ਟਰੱਕਿੰਗ ਉਦਯੋਗ ਬਾਰੇ ਨੌਜੁਆਨਾਂ ਨੇ ਪ੍ਰਗਟਾਈਆਂ ਰਲਵੀਆਂ-ਮਿਲਵੀਆਂ ਭਾਵਨਾਵਾਂ

ਨਵੀਂ ਪੀੜ੍ਹੀ ਦੇ ਕਾਮਿਆਂ ਨੂੰ ਆਪਣੇ ਵੱਲ ਖਿੱਚਣ ਲਈ ਟਰੱਕਿੰਗ ਉਦਯੋਗ ਨੂੰ ਅਜੇ ਬਹੁਤ ਕੁੱਝ ਕਰਨਾ ਪਵੇਗਾ।

ਇਹ ਕਹਿਣਾ ਹੈ ਐਬੇਕਸ ਡਾਟਾ ਦੇ ਸੀ.ਈ.ਓ. ਡੇਵਿਡ ਕੋਲੇਟੋ ਦਾ, ਜੋ ਕਿ ਵਿਨੀਪੈੱਗ ਵਿਖੇ ਹੋਈ ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ (ਐਮ.ਟੀ.ਏ.) ਦੀ 87ਵੀਂ ਸਾਲਾਨਾ ਏ.ਜੀ.ਐਮ. ‘ਚ ਬੋਲ ਰਹੇ ਸਨ।

ਮਿਲੇਨੀਅਲ (1980 ਤੋਂ 2000 ਵਿਚਕਾਰ ਪੈਦਾ ਹੋਈ) ਪੀੜ੍ਹੀ ਬਾਰੇ ਅਤੇ ਉਨ੍ਹਾਂ ਵੱਲੋਂ ਟਰੱਕਿੰਗ ਨੂੰ ਆਪਣਾ ਕਰੀਅਰ ਬਣਾਉਣ ਦੀ ਸੋਚਣ ਬਾਰੇ ਅਧਿਐਨ ਕਰਦਿਆਂ ਕੋਲੇਟੋ ਨੇ ਵੇਖਿਆ ਕਿ ਉਦਯੋਗ ਸਾਹਮਣੇ ਅਜੇ ਵੀ ਬਹੁਤ ਸਾਰੀਆਂ ਚੁਨੌਤੀਆਂ ਹਨ।

ਐਬੇਕਸ ਰੀਸਰਚ ਨੇ ਸਿੱਟਾ ਕੱਢਿਆ ਹੈ ਕਿ ਸਿਰਫ਼ 16% ਮਰਦ ਅਤੇ 7% ਔਰਤਾਂ ਹੀ ਟਰੱਕਿੰਗ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ, ਜਦਕਿ 29% ਮਰਦ ਅਤੇ 62% ਔਰਤਾਂ ਇਸ ਬਾਰੇ ਸੋਚਣਾ ਵੀ ਪਸੰਦ ਨਹੀਂ ਕਰਦੇ।

ਕੋਲੇਟੋ ਨੇ ਦੱਸਿਆ ਕਿ ਭਾਵੇਂ ਇਹ ਅੰਕੜੇ ਬਹੁਤ ਘੱਟ ਲਗਦੇ ਹਨ, ਪਰ ਇਸ ਵੇਲੇ ਕੈਨੇਡਾ ‘ਚ ਮਿਲੇਨੀਅਲ ਕਾਮਿਆਂ ਦੀ ਗਿਣਤੀ ਕਿਸੇ ਵੀ ਹੋਰ ਪੀੜ੍ਹੀ ਮੁਕਾਬਲੇ ਸੱਭ ਤੋਂ ਜ਼ਿਆਦਾ ਹੈ, ਜੋ ਕਿ ਬੇਬੀ ਬੂਮਰਸ (1946 ਤੋਂ 1964 ਵਿਚਕਾਰ ਪੈਦਾ ਹੋਏ ਲੋਕ) ਦੀ ਪੀੜ੍ਹੀ ਤੋਂ 2015 ‘ਚ ਅੱਗੇ ਨਿਕਲ ਗਈ ਸੀ ਅਤੇ ਇਸ ਵੇਲੇ ਇਨ੍ਹਾਂ ਦੀ ਗਿਣਤੀ 95 ਲੱਖ ਹੈ। ਇਹ ਪੀੜ੍ਹੀ ਟਰੱਕਿੰਗ ਉਦਯੋਗ ਲਈ ਕਾਮਿਆਂ ਦਾ ਵੱਡਾ ਸਰੋਤ ਹੋ ਸਕਦੀ ਹੈ। ਕੋਲੇਟੋ ਨੇ ਕਿਹਾ, ”ਇਹ ਪੀੜ੍ਹੀ ਨਸਲ ਅਤੇ ਸਭਿਆਚਾਰ ਦੇ ਮਾਮਲੇ ‘ਚ ਸੱਭ ਤੋਂ ਵੰਨ-ਸੁਵੰਨੀ ਪੀੜ੍ਹੀ ਹੈ। ਜ਼ਿਆਦਾਤਰ ਮਿਲੇਨੀਅਲ 25 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਸਫ਼ਲ ਜ਼ਿੰਦਗੀ ਦੀ ਹਰ ਮੰਜ਼ਿਲ ਸਰ ਕਰਨਾ ਚਾਹੁੰਦੇ ਹਨ।”

