ਡਰਾਈਵਰਾਂ ਨੂੰ ਆਕਰਸ਼ਿਤ ਕਰਨ ਲਈ ਫ਼ਲੀਟਸ ਨੇ ਲਚੀਲਾਪਨ ਅਤੇ ਸਹੂਲਤਾਂ ’ਤੇ ਦਿੱਤਾ ਜੋਰ

ਫ਼ਲੀਟਸ ਲਗਾਤਾਰ ਡਰਾਈਵਰਾਂ ਦੀ ਭਾਲ ’ਚ ਹਨ। ਕਿਸੇ ਤਜ਼ਰਬੇਕਾਰ ਪੇਸ਼ੇਵਰ ਨੂੰ ਕਾਫ਼ੀ ਸਮੇਂ ਤੱਕ ਕੰਮ ’ਤੇ ਰੱਖ ਲੈਣਾ, ਤਾਂ ਸੋਨੇ ਦੀ ਖਾਣ ਲੱਭਣ ਵਾਲੀ ਗੱਲ ਹੋ ਨਿੱਬੜਦੀ ਹੈ।

ਟਰੱਕਿੰਗ ਐਚ.ਆਰ. ਕੈਨੇਡਾ ਦੇ ਅੰਕੜੇ ਦੱਸਦੇ ਹਨ ਕਿ ਉਦਯੋਗ ’ਚ ਇਸ ਵੇਲੇ 23,000 ਤੋਂ ਵੱਧ ਖ਼ਾਲੀ ਆਸਾਮੀਆਂ ਹਨ, ਚੌਕਸ ਹੋਣ ਦੀ ਗੱਲ ਇਹ ਹੈ ਕਿ ਇਹ 2023 ਦੇ ਅਖ਼ੀਰ ਤੱਕ ਆਸਮਾਨੀਂ ਚੜ੍ਹ ਕੇ 55,000 ਹੋ ਜਾਵੇਗੀ।

ਬਜ਼ੁਰਗ, ਤਜ਼ਰਬੇਕਾਰ ਟਰੱਕਰਸ ਸੇਵਾਮੁਕਤ ਹੋ ਰਹੇ ਹਨ, ਪਰ ਉਨ੍ਹਾਂ ਦੀ ਥਾਂ ’ਤੇ ਬਹੁਤੇ ਨੌਜੁਆਨ ਇਸ ਕੰਮ ਨੂੰ ਕਰਨ ਦੇ ਇੱਛੁਕ ਨਹੀਂ ਹਨ। ਯੋਗ ਵਿਅਕਤੀਆਂ ਦੇ ਪਿੱਛੇ ਫ਼ਲੀਟ ਹੱਥ-ਧੋ ਕੇ ਪੈ ਜਾਂਦੇ ਹਨ, ਤਾਂ ਕਿ ਹੁਨਰਮੰਦਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ।

ਪਿੱਛੇ ਜਿਹੇ ਮਿਸੀਸਾਗਾ, ਓਂਟਾਰੀਓ ’ਚ ਹੋਏ ਟਰੱਕ ਵਰਲਡ ’ਚ ਲੱਗੇ ਕੈਰੀਅਰਾਂ ਦੇ ਬੂਥਾਂ ਤੋਂ ਇਹ ਸਾਫ਼ ਸੀ, ਜਿੱਥੇ ਭਰਤੀਕਰਤਾ, ਡਰਾਈਵਰ ਅਤੇ ਓਨਰ-ਆਪਰੇਟਰ ਹੁਨਰਮੰਦਾਂ ਦੀ ਭਾਲ ਅਤੇ ਮੌਕਿਆਂ ਦੀ ਤਲਾਸ਼ ’ਚ ਇਕੱਠੇ ਹੋਏ।

