਵਰਣ ਮੰਤਰੀ ਰੌਡ ਫ਼ਿਲਿਪਸ ਨੂੰ ਜਾਣਕਾਰੀ ਦਿੰਦੇ ਹੋਏ।