ਕੋਲੇਟੋ ਨੇ ਕਿਹਾ ਕਿ ਟਰੱਕਿੰਗ ‘ਚ ਕਾਮਿਆਂ ਦੀ ਔਸਤ ਉਮਰ ਇਸ ਵੇਲੇ 55 ਸਾਲ ਹੈ ਅਤੇ ਸਿਰਫ਼ 15% ਹੀ 30 ਸਾਲ ਤੋਂ ਘੱਟ ਉਮਰ ਦੇ ਹਨ, ਇਸ ਕਰ ਕੇ ਉਦਯੋਗ ਨੂੰ ਨੌਜੁਆਨ ਕਾਮਿਆਂ ਦੀ ਭਰਤੀ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਪਵੇਗਾ।

ਮਿਲੇਨੀਅਲ ਵਰਕਰਾਂ ਦੀ ਭਰਤੀ ਦੇ ਮਾਮਲੇ ‘ਚ ਟਰੱਕਿੰਗ ਦਾ ਸੱਭ ਤੋਂ ਵੱਡਾ ਮੁਕਾਬਲੇਬਾਜ਼ ਉਸਾਰੀ ਉਦਯੋਗ ਹੈ ਜਿਸ ਬਾਰੇ 68% ਚੰਗਾ ਜਾਂ ਬਹੁਤ ਚੰਗਾ ਵਿਚਾਰ ਰਖਦੇ ਹਨ ਜਦਕਿ ਸਿਰਫ਼ 5% ਹੀ ਨਾਕਾਰਾਤਮਕ ਹਨ।

ਕੋਲੇਟੋ ਅਨੁਸਾਰ ਸੋਸ਼ਲ ਮੀਡੀਆ ਅਤੇ ਹੋਰ ਆਨਲਾਈਨ ਸਰੋਤਾਂ ‘ਤੇ ਕੈਰੀਅਰਜ਼ ਨੂੰ ਇਹ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਟਰੱਕਿੰਗ ਦੇ ਪੇਸ਼ੇ ‘ਚ ਨੌਜੁਆਨਾਂ ਲਈ ਕੀ ਫ਼ਾਇਦੇ ਹਨ। ਸੋਸ਼ਲ ਮੀਡੀਆ ਮੰਚ ਦੇ ਮਾਮਲੇ ‘ਚ ਫ਼ੇਸਬੁੱਕ ਮੋਹਰੀ ਬਣਿਆ ਹੋਇਆ ਹੈ ਅਤੇ 68% ਨੌਜੁਆਨ ਇਸ ਦੀ ਵਰਤੋਂ ਕਰਦੇ ਹਨ। ਯੂਟਿਊਬ ਵੀ ਕਾਫ਼ੀ ਮਸ਼ਹੂਰ ਹੈ, ਜਿਸ ਤੋਂ ਬਾਅਦ ਇੰਸਟਾਗ੍ਰਾਮ ਦਾ ਨੰਬਰ ਆਉਂਦਾ ਹੈ, ਜੋ ਕਿ ਸੱਭ ਤੋਂ ਤੇਜ਼ੀ ਨਾਲ ਵੱਧ ਰਿਹਾ ਸੋਸ਼ਲ ਮੀਡੀਆ ਮੰਚ ਹੈ। ਟੀ.ਵੀ. ਦੀਆਂ ਖ਼ਬਰਾਂ 31% ਨੌਜੁਆਨ ਵੇਖਦੇ ਹਨ, ਅਤੇ 36% ਰੇਡੀਉ ਦੀਆਂ ਖ਼ਬਰਾਂ ਸੁਣਦੇ ਹਨ।

ਨੌਜੁਆਨ ਕਾਮੇ ਜਿਨ੍ਹਾਂ ਨੇ ਟਰੱਕਿੰਗ ਨੂੰ ਆਪਣਾ ਕਰੀਅਰ ਬਣਾ ਲਿਆ ਹੈ ਜਾਂ ਸਰਗਰਮ ਰੂਪ ‘ਚ ਇਸ ਬਾਰੇ ਸੋਚ ਰਹੇ ਹਨ, ਉਹ ਚੰਗੀ ਤਨਖ਼ਾਹ ਕਰ ਕੇ ਅਜਿਹਾ ਕਰ ਰਹੇ ਹਨ। ਹੋਰ ਕਾਰਨਾਂ ‘ਚ ਕੈਨੇਡਾ ਦੀ ਸੈਰ ਕਰਨ ਦਾ ਮੌਕਾ ਅਤੇ ਦਫ਼ਤਰ ‘ਚ ਨਾ ਬੈਠਣ ਜਾਂ ਸਿਰ ‘ਤੇ ਬੌਸ ਦਾ ਡਰ ਨਾ ਹੋਣਾ ਵੀ ਹਨ।

ਟਰੱਕਿੰਗ ਦਾ ਬਦਲ ਰਿਹਾ ਮੁਹਾਂਦਰਾ

ਟਰੱਕਿੰਗ ਦੇ ਬਦਲ ਰਹੇ ਮੁਹਾਂਦਰੇ ਬਾਰੇ ਨਿਊਕਾਮ ਟਰੱਕਿੰਗ ਅਤੇ ਸਪਲਾਈ ਚੇਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਲੂ ਸਮਾਇਰਲਿਸ ਅਤੇ ਨਿਊਕਾਮ ਸਾਊਥ ਏਸ਼ੀਅਨ ਮੀਡੀਆ ਕੰਪਨੀ ਦੇ ਜਨਰਲ ਮੈਨੇਜਰ ਮਨਨ ਗੁਪਤਾ ਨੇ ਉਦਯੋਗ ਦਾ ਹਿੱਸਾ ਬਣਨ ਵਾਲੇ ਸਾਊਥ ਏਸ਼ੀਅਨ ਭਾਈਚਾਰੇ ਦੀ ਵਧਦੀ ਗਿਣਤੀ ਵੱਲ ਧਿਆਨ ਦੁਆਇਆ।

ਗੁਪਤਾ ਨੇ ਕਿਹਾ ਕਿ ਕਈ ਦੱਖਣੀ ਏਸ਼ੀਆਈ ਜੋ ਕਿ ਪਹਿਲੀ ਵਾਰੀ ਪ੍ਰਵਾਸ ਕਰ ਕੇ ਕੈਨੇਡਾ ਆਏ ਸਨ ਟਰੱਕਿੰਗ ਉਦਯੋਗ ‘ਚ ਨਹੀਂ ਸਨ। ਪਰ ਜਿਉਂ ਜਿਉਂ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਕੈਨੇਡੀਆਈ ਬਾਜ਼ਾਰ ‘ਚ ਲਿਆ ਕੇ ਕਾਰੋਬਾਰੀ ਆਵਾਜਾਈ ‘ਚ ਸਫ਼ਲਤਾ ਮਿਲੀ, ਉਨ੍ਹਾਂ ਦੇ ਪਰਿਵਾਰਕ ਜੀਅ ਵੀ ਇਸ ਕੰਮ ‘ਚ ਆ ਗਏ। ਕੈਨੇਡਾ ‘ਚ ਡਰਾਈਵਿੰਗ ਦੇ ਹਾਲਾਤ ਭਾਰਤ ਤੋਂ ਬਹੁਤ ਵੱਖਰੇ ਹਨ ਪਰ ਦਾਖ਼ਲਾ-ਪੱਧਰੀ ਸਿਖਲਾਈ ਅਤੇ ਸੁਰੱਖਿਆ ਦਾ ਸਭਿਆਚਾਰ ਵਿਕਸਤ ਕਰਨ ਨਾਲ ਇਸ ਉਦਯੋਗ ‘ਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਵੱਡੀ ਸਫਲਤਾ ਪ੍ਰਾਪਤ ਹੋ ਸਕਦੀ ਹੈ।

ਗੁਪਤਾ ਨੇ ਕਿਹਾ, ”ਨਵੇਂ ਇਮੀਗਰੈਂਟ ਤਾਂ ਹੀ ਸਫ਼ਲ ਹੋ ਸਕਦੇ ਹਨ ਜੇ ਉਨ੍ਹਾਂ ਨੂੰ ਸਹੀ ਸੂਚਨਾ ਸਹੀ ਸਮੇਂ ‘ਤੇ ਮਿਲੇ।”

ਡਰਾਈਵਿੰਗ ਹੀ ਅਜਿਹਾ ਖੇਤਰ ਨਹੀਂ ਹੈ ਜਿੱਥੇ ਦੱਖਣੀ ਏਸ਼ੀਆਈ ਮੱਲਾਂ ਮਾਰ ਸਕਦੇ ਹਨ। ਪਿਛਲੇ ਕੁਛ ਸਾਲਾਂ ਵਿੱਚ ਲੋਕਾਂ ਨੇ ਸੇਲਜ਼, ਮਾਰਕੀਟਿੰਗ, ਡਿਸਪੈਚ, ਸੀਨੀਅਰ ਮੈਨਜਮੈਂਟ ਅਤੇ ਹੋਰ ਅਹਿਮ ਅਹੁਦੇ ਵੀ ਸੰਭਾਲ ਲਏ ਹਨ।

ਗੁਪਤਾ ਨੇ ਇਹ ਵੀ ਕਿਹਾ ਕਿ ਕੰਪਨੀਆਂ ਉਦਯੋਗ ਦੀਆਂ ਜ਼ਰੂਰਤਾਂ ਨੂੰ ਢਾਹ ਨਾ ਲਾਉਂਦੇ ਹੋਏ ਸਭਿਆਚਾਰਕ ਵਖਰੇਵਿਆਂ ਨੂੰ ਸਮਝ ਕੇ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਕੇ ਹੋਰ ਪ੍ਰਵਾਸੀ ਡਰਾਈਵਰਾਂ ਨੂੰ ਆਪਣੇ ਵਲ ਖਿੱਚ ਸਕਦੀਆਂ ਹਨ।

ਟਰੱਕਿੰਗ ਐਚ.ਆਰ. ਕੈਨੇਡਾ ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ ਕਿ 2017 ‘ਚ, ਕੈਨੇਡਾ ਦਾ ਆਰਜ਼ੀ ਵਿਦੇਸ਼ੀ ਕਾਮੇ ਪ੍ਰੋਗਰਾਮ 1700 ਡਰਾਈਵਰ ਲੈ ਕੇ ਆਇਆ ਸੀ ਅਤੇ ਟਰੱਕਿੰਗ ਇਸ ਪ੍ਰੋਗਰਾਮ ਦਾ ‘ਸੱਭ ਤੋਂ ਵੱਧ’ ਲਾਭ ਲੈਣ ਵਾਲਿਆਂ ‘ਚ ਸ਼ਾਮਲ ਸੀ।

ਉਨ੍ਹਾਂ ਕਿਹਾ ਕਿ ਉਦਯੋਗ ਨੂੰ ਇਹ ਯਕੀਨੀ ਕਰਨ ਚਾਹੀਦਾ ਹੈ ਕਿ ਇਹ ਵੰਨ-ਸੁਵੰਨਤਾ ਨੂੰ ਅਪਣਾ ਰਿਹਾ ਹੈ, ਜਿਸ ‘ਚ ਵੱਧ ਤੋਂ ਵੱਧ ਔਰਤਾਂ, ਨੌਜੁਆਨ ਅਤੇ ਸਥਾਨਕ ਕਾਮੇ ਆਉਣ, ਜੋ ਕਿ ਵਿਸ਼ਾਲ ਰੁਜ਼ਗਾਰ ਸਰੋਤ ਹਨ ਪਰ ਇਨ੍ਹਾਂ ਦੀ ਟਰੱਕਿੰਗ ‘ਚ ਜ਼ਿਆਦਾ ਮੌਜੂਦਗੀ ਵੇਖਣ ਨੂੰ ਨਹੀਂ ਮਿਲਦੀ।