ਟਰੱਕ ਡਰਾਈਵਰਾਂ ਲਈ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ਦੇ 8 ਤਰੀਕੇ

ਲੋਂਗ ਹੌਲ ਟਰੱਕ ਡਰਾਈਵਰਾਂ ਨੂੰ ਆਪਣੇ ਕੰਮ ਦੀ ਕਿਸਮ ਕਰਕੇ ਪਰਿਵਾਰਕ ਰਿਸ਼ਤੇ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਘਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਦਿਨ ਜਾਂ ਹਫ਼ਤੇ ਸੜਕ ’ਤੇ ਬਿਤਾਉਣੇ ਪੈਂਦੇ ਹਨ। ਅਤੇ ਫਿਰ ਵੀ ਪਰਿਵਾਰ ਲਈ ਕੁੱਝ ਘੰਟੇ ਹੀ ਨਸੀਬ ਹੁੰਦੇ ਹਨ ਅਤੇ ਉਨ੍ਹਾਂ ਨੂੰ ਛੇਤੀ ਹੀ ਵਾਪਸ ਕੰਮ ’ਤੇ ਪਰਤਣਾ ਪੈਂਦਾ ਹੈ।

Happy family
ਡਰਾਈਵਰਾਂ ਨੂੰ ਆਪਣੇ ਪਿਆਰਿਆਂ ਨਾਲ ਜੁੜਨ ਲਈ ਸਮਾਂ ਕੱਢਣਾ ਚਾਹੀਦਾ ਹੈ। ਤਸਵੀਰ: ਆਈਸਟਾਕ

ਟੋਰਾਂਟੋ ’ਚ ਸਥਿਤ ਥੈਰੇਪੀ ਸੈਂਟਰ ਵਿਖੇ ਕਲੀਨਿਕਲ ਥੈਰੇਪਿਸਟ ਸ਼ੰਕਰੀ ਸ਼ਰਮਾ, ਅਤੇ ਬਰੈਂਪਟਨ, ਓਂਟਾਰੀਓ ’ਚ ਪੰਜਾਬੀ ਭਾਈਚਾਰਾ ਸਿਹਤ ਸੇਵਾਵਾਂ ਦੇ ਸੀ.ਈ.ਓ. ਬਲਦੇਵ ਮੁੱਟਾ ਡਰਾਈਵਰਾਂ ਨੂੰ ਕਈ ਨੁਕਤੇ ਦੱਸ ਰਹੇ ਹਨ ਜਿਸ ਨਾਲ ਉਹ ਆਪਣੇ ਪਿਆਰਿਆਂ ਨਾਲ ਰਿਸ਼ਤਿਆਂ ਨੂੰ ਬਿਹਤਰ ਤਰੀਕੇ ਨਾਲ ਕਾਇਮ ਰੱਖ ਸਕਦੇ ਹਨ।

  1. ਜੁੜਾਅ ਦੀ ਰਸਮ ਨੂੰ ਸਮਰਪਿਤ ਰਹੋ

ਪਰਿਵਾਰ ਅਤੇ ਸਨੇਹੀਆਂ ਨੂੰ ਨਿਯਮਤ ਫ਼ੋਨ ਕਾਲਾਂ, ਛੋਟੀਆਂ ਈ-ਮੇਲਾਂ, ਜਾਂ ਲਿਖਤੀ ਸੰਦੇਸ਼ ਲੋਕਾਂ ਨੂੰ ਆਪਸ ’ਚ ਜੋੜੀ ਰੱਖਣ ਦਾ ਕੰਮ ਕਰਦੇ ਹਨ ਜਿਸ ਨੂੰ ਸ਼ਰਮਾ ਨੇ ਜੁੜਾਅ ਦੀ ਰਸਮ ਦਾ ਨਾਂ ਦਿੱਤਾ ਹੈ। ਖ਼ਰਚਿਆਂ, ਬੱਚਿਆਂ ਦੀ ਦੇਖਭਾਲ, ਸਿਹਤ ਅਤੇ ਧਿਆਨ ਰੱਖਣ ਵਰਗੇ ਮਸਲਿਆਂ ’ਤੇ ਗੱਲਬਾਤ ਕਰਨ ਲਈ ਸਮਾਂ ਕੱਢੋ। ਇਸ ਨਾਲ ਹੌਲੀ-ਹੌਲੀ ਵਧਣ ਵਾਲੀ ਨਾਰਾਜ਼ਗੀ ਤੋਂ ਬਚਾਅ ਹੋ ਸਕਦਾ ਹੈ।

  1. ਆਹਮੋ-ਸਾਹਮਣੇ ਗੱਲਬਾਤ ’ਤੇ ਧਿਆਨ ਦਿਓ

ਕਈ ਵਾਰੀ ਉਨੀਂਦਰਾ ਡਰਾਈਵਰ ਜਾਗਦਾ ਰਹਿਣ ਲਈ ਆਪਣੀ ਪਤਨੀ ਨਾਲ ਇੱਕ ਘੰਟੇ ਤੱਕ ਫ਼ੋਨ ’ਤੇ ਗੱਲ ਕਰਦਾ ਰਹਿੰਦਾ ਹੈ, ਪਰ ਇਸ ਤਰ੍ਹਾਂ ਕਰਨ ਨਾਲ ਉਸ ਕੋਲ ਘਰ ਪੁੱਜਣ ’ਤੇ ਕਰਨ ਲਈ ਕੋਈ ਗੱਲ ਨਹੀਂ ਰਹਿੰਦੀ। ਮੁੱਟਾ ਕਹਿੰਦੇ ਹਨ ਕਿ ਫ਼ੋਨ ’ਤੇ ਜ਼ਿਆਦਾ ਲੰਮੀ ਗੱਲ ਨਹੀਂ ਕਰਨੀ ਚਾਹੀਦੀ ਅਤੇ ਆਹਮੋ-ਸਾਹਮਣੇ ਆ ਕੇ ਗੱਲਾਂ ਕਰਨ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ।

  1. ਛੋਟੇ-ਮੋਟੇ ਕੰਮਾਂ ਨੂੰ ਬਾਹਰੀ ਸਰੋਤਾਂ ਤੋਂ ਕਰਵਾਓ

ਘਰ ਦੇ ਨੇੜੇ ਰਹਿਣ ਵਾਲਿਆਂ ਤੋਂ ਬੋਝ ਘਟਾਓ। ਸ਼ਰਮਾ ਅਨੁਸਾਰ ਜੇਕਰ ਵਿੱਤੀ ਤੌਰ ’ਤੇ ਸਰ ਸਕਦਾ ਹੈ ਤਾਂ ਛੋਟੇ-ਮੋਟੇ ਕੰਮਾਂ ਲਈ ਕਿਸੇ ਬਾਹਰੀ ਸਰੋਤ (ਆਊਟਸੋਰਸ) ਨੂੰ ਲਗਾ ਲਓ। ਇਸ ’ਚ ਬੱਚਿਆਂ ਦੀ ਦੇਖਭਾਲ, ਸਕੂਲ ਲੈ ਕੇ ਜਾਣ ਅਤੇ ਵਾਪਸ ਲਿਆਉਣ ਜਾਂ ਆਫ਼ਟਰ-ਸਕੂਲ ਪ੍ਰੋਗਰਾਮਾਂ, ਬਗੀਚੇ ਦੀ ਦੇਖਭਾਲ ਜਾਂ ਬਰਫ਼ ਹਟਾਉਣ ਵਰਗੇ ਕੰਮ ਸ਼ਾਮਲ ਹੋ ਸਕਦੇ ਹਨ।

  1. ਦੂਰੀਆਂ ਵਧਣ ਦੇ ਸੰਕੇਤ ਪਛਾਣੋ

ਜੇਕਰ ਸੌਣਾ ਅਤੇ ਖਾਣਾ ਸਮੇਂ ਅਨੁਸਾਰ ਨਹੀਂ ਚਲ ਰਿਹਾ ਹੈ ਅਤੇ ਉਤਸ਼ਾਹ ਦਾ ਪੱਧਰ ਘੱਟ ਗਿਆ ਹੈ, ਤਾਂ ਇਹ ਕਿਸੇ ਰਿਸ਼ਤੇ ’ਚ ਦੂਰੀਆਂ ਵਧਣ ਦਾ ਸੰਕੇਤ ਹੋ ਸਕਦਾ ਹੈ। ਜਾਂ ਹੋ ਸਕਦਾ ਹੈ ਕਿ ਲੜਾਈ-ਝਗੜੇ ਦੀ ਬਾਰੰਬਾਰਤਾ ਜਾਂ ਤੀਬਰਤਾ ਵੱਧ ਰਹੀ ਹੈ। ਵਿਅਕਤੀ ਹਮੇਸ਼ਾ ਖ਼ੁਦ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ।

Picture of Shankari Sharma
ਸ਼ੰਕਰੀ ਸ਼ਰਮਾ। ਤਸਵੀਰ: ਸਪਲਾਈਡ

ਸ਼ਰਮਾ ਨੇ ਕਿਹਾ ਕਿ ਕੁੱਝ ਲੋਕ ਨਸ਼ਾ ਕਰਕੇ, ਖ਼ੁਦ ਨੂੰ ਨੁਕਸਾਨ ਪਹੁੰਚਾ ਕੇ, ਅਤੇ ਵਾਰ-ਵਾਰ ਖਾਣ ਵਰਗੀਆਂ ਗ਼ੈਰਸਿਹਤਮੰਦ ਆਦਤਾਂ ਅਪਣਾ ਕੇ ਇਸ ਸਥਿਤੀ ਨਾਲ ਨਜਿੱਠਦੇ ਹਨ। ਇਸ ਦਾ ਪ੍ਰਗਟਾਵਾ ਖੁੱਲ੍ਹੇ ਜਿਨਸੀ ਸੰਬੰਧ, ਅਸੁਰੱਖਿਅਤ ਸੈਕਸ, ਜ਼ੋਖ਼ਮ ਭਰਿਆ ਆਨਲਾਈਨ ਵਰਤਾਰਾ, ਅਸ਼ਲੀਲ ਸੰਦੇਸ਼ ਭੇਜਣ ਅਤੇ ਪੋਰਨੋਗ੍ਰਾਫ਼ੀ ਵੇਖਣ ਦੀ ਆਦਤ ਰਾਹੀਂ ਹੋ ਸਕਦਾ ਹੈ।

  1. ਤਕਨਾਲੋਜੀ ਨੂੰ ਛੂਹਣ ਤੋਂ ਪਹਿਲਾਂ ਇਨਸਾਨ ਨੂੰ ਛੂਹੋ

ਦਿਮਾਗੀ ਸਿਹਤ ਅਤੇ ਮਜ਼ਬੂਤ ਰਿਸ਼ਤਿਆਂ ਲਈ ਮੁੱਟਾ ਵੱਧ ਸਰੀਰਕ ਸੰਪਰਕ ਦੀ ਸਿਫ਼ਾਰਸ਼ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਕਨਾਲੋਜੀ ਬਹੁਤ ਸਮਾਂ ਖਪਤ ਕਰਦੀ ਹੈ ਅਤੇ ਮਾਪੇ ਆਪਣੇ ਬੱਚਿਆਂ ਨਾਲ ਦਿਨ ’ਚ ਸਿਰਫ਼ 10 ਕੁ ਮਿੰਟਾਂ ਦਾ ਸਮਾਂ ਬਿਤਾਉਂਦੇ ਹਨ। ਇਸੇ ਤਕਨਾਲੋਜੀ ਕਰਕੇ ਜਵਾਨ ਬੱਚੇ ਆਪਣੇ ਮਾਪਿਆਂ ਤੋਂ ਵੱਧ ਦੋਸਤਾਂ ਅਤੇ ਹਮਉਮਰਾਂ ਨਾਲ ਜ਼ਿਆਦਾ ਜੁੜੇ ਹੋਏ ਰਹਿੰਦੇ ਹਨ।

Picture of Baldev Mutta
ਬਲਦੇਵ ਮੁੱਟਾ। ਤਸਵੀਰ: ਸਪਲਾਈਡ

ਮੁੱਟਾ ਕਹਿੰਦੇ ਹਨ ਕਿ ਜਿੱਥੇ ਜੱਫੀਆਂ ਅਤੇ ਖੇਡਣਾ ਨਾ ਹੋਵੇ ਉੱਥੇ ਦੂਰੀਆਂ ਵਧਦੀਆਂ ਹਨ, ਅਤੇ ਰਿਸ਼ਤੇ ਨਾਂ ਦੇ ਹੀ ਰਹਿ ਜਾਂਦੇ ਹਨ। ਇਹੀ ਗੱਲ ਪਤੀ-ਪਤਨੀ ਵਿਚਕਾਰ ਸੰਪਰਕ ਬਾਰੇ ਕਹੀ ਜਾ ਸਕਦੀ ਹੈ।

  1. ਹੱਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰੋ

ਸ਼ਰਮਾ ਦਾ ਕਹਿਣਾ ਹੈ ਕਿ ‘‘ਹੱਲ ਹੋ ਸਕਣ ਵਾਲੀਆਂ’’ ਸਮੱਸਿਆਵਾਂ ਦਾ ਹੱਲ ਕਰਨ ਨਾਲ ਵਿਅਕਤੀ ਪ੍ਰਸੰਨਚਿੱਤ ਹੋ ਜਾਂਦਾ ਹੈ। ਬਿੱਲ ਦੀ ਅਦਾਇਗੀ ਕਰਨਾ ਜਾਂ ਪੂਰਾ ਆਰਾਮ, ਨੀਂਦ, ਅਤੇ ਖਾਣ ਨੂੰ ਨੇਮਬੱਧ ਕਰਨਾ ਅਜਿਹੇ ਕਦਮ ਚੁੱਕਣ ਦਾ ਚੰਗਾ ਉਦਾਹਰਣ ਹਨ ਜੋ ਕਿ ਕਿਸੇ ਰਿਸ਼ਤੇ ’ਚ ਤਣਾਅ ਨੂੰ ਘੱਟ ਕਰ ਸਕਦਾ ਹੈ। ਸਰੀਰਕ ਬਿਮਾਰੀਆਂ ਦਾ ਇਲਾਜ ਕਰਵਾਉਣ ਨਾਲ ਦਿਮਾਗੀ ਸਿਹਤ ਵੀ ਬਿਹਤਰ ਹੋਵੇਗੀ, ਕਿਉਂਕਿ ਦੋਵੇਂ ਆਪਸ ’ਚ ਜੁੜੇ ਹੋਏ ਹਨ।

  1. ਦਿਨ ’ਚ ਪੰਜ ਮਿੰਟ ਜ਼ਰੂਰ ਕੱਢੋ

ਹਰ ਸਮੇਂ ਕੰਮ ’ਚ ਰੁੱਝੇ ਰਹਿਣ ਵਾਲੇ ਲੋਕਾਂ ਨੂੰ ਮੁੱਟਾ ਸਲਾਹ ਦਿੰਦੇ ਹਨ ਕਿ ਉਹ ਆਪਣੇ ਬੱਚਿਆਂ ਨਾਲ ਜੁੜਨ ਲਈ ਪੰਜ ਮਿੰਟ ਜ਼ਰੂਰ ਕੱਢਣ। ਉਨ੍ਹਾਂ ਨਾਲ ਗੱਲਾਂ ਕਰੋ ਜਾਂ ਕੋਈ ਕਿਤਾਬ ਪੜ੍ਹ ਕੇ ਸੁਣਾਓ। ਆਪਣੀ ਪਤਨੀ ਜਾਂ ਪਾਰਟਨਰ ਨਾਲ ਕੁੱਝ ਮਿੰਟਾਂ ਲਈ ਗੱਲਬਾਤ ਕਰਨ ਸਮੇਂ ਹਮੇਸ਼ਾ ਉਸ ਦਾ ਹੱਥ ਆਪਣੇ ਹੱਥਾਂ ’ਚ ਫੜਨ ਜਾਂ ਉਸ ਨੂੰ ਛੂਹ ਕੇ ਰੱਖਣਾ ਨਾ ਭੁੱਲੋ, ਤਾਂ ਕਿ ਭਾਵਨਾਤਮਕ ਜੁੜਾਅ ਬਣਿਆ ਰਹੇ।

  1. ਖ਼ੁਸ਼ੀਆਂ ਨੂੰ ਚੁਣੋ – ਪਰ ਆਪਹੁਦਰੀਆਂ ਨਹੀਂ

ਮੁੱਟਾ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਡਰਾਈਵਰ ਘਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਖ਼ੁਸ਼ੀਆਂ ਦੇਣ ਵਾਲੀ ਚੋਣ ਕਰਨੀ ਚਾਹੀਦੀ ਹੈ। ਪਰ ਇਹ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਇਹ ਖ਼ੁਸ਼ੀ ਆਪਹੁਦਰੀ ਨਾ ਹੋਵੇ। ਜੇਕਰ ਡਰਾਈਵਰ ਨੂੰ ਲਗਦਾ ਹੈ ਕਿ ਉਸ ਦੀ ਪਤਨੀ ਘਰ ਦਾ ਖਾਣਾ ਬਣਾ-ਬਣਾ ਕੇ ਤੰਗ ਆ ਗਈ ਹੈ ਤਾਂ ਉਸ ਨੂੰ

ਆਪਣਾ ਪਰਿਵਾਰ ਬਾਹਰ ਖਾਣੇ ’ਤੇ ਲੈ ਕੇ ਜਾਣਾ ਚਾਹੀਦਾ ਹੈ, ਪਰ ਇਹ ਵੀ ਹੋ ਸਕਦਾ ਹੈ ਕਿ ਉਸ ਦੀ ਜੀਵਨਸਾਥੀ ਘਰ ਰਹਿ ਕੇ ਕੁੱਝ ਮਹੱਤਵਪੂਰਨ ਗੱਲ ਕਰਨਾ ਚਾਹੁੰਦੀ ਹੋਵੇ। ਘਰ ਪੁੱਜ ਕੇ ਆਪਣੇ ਪਰਿਵਾਰਕ ਜੀਆਂ ਨੂੰ ਹਮੇਸ਼ਾ ਇਹ ਪੁੱਛੋ ਕਿ ਉਹ ਕੀ ਚਾਹੁੰਦੇ ਹਨ।

 

ਲੀਓ ਬਾਰੋਸ ਵੱਲੋਂ