ਟਰੱਕ ਵਰਲਡ ਹੋਵੇਗਾ ਹੁਣ 24-26 ਸਿਤੰਬਰ  ਨੂੰ

ਕੈਨੇਡਾ ਦੇ ਟਰੱਕਿੰਗ ਉਦਯੋਗ ਬਾਰੇ ਲੱਗਣ ਵਾਲਾ ਕੌਮੀ ਟਰੱਕ ਸ਼ੋਅ – ਟਰੱਕ ਵਰਲਡ – ਹੁਣ 24-26 ਸਿਤੰਬਰ  ਨੂੰ ਕਰਵਾਇਆ ਜਾਵੇਗਾ। ਅਜਿਹਾ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਨੂੰ ਕੌਮਾਂਤਰੀ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਕੀਤਾ ਗਿਆ ਹੈ।

ਹਾਲਾਂਕਿ ਇਹ ਇਵੈਂਟ ਮਿਸੀਸਾਗਾ, ਓਂਟਾਰੀਓ ਦੇ ਇੰਟਰਨੈਸ਼ਨਲ ਸੈਂਟਰ ਵਿਖੇ ਹੀ ਹੋਵੇਗਾ ਅਤੇ ਇਸ ਨਾਲ ਸਬੰਧਤ ਟਰੱਕਟੈਕ ਫ਼ਲੀਟ ਸਮਿੱਟ ਦੀ ਮਿਤੀ ਵੀ ਬਦਲ ਕੇ ਸ਼ੁਕਰਵਾਰ, 25 ਸਿਤੰਬਰ  ਕਰ ਦਿੱਤੀ ਗਈ ਹੈ।

ਇਸ ਸ਼ੋਅ ਦੇ ਮੇਜ਼ਬਾਨ ਨਿਊਕਾਮ ਮੀਡੀਆ ਦੇ ਪ੍ਰੈਜ਼ੀਡੈਂਟ ਜੋਅ ਗਲੀਓਨਾ ਨੇ ਕਿਹਾ, ”ਸਾਡੇ ਭਾਈਚਾਰੇ, ਪ੍ਰਦਰਸ਼ਨਕਰਤਾ, ਹਾਜ਼ਰੀਨ ਅਤੇ ਟੀਮ ਮੈਂਬਰਾਂ ਦੀ ਸਿਹਤ ਅਤੇ ਸੁਰੱਖਿਆ ਤੋਂ ਵੱਧ ਕੇ ਕੁੱਝ ਹੋਰ ਨਹੀਂ ਹੋ ਸਕਦਾ।”

ਉਨ੍ਹਾਂ ਕਿਹਾ, ”ਇਹ ਫ਼ੈਸਲਾ ਉਦਯੋਗ ਦੇ ਸਪਲਾਈਕਰਤਾਵਾਂ ਅਤੇ ਨਿਰਮਾਤਾਵਾਂ ਨਾਲ ਸਲਾਹ ਤੋਂ ਬਾਅਦ ਕੀਤਾ ਗਿਆ ਹੈ, ਅਤੇ ਉਨ੍ਹਾਂ ਨੇ ਮਿਤੀਆਂ ਤਬਦੀਲ ਕਰਨ ਬਾਰੇ ਸਾਡੇ ਫ਼ੈਸਲੇ ਦੀ ਪੂਰੀ ਹਮਾਇਤ ਕੀਤੀ।”

ਗਲੀਓਨਾ ਨੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਾਂਝੇਦਾਰ ਇੰਟਰਨੈਸ਼ਨਲ ਸੈਂਟਰ ਦਾ ਵੀ ਇਨ੍ਹਾਂ ਮਿਤੀਆਂ ਨੂੰ ਤਬਦੀਲ ਕਰਨ ‘ਚ ਮੱਦਦ ਕਰਨ ਲਈ ਧੰਨਵਾਦ ਕੀਤਾ, ਜਿਸ ਨਾਲ ਪ੍ਰਦਰਸ਼ਨਕਰਤਾਵਾਂ ਲਈ ਇਹ ਯਕੀਨੀ ਹੋਵੇਗਾ ਕਿ ਉਨ੍ਹਾਂ ਕੋਲ ਪ੍ਰਦਰਸ਼ਨ ਦਾ ਸਾਮਾਨ ਢੋਣ ਅਤੇ ਉਤਾਰਨ ਲਈ ਪਹਿਲਾਂ ਵਾਲਾ ਪ੍ਰੋਗਰਾਮ ਹੀ ਬਣਿਆ ਰਹੇ।

ਟਰੱਕ ਵਰਲਡ ‘ਚ ਉਦਯੋਗ ਦੇ 500 ਤੋਂ ਜ਼ਿਆਦਾ ਸਪਲਾਈਕਰਤਾ ਹਾਜ਼ਰ ਹੁੰਦੇ ਹਨ ਅਤੇ ਇਸ ‘ਚ 15,000 ਤੋਂ ਜ਼ਿਆਦਾ ਟਰੱਕਿੰਗ ਉਦਯੋਗ ਦੇ ਪੇਸ਼ੇਵਰ ਆਉਂਦੇ ਹਨ।