ਟਰੱਕ ‘ਚੋਂ 60 ਲੱਖ ਡਾਲਰ ਦੇ  ਨਸ਼ੀਲੇ ਪਦਾਰਥ ਜ਼ਬਤ

ਜ਼ਬਤ ਨਸ਼ੇ

ਇੱਕ ਵਾਰੀ ਫਿਰ ਬੱਫ਼ਲੋ, ਨਿਊਯਾਰਕ ਵਿਖੇ ਪੀਸ ਬ੍ਰਿਜ ‘ਤੇ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ ਕੀਤੀ ਗਈ ਹੈ, ਇਸ ਵਾਰੀ ਇਸ ਨੂੰ ਇੱਕ ਸੀਮੈਂਟ ਦੀ ਕਮਰਸ਼ੀਅਲ ਸ਼ਿਪਮੈਂਟ ‘ਚ ਲੁਕੋ ਕੇ ਰੱਖਿਆ ਗਿਆ ਸੀ।

ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ ਕਿਹਾ ਕਿ ਇਹ ਘਟਨਾ 22 ਜੁਲਾਈ ਦੀ ਹੈ, ਜਦੋਂ ਅਫ਼ਸਰਾਂ ਨੇ 3,000 ਪਾਊਂਡ ਭੰਗ ਨੂੰ ਕੈਨੇਡਾ ਤੋਂ ਆ ਰਹੇ ਇੱਕ ਟਰੱਕ ‘ਚੋਂ ਜ਼ਬਤ ਕੀਤਾ ਜਿਸ ਦੀ ਬਾਜ਼ਾਰ ‘ਚ ਕੀਮਤ 60 ਲੱਖ ਅਮਰੀਕੀ ਡਾਲਰ ਹੈ।

ਏਜੰਸੀ ਨੇ ਕਿਹਾ ਕਿ ਟਰੱਕ ਦੇ 45 ਵਰ੍ਹਿਆਂ ਦੇ ਕੈਨੇਡੀਅਨ ਡਰਾਈਵਰ ਨੇ ਦਾਅਵਾ ਕੀਤਾ ਸੀ ਕਿ ਉਹ ਸੀਮੈਂਟ ਲੈ ਕੇ ਜਾ ਰਿਹਾ ਹੈ। ਉਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ ਹੈ।

ਸੀ.ਬੀ.ਪੀ. ਅਫ਼ਸਰਾਂ ਨੂੰ ਨਸ਼ਿਆਂ ਦਾ ਪਤਾ ਗੱਡੀ ਦੀ ਦੂਜੀ ਜਾਂਚ ‘ਚ ਲੱਗਾ।

ਏਜੰਸੀ ਨੇ ਕਿਹਾ, ”ਸ਼ਿਪਮੈਂਟ ਦੀ ਜਾਂਚ ਕਰਨ ‘ਤੇ 12 ਲੱਕੜੀ ਦੇ ਬਕਸੇ ਮਿਲੇ ਜਿਨ੍ਹਾਂ ‘ਚ ਭੰਗ ਦੇ ਹਵਾਬੰਦ ਪੈਕੇਟ ਸਨ।”

ਏਜੰਸੀ ਨੇ ਕਿਹਾ ਕਿ ਟਰੱਕ ਨੂੰ ਅਮਰੀਕਾ ‘ਚ ਨਹੀਂ ਆਉਣ ਦਿੱਤਾ ਗਿਆ ਅਤੇ ਇਸ ਨੂੰ ਕੈਨੇਡਾ ਵਾਪਸ ਮੋੜ ਦਿੱਤਾ ਗਿਆ। ਇਸ ਬਾਰੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਸੀ.ਬੀ.ਪੀ. ਦੇ ਬੱਫ਼ਲੋ ਫ਼ੀਲਡ ਦਫ਼ਤਰ ‘ਚ ਨਸ਼ਿਆਂ ਦੀ ਜ਼ਬਤੀ ‘ਚ ਪਿਛਲੇ ਕੁੱਝ ਮਹੀਨਿਆਂ ‘ਚ ਤੇਜ਼ੀ ਆਈ ਹੈ। ਇਸ ਦੇ ਪੂਰੇ ਨਿਊਯਾਰਕ ਸਟੇਟ ‘ਚ 16 ਦਾਖ਼ਲਾ ਪੋਰਟ ਹਨ।

ਏਜੰਸੀ ਨੇ ਕਿਹਾ ਕਿ ਅਕਤੂਬਰ ਤੋਂ ਲੈ ਕੇ ਜੁਲਾਈ ਤਕ, ਅਫ਼ਸਰਾਂ ਨੇ 1,500 ਜ਼ਬਤੀਆਂ ਕੀਤੀਆਂ ਹਨ ਜਿਨ੍ਹਾਂ ‘ਚੋਂ 23,500 ਪਾਊਂਡ ਨਸ਼ੇ ਮਿਲੇ ਹਨ।

ਇਸ ਮਹੀਨੇ ਦੀ ਸ਼ੁਰੂਆਤ ‘ਚ, ਅਮਰੀਕੀ ਅਫ਼ਸਰਾਂ ਨੇ ਇੱਕ ਟਰੱਕ ਡਰਾਈਵਰ ਵਿਰੁੱਧ ਦੋਸ਼ਾਂ ਨੂੰ ਵਾਪਸ ਲੈ ਲਿਆ ਸੀ ਜਿਸ ਨੂੰ ਜੂਨ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਸ ਕੋਲੋਂ 2 ਕਰੋੜ ਡਾਲਰ ਦੀ 9,500 ਪਾਊਂਡ ਭੰਗ ਮਿਲੀ ਸੀ।

26 ਵਰ੍ਹਿਆਂ ਦਾ ਪ੍ਰਭਜੋਤ ਨਾਗਰਾ ਭਾਰਤ ਦਾ ਨਾਗਰਿਕ ਹੈ ਜੋ ਕਿ ਕੈਨੇਡਾ ਦਾ ਪੱਕਾ ਵਾਸੀ ਬਣ ਚੁੱਕਾ ਹੈ। ਉਸ ਨੇ ਕਿਹਾ ਸੀ ਕਿ ਉਸ ਨੂੰ ਨਹੀਂ ਪਤਾ ਸੀ ਕਿ ਟਰੱਕ ਅੰਦਰ ਨਸ਼ੇ ਲੁਕੋ ਕੇ ਰੱਖੇ ਹੋਏ ਸਨ। ਬਾਅਦ ‘ਚ ਉਸ ਨੂੰ ਕੈਨੇਡਾ ‘ਚ ਵਾਪਸ ਭੇਜ ਦਿੱਤਾ ਗਿਆ ਸੀ।