Picture of Tim O'Brien, Vikram Jit Singh and Bianca Ricci
ਪਰਾਈਡ ਗਰੁੱਪ ਦੇ ਟਿੱਮ ਓ’ਬਰਾਇਨ, ਡਾਇਰੈਕਟਰ ਸੇਫ਼ਟੀ, ਕੰਪਲਾਇੰਸ ਐਂਡ ਰਿਕਰੂਟਿੰਗ, ਵਿਕਰਮ ਜੀਤ ਸਿੰਘ, ਹਾਈਰਿੰਗ ਐਂਡ ਕੰਪਲਾਇੰਸ, ਅਤੇ ਬਿਆਨਕਾ ਰਿੱਕੀ, ਸੀਨੀਅਰ ਮਾਰਕੀਟਿੰਗ ਮੈਨੇਜਰ। ਤਸਵੀਰ: ਲੀਓ ਬਾਰੋਸ

ਸੂਝਵਾਨ, ਚੋਣ ਕਰ ਰਹੇ, ਅਤੇ ਮੰਗ ’ਚ ਚਲ ਰਹੇ ਡਰਾਈਵਰਾਂ ਨੂੰ ਰਿਝਾਉਣ ਲਈ ਕੈਰੀਅਰ ਆਪਣੇ ਸੁਰੱਖਿਆ ਰਿਕਾਰਡ, ਸ਼ਡਿਊਲ ’ਚ ਲਚੀਲੇਪਨ, ਤਨਖ਼ਾਹ ਅਤੇ ਸਹੂਲਤਾਂ ਗਿਣਾ ਰਹੇ ਹਨ।

Picture of Geoff Topping
ਚੈਲੰਜਰ ਵਿਖੇ ਲੋਕ ਅਤੇ ਸੱਭਿਆਚਾਰ ਬਾਰੇ ਵਾਇਸ-ਪ੍ਰੈਜ਼ੀਡੈਂਟ ਜੈੱਫ਼ ਟੌਪਿੰਗ। ਤਸਵੀਰ: ਲੀਓ ਬਾਰੋਸ

ਚੈਲੰਜਰ ਵਿਖੇ ਲੋਕ ਅਤੇ ਸਭਿਆਚਾਰ ਦੇ ਵਾਇਸ-ਪ੍ਰੈਜ਼ੀਡੈਂਟ ਜੈੱਫ਼ ਟੌਪਿੰਗ ਦਾ ਕਹਿਣਾ ਹੈ ਕਿ ਆਦਰਸ਼ ਰੂਪ ’ਚ ਕੰਪਨੀ ਚਾਹੇਗੀ ਕਿ ਡਰਾਈਵਰ ਲਗਾਤਾਰ ਪੰਜ ਦਿਨ ਤਾਂ ਕੰਮ ’ਤੇ ਆਉਣ, ਪਰ ਉਹ ਸਮਝਦੇ ਹਨ ਕਿ ਅੱਜ ਦੇ ਸਮੇਂ ’ਚ ਇਹ ਚੁਨੌਤੀ ਤੋਂ ਘੱਟ ਨਹੀਂ। ‘‘ਅਸੀਂ ਲਚੀਲਾਪਨ ਅਪਣਾਉਂਦੇ ਹਾਂ ਅਤੇ ਡਰਾਈਵਰਾਂ ਨਾਲ ਵੱਖੋ-ਵੱਖ ਸ਼ਡਿਊਲਾਂ ’ਚ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ।’’

Picture of Alyssa Couvillon
ਦ ਅਰਬ ਗਰੁੱਪ ਆਫ਼ ਕੰਪਨੀਜ਼ ’ਚ ਮਨੁੱਖੀ ਸਰੋਤਾਂ ਦੇ ਸੀਨੀਅਰ ਡਾਇਰੈਕਟਰ ਐਲਿਸਾ ਕੌਵੀਓ। ਤਸਵੀਰ : ਅਰਬ

ਦ ਅਰਬ ਗਰੁੱਪ ਆਫ਼ ਕੰਪਨੀਜ਼ ’ਚ ਮਨੁੱਖੀ ਸਰੋਤਾਂ ਦੇ ਸੀਨੀਅਰ ਡਾਇਰੈਕਟਰ ਐਲਿਸਾ ਕੌਵੀਓ ਨੇ ਕਿਹਾ ਕਿ ਕੈਰੀਅਰ ਕੋਲ ਹਰ ਕਿਸੇ ਲਈ ਕੁੱਝ ਨਾ ਕੁੱਝ ਹੈ। ਪੂਰੇ ਕੈਨੇਡਾ ’ਚ ਸਾਡੇ ਅੱਠ ਟਿਕਾਣੇ ਹਨ ਅਤੇ ਡਰਾਈਵਰ ਲੋਕਲ, ਰੀਜਨਲ, ਪੱਛਮੀ ਕੈਨੇਡਾ ਅਤੇ ਕੌਮਾਂਤਰੀ ਕੰਮ ’ਚੋਂ ਕਿਸੇ ਦੀ ਵੀ ਚੋਣ ਕਰ ਸਕਦੇ ਹਨ।

ਭਰਤੀਕਰਤਾਵਾਂ ਸਾਹਮਣੇ ਪਹਿਲਾ ਸਵਾਲ ਹੁੰਦਾ ਹੈ ਕਿ ‘ਤੁਹਾਡਾ ਪ੍ਰਤੀ ਮੀਲ ਰੇਟ ਕੀ ਹੈ?’ ਫ਼ਲੀਟ ਦੇ ਅਧਿਕਾਰੀਆਂ ਅਨੁਸਾਰ ਇਹ ਮਹੱਤਵਪੂਰਨ ਹੈ, ਪਰ ਡਰਾਈਵਰਾਂ ਨੂੰ ਸਮੁੱਚੇ ਪੈਕੇਜ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ।

ਕੈਰੀਅਰਸ ਆਰ.ਆਰ.ਐਸ.ਪੀ. ਪ੍ਰੋਗਰਾਮ, ਸੀ.ਪੀ.ਪੀ. ’ਚ ਅਦਾਇਗੀ ਕਰਨ ਦੇ ਨਾਲ ਹੀ ਫ਼ਿਊਲ ਤੇ ਪਰਫ਼ਾਰਮੈਂਸ ਬੋਨਸ ਵੀ ਦਿੰਦੇ ਹਨ। ਉਹ ਇਸ ਗੱਲ ’ਤੇ ਵੀ ਜ਼ੋਰ ਦਿੰਦੇ ਹਨ ਕਿ ਡਰਾਈਵਰਾਂ ਵੱਲੋਂ ਕੀਤੇ ਹਰ ਕੰਮ ਦਾ ਭੁਗਤਾਨ ਕੀਤਾ ਜਾਵੇ।

ਫ਼ਲੀਟ ਆਪਣੇ ਸੱਭਿਆਚਾਰ ’ਤੇ ਚਾਨਣਾ ਪਾਉਂਦੇ ਹਨ, ਅਤੇ ਉਨ੍ਹਾਂ ਲਈ ਇਹ ਜ਼ਰੂਰੀ ਹੈ ਕਿ ਡਰਾਈਵਰ ਇਸ ਨਾਲ ਆਕਰਸ਼ਿਤ ਹੋਣ। ਅਤੇ ਇਹ ਸਾਰੇ ਸੁਰੱਖਿਆ ’ਤੇ ਕੇਂਦਰਤ ਹਨ। ਚੰਗੀ ਦੇਖਭਾਲ ਵਾਲੇ ਨਵੇਂ ਉਪਕਰਨਾਂ ਦਾ ਵੱਡਾ ਆਕਰਸ਼ਣ ਹੈ।

ਪਰਾਈਡ ਗਰੁੱਪ ਦੇ ਹਾਈਰਿੰਗ ਅਤੇ ਕੰਪਲਾਇੰਸ ਵਿਭਾਗ ’ਚ ਕੰਮ ਕਰਨ ਵਾਲੇ ਵਿਕਰਮ ਜੀਤ ਸਿੰਘ ਦਾ ਕਹਿਣਾ ਹੈ ਕਿ ਸੁਰੱਖਿਆ ਸਭ ਤੋਂ ਵੱਡੀ ਪਹਿਲ ਹੈ। ਉਹ ਨੌਕਰੀ ਦੇ ਪਿਛੋਕੜ ’ਚ ਨਿਰੰਤਰਤਾ ਭਾਲਦੇ ਹਨ। ਇੱਕ ਸਾਲ ਅੰਦਰ ਦੋ ਜਾਂ ਤਿੰਨ ਨੌਕਰੀਆਂ ਬਦਲਣ ਵਾਲੇ ਡਰਾਈਵਰ ਨੂੰ ਨਾਂਹ ਕਰ ਦਿੱਤੀ ਜਾਂਦੀ ਹੈ।

ਕਿ੍ਰਸਕਾ ’ਚ ਭਰਤੀ ਮੈਨੇਜਰ ਕੈਰੋਲਾਈਨ ਬਲੇਸ ਭਰਤੀ ਪ੍ਰਕਿਰਿਆ ਦੌਰਾਨ ਲੰਮੇ ਸਮੇਂ ਦੇ ਟੀਚਿਆਂ ਅਤੇ ਉਮੀਦਾਂ ’ਤੇ ਕੇਂਦਰਤ ਹਨ। ਵਿਚਾਰ-ਚਰਚਾ ਹੇਠ ਕੰਮ ਤੇ ਘਰੇਲੂ ਜ਼ਿੰਦਗੀ ’ਚ ਤਾਲਮੇਲ ਸ਼ਾਮਲ ਹੁੰਦੇ ਹਨ, ਅਤੇ ਕੋਈ ਡਰਾਈਵਰ ਸੜਕ ’ਤੇ ਆਸਾਨੀ ਨਾਲ ਕਿੰਨੀ ਕੁ ਦੇਰ ਤੱਕ ਰਹਿ ਸਕਦਾ ਹੈ।

ਡਰਾਈਵਰ ਸੁਬਰਤਾ ਦੇਬਨਾਥ ਆਪਣੀ ਛੁੱਟੀ ਵਾਲੇ ਦਿਨ ਟਰੱਕ ਵਰਲਡ ’ਚ ਅਜਿਹੀ ਕੰਪਨੀ ਦੀ ਤਲਾਸ਼ ’ਚ ਆਏ ਜੋ ਕਿ ਸੁਰੱਖਿਆ ’ਤੇ ਕੇਂਦਰਤ ਹੋਵੇ ਅਤੇ ਜਿਸ ਦੀ ਸਾਖ ਚੰਗੀ ਹੋਵੇ।

ਉਸ ਕੋਲ ਇੱਕ ਸਾਲ ਅੱਠ ਮਹੀਨਿਆਂ ਦਾ ਤਜ਼ਰਬਾ ਹੈ, ਜਿਸ ’ਚ ਸਰਹੱਦ ਪਾਰ ਦਾ ਕੰਮ ਅਤੇ ਓਨਰ-ਆਪਰੇਟਰ ਬਣਨ ਦਾ ਸੁਪਨਾ ਸ਼ਾਮਲ ਹੈ।

Picture of driver Subrata Debnath
ਸੁਬਰਤਾ ਦੇਬਨਾਥ, ਡਰਾਈਵਰ।  ਤਸਵੀਰ: ਲੀਓ ਬਾਰੋਸ

ਦੇਬਨਾਥ ਨੂੰ ਇੱਕ ਰੁਜ਼ਗਾਰਦਾਤਾ ਨਾਲ ਕੰਮ ਕਰਦਿਆਂ ਟਰੱਕ ਦੀ ਸੁਰੱਖਿਆ ਨੂੰ ਲੈ ਕੇ ਕੌੜਾ ਤਜ਼ਰਬਾ ਹੋ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਪੈਸਾ ਕਮਾਉਣਾ ਜ਼ਰੂਰੀ ਹੈ ਪਰ ਸੁਰੱਖਿਆ ਦਾ ਮਹੱਤਵ ਸਭ ਤੋਂ ਜ਼ਿਆਦਾ ਹੈ।

ਆਪਣੀ ਪਛਾਣ ਜ਼ਾਹਰ ਨਾ ਕਰਨ ਦੀ ਇੱਛਾ ਰੱਖਣ ਵਾਲੇ ਇੱਕ ਹੋਰ ਡਰਾਈਵਰ ਦਾ ਕਹਿਣਾ ਹੈ ਕਿ ਉਹ ਅਜਿਹੀ ਨੌਕਰੀ ਚਾਹੁੰਦਾ ਹੈ ਜੋ ਕਿ ਉਸ ਦੇ ਸ਼ਡਿਊਲ ’ਚ ਫ਼ਿੱਟ ਬੈਠੇ।

ਉਸ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਮ ਕਰਨ ਦਾ ਇੱਛੁਕ ਹੈ ਅਤੇ ਹਫ਼ਤੇ ਦੇ ਅਖ਼ੀਰਲੇ ਦਿਨਾਂ ’ਚ ਛੁੱਟੀ ਚਾਹੁੰਦਾ ਹੈ। ਉਹ ਕਿਸੇ ਚੰਗੀ ਸਾਖ ਵਾਲੇ ਫ਼ਲੀਟ ਦੀ ਭਾਲ ’ਚ ਸੀ ਜੋ ਕਿ ਚੰਗੀ ਹਾਲਤ ’ਚ ਰੱਖੇ ਗਏ ਉਪਕਰਨ ਚਲਾਉਂਦਾ ਹੋਵੇ।

ਐਸ.ਐਮ. ਫ਼ਰੇਟ ’ਚ ਸੁਰੱਖਿਆ ਅਤੇ ਭਰਤੀ ਮੈਨੇਜਰ ਰੌਬ ਸਵਿਨਟੈਕ ਡਰਾਈਵਰਾਂ ਸਾਹਮਣੇ ਕੋਈ ਝੂਠੇ ਸੁਪਨੇ ਸਜਾ ਕੇ ਨਹੀਂ ਦਿੰਦੇ।

‘‘ਅਸੀਂ ਉਨ੍ਹਾਂ ਨੂੰ ਉਹ ਕੁੱਝ ਨਹੀਂ ਦੱਸਦੇ ਜੋ ਉਹ ਸੁਣਨਾ ਚਾਹੁੰਦੇ ਹਨ, ਅਤੇ ਬਾਅਦ ’ਚ ਕਹਿਣ ਕਿ ਉਨ੍ਹਾਂ ਨੇ ਇਹ ਕੰਮ ਕਰਨ ਲਈ ਨੌਕਰੀ ਨਹੀਂ ਕੀਤੀ ਸੀ। ਮੈਂ ਉਨ੍ਹਾਂ ਨੂੰ ਝੂਠੇ ਸੁਪਨੇ ਨਹੀਂ ਵਿਖਾਉਂਦਾ। ਤੁਹਾਨੂੰ ਦੁਨੀਆਂ ਦੀ ਸੈਰ ਕਰਨ ਨੂੰ ਮਿਲਦੀ ਹੈ, ਪਰ ਨੁਕਸਾਨ ਇਹ ਹੈ ਕਿ ਤੁਸੀਂ ਘਰ ’ਚ ਨਹੀਂ ਹੋ, ਕਿਉਂਕਿ ਇਹ ਉਦਯੋਗ ਇਸੇ ਤਰ੍ਹਾਂ ਕੰਮ ਕਰਦੈ।’’

ਡਰਾਈਵਿੰਗ ਸਕੂਲਾਂ ’ਚੋਂ ਨਿਕਲੇ ਕਈ ਨਵੇਂ ਡਰਾਈਵਰ ਸ਼ਿਕਾਇਤ ਕਰਦੇ ਹਨ ਕਿ ਕੰਮ ਲੱਭਣਾ ਬਹੁਤ ਮੁਸ਼ਕਲ ਹੁੰਦੈ। ਪਰ ਫ਼ਲੀਟ ਭਰਤੀਆਂ ਕਰ ਰਹੇ ਹਨ।

ਚੈਲੰਜਰ ਨਵੇਂ ਡਰਾਈਵਰਾਂ ਲਈ ਫ਼ਿਨੀਸ਼ਿੰਗ ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਟੌਪਿੰਗ ਦਾ ਕਹਿਣਾ ਹੈ ਕਿ ਜੇਕਰ ਕੋਈ ਡਰਾਈਵਰ ਟਰੱਕ ਟਰੇਨਿੰਗ ਸਕੂਲਜ਼ ਐਸੋਸੀਏਸ਼ਨ ਆਫ਼ ਓਂਟਾਰੀਓ ਦੇ ਮੈਂਬਰ ਸੰਸਥਾਨ ਤੋਂ ਪੜ੍ਹਾਈ ਖ਼ਤਮ ਕਰ ਕੇ ਨਿਕਲੇ ਹਨ ਅਤੇ ਰੋਡ ਟੈਸਟ ਪਾਸ ਕਰ ਲਏ ਹਨ, ਤਾਂ ਉਹ ਛੇ ਤੋਂ ਸੱਤ ਹਫ਼ਤਿਆਂ ਦੇ ਫ਼ਿਨੀਸ਼ਿੰਗ ਪ੍ਰੋਗਰਾਮ ’ਚ ਦਾਖ਼ਲ ਹਨ।

ਅਰਬ ਆਮ ਤੌਰ ’ਤੇ ਘੱਟ ਤੋਂ ਘੱਟ 12 ਮਹੀਨਿਆਂ ਦੇ ਤਜ਼ਰਬੇ ਵਾਲੇ ਉਮੀਦਵਾਰਾਂ ਦੀ ਭਰਤੀ ਕਰਦੇ ਹਨ, ਪਰ ਇਸ ਤੋਂ ਘੱਟ ਤਜ਼ਰਬੇ ਵਾਲੇ ਯੋਗ ਵਿਅਕਤੀਆਂ ਬਾਰੇ ਵੀ ਸੋਚਿਆ ਜਾ ਸਕਦਾ ਹੈ। ਕੈਰੀਅਰ ਨਵੇਂ ਡਰਾਈਵਰਾਂ ਲਈ ਸਿਖਲਾਈ ਪ੍ਰੋਗਰਾਮ ਪੇਸ਼ ਕਰਦਾ ਹੈ। ਕੌਵੀਓ ਨੇ ਕਿਹਾ ਕਿ ਕੰਪਨੀ ਕੋਲ ਅਜਿਹੇ ਮਨਜ਼ੂਰਸ਼ੁਦਾ ਡਰਾਈਵਿੰਗ ਸਕੂਲਾਂ ਦੀ ਸੂਚੀ ਵੀ ਹੈ ਜਿੱਥੇ ਪਾਠਕ੍ਰਮ ਦੀ ਸਮੀਖਿਆ ਕੀਤੀ ਗਈ ਹੈ।

ਉਨ੍ਹਾਂ ਕਿਹਾ, ‘‘ਰੋਡ ਟੈਸਟ ਉੁਨ੍ਹਾਂ ਦੀ ਮੁਹਾਰਤ ਦਾ ਪ੍ਰਗਟਾਵਾ ਕਰਦਾ ਹੈ ਅਤੇ ਸਿਖਲਾਈ ਪ੍ਰੋਗਰਾਮ ਨੂੰ ਇੱਕ ਅਜਿਹੇ ਵਿਅਕਤੀ ਲਈ ਬਣਾਇਆ ਗਿਆ ਹੈ, ਜੋ ਕਿ ਡਰਾਈਵਰ ਕੋਚਾਂ ਰਾਹੀਂ ਕੁੱਝ ਮਹੀਨਿਆਂ ਦੀ ਸਿਖਲਾਈ ਪ੍ਰਾਪਤ ਕਰਦਾ ਹੈ।’’

Picture of Caroline Blais
ਕ੍ਰਿਸਕਾ ’ਚ ਭਰਤੀ ਮੈਨੇਜਰ ਕੈਰੋਲਾਈਨ ਬਲੇਸ। ਤਸਵੀਰ: ਲੀਓ ਬਾਰੋਸ

ਬਲੇਸ ਨੇ ਕਿਹਾ ਕਿ ਕ੍ਰਿਸਕਾ ਸਕੂਲਾਂ ’ਚੋਂ ਨਿਕਲਣ ਵਾਲੇ ਡਰਾਈਵਰਾਂ ਨੂੰ ਸਿੱਧਾ ਭਰਤੀ ਕਰ ਲੈਂਦਾ ਹੈ। ਉਨ੍ਹਾਂ ਨੂੰ ਘੱਟ ਤੋਂ ਘੱਟ ਚਾਰ ਹਫ਼ਤਿਆਂ ਤੱਕ ਕਿਸੇ ਹੋਰ ਹੇਠ ਸਿਖਲਾਈ ਲੈਣੀ ਪੈਂਦੀ ਹੈ, ਜਿਸ ਤੋਂ ਬਾਅਦ ਹੀ ਉਹ ਖ਼ੁਦ ਕੰਮ ਕਰਨ ਦੇ ਕਾਬਲ ਹੋ ਪਾਉਂਦੇ ਹਨ। ਸਿਖਲਾਈ ਕੈਬ ਅੰਦਰ ਇੰਸਟਰੱਕਟਰ ਵੱਲੋਂ ਦਿੱਤੀ ਜਾਂਦੀ ਹੈ, ਨਾ ਕਿ ਟੀਮ ’ਚ।’’

ਬਲੇਸ ਨੇ ਕਿਹਾ, ‘‘ਇੱਕ ਸਾਲ ਤੋਂ ਘੱਟ ਦੇ ਤਜ਼ਰਬੇ ਵਾਲੇ ਹਰ ਵਿਅਕਤੀ ਨੂੰ ਸਿਖਲਾਈ ਪ੍ਰੋਗਰਾਮ ’ਚੋਂ ਲੰਘਣਾ ਪੈਂਦਾ ਹੈ, ਹੋ ਸਕਦੈ ਇਹ ਪੂਰੇ ਚਾਰ ਹਫ਼ਤਿਆਂ ਦਾ ਨਾ ਹੋਵੇ, ਸੜਕ ਟੈਸਟ, ਰੁਝਾਨ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ।’’

ਭਾਵੇਂ ਡਰਾਈਵਰਾਂ ਨੂੰ ਭਰਤੀ ਕਰਨ ਲਈ ਸਿਫ਼ਾਰਸ਼ ਕਰਨ ਦਾ ਤਰੀਕਾ ਸਭ ਤੋਂ ਜ਼ਿਆਦਾ ਮਕਬੂਲ ਹੈ, ਅਤੇ ਮੁਲਾਜ਼ਮਾਂ ਨੂੰ ਡਰਾਈਵਰਾਂ ਦੀ ਸਿਫ਼ਾਰਸ਼ ਕਰਨ ਲਈ ਭੁਗਤਾਨ ਵੀ ਕੀਤਾ ਜਾਂਦਾ ਹੈ, ਪਰ ਮਹਾਂਮਾਰੀ ਨੇ ਰੁਜ਼ਗਾਰਦਾਤਾਵਾਂ ਨੂੰ ਆਨਲਾਈਨ ਜ਼ਰੀਏ ਅਪਨਾਉਣਾ ਵੀ ਸਿਖਾ ਦਿੱਤਾ ਹੈ।

ਪਰਾਈਡ ਗਰੁੱਪ ਵਿਖੇ ਸੀਨੀਅਰ ਮਾਰਕੀਟਿੰਗ ਮੈਨੇਜਰ ਬਿਆਨਕਾ ਰਿੱਕੀ, ਨੌਕਰੀ ਦੇ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਦੇ ਹਨ, ਜਿਸ ’ਚ ਫ਼ੇਸਬੁੱਕ ਅਤੇ ਕਿਜੀਜੀ ਸ਼ਾਮਲ ਹਨ। ‘‘ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੇਗੇ ਕਿ ਲਿੰਕਡਇਨ ’ਤੇ ਕਿੰਨੇ ਜ਼ਿਆਦਾ ਓਨਰ-ਆਪਰੇਟਰ ਹਨ ਅਤੇ ਇਹ ਬਹੁਤ ਵਧੀਆ ਟੂਲ ਹੈ।’’

ਕਿ੍ਰਸਕਾ ਨੇ ਆਪਣੇ ਆਨਲਾਈਨ ਸਾਜ਼ੋ-ਸਾਮਾਨ ’ਚ ਆਰਟੀਫ਼ੀਸ਼ੀਅਲ ਕੰਪੋਨੈਂਟ ਵੀ ਜੋੜ ਦਿੱਤਾ ਹੈ। ਬਲੇਸ ਨੇ ਕਿਹਾ, ‘‘ਕੋਈ ਵਿਅਕਤੀ ਸਾਡੀ ਵੈੱਬਸਾਈਟ ’ਤੇ ਅੱਧੀ ਰਾਤ ਨੂੰ ਵੀ ਜਾ ਸਕਦੈ, ‘ਓਲੀਵੀਆ’ ਨਾਲ ਚੈਟ ਕਰ ਸਕਦੈ ਤੇ ਸਾਡੇ ਬਾਰੇ ਹਰ ਜਾਣਕਾਰੀ ਪ੍ਰਾਪਤ ਕਰ ਸਕਦੈ।’’

ਇੱਕ ਵਾਰੀ ਡਰਾਈਵਰ ਭਰਤੀ ਹੋ ਜਾਵੇ, ਕੰਪਨੀਆਂ ਚਾਹੁਣਗੀਆਂ ਕਿ ਉਹ ਉਨ੍ਹਾਂ ਕੋਲ ਹੀ ਰਹਿਣ। ਫ਼ਲੀਟ ਡਰਾਈਵਰ ਨੂੰ ਟਿਕਾਈ ਰੱਖਣ ’ਤੇ ਬਹੁਤ ਜ਼ੋਰ ਦਿੰਦੇ ਹਨ। ਮੁਫ਼ਤ ਲੰਚ, ਕੌਫ਼ੀ ਕਾਰਡ, ਸਵੈਗ ਅਤੇ ਜਨਮਦਿਨ ਦੇ ਤੋਹਫ਼ੇ ਆਦਿ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

ਕੈਰੀਅਰ ਸੰਚਾਰ ਲਾਈਨਾਂ ਨੂੰ ਖੁੱਲ੍ਹਾ ਰਖਦੇ ਹਨ, ਡਰਾਈਵਰਾਂ ਦੇ ਹੁੰਗਾਰੇ ਸੁਣਦੇ ਹਨ, ਅਤੇ ਜਿੱਥੇ ਵੀ ਜ਼ਰੂਰੀ ਹੋਵੇ, ਬਦਲਾਅ ਵੀ ਕਰਦੇ ਹਨ। ਸੀਨੀਅਰ ਮੈਨੇਜਮੈਂਟ ’ਚ ਬਹੁਤ ਸਾਰਿਆਂ ਕੋਲ ਖੁੱਲ੍ਹੇ-ਦਰ ਨੀਤੀ ਹੁੰਦੀ ਹੈ – ਡਰਾਈਵਰ ਕਦੇ ਵੀ ਦਫ਼ਤਰ ’ਚ ਆ ਕੇ ਆਪਣੀਆਂ ਸਮੱਸਿਆਵਾਂ ਅਤੇ ਮਸਲੇ ