ਟਰੱਕਿੰਗ ਨੇ ਦਿੱਤੀ ਸਿੰਘ ਨੂੰ ਕਲਾ ਸਿਰਜਣ ਦੀ ਆਜ਼ਾਦੀ

ਜਸਵੰਤ ਸਿੰਘ ਨੂੰ ਕਲਾ ਸਿਰਜਣਾ ਦਾ ਏਨਾ ਸ਼ੌਕ ਹੈ ਕਿ ਜਦੋਂ ਹੀ ਉਸ ਨੂੰ ਕੋਈ ਨਵਾਂ ਵਿਚਾਰ ਬਹੁੜਦਾ ਹੈ, ਉਹ ਹਰ ਕੰਮ ਛੱਡ ਕੇ ਆਪਣੀ ਸਕੈੱਚ ਪੈੱਨ ਚੁੱਕ ਲੈਂਦਾ ਹੈ ਅਤੇ ਆਏ ਵਿਚਾਰ ਨੂੰ ਕਾਗ਼ਜ਼ ’ਤੇ ਉਤਾਰ ਲੈਂਦਾ ਹੈ। ਟਰੱਕ ਚਲਾਉਣ ਦੌਰਾਨ ਉਹ ਤੁਰੰਤ ਬ੍ਰੇਕਾਂ ਤਾਂ ਨਹੀਂ ਲਾ ਸਕਦਾ, ਪਰ ਉਹ ਹਰ ਆਏ ਵਿਚਾਰ ਨੂੰ ਮੰਤਰ ਵਾਂਗ ਰਟ-ਰਟ ਕੇ ਯਾਦ ਜ਼ਰੂਰ ਕਰ ਲੈਂਦਾ ਹੈ।

Picture of Jaswant Singh
ਜਸਵੰਤ ਸਿੰਘ ਹੋਰਨਾਂ ਲਈ ਚਿੱਤਰ ਸਿਰਜਦਾ ਹੈ, ਤਾਂ ਕਿ ਉਹ ਇਸ ਦਾ ਆਨੰਦ ਮਾਣ ਸਕਣ। ਤਸਵੀਰ: ਲੀਓ ਬਾਰੋਸ

ਲੰਮੇ ਤਜ਼ਰਬੇ ਵਾਲੇ ਇਸ ਟਰੱਕਰ ਦਾ ਕਹਿਣਾ ਹੈ, ‘‘ਮੈਂ ਟਰੱਕ ਸਿਰਫ਼ ਆਪਣੇ ਬਿੱਲਾਂ ਦੀ ਅਦਾਇਗੀ ਕਰਨ ਲਈ ਪੈਸਿਆਂ ਖਾਤਰ ਚਲਾਉਂਦਾ ਹਾਂ।’’ ਉਸ ਨੇ ਕਿਹਾ ਕਿ ਇਸ ਕਰਕੇ ਉਸ ਨੂੰ ਆਪਣੀ ਕਲਾ ਸਿਰਜਣ ਦੀ ਆਜ਼ਾਦੀ ਮਿਲ ਗਈ। ਟਰੱਕਿੰਗ ਦੇ ਕੰਮ ’ਚ ਤੁਹਾਨੂੰ ਬਹੁਤ ਇਕੱਲਤਾ ਦਾ ਅਹਿਸਾਸ ਹੁੰਦਾ ਹੈ ਅਤੇ ਜਸਵੰਤ ਸਿੰਘ ਨੇ ਇਸ ਕੰਮ ’ਚ ਮਿਲਦੇ ਏਕਾਂਤ ਨੂੰ ਅਪਣਾ ਲਿਆ ਹੈ, ਜਿਸ ਨਾਲ ਉਸ ਨੂੰ ਅੰਤਰਝਾਤ ਮਾਰਨ ਅਤੇ ਕੁੱਝ ਸਿਰਜਣ ਲਈ ਸਮਾਂ ਮਿਲਦਾ ਹੈ।

ਪੰਜਾਬ, ਭਾਰਤ ਦੇ ਇੱਕ ਕਿਸਾਨ ਪਰਿਵਾਰ ਦੇ ਜੰਮਪਲ ਜਸਵੰਤ ਸਿੰਘ ਨੇ ਯੂਨੀਵਰਸਿਟੀ ’ਚ ਫ਼ਾਈਨ ਆਰਟ ਦੀ ਪੜ੍ਹਾਈ ਕੀਤੀ ਸੀ। ਗਰੈਜੁਏਸ਼ਨ ਤੋਂ ਬਾਅਦ, ਕੁੱਝ ਸਾਲ ਉਹ ਫ਼ਾਈਨ ਆਰਟ ਦਾ ਅਧਿਆਪਕ ਬਣ ਗਿਆ। ਇਸ ਤੋਂ ਬਾਅਦ ਉਹ ਨੈਰੋਬੀ, ਕੇਨੀਆ ਚਲਾ ਗਿਆ ਜਿੱਥੇ ਉਸ ਨੇ ਇੱਕ ਇਸ਼ਤਿਹਾਰ ਏਜੰਸੀ ’ਚ ਗ੍ਰਾਫ਼ਿਕ ਡਿਜ਼ਾਈਨਰ ਅਤੇ ਇਲਸਟਰੇਟਰ ਵਜੋਂ ਕੰਮ ਕੀਤਾ। ਉਸ ਨੇ ਯੂਰੋਪ ਦੀਆਂ ਆਰਟ ਗੈਲਰੀਆਂ ਅਤੇ ਮਿਊਜ਼ੀਅਮਾਂ ਨੂੰ ਵੇਖਿਆ ਅਤੇ ਉੱਥੋਂ ਦੇ ਸਭਿਆਚਾਰ ਨੂੰ ਸਮਝਿਆ।

ਗ੍ਰਾਫ਼ਿਕ ਡਿਜ਼ਾਈਨਰ ਅਤੇ ਡਿਸਪਲੇ ਆਰਟਿਸਟ ਦੀ ਨੌਕਰੀ ਮਿਲਣ ਮਗਰੋਂ ਉਹ 1998 ’ਚ ਅਮਰੀਕਾ ਆ ਗਿਆ, ਅਤੇ ਇੱਥੇ ਉਸ ਨੇ ਡਿਜ਼ਨੀ ਵਰਲਡ ਤੇ ਯੂਨੀਵਰਸਲ ਸਟੂਡੀਓਜ਼ ਲਈ ਵੀ ਕੰਮ ਕੀਤਾ। ਉਸ ਨੇ ਕਿਹਾ ਕਿ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ’ਚ ਸਿੱਖਾਂ ਲਈ ਹਾਲਾਤ ਚੰਗੇ ਨਹੀਂ ਰਹੇ, ਜਿਸ ਕਰਕੇ ਉਹ 2004 ’ਚ ਆਪਣੇ ਪਰਿਵਾਰ ਨਾਲ ਕੈਨੇਡਾ ਆ ਵੱਸਿਆ।

ਇੱਥੇ ਉਸ ਦੀ ਜ਼ਿੰਦਗੀ ਆਸਾਨ ਨਹੀਂ ਰਹੀ, ਸਿਰਫ਼ ਕਲਾ ਨਾਲ ਉਸ ਨੂੰ ਜ਼ਿੰਦਗੀ ਬਤਾਉਣ ਜੋਗਾ ਪੈਸਾ ਨਹੀਂ ਮਿਲਦਾ ਸੀ। ਫਿਰ ਉਸ ਨੇ ਇੱਕ ‘ਜ਼ੋਖ਼ਮ ਭਰੇ ਉਧਮ’ ’ਤੇ ਜਾਣ ਦਾ ਫ਼ੈਸਲਾ ਕੀਤਾ ਅਤੇ 2007 ’ਚ ਆਪਣਾ ਏ/ਜ਼ੈੱਡ ਲਾਇਸੰਸ ਪ੍ਰਾਪਤ ਕਰ ਲਿਆ। ਉਸ ਨੇ ਇੱਕ ਸਾਲ ਤੱਕ ਟੀਮ ਦਾ ਹਿੱਸਾ ਬਣ ਕੇ ਡਰਾਈਵਿੰਗ ਕੀਤੀ ਅਤੇ ਫਿਰ ਉਹ ਲੋਂਗਹੌਲ ਰੂਟ ’ਤੇ ਇਕੱਲਾ ਹੀ ਜਾਣ ਲੱਗਾ।

ਉਸ ਨੇ ਮੰਨਿਆ ਕਿ ਟਰੱਕਿੰਗ ਦੇ ਪਹਿਲੇ ਦੋ ਸਾਲ ਬਹੁਤ ਮੁਸ਼ਕਲ ਰਹੇ। ਉਸ ਨੇ ਆਪਣੇ ਨਵੇਂ ਕੈਰੀਅਰ ਲਈ ਬਹੁਤ ਮਿਹਨਤ ਕੀਤੀ ਅਤੇ ਡਰਾਈਵਿੰਗ ਨੂੰ ਪਸੰਦ ਕਰਨ ਲੱਗਾ, ਪਰ ਉਹ ਆਪਣੇ ਅੰਦਰ ਬਲ ਰਹੀ ਕਲਾ ਦੀ ਅੱਗ ਨੂੰ ਬੁਝਾਉਣਾ ਨਹੀਂ ਚਾਹੁੰਦਾ ਸੀ।

ਡਰਾਈਵਿੰਗ ਕਰਨ ਸਮੇਂ ਧਾਰਮਿਕ ਆਡੀਓ ਕਿਤਾਬਾਂ ਨੂੰ ਸੁਣਦਿਆਂ ਜਸਵੰਤ ਸਿੰਘ ਨੂੰ ਡਰਾਈਵਿੰਗ ’ਚ ਮਿਲਦਾ ਏਕਾਂਤ ਪਸੰਦ ਆਉਣ ਲੱਗਾ। ਜੋ ਵੀ ਉਹ ਸੁਣਦਾ ਸੀ, ਉਸ ਬਾਰੇ ਆਪਣੇ ਵਿਚਾਰਾਂ ਨੂੰ ਟਰਿੱਪ ਤੋਂ ਘਰ ਆਉਣ ਮਗਰੋਂ ਲਿਖ ਲੈਂਦਾ ਸੀ।

ਕਲਾ ਅਤੇ ਟਰੱਕਿੰਗ ’ਚ ਸੰਤੁਲਨ ਬਿਠਾਉਣ ਲਈ, ਜਸਵੰਤ ਸਿੰਘ ਗਰਮੀਆਂ ਦੇ ਮਹੀਨਿਆਂ ’ਚ ਡਰਾਈਵਿੰਗ ਕਰਦਾ ਹੈ ਅਤੇ ਸਰਦੀਆਂ ’ਚ ਛੁੱਟੀ ਲੈ ਲੈਂਦਾ ਹੈ। ਇਸ ਸਮੇਂ ਦੌਰਾਨ ਉਹ ਪੇਂਟਿੰਗ ਕਰਦਾ ਹੈ, ਲਿਖਦਾ ਹੈ, ਅਤੇ ਕਲਾ ਪ੍ਰਦਰਸ਼ਨੀਆਂ ’ਚ ਹਿੱਸਾ ਲੈਂਦਾ ਹੈ।

ਜਸਵੰਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਸਾਧਾਰਨ ਜੀਵਨਸ਼ੈਲੀ ਪਸੰਦ ਹੈ ਅਤੇ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ। ਇੱਕ ਮੁਸਕੁਰਾਹਟ ਨਾਲ ਉਸ ਨੇ ਕਿਹਾ, ‘‘ਟਰੱਕਿੰਗ ’ਚ ਮੈਨੂੰ ਏਨਾ ਕੁ ਪੈਸਾ ਮਿਲ ਜਾਂਦਾ ਹੈ ਜਿਸ ਨਾਲ ਕੰਮ ਨਾ ਕਰਨ ਦੇ ਮਹੀਨਿਆਂ ਦੌਰਾਨ ਵੀ ਮੇਰੇ ਅਤੇ ਮੇਰੇ ਪਰਿਵਾਰ ਦਾ ਖ਼ਰਚਾ ਚਲਦਾ ਰਹਿੰਦਾ ਹੈ।’’

ਏਨੇ ਸਾਲਾਂ ਤੱਕ ਡਰਾਈਵਿੰਗ ਕਰਨ ਤੋਂ ਬਾਅਦ ਵੀ ਜਸਵੰਤ ਸਿੰਘ ਕੋਲ ਆਪਣਾ ਕੋਈ ਟਰੱਕ ਨਹੀਂ ਹੈ। ‘‘ਮੈਨੂੰ ਪਤਾ ਸੀ ਕਿ ਜੇ ਮੈਂ ਟਰੱਕ ਖ਼ਰੀਦ ਲਿਆ ਤਾਂ ਮੈਂ ਇਸ ਦਾ ਗ਼ੁਲਾਮ ਬਣ ਕੇ ਰਹਿ ਜਾਵਾਂਗਾ।’’

ਕੋਵਿਡ-19 ਉਸ ਦੀ ਕਲਮ ਦੇ ਸਫ਼ਰ ਲਈ ਬਹੁਤ ਲਾਹੇਵੰਦ ਸਾਬਤ ਹੋਇਆ। 2020 ’ਚ ਜਦੋਂ ਮਹਾਂਮਾਰੀ ਫੈਲੀ ਤਾਂ ਜਸਵੰਤ ਸਿੰਘ ਅਤੇ ਉਸ ਦਾ ਪਰਿਵਾਰ ਭਾਰਤ ’ਚ ਸੀ। ਇਸ ਸਮੇਂ ਦਾ ਪ੍ਰਯੋਗ ਉਸ ਨੇ ਇੱਕ ਕਿਤਾਬ ਲਿਖਣ ਲਈ ਕੀਤਾ। ਉਸ ਵੱਲੋਂ ਆਰਟ ਆਫ਼ ਜਸਵੰਤ, ਮਾਈ ਇਨਰ ਵਰਲਡ, ਅਤੇ ਇੱਕ ਵਿਅਕਤੀਗਤ ਯਾਦਾਂ ਬਾਰੇ ਤਾਜ਼ਾ ਪੁਸਤਕ ਏ ਬਬਲ ਇਨ ਦ ਰੇਨ ਪ੍ਰਕਾਸ਼ਤ ਹੋ ਚੁਕਿਆਂ ਹਨ।

ਭਾਰਤ ਤੋਂ ਪਰਤਣ ਮਗਰੋਂ, ਉਸ ਨੇ ਭਾਰਤੀ ਟੈਲੀਵਿਜ਼ਨ ਚੈਨਲਾਂ ਨੂੰ ਕੈਨੇਡਾ ’ਚ ਸਟੂਡੀਓ ਸਥਾਪਤ ਕਰਨ ’ਚ ਮੱਦਦ ਕੀਤੀ, ਜਦਕਿ ਨਿਊਜ਼ ਆਊਟਲੈੱਟਸ ਨਾਲ ਵੀਡੀਓਗ੍ਰਾਫ਼ਰ ਵਜੋਂ ਵੀ ਕੰਮ ਕੀਤਾ।

ਇਸ ਸਾਲ ਉਸ ਨੇ ਲੋਂਗਹੌਲ ਟਰੱਕਿੰਗ ਤੋਂ ਲੋਕਲ ਡਰਾਈਵਿੰਗ ਦਾ ਰੁਖ਼ ਕਰ ਲਿਆ। ਡਿਸਪੈਚਰਾਂ ਵੱਲੋਂ ਲਗਾਤਾਰ ਆ ਰਹੀਆਂ ਕੁਨੈਕਟੀਵਿਟੀ ਦੀਆਂ ਮੰਗਾਂ ਅਤੇ ਏਕਾਂਤ ਖ਼ਤਮ ਹੋਣ ਕਰਕੇ ਉਸ ਨੂੰ ਇਹ ਲੋਕਲ ਡਰਾਈਵਿੰਗ ਜ਼ਿਆਦਾ ਪਸੰਦ ਨਹੀਂ ਰਹੀ।

ਇਸ ਵੇਲੇ ਡਰਾਈਵਿੰਗ ਤੋਂ ਛੁੱਟੀ ’ਤੇ ਚਲ ਰਿਹਾ ਜਸਵੰਤ ਸਿੰਘ, ਆਰਟ ਪ੍ਰਾਜੈਕਟ ਅਤੇ ਆਪਣੀ ਤਾਜ਼ਾ ਕਿਤਾਬ ਦੇ ਕੰਮ ’ਚ ਰੁੱਝਾ ਹੋਇਆ ਹੈ। ਜਸਵੰਤ ਸਿੰਘ ਪਹਿਲਾਂ ਖ਼ੁਦ ਲਈ ਪੇਂਟ ਕਰਦਾ ਸੀ, ਪਰ ਹੁਣ ਉਸ ਨੇ ਹੋਰਨਾਂ ਲਈ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਤਾਂ ਕਿ ਉਹ ਇਨ੍ਹਾਂ ਦਾ ਆਨੰਦ ਲੈ ਸਕਣ। ਉਸ ਦੇ ਕੰਮ ਨੂੰ artofjaswant.com ’ਤੇ ਵੇਖਿਆ ਜਾ ਸਕਦਾ ਹੈ।

ਜਸਵੰਤ ਸਿੰਘ ਅੱਜ ’ਚ ਜਿਊਂਦਾ ਹੈ। ‘‘ਮੈਂ ਜੋ ਵੀ ਪਲਾਨ ਬਣਾਏ, ਉਨ੍ਹਾਂ ’ਚੋਂ 99.9% ਫ਼ੇਲ੍ਹ ਹੋ ਗਏ। ਮੈਂ ਮਨ ਦੀ ਮੌਜ ਨਾਲ ਚਲਦਾ ਹਾਂ, ਜੋ ਵੀ ਹਾਲਾਤ ਹੋਣ ਉਨ੍ਹਾਂ ਦਾ ਆਨੰਦ ਲੈਂਦਾ ਹਾਂ।’’

ਸੇਵਾਮੁਕਤੀ ਬਾਰੇ ਸੋਚਦਿਆਂ, ਜਸਵੰਤ ਸਿੰਘ ਚਾਹੁੰਦਾ ਹੈ ਕਿ ਕਲਾਕਾਰਾਂ ਅਤੇ ਲੇਖਕਾਂ ਦੇ ਤਜ਼ਰਬਿਆਂ ਦੀਆਂ ਕਹਾਣੀਆਂ ਸਾਂਝੀਆਂ ਕਰ ਕੇ ਉਹ ਬਜ਼ੁਰਗਾਂ ਅਤੇ ਨੌਜੁਆਨਾਂ ਵਿਚਕਾਰ ਪੁਲ ਬਣਨ ਦਾ ਕੰਮ ਕਰੇ।

 

ਲੀਓ ਬਾਰੋਸ ਵੱਲੋਂ