ਟਰੱਕ ਵਰਲਡ ਦੇ ਮੰਚ ’ਤੇ ਨਸ਼ਰ ਕਰਨ ਲਈ ਈ.ਐਲ.ਡੀ. ਜਾਣਕਾਰੀ ਤਿਆਰ

ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਕੈਨੇਡਾ ਦੇ ਸਾਰੇ ਫ਼ੈਡਰਲ ਪੱਧਰ ’ਤੇ ਰੈਗੂਲੇਟਡ ਕੈਰੀਅਰਜ਼ ਲਈ ਆ ਰਹੇ ਹਨ, ਅਤੇ ਇਨ੍ਹਾਂ ਡਿਵਾਇਸਾਂ ਬਾਰੇ ਅੰਤਰਦ੍ਰਿਸ਼ਟੀ ਟਰੱਕ ਵਰਲਡ ਦੇ ਮੰਚ ’ਤੇ ਪ੍ਰਦਾਨ ਕੀਤੀ ਜਾਵੇਗੀ।

21-23 ਅਪ੍ਰੈਲ ਦੌਰਾਨ ਹੋਣ ਵਾਲੇ ਟਰੱਕਿੰਗ ਉਦਯੋਗ ਟਰੇਡ ਸ਼ੋਅ ਦੌਰਾਨ ਵਾਰ-ਵਾਰ ਚੱਲਣ ਵਾਲੀਆਂ ‘ਨੋਲੇਜ ਸਟਾਪ’ ਪੇਸ਼ਕਾਰੀਆਂ ’ਚ ਰੈਗੂਲੇਟਰਾਂ ਅਤੇ ਸੇਵਾਪ੍ਰਦਾਤਾਵਾਂ ਦੋਹਾਂ ਤੋਂ ਮਿਲਣ ਵਾਲੀ ਜਾਣਕਾਰੀ ਸ਼ਾਮਲ ਹੋਵੇਗੀ।

(ਤਸਵੀਰ: ਆਈਸਟਾਕ)

ਓਂਟਾਰੀਓ ਆਵਾਜਾਈ ਮੰਤਰਾਲੇ ਦੇ ਕੈਰੀਅਰ ਇਨਫ਼ੋਰਸਮੈਂਟ ਪ੍ਰੋਗਰਾਮ ਦੇ ਇੱਕ ਟੀਮ ਲੀਡਰ,  ਰਿਚਰਡ ਰੋਬਿਨਸਨ, ਉਨ੍ਹਾਂ ਤੌਰ-ਤਰੀਕਿਆਂ ’ਤੇ ਧਿਆਨ ਕੇਂਦਰਤ ਕਰਨਗੇ ਜਿਨ੍ਹਾਂ ਰਾਹੀਂ ਉਨ੍ਹਾਂ ਦਾ ਪ੍ਰੋਵਿੰਸ ਆ ਰਹੇ ਈ.ਐਲ.ਡੀ. ਫ਼ੁਰਮਾਨ ਨੂੰ ਲਾਗੂ ਕਰ ਰਿਹਾ ਹੈ ਅਤੇ ਕਿਸ ਲਈ ਇਨ੍ਹਾਂ ਡਿਵਾਇਸਾਂ ਦਾ ਪ੍ਰਯੋਗ ਕਰਨਾ ਲਾਜ਼ਮੀ ਹੋਵੇਗਾ। ਉਹ ਫ਼ੈਡਰਲ ਅਤੇ ਪ੍ਰੋਵਿੰਸ ਪੱਧਰ ’ਤੇ ਕਈ ਈ.ਐਲ.ਡੀ. ਵਰਕਿੰਗ ਗਰੁੱਪਾਂ ’ਚ ਸ਼ਾਮਲ ਹਨ, ਅਤੇ ਉਨ੍ਹਾਂ ਨੇ ਓਂਟਾਰੀਓ ਦੇ ਸੇਵਾ ਦੇ ਘੰਟੇ ਰੈਗੂਲੇਸ਼ਨ ’ਚ ਤਬਦੀਲੀਆਂ ਕਰਨ ’ਚ ਵੀ ਰੋਲ ਨਿਭਾਇਆ।

ਰੋਬਿਨਸਨ ਦੀ ਪੇਸ਼ਕਾਰੀ ਸ਼ੋਅ ਦੇ ਤਿੰਨੇ ਦਿਨ ਸਵੇਰੇ 11 ਵਜੇ ਹੋਵੇਗੀ।

21 ਅਪ੍ਰੈਲ ਨੂੰ ਈ.ਐਲ.ਡੀ. ਪ੍ਰੋਵਾਈਡਰਸ ਫ਼ਲੀਟ ਕੰਪਲੀਟ (ਦੁਪਹਿਰ 12 ਵਜੇ), ਆਈਸੈਕ ਇੰਸਟਰੂਮੈਂਟਸ (ਦੁਪਹਿਰ 1 ਵਜੇ), ਐਟ੍ਰਿਕਸ ਟੈਕਨਾਲੋਜੀਜ਼ (ਦੁਪਹਿਰ 2 ਵਜੇ), ਅਤੇ ਇੰਗਟੈੱਕ (ਦੁਪਹਿਰ 3 ਵਜੇ)  ਵੱਲੋਂ ਪੇਸ਼ਕਾਰੀ ਹੋਵੇਗੀ। 22 ਅਪ੍ਰੈਲ ਨੂੰ 45 ਮਿੰਟਾਂ ਦੀ ਪੇਸ਼ਕਾਰੀ ਕੁਨੈਕਟਡ ਵਹੀਕਲਜ਼ (ਦੁਪਹਿਰ 12 ਵਜੇ), ਟਰਿੰਬਲ ਟਰਾਂਸਪੋਰਟੇਸ਼ਨ (ਦੁਪਹਿਰ 1 ਵਜੇ), ਸੋਲੇਰਾ (ਦੁਪਹਿਰ 2 ਵਜੇ) ਅਤੇ ਐਲ.ਵੀ.ਐਮ. ਟੈੱਕ ਸਲਿਊਸ਼ਨਜ਼ (ਦੁਪਹਿਰ 3 ਵਜੇ) ਵੱਲੋਂ ਦਿੱਤੀ ਜਾਵੇਗੀ।

ਫ਼ੈਡਰਲ ਫ਼ੁਰਮਾਨ ’ਤੇ ਖਰਾ ਉਤਰਨ ਵਾਲੀ ਕੋਈ ਵੀ ਈ.ਐਲ.ਡੀ. ਤਿੰਨਾਂ ’ਚੋਂ ਕਿਸੇ ਇੱਕ ਸੰਸਥਾ ਵੱਲੋਂ ਪ੍ਰਮਾਣਤ ਹੋਣੀ ਚਾਹੀਦੀ ਹੈ, ਜੋ ਕਿ ਇਹ ਤੈਅ ਕਰਦੀਆਂ ਹਨ ਕਿ ਕੀ ਡਿਵਾਇਸ ਤੈਅਸ਼ੁਦਾ ਤਕਨੀਕੀ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਅਜੇ ਤੱਕ 15 ਵੈਂਡਰਾਂ ਤੋਂ 22 ਡਿਵਾਇਸਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ।

ਭਾਵੇਂ ਨਿਯਮ 12 ਜੂਨ ਤੋਂ ਅਸਰਦਾਰ ਹੋ ਜਾਣਗੇ, ਪਰ ਇਨ੍ਹਾਂ ਨੂੰ ਪੂਰੀ ਤਰ੍ਹਾਂ 1 ਜਨਵਰੀ, 2023 ਤੋਂ ਬਾਅਦ ਹੀ ਲਾਗੂ ਕੀਤਾ ਜਾਵੇਗਾ।

ਟਰੱਕ ਵਰਲਡ ਮਿਸੀਸਾਗਾ, ਓਂਟਾਰੀਓ ਦੇ ਇੰਟਰਨੈਸ਼ਨਲ ਸੈਂਟਰ ’ਚ ਕਰਵਾਇਆ ਜਾ ਰਿਹਾ ਹੈ।