ਟਰੱਕਿੰਗ ਮਨੁੱਖੀ ਸਰੋਤ ਸਰਵੇਖਣ : ਹੋਰ ਨੌਕਰੀਆਂ ਜਾ ਸਕਦੀਆਂ ਹਨ

ਟਰੱਕਿੰਗ ਐਚ.ਆਰ. ਕੈਨੇਡਾ ਵੱਲੋਂ ਇਸ ਹਫ਼ਤੇ ਜਾਰੀ ਰੁਜ਼ਗਾਰਦਾਤਾ ਸਰਵੇ ਅਨੁਸਾਰ ਕੋਵਿਡ-19 ਕਰ ਕੇ ਕੈਨੇਡੀਆਈ ਟਰੱਕਿੰਗ ਉਦਯੋਗ ‘ਤੇ ਭਾਰੀ ਸੰਕਟ ਆਣ ਖੜ੍ਹਾ ਹੋਇਆ ਹੈ ਅਤੇ ਭਵਿੱਖ ‘ਚ ਇਸ ਦੇ ਛੇਤੀ ਖ਼ਤਮ ਹੋਣ ਦੀ ਉਮੀਦ ਨਹੀਂ ਲਗਦੀ।

ਇਸ ਸਰਵੇਖਣ ‘ਚ 84 ਰੁਜ਼ਗਾਰਦਾਤਾਵਾਂ ਨੇ ਹਿੱਸਾ ਲਿਆ, ਜੋ ਕਿ 22-31 ਮਈ ਦੌਰਾਨ ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਨੇ ਕਰਵਾਇਆ ਸੀ।

ਇਸ ‘ਚ ਕਿਹਾ ਗਿਆ ਹੈ ਕਿ ਸਰਵੇ ਅਧੀਨ 64 ਰੁਜ਼ਗਾਰਦਾਤਾਵਾਂ (76%) ਨੇ ਕੋਵਿਡ-19 ਕਰ ਕੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ।

ਸਰੋਤ : ਟਰੱਕਿੰਗ ਐਚ.ਆਰ. ਕੈਨੇਡਾ

ਰੀਪੋਰਟ ‘ਚ ਕਿਹਾ ਗਿਆ ਹੈ, ”ਕੁੱਲ 2,140 ਮੁਲਾਜ਼ਮਾਂ, ਜਾਂ ਸਾਡੀ ਨਮੂਨਾ ਵਰਕਫ਼ੋਰਸ (26,150) ਦੇ 8.2% ਹਿੱਸੇ ਦੀ ਨੌਕਰੀ ਚਲੀ ਗਈ। ਇਨ੍ਹਾਂ ‘ਚੋਂ ਟਰੱਕ ਡਰਾਈਵਰਾਂ ਦੀ ਗਿਣਤੀ 70%, ਜਾਂ 1,530 ਵਰਕਰ ਸੀ।”

ਸਰਵੇਖਣ ‘ਚ ਕਿਹਾ ਗਿਆ ਹੈ ਕਿ ਸ਼ੋਰਟ-ਹੌਲ ਸੈਗਮੈਂਟ ‘ਚ ਕੰਮ ਕਰਨ ਵਾਲੇ ਟਰੱਕ ਡਰਾਈਵਰਾਂ ਦੀਆਂ ਜ਼ਿਆਦਾ ਨੌਕਰੀਆਂ ਗਈਆਂ, ਜਿਨ੍ਹਾਂ ‘ਚੋਂ 10.8% ਡਰਾਈਵਰਾਂ ਨੂੰ ਕੱਢ ਦਿੱਤਾ ਗਿਆ, ਜਦਕਿ ਲੋਂਗ-ਹੌਲ ਡਰਾਈਵਰਾਂ ‘ਚੋਂ 8% ਨੂੰ ਕੱਢ ਦਿੱਤਾ ਗਿਆ।

ਸਰੋਤ : ਟਰੱਕਿੰਗ ਐਚ.ਆਰ. ਕੈਨੇਡਾ

ਪੂਰੇ ਕੈਨੇਡਾ ‘ਚ ਫ਼ਰਵਰੀ ਤੋਂ ਲੈ ਕੇ ਹੁਣ ਤਕ 30 ਲੱਖ ਨੌਕਰੀਆਂ ਗਈਆਂ ਹਨ, ਜਾਂ ਕੁਲ ਰੁਜ਼ਗਾਰ ‘ਚ 15.6% ਦੀ ਕਮੀ ਆਈ।

ਸਰਵੇਖਣ ‘ਚ ਇਹ ਵੀ ਕਿਹਾ ਗਿਆ ਹੈ ਕਿ ਅਜੇ ਬਹੁਤ ਸਾਰੀਆਂ ਹੋਰ ਨੌਕਰੀਆਂ ਵੀ ਜਾਣ ਵਾਲੀਆਂ ਹਨ।

ਟਰੱਕਿੰਗ ਐਚ.ਆਰ. ਨੇ ਕਿਹਾ, ”ਇੱਕ ਤਿਹਾਈ ਰੁਜ਼ਗਾਰਦਾਤਾਵਾਂ (36%) ਨੂੰ ਉਮੀਦ ਹੈ ਕਿ ਮਹਾਂਮਾਰੀ ਦੇ ਆਰਥਕ ਅਸਰ ਕਰ ਕੇ ਉਨ੍ਹਾਂ ਦੀ ਕੰਪਨੀ ਅਗਲੇ ਤਿੰਨ ਤੋਂ ਛੇ ਮਹੀਨਿਆਂ ਦੌਰਾਨ ਹੋਰ ਮੁਲਾਜ਼ਮਾਂ ਦੀ ਛਾਂਟੀ ਕਰੇਗੀ।”

ਇਸ ਨੇ ਕਿਹਾ ਕਿ ਜਿਨ੍ਹਾਂ ਰੁਜ਼ਗਾਰਦਾਤਾਵਾਂ ਨੇ ਮਹਾਂਮਾਰੀ ਕਰ ਕੇ ਪਹਿਲਾਂ ਹੀ ਆਪਣੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਹੈ ਉਨ੍ਹਾਂ ਵੱਲੋਂ ਅਜਿਹਾ ਮੁੜ ਕੀਤੇ ਜਾਣ ਦੀ ਉਮੀਦ 43% ਵੱਧ ਹੈ, ਜਦਕਿ ਜਿਨ੍ਹਾਂ ਨੇ ਅਜੇ ਤਕ ਆਪਣੇ ਮੁਲਾਜ਼ਮਾਂ ਨੂੰ ਨਹੀਂ ਕੱਢਿਆ ਹੈ ਉਨ੍ਹਾਂ ਵੱਲੋਂ ਅੱਗੇ ਵੀ ਆਪਣੇ ਮੁਲਾਜ਼ਮਾਂ ਨੂੰ ਕੱਢਣ ਦੀ ਉਮੀਦ 16% ਹੈ।

ਸਰਵੇ ‘ਚ ਕਿਹਾ ਗਿਆ ਹੈ ਕਿ ਰੁਜ਼ਗਾਰਦਾਤਾਵਾਂ ਲਈ ਆਪਣੇ ਮਨੁੱਖੀ ਸਰੋਤਾਂ ਨਾਲ ਸਬੰਧਤ ਸਭ ਤੋਂ ਚੁਨੌਤੀ ਭਰਿਆ ਕੰਮ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਕਰਨਾ ਹੈ, ਵਿਸ਼ੇਸ਼ ਕਰ ਕੇ ਟਰੱਕ ਡਰਾਈਵਰਾਂ ਦੀ।

ਹੋਰ ਮੁੱਖ ਗੱਲਾਂ:

* ਗ਼ੈਰ-ਜ਼ਰੂਰੀ ਵਸਤਾਂ ਦੀ ਆਵਾਜਾਈ ‘ਚ ਲੱਗੀਆਂ ਕੰਪਨੀਆਂ ਨੇ ਆਪਣੇ ਕੁੱਲ ਕਿਰਤਬਲ ਦਾ 10.0% ਹਿੱਸਾ ਜਾਂ 1,300 ਕਾਮਿਆਂ ਨੂੰ ਕੱਢ ਦਿੱਤਾ।

* ਮੁਕਾਬਲਤਨ, ਜ਼ਰੂਰੀ ਸਾਮਾਨ ਦੀ ਢੋਆ-ਢੁਆਈ ‘ਚ ਲੱਗੀਆਂ ਕੰਪਨੀਆਂ ਨੇ ਆਪਣੇ ਸਿਰਫ਼ 5.5% ਸਟਾਫ਼ ਜਾਂ 600 ਵਰਕਰਾਂ ਨੂੰ ਨੌਕਰੀ ਤੋਂ ਕੱਢਿਆ।

* ਨਿਰਮਾਣ ਖੇਤਰ ਲਈ ਵਸਤਾਂ ਦੀ ਢੋਆ-ਢੁਆਈ ਕਰਨ ਵਾਲੀਆਂ ਕੰਪਨੀਆਂ ਦੇ ਰੁਜ਼ਗਾਰ ‘ਚ ਸਭ ਤੋਂ ਜ਼ਿਆਦਾ ਕਮੀ ਵੇਖਣ ਨੂੰ ਮਿਲੀ, ਜਿਨ੍ਹਾਂ ਨੇ ਆਪਣੇ 17% ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ। (ਇਨ੍ਹਾਂ ‘ਚ 4% ਬਰਖ਼ਾਸਤਗੀਆਂ ਵੀ ਸ਼ਾਮਲ ਹਨ)

* ਹਰ ਪੰਜ ਰੁਜ਼ਗਾਰਦਾਤਾਵਾਂ (42%) ‘ਚੋਂ ਦੋ ਨੇ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਿਊ.ਐਸ.) ਲਈ ਬਿਨੈ ਕੀਤਾ ਹੈ। ਜਦਕਿ 24% ਹੋਰ ਰੁਜ਼ਗਾਰਦਾਤਾ ਅਜਿਹਾ ਕਰਨ ਬਾਰੇ ਸੋਚ ਰਹੇ ਹਨ।

* ਟਰੱਕ ਡਰਾਈਵਰਾਂ ‘ਤੇ ਲਾਗੂ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਉਪਰਾਲਾ ਕੰਮ ਦੇ ਸਮੇਂ ‘ਚ ਕਮੀ ਕਰਨਾ ਰਿਹਾ, ਹਰ ਪੰਜ ‘ਚੋਂ ਤਿੰਨ ਰੁਜ਼ਗਾਰਦਾਤਾਵਾਂ (60%) ਨੇ ਇਸ ਨੂੰ ਲਾਗੂ ਕੀਤਾ।

ਨਜ਼ਰੀਆ ਬਦਲਿਆ

ਟਰੱਕਿੰਗ ਐਚ.ਆਰ. ਨੇ ਰੁਜ਼ਗਾਰਦਾਤਾਵਾਂ ਕੋਲੋਂ ਇਹ ਵੀ ਪੁੱਛਿਆ ਕਿ ਕੀ ਮਹਾਂਮਾਰੀ ਨੇ ਟਰੱਕਿੰਗ ਬਾਰੇ ਲੋਕਾਂ ਦੇ ਨਜ਼ਰੀਏ ਨੂੰ ਬਦਲਿਆ ਹੈ?

ਇਸ ਦੇ ਨਤੀਜੇ ਰਲਵੇਂ-ਮਿਲਵੇਂ ਰਹੇ।

ਇਸ ‘ਚ ਇੱਕ ਪਾਸੇ ਕਿਹਾ ਗਿਆ ਹੈ ਕਿ ਭਵਿੱਖ ਦੇ ਟਰੱਕ ਡਰਾਈਵਰਾਂ ‘ਚ ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ਦੇ ਆਕਰਸ਼ਕ ਹੋਣ ਬਾਰੇ ਰੁਜ਼ਗਾਰਦਾਤਾਵਾਂ ਦੇ ਵਿਚਾਰ ਵੱਖੋ-ਵੱਖਰੇ ਸਨ।

”ਦੂਜੇ ਪਾਸੇ, 29% ਰੁਜ਼ਗਾਰਦਾਤਾ ਮੰਨਦੇ ਹਨ ਕਿ ਕੋਵਿਡ-19 ਨੇ ਟਰੱਕਿੰਗ ਅਤੇ ਲੋਜਿਸਟਿਕਸ ਨੂੰ ਭਵਿੱਖ ਦੇ ਹੋਰ ਮੁਲਾਜ਼ਮਾਂ (ਟਰੱਕ ਡਰਾਈਵਰ ਤੋਂ ਸਿਵਾ) ਵਾਂਗ ਹੀ ਜਾਂ ਉਨ੍ਹਾਂ ਤੋਂ ਵੀ ਵੱਧ ਆਕਰਸ਼ਕ ਬਣਾ ਦਿੱਤਾ ਹੈ।”

ਟਰੱਕਿੰਗ ਐਚ.ਆਰ. ਨੇ ਕਿਹਾ ਕਿ ਇਹ ਸਰਵੇਖਣ ਮਹਾਂਮਾਰੀ ਦੇ ਕਿਰਤ ਬਾਜ਼ਾਰ ‘ਤੇ ਪਏ ਅਸਰ ਬਾਰੇ ਜਾਰੀ ਇੱਕ ਲੜੀ ‘ਚ ਪਹਿਲੀ ਕਿਸਤ ਹੈ।

ਟਰੱਕਿੰਗ ਐਚ.ਆਰ. ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ”ਕੋਵਿਡ-19 ਸੰਕਟ ਤੋਂ ਬਾਹਰ ਨਿਕਲਣ ਲਈ ਰੁਜ਼ਗਾਰਦਾਤਾਵਾਂ ਦੀ ਮੱਦਦ ਲਈ ਕੰਮ ਕਰਦਿਆਂ ਕਿਰਤ ਬਾਜ਼ਾਰ ਬਾਰੇ ਇਹ ਜਾਣਕਾਰੀ ਸਾਨੂੰ ਇਹ ਦੱਸੇਗੀ ਕਿ ਸਾਡੀ ਪਹੁੰਚ ਕਿੱਥੇ ਤਕ ਹੋਵੇ।”