ਟੈਲੀਮੈਟਿਕਸ ਪ੍ਰੋਵਾਈਡਰਸ ਦਾ ਧੁਰਾ ਹੈ ਕਸਟਮਰ ਕੇਅਰ

ਬੱਚੇ ਦੀ ਦੇਖਭਾਲ ਅੰਤਹੀਣ ਕੰਮ ਹੈ, ਅਤੇ ਮਾਪੇ ਇਸ ਕੰਮ ਨੂੰ ਬੜੀ ਖ਼ੁਸ਼ੀ ਤੇ ਮਾਣ ਨਾਲ ਅੰਜ਼ਾਮ ਦਿੰਦੇ ਹਨ। ਵੇਲੇ-ਕੁਵੇਲੇ ਤੱਕ ਜਾਗਣਾ, ਦਿਨ-ਰਾਤ ਪਾਲਣ ਅਤੇ ਪੋਸ਼ਣ ਇਸ ਕੰਮ ’ਚ ਸ਼ਾਮਲ ਹਨ।

ਟੈਲੀਮੈਟਿਕਸ ਕੰਪਨੀ ਫ਼ਲੀਟ ਹੌਕਸ ਵੀ ਪਰਮਬੀਰ ਭੁੱਲਰ ਅਤੇ ਹਰਪ੍ਰੀਤ ਡੱਫੂ ਦੇ ਬੱਚਿਆਂ ਵਾਂਗ ਹੈ। ਦੋਵੇਂ ਸਹਿ-ਸੰਸਥਾਪਕ ਸਾਰਾ ਦਿਨ ਅਤੇ ਰਾਤ ਨੂੰ ਵੀ ਕਸਟਮਰ ਦੀਆਂ ਕਾਲਾਂ ਸੁਣਦੇ ਹਨ, ਤਾਂ ਕਿ ਕੋਈ ਵੀ ਕਾਲ ਬਗ਼ੈਰ ਜਵਾਬ ਦਿੱਤਿਆਂ ਨਾ ਰਹਿ ਜਾਵੇ।

ਕੰਪਨੀ ਦਾ ਟੀਚਾ ਕੈਰੀਅਰਸ ਦੀਆਂ ਗਤੀਵਿਧੀਆਂ ਆਸਾਨ ਬਣਾਉਣਾ, ਇੱਕੋ ਥਾਂ ’ਤੇ ਹਰ ਉਪਾਅ ਪੇਸ਼ ਕਰਨਾ, ਇੱਕ ਸੰਪਰਕ ਸਥਾਨ ਅਤੇ 24 ਘੰਟੇ ਕਸਟਮਰ ਕੇਅਰ ਮੁਹੱਈਆ ਕਰਵਾਉਣਾ ਹੈ ਜੋ ਕਿ ਫ਼ਲੀਟ ਦੀਆਂ ਕਾਰਵਾਈਆਂ ਲਈ ਮਹੱਤਵਪੂਰਨ ਹੈ।

ਉਨ੍ਹਾਂ ਦੇ ਈ.ਐਲ.ਡੀ. (ਇਲੈਕਟ੍ਰੋਨਿਕ ਲੌਗਿੰਗ ਡਿਵਾਇਸ) ਜੋ ਕਿ ਟਰਾਂਸਪੋਰਟ  ਕੈਨੇਡਾ ਦੀ ਪ੍ਰਮਾਣਿਤ ਸੂਚੀ ’ਚ ਸ਼ਾਮਲ ਹਨ, ਅੰਦਰ ਐਚ.ਓ.ਐਸ. (ਸੇਵਾ ਦੇ ਘੰਟੇ), ਡਿਸਪੈਚ, ਦਸਤਾਵੇਜ਼ ਅਤੇ ਤੀਜੀ ਧਿਰ ਏਕੀਕਰਨ ਵਾਲਾ ਵਿਸ਼ੇਸ਼ ਤੌਰ ’ਤੇ ਤਿਆਰ ਸਾਫ਼ਟਵੇਅਰ ਲੱਗਾ ਹੋਇਆ ਹੈ।

ਉਨ੍ਹਾਂ ਦੇ ਹਾਰਡਵੇਅਰ ਦੀ ਸੂਚੀ ’ਚ ਸ਼ਾਮਲ ਹਨ ਡੈਸ਼ ਕੈਮ, ਐਸੇਟ ਟਰੈਕਰਸ, ਦਰਵਾਜ਼ੇ ਅਤੇ ਤਾਪਮਾਨ ਸੈਂਸਰ। ਇਹ ਸਾਰੇ ਉਪਕਰਨ ਆਈ.ਪੀ.67 ਗ੍ਰੇਡ ਵਾਲੇ ਹਨ, ਜੋ ਕਿ ਇਨ੍ਹਾਂ ਦੇ ਮੌਸਮਰੋਧੀ ਅਤੇ ਧੂੜਰੋਧੀ ਹੋਣ ਦੀ ਨਿਸ਼ਾਨੀ ਹੈ।

ਐਸੇਟ ਟਰੈਕਰ ਸਾਮਾਨ ਦੀ ਹਰ ਸਮੇਂ ਦੀ ਸਥਿਤੀ, ਸਥਾਨ ਬਦਲਣ ਬਾਰੇ ਚੇਤਾਵਨੀ, ਐਂਟੀ-ਥੈਫ਼ਟ ਹਟਾਉਣ ’ਤੇ ਚੇਤਾਵਨੀਆਂ ਅਤੇ ਸੋਲਰ ਊਰਜਾ ਨਾਲ ਚੱਲਣ ਵਰਗੀਆਂ ਵਿਸ਼ੇਸ਼ਤਾਵਾਂ ਪੇਸ਼ ਕਰਦਾ ਹੈ।

ਉਪਕਰਨ ਇੰਟਰਨੈੱਟ ਨਾਲ ਜੁੜਨ ’ਚ ਸਮਰੱਥ ਹਨ, ਜਿਨ੍ਹਾਂ ’ਚ ਸਿਮ ਲੱਗ ਸਕਦਾ ਹੈ। ਇਹ ਕਲਾਊਡ ਤਕਨਾਲੋਜੀ ਵਾਲੇ ਵਾਤਾਵਰਣ ’ਚ ਗੁਪਤ ਸੰਕੇਤਾਂ ਰਾਹੀਂ ਸੰਚਾਰ ਕਰਦੇ ਹਨ।

ਭੁੱਲਰ ਅਤੇ ਡੱਫੂ ਨੇ ਆਪਣਾ ਸਾਫ਼ਟਵੇਅਰ ਏ.ਡਬਲਿਊ.ਐਸ. ਗਲੋਬਲ ਕਲਾਊਡ ਇਨਫ਼ਰਾਸਟਰੱਕਚਰ ’ਤੇ ਬਣਾਇਆ – ਜੋ ਕਿ ਇੱਕ ਸੁਰੱਖਿਅਤ ਅਤੇ ਭਰੋਸੇਯੋਗ ਮੰਚ ਹੈ। ਕਸਟਮਰ ਦੋ-ਪੱਧਰੀ ਸੁਰੱਖਿਆ ਪਰਤ ਦਾ ਪ੍ਰਯੋਗ ਕਰ ਕੇ ਲੌਗ-ਇਨ ਕਰਦੇ ਹਨ। ਹਰ ਚੀਜ਼ ਸਿਸਟਮ ਨਾਲ ਜੁੜੀ ਹੋਈ ਹੈ – ਜਿਵੇਂ ਆਰਡਰ ਤਿਆਰ ਕਰਨਾ, ਟਰਿੱਪ ਜੋੜਨਾ, ਗੱਡੀ ਜਾਂ ਡਰਾਈਵਰ ਬਦਲਣਾ, ਜਾਂ ਭੁਗਤਾਨ ਦੀ ਦਰ ਨੂੰ ਬਦਲਣਾ।

ਡੱਫੂ ਨੇ ਕਿਹਾ, ‘‘ਅਸੀਂ ਆਪਣੇ 15 ਸਾਲਾਂ ਦੇ ਆਈ.ਟੀ. ਤਜ਼ਰਬੇ ਨੂੰ ਪਰਿਵਾਰ ਦੇ ਟਰੱਕਿੰਗ ਕਾਰੋਬਾਰ ਨਾਲ ਜੋੜ ਕੇ ਫ਼ਲੀਟ ਹੌਕਸ ਦੀ ਸ਼ੁਰੂਆਤ ਕੀਤੀ।’’

Picture of Harpreet Daphu and Parambir Bhullar
ਫ਼ਲੀਟ ਹੌਕਸ ਦੇ ਸਹਿ-ਸੰਸਥਾਪਕ ਹਰਪ੍ਰੀਤ ਡੱਫੂ ਅਤੇ ਪਰਮਬੀਰ ਭੁੱਲਰ। ਤਸਵੀਰ: ਲੀਓ ਬਾਰੋਸ

ਭੁੱਲਰ ਨੇ ਕਿਹਾ ਕਿ ਹਰ ਚੀਜ਼ ਨੂੰ ਖ਼ੁਦ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਕਸਟਮਰਜ਼ ਨਾਲ ਸੰਪਰਕ ਕਰ ਕੇ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਹੀ ਇਹ ਉਤਪਾਦ ਤਿਆਰ ਕੀਤਾ। ਸਾਫ਼ਟਵੇਅਰ ਨੂੰ ਵੀ ਕਸਟਮਰ ਦੀਆਂ ਜ਼ਰੂਰਤਾਂ ਅਨੁਸਾਰ ਹੀ ਰੂਪ ਦਿੱਤਾ ਗਿਆ।’’

ਜੇਕਰ ਕਸਟਮਰ ਨੂੰ ਕੋਈ ਵਿਸ਼ੇਸ਼ਤਾ ਲੋੜੀਂਦੀ ਹੈ, ਫ਼ਲੀਟ ਹੌਕਸ ਇਸ ਦਾ ਕਾਰੋਬਾਰੀ ਸਰਵੇਖਣ ਕਰਦਾ ਹੈ। ਸਥਿਤੀ ਨਿਸ਼ਚਿਤ ਹੋਣ ’ਤੇ, ਵਿਸ਼ੇਸ਼ਤਾ ਨੂੰ ਜੋੜ ਦਿੱਤਾ ਜਾਂਦਾ ਹੈ ਅਤੇ ਸਾਰੇ ਗ੍ਰਾਹਕਾਂ ਨੂੰ ਮੁਫ਼ਤ ’ਚ ਮੁਹੱਈਆ ਕਰਵਾਇਆ ਜਾਂਦਾ ਹੈ।

ਭੁੱਲਰ ਨੇ ਦੱਸਿਆ ਕਿ ਕੈਰੀਅਰਜ਼ ਆਪਣੀਆਂ ਗਤੀਵਿਧੀਆਂ ਚਲਾਉਣ ਲਈ ਕਈ ਤਰ੍ਹਾਂ ਦੇ ਸਾਫ਼ਟਵੇਅਰਾਂ ਦਾ ਪ੍ਰਯੋਗ ਕਰਦੇ ਹਨ। ਅਤੇ ਇਨ੍ਹਾਂ ਪ੍ਰੋਗਰਾਮਾਂ ਦਾ ਆਪਸ ’ਚ ਕੋਈ ਸੰਪਰਕ ਨਹੀਂ ਹੁੰਦਾ, ਕਿਉਂਕਿ ਇਹ ਵੱਖੋ-ਵੱਖ ਕੰਪਨੀਆਂ ਦੇ ਹੁੰਦੇ ਹਨ।

ਉਨ੍ਹਾਂ ਕਿਹਾ, ‘‘ਸਾਡਾ ਪਹਿਲਾ ਕਸਟਮਰ ਆਪਣੀਆਂ ਗਤੀਵਿਧੀਆਂ ਚਲਾਉਣ ਲਈ 13 ਵੱਖੋ-ਵੱਖ ਸਾਫ਼ਟਵੇਅਰਾਂ ਦਾ ਪ੍ਰਯੋਗ ਕਰਦਾ ਸੀ, ਅੱਜ ਉਹ ਸਿਰਫ਼ ਇੱਕ ਹੀ ਚਲਾ ਰਹੇ ਹਨ।’’

ਉਨ੍ਹਾਂ ਕਿਹਾ ਕਿ ਕਸਟਮਰਜ਼ ਦੀਆਂ ਲਾਗਤਾਂ ’ਚ 60% ਕਮੀ ਆਈ ਹੈ।

ਸਾਫ਼ਟਵੇਅਰ ਮੁਢਲੇ ਢਾਂਚੇ ਨੂੰ ਕਸਟਮਰ ਦੇ ਵਿਕਾਸ ਅਨੁਸਾਰ ਵਧਾਇਆ ਜਾ ਸਕਦਾ ਹੈ। ਭੁੱਲਰ ਨੇ ਕਿਹਾ, ‘‘ਜੇਕਰ ਅੱਜ ਪ੍ਰਤੀ ਸੈਕਿੰਡ ਇੱਕ ਆਰਡਰ ਤਿਆਰ ਕੀਤਾ ਜਾਂਦਾ ਹੈ, ਤਾਂ ਸਾਡੇ ਕੋਲ ਇੱਕ ਸੈਕਿੰਡ ’ਚ 50,000 ਆਰਡਰ ਤਿਆਰ ਕਰਨ ਦੀ ਸਮਰੱਥਾ ਹੈ।’’

ਡੱਫੂ ਨੇ ਕਿਹਾ, ‘‘ਜੇ ਸਾਨੂੰ ਕੱਲ੍ਹ ਨੂੰ 10,000 ਉਪਕਰਨਾਂ ਦਾ ਆਰਡਰ ਮਿਲ ਜਾਂਦਾ ਹੈ ਤਾਂ ਬਸ ਤਾਰਾਂ ਜੋੜੋ ਤੇ ਕੰਮ ਹੋ ਗਿਆ। ਸਾਨੂੰ ਨਵੇਂ ਸਰਵਰ, ਨਵੇਂ ਸਰੋਤ ਜੋੜਨ ਦੀ ਜ਼ਰੂਰਤ ਨਹੀਂ ਪਵੇਗੀ। ਸਾਡੇ ਲਈ ਇਹ ਕੋਈ ਗੁੰਝਲਦਾਰ ਕੰਮ ਨਹੀਂ ਹੈ। ਸਾਰਾ ਕੁੱਝ ਆਰਕੀਟੈਕਚਰ ’ਚ ਸਮਾਇਆ ਹੋਇਐ। ਸਾਡੇ ਕੋਲ ਭਾਵੇਂ ਦੋ ਫ਼ਲੀਟ ਹੋਣ ਜਾਂ 2,000 ਫ਼ਲੀਟ, ਅਸੀਂ ਸਿਰਫ਼ ਸਵਿੱਚ ਆਨ ਕਰਨੈ ਤੇ ਕੰਮ ਚਾਲੂ ਹੋ ਜਾਵੇਗਾ।’’

ਭੁੱਲਰ ਅਨੁਸਾਰ ਇੱਕ ਛੋਟੇ ਫ਼ਲੀਟ ਲਈ ਸਿਰੇ-ਤੋਂ-ਸਿਰੇ ਤੱਕ ਕਵਰੇਜ ’ਚ ਸ਼ਾਮਲ ਹੈ ਈ.ਐਲ.ਡੀ., ਡੈਸ਼ ਕੈਮ, ਟਰੈਕਰ ਅਤੇ ਸੈਂਸਰ, ਜਿਸ ਦੀ ਲਾਗਤ ਪ੍ਰਤੀ ਟਰੱਕ ਇੱਕ ਮਹੀਨੇ ’ਚ 70 ਤੋਂ 80 ਡਾਲਰ ਤੱਕ ਹੁੰਦੀ ਹੈ।

ਫ਼ਲੀਟ ਹੌਕਸ ਦੀ ਸਥਾਪਨਾ 2019 ’ਚ ਕੀਤੀ ਗਈ ਸੀ ਅਤੇ ਹੁਣ ਇਸ ’ਚ 14 ਮੁਲਾਜ਼ਮ ਕੰਮ ਕਰ ਰਹੇ ਹਨ। ਇਸ ਦੇ ਜ਼ਿਆਦਾਤਰ ਕਸਟਮਰਸ ਪੱਛਮੀ ਕੈਨੇਡਾ ’ਚ ਸਥਿਤ ਹਨ, ਅਤੇ ਹੁਣ ਇਸ ਦੀਆਂ ਬ੍ਰਾਂਚਾਂ ਓਂਟਾਰੀਓ ’ਚ ਵੀ ਹਨ, ਆਉਣ ਵਾਲੇ ਭਵਿੱਖ ’ਚ ਇਸ ਦੀ ਅੱਖ ਪੂਰਬੀ ਕੈਨੇਡਾ ’ਤੇ ਹੈ।

ਭੁੱਲਰ ਨੇ ਕਿਹਾ ਕਿ ਫ਼ਲੀਟ ਹੌਕਸ ਦਾ ਟੀਚਾ ਅਜਿਹਾ ਉਤਪਾਦ ਪੇਸ਼ ਕਰਨਾ ਹੈ, ਜੋ ਕਿ ਕੈਰੀਅਰਸ ਦੇ ਨਾਲ ਹੀ ਬ੍ਰੋਕਰਾਂ ਅਤੇ ਅਕਾਊਂਟੈਂਟਸ ਨਾਲ ਵੀ ਕੰਮ ਕਰੇਗਾ।

ਡੱਫੂ ਨੇ ਕਿਹਾ ਕਿ ਕੰਪਨੀ ਨਿਵੇਸ਼ਕਾਂ ਦੀ ਖੋਜ ’ਚ ਨਹੀਂ ਹੈ। ਉਨ੍ਹਾਂ ਕਿਹਾ, ‘‘ਸਾਡੀ ਕੰਪਨੀ ’ਤੇ ਕੋਈ ਕਰਜ਼ਾ ਨਹੀਂ ਹੈ, ਅਸੀਂ ਬਗ਼ੈਰ ਨਿਵੇਸ਼ਕਾਂ ਤੋਂ ਵੀ ਕੰਮ ਕਰ ਸਕਦੇ ਹਾਂ। ਸਾਡਾ ਟੀਚਾ ਖ਼ੁਦ ਵਿਕਾਸ ਕਰਨਾ ਹੈ।’’

ਉਨ੍ਹਾਂ ਕਸਟਮਰਜ਼ ਨੂੰ ਖ਼ੁਸ਼ ਰੱਖਣ ਦੇ ਟੀਚੇ ਨੂੰ ਦੁਹਰਾਉਂਦਿਆਂ ਕਿਹਾ, ‘‘ਸਾਡਾ ਸਾਫ਼ਟਵੇਅਰ ਆਰਕੈਸਟਰਾ ਵਾਂਗ ਹੈ। ਜਦੋਂ ਸੰਗੀਤ ਵੱਜਦੈ ਤਾਂ ਸਾਡੇ ਕਸਟਮਰਜ਼ ਨੂੰ ਖ਼ੁਸ਼ੀ ਹੁੰਦੀ ਹੈ।’’

 

ਲੀਓ ਬਾਰੋਸ ਵੱਲੋਂ