ਟਰੱਕਿੰਗ ਐਚ.ਆਰ. ਕੈਨੇਡਾ ਦੇ ਤਨਖ਼ਾਹ ਸਬਸਿਡੀ ਪ੍ਰੋਗਰਾਮ ਹੁਣ ਪੂਰੀ ਤਰ੍ਹਾਂ ਐਮਟੈਰਾ ਦੀ ਭਰਤੀ ਰਣਨੀਤੀ ਦਾ ਹਿੱਸਾ ਬਣੇ

ਜੇਨੀਨ ਵੇਲਚ ਟਰੱਕਿੰਗ ਐਚ.ਆਰ. ਕੈਨੇਡਾ ਦੀ ਈ-ਬੁਲੇਟਿਨ ‘‘ਐਚ.ਆਰ. ਇਨਸਾਈਟਸ’’ ਦਾ ਇੱਕ ਵੀ ਅੰਕ ਪੜ੍ਹਨਾ ਨਹੀਂ ਭੁੱਲਦੀ। ਅਸਲ ’ਚ ਇਸੇ ਕਰਕੇ ਐਮਟੈਰਾ ਗਰੁੱਪ ਦੀ ਮਨੁੱਖੀ ਸਰੋਤ ਮੈਨੇਜਰ ਨੂੰ ਸੰਗਠਨ ਦੀ ਕਰੀਅਰ ਐਕਸਪ੍ਰੈੱਸਵੇ ਪਹਿਲ ਅਤੇ ਵੱਖੋ-ਵੱਖ ਤਨਖ਼ਾਹ ਸਬਸਿਡੀ ਪ੍ਰੋਗਰਾਮਾਂ ਬਾਰੇ ਪਤਾ ਲੱਗਾ।

ਪੂਰੇ ਕੈਨੇਡਾ ’ਚ ਫੈਲੀ ਇਹ ਕੂੜਾ ਅਤੇ ਰੀਸਾਈਕਲਿੰਗ ਕੰਪਨੀ ਨੇ ਹੁਣ 15 ਨਵੇਂ ਵਰਕਰਾਂ ਨੂੰ ਕੰਮ ’ਤੇ ਰੱਖਿਆ ਹੈ ਜਿਨ੍ਹਾਂ ਨੂੰ ਇਸ ਪ੍ਰੋਗਰਾਮ ਹੇਠ ਤਨਖ਼ਾਹ ਅਤੇ ਨਵੇਂ ਡਰਾਈਵਰ ਦੀ ਸਿਖਲਾਈ ਲਈ ਸਬਸਿਡੀ ਮਿਲਦੀ ਹੈ। ਕਰੀਅਰ ਐਕਸਪ੍ਰੈੱਸਵੇ ਨੇ ਡਰਾਈਵਰਾਂ, ਰਿਫ਼ਿਊਜ਼ ਟਰੱਕਾਂ ਨੂੰ ਲੋਡ ਕਰਨ ਵਾਲੇ ਲੋਕਾਂ ਤੋਂ ਇਲਾਵਾ ਮਕੈਨਿਕਾਂ ਅਤੇ ਸਿਖਾਂਦਰੂ ਮਕੈਨਿਕਾਂ, ਡਿਸਪੈਚਰਾਂ, ਆਪਰੇਸ਼ਨ ਮਾਹਰਾਂ ਅਤੇ ਮਾਰਕੀਟਿੰਗ ਤੇ ਸੰਚਾਰ ਮਾਹਰਾਂ ਆਦਿ ਦੀ ਵੱਖੋ-ਵੱਖ ਵਿਭਾਗਾਂ ’ਚ ਭਰਤੀ ਲਈ ਵੀ ਯੋਗਦਾਨ ਦਿੱਤਾ ਜਿਸ ਬਾਰੇ ਵੇਲਚ ਨੇ ਕਿਹਾ, ‘‘ਅਸੀਂ ਪ੍ਰੋਗਰਾਮ ਦਾ ਪ੍ਰਯੋਗ ਵੱਖੋ-ਵੱਖ ਲੋਜਿਸਟਿਕਸ ਆਸਾਮੀਆਂ ਨੂੰ ਭਰਨ ਲਈ ਵੀ ਕਰਦੇ ਹਾਂ।’’

ਇਨ੍ਹਾਂ ਟਰੱਕਿੰਗ ਐਚ.ਆਰ. ਕੈਨੇਡਾ ਪ੍ਰੋਗਰਾਮਾਂ ਰਾਹੀਂ ਲਿਆਂਦੀ- 30 ਸਾਲਾਂ ਤੋਂ ਘੱਟ ਉਮਰ ਦੇ ਵਰਕਰ ਲਈ 10 ਹਜ਼ਾਰ ਡਾਲਰ ਦੀ ਤਨਖਾਹ ਸਬਸਿਡੀ ਅਤੇ ਇੱਕ ਨਵੇਂ ਟਰੱਕ ਡਰਾਈਵਰ ਦੀ ਸਿਖਲਾਈ ਫ਼ੀਸ ਅਦਾ ਕਰਨ ਲਈ 10 ਹਜ਼ਾਰ ਡਾਲਰ ਦੀ- ਵਿੱਤੀ ਮੱਦਦ ਲਈ ਉਮੀਦਵਾਰ ਦੀ ਯੋਗਤਾ ਮਾਪਣਾ ਫ਼ਲੀਟ ਦਾ ਦੂਜਾ ਕੰਮ ਬਣ ਗਿਆ ਹੈ। ਵੇਲਚ ਨੇ ਕਿਹਾ, ‘‘ਜਦੋਂ ਅਸੀਂ ਭਰਤੀ ਪ੍ਰਕਿਰਿਆ ਰਾਹੀਂ ਲੋਕਾਂ ਨੂੰ ਭਰਤੀ ਕਰਦੇ ਹਾਂ, ਜੇਕਰ ਸੰਭਾਵਤ ਵਰਕਰ ਭਰਤੀ ਯੋਗਤਾ ਨੂੰ ਪੂਰਾ ਕਰਦਾ ਹੈ, ਅਸੀਂ ਉਸ ਦਾ ਨਾਂ ਪ੍ਰੋਗਰਾਮ ’ਚ ਮਨਜ਼ੂਰੀ ਲਈ ਭੇਜ ਦਿੰਦੇ ਹਾਂ।’’

ਐਮਟੈਰਾ ਦੇ ਮਿਸ਼ਨ ਦਾ ਪ੍ਰਮੁੱਖ ਟੀਚਾ ਰੀਸਾਈਕਲਿੰਗ ਹੈ, ਕਰੀਅਰ ਐਕਸਪ੍ਰੈੱਸਵੇ ਰਾਹੀਂ ਬਚੇ ਪੈਸੇ ਨੂੰ ਹੋਰ ਨਵੇਂ ਹੁਨਰਮੰਦਾਂ ਦੀ ਤਲਾਸ਼ ਲਈ ਪ੍ਰਯੋਗ ਕੀਤਾ ਜਾਣਾ ਹੈ। ਕੰਮ ਕਰਨ ਦੀ ਥਾਂ ’ਤੇ ਵੰਨ-ਸੁਵੰਨਤਾ ਅਤੇ ਸਮਾਵੇਸ਼ਨ ਨੂੰ ਹੱਲਾਸ਼ੇਰੀ ਦੇਣ ਵਾਲੀ ਇਸ ਐਚ.ਆਰ. ਮਾਹਰ ਦਾ ਕਹਿਣਾ ਹੈ, ‘‘ਵਿੱਤੀ ਮੱਦਦ ਬਹੁਤ ਮੱਦਦਗਾਰ ਹੈ। ਇਸ ਨਾਲ ਸਾਨੂੰ ਵੱਖੋ-ਵੱਖ ਭਰਤੀ ਅਤੇ ਆਕਰਸ਼ਿਤ ਕਰਨ ਵਾਲੀਆਂ ਰਣਨੀਤੀਆਂ ਬਣਾਉਣ ਦਾ ਮੌਕਾ ਮਿਲਦਾ ਹੈ। ਸਬਸਿਡੀ ਨਾਲ ਨੌਜੁਆਨ ਵਰਕਰਾਂ ਨੂੰ ਬਹੁਤ ਵਧੀਆ ਮੌਕਾ ਮਿਲਦਾ ਹੈ ਕਿ ਉਹ ਉਦਯੋਗ ’ਚ ਦਾਖ਼ਲ ਹੋ ਸਕਣ ਅਤੇ ਇਸ ਨਾਲ ਐਮਟੈਰਾ ਨੂੰ ਜ਼ਿਆਦਾ ਮੁਲਾਜ਼ਮ ਭਰਤੀ ਕਰਨ ਅਤੇ ਸਿਖਲਾਈ ਦੇਣ ’ਚ ਲਚੀਲਾਪਨ ਮਿਲਦਾ ਹੈ।’’

ਇਸ ਤੋਂ ਇਲਾਵਾ ਇਹ ਪ੍ਰਕਿਰਿਆ ਆਸਾਨ ਵੀ ਹੈ। ਵੇਲਚ ਨੇ ਕਿਹਾ, ‘‘ਇਸ ਦੀ ਪੂਰੀ ਜਾਣਕਾਰੀ ਲੈਣਾ ਬਹੁਤ ਆਸਾਨ ਸੀ, ਅਤੇ ਦਾਅਵੇ ਦੀ ਪ੍ਰਕਿਰਿਆ ਪੂਰੀ ਕਰਨ ਲਈ ਸਮਾਂ ਬਹੁਤ ਘੱਟ।’’

ਐਮਟੈਰਾ ਗਰੁੱਪ ਦੀ ਬੁਲਾਰਾ ਅਨੁਸਾਰ ਨੌਜੁਆਨ ਕਾਮਿਆਂ ਤੱਕ ਪਹੁੰਚਣ ਸਕਣਾ ਆਪਣੇ ਆਪ ’ਚ ਵੱਡੀ ਕੀਮਤ ਰਖਦਾ ਹੈ। ਉਨ੍ਹਾਂ ਕਿਹਾ, ‘‘ਬਦਲ ਰਹੇ ਵੱਸੋਂ ਅੰਕੜਿਆਂ ਕਰਕੇ ਨੌਜੁਆਨ ਕਾਰਜਬਲ ਨੂੰ ਆਕਰਸ਼ਿਤ ਕਰਨਾ ਅਤੇ ਟਿਕਾਈ ਰੱਖਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਐਮਟੈਰਾ ਵਰਗੀ ਕੰਪਨੀ ਲਈ ਤਨਖ਼ਾਹ ਅਤੇ ਸਿਖਲਾਈ ਸਬਸਿਡੀ ਪ੍ਰੋਗਰਾਮ ਦਾ ਲਾਭ ਬਹੁਤ ਮਹੱਤਵਪੂਰਨ ਹੈ।’’

‘‘ਨੌਜੁਆਨ ਵਰਕਰ ਨਵੇਂ ਵਿਚਾਰ ਅਤੇ ਦਿ੍ਰਸ਼ਟੀਕੋਣ ਲੈ ਕੇ ਆਉਂਦੇ ਹਨ। ਉਨ੍ਹਾਂ ’ਚ ਹਮੇਸ਼ਾ ਆਪਣੇ ਵਿਚਾਰ ਸਾਂਝੇ ਕਰਨ ਅਤੇ ਸੁਝਾਅ ਦੇਣ ਦਾ ਆਤਮਵਿਸ਼ਵਾਸ ਹੁੰਦਾ ਹੈ। ਉਨ੍ਹਾਂ ਨੂੰ ਤਕਨਾਲੋਜੀ ਦਾ ਕੁਦਰਤੀ ਆਕਰਸ਼ਣ ਅਤੇ ਸਮਝ ਹੁੰਦੀ ਹੈ, ਅਤੇ ਦੁਨੀਆਂ ’ਤੇ ਸਾਕਾਰਾਤਮਕ ਅਸਰ ਪਾਉਣ ਦੀ ਮਜ਼ਬੂਤ ਇੱਛਾਸ਼ਕਤੀ ਹੁੰਦੀ ਹੈ। ਇਹ ਵਿਸ਼ੇਸ਼ਤਾਵਾਂ ਲੋਕਾਂ ਅਤੇ ਕਾਰੋਬਾਰਾਂ ਨੂੰ ਵਾਤਾਵਰਣ ਦੇ ਦੇਖਭਾਲ ਦੇ ਸਮਰੱਥ ਬਣਾਉਣ ਵਾਲੇ ਐਮਟੈਰਾ ਦੇ ਮਿਸ਼ਨ ਲਈ ਮਹੱਤਵਪੂਰਨ ਹਨ।’’

ਅਪੀਲ

28 ਵਰ੍ਹਿਆਂ ਦੇ ਕਾਈਲ ਮੈਕਗਲਿਨ-ਬਾਏ ਨੂੰ ਕੂੜਾ ਅਤੇ ਰੀਸਾਈਕਲਿੰਗ ਕਾਰੋਬਾਰ ’ਚ ਪਹਿਲਾਂ ਹੀ ਕਈ ਸਾਲਾਂ ਦਾ ਤਜ਼ਰਬਾ ਹੈ। ਉਹ ਰਿਫ਼ਊਜ਼ ਟਰੱਕ ਨੂੰ ਲੱਦਣ ਦਾ ਕੰਮ ਕਰਦਾ ਸੀ। ਹੁਣ ਉਹ ਟਰੱਕ ਚਲਾਉਣ ਦਾ ਕੰਮ ਕਰਦਾ ਹੈ, ਕਿਉਂਕਿ ਕਰੀਅਰ ਐਕਸਪ੍ਰੈੱਸਵੇ ਨੇ ਉਸ ਨੂੰ ਸਿਖਲਾਈ ਪ੍ਰਾਪਤ ਕਰਨ ਲਈ ਪੈਸਾ ਦਿੱਤਾ ਜਿਸ ਕਰਕੇ ਉਹ ਆਪਣਾ ਸ਼੍ਰੇਣੀ 1 ਲਾਇਸੰਸ ਪ੍ਰਾਪਤ ਕਰ ਸਕਿਆ।

ਪੀਟਰਬੋਰੋ, ਓਂਟਾਰੀਓ ਦੇ ਇਸ ਨੌਜੁਆਨ ਨੇ ਕਿਹਾ, ‘‘ਮੇਰੇ ਮਾਤਾ ਅਤੇ ਪਿਤਾ ਦੇ ਇਕੱਠੇ ਹੋਣ ਤੋਂ ਬਾਅਦ ਉਹ ਰੀਸਾਈਕਲਿੰਗ ਅਤੇ ਕੂੜਾ ਇਕੱਠਾ ਕਰਨ ਦਾ ਕੰਮ ਕਰਦੇ ਸਨ, ਅਤੇ ਇਸ ਕਰਕੇ ਮੈਂ ਆਪਣੀ ਸਾਰੀ ਜ਼ਿੰਦਗੀ ਟਰੱਕਾਂ ਦੇ ਆਲੇ-ਦੁਆਲੇ ਕੱਟੀ।’’ ਪਰ ਉਹ ਅਜੇ ਵੀ ਰੋਜ਼ਾਨਾ ਆਪਣੇ ਪਿਛਲੇ ਤਜ਼ਰਬਿਆਂ ਤੋਂ ਸਿੱਖਣ ਦਾ ਕੰਮ ਕਰਦਾ ਹੈ, ਜਿਸ ਕਰਕੇ ਉਸ ਨੂੰ ਡਰਾਈਵਰ ਬਣਨ ’ਚ ਮੱਦਦ ਮਿਲੀ। ਉਸ ਨੇ ਕਿਹਾ, ‘‘ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਕੰਮ ’ਚ ਕੀ ਕਰਨਾ ਹੁੰਦਾ ਹੈ। ਹਾਲਾਂਕਿ ਇਸ ਕੰਮ ਨੂੰ ਕਰਦਿਆਂ ਸਿੱਖਣ ਲਈ ਹਮੇਸ਼ਾ ਕੁੱਝ ਨਾ ਕੁੱਝ ਨਵਾਂ ਮਿਲਦਾ ਰਹਿੰਦੈ ਕਿਉਂਕਿ ਤੁਹਾਡਾ ਵਾਹ ਹਮੇਸ਼ਾ ਨਵੇਂ ਮਕਾਨ ਅਤੇ ਸੜਕਾਂ ਨਾਲ ਪੈਂਦਾ ਹੈ। ਹਮੇਸ਼ਾ ਕੁੱਝ ਅਜਿਹਾ ਵਾਪਰਦਾ ਰਹਿੰਦੈ ਜੋ ਕਿ ਹਾਲਾਤ ਨੂੰ ਇੱਕ ਪਲ ’ਚ ਬਦਲ ਦਿੰਦਾ ਹੈ।’’

ਰਿਫ਼ਿਊਜ਼ ਟਰੱਕ ਚਲਾਉਣਾ ਯਕੀਨੀ ਤੌਰ ’ਤੇ ਵੱਖਰੇ ਪ੍ਰਕਾਰ ਦੀ ਟਰੱਕਿੰਗ ਹੈ ਜਿਸ ਲਈ ਵਿਸ਼ੇਸ਼ ਮੁਹਾਰਤਾਂ ਲੋੜੀਂਦੀਆਂ ਹਨ। ਇਸ ਕੰਮ ’ਚ ਲਗਾਤਾਰ ਰੁਕਣਾ ਅਤੇ ਚੱਲਣਾ ਪੈਂਦਾ ਹੈ ਅਤੇ ਡਰਾਈਵਰ ਨੂੰ ਹਮੇਸ਼ਾ ਧਿਆਨ ਰਖਣਾ ਪੈਂਦਾ ਹੈ ਕਿ ਕਿਤੇ ਕੋਈ ਡਰਾਈਵਰ ਟਰੱਕ ਅੱਗੇ ਨਾ ਆ ਜਾਵੇ। ਤੰਗ ਗਲੀਆਂ ’ਚ ਦੋਵੇਂ ਪਾਸੇ ਪਾਰਕ ਗੱਡੀਆਂ ’ਚੋਂ ਨਿਕਲਣ ਦੀ ਵੀ ਚੁਨੌਤੀ ਹੁੰਦੀ ਹੈ। ਸਰਦੀਆਂ ਵੇਲੇ ਤਾਂ ਇਹ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।

ਭਾਵੇਂ ਕੁੱਝ ਵੀ ਹੋਵੇ, ਇਹ ਟਰੱਕਿੰਗ ’ਚ ਹੀ ਆਉਂਦਾ ਹੈ, ਜੋ ਕਿ ਵੱਡੇ ਪੱਧਰ ’ਤੇ ਰੈਗੂਲੇਟਡ ਉਦਯੋਗ ਹੈ। ਆਪਣੀ ਸਬਸਿਡੀ ਵਾਲੀ ਡਰਾਈਵਰ ਸਿਖਲਾਈ ਦੌਰਾਨ ਜੋ ਮੈਕਗਲਿਨ-ਬਾਏ ਨੇ ਸਿੱਖਿਆ ਉਸ ਬਾਰੇ ਉਸ ਦਾ ਕਹਿਣਾ ਹੈ, ‘‘ਮੈਨੂੰ ਨਹੀਂ ਪਤਾ ਸੀ ਕਿ ਵੱਡੀਆਂ ਕਮਰਸ਼ੀਅਲ ਗੱਡੀਆਂ ਲਈ ਅਸਲ ’ਚ ਕਾਰਾਂ ਤੋਂ ਕਿੰਨੇ ਜ਼ਿਆਦਾ ਨਿਯਮ ਅਤੇ ਕਾਨੂੰਨ ਹਨ। ਏਨੇ ਜ਼ਿਆਦਾ ਕਿ ਤੁਹਾਨੂੰ ਬਹੁਤ ਧਿਆਨ ਨਾਲ ਇਨ੍ਹਾਂ ਨੂੰ ਸਮਝਣਾ ਪੈਂਦਾ ਹੈ।’’

ਮੈਕਗਲਿਨ-ਬਾਏ ਨੇ ਟਰੱਕ ਡਰਾਈਵਰ ਵਜੋਂ ਆਪਣੇ ਨਵੇਂ ਕਰੀਅਰ ਬਾਰੇ ਕਿਹਾ, ‘‘ਇਹ ਕੰਮ ਹਮੇਸ਼ਾ ਆਸਾਨ ਨਹੀਂ ਹੁੰਦਾ, ਪਰ ਮੈਨੂੰ ਬਹੁਤ ਵਧੀਆ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।’’

ਅਤੇ ਜੇਨੀਨ ਵੇਲਚ ਅਨੁਸਾਰ ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਦੀ ਬਦੌਲਤ ਗਰੁੱਪ ਬਹੁਤ ਛੇਤੀ ਫੈਲਣ ਜਾ ਰਿਹਾ ਹੈ। ਉਸ ਨੇ ਅੰਤ ’ਚ ਕਿਹਾ, ‘‘ਇਹ ਸੱਚਮੁੱਚ ਬਹੁਤ ਵਧੀਆ ਪ੍ਰੋਗਰਾਮ ਹੈ। ਇਸ ’ਚ ਨੌਜੁਆਨ ਲੋਕਾਂ ਲਈ ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ’ਚ ਆਉਣ ਲਈ ਬਹੁਤ ਮੌਕੇ ਭਰੇ ਹੋਏ ਹਨ। ਐਮਟੈਰਾ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹੈ ਅਤੇ ਅਸੀਂ ਅੱਗੇ ਤੋਂ ਵੀ ਆਪਣੀ ਹਮਾਇਤ ਅਤੇ ਹਿੱਸੇਦਾਰੀ ਦੇਣ ਲਈ ਉਤਸ਼ਾਹਿਤ ਹਾਂ।’’

ਤਨਖ਼ਾਹ ਸਬਸਿਡੀ ਅਤੇ ਸਬਸਿਡੀ ਪ੍ਰਾਪਤ ਡਰਾਈਵਰ ਸਿਖਲਾਈ ਪੋ੍ਰਗਰਾਮਾਂ ਬਾਰੇ, ਅਤੇ ਤੁਸੀਂ ਵੀ ਇਸ ਮੌਕੇ ਦਾ ਕਿਸ ਤਰ੍ਹਾਂ ਲਾਭ ਲੈ ਸਕਦੇ ਹੋ, ਬਾਰੇ ਹੋਰ ਜਾਣਨ ਲਈ ਕ੍ਰਿਪਾ ਕਰਕੇ https://truckinghr.com/hr-training-resources/career-expressway-thrc/   ’ਤੇ ਜਾਓ ਜਾਂ theteam@truckinghr.com  ’ਤੇ ਈ-ਮੇਲ ਕਰੋ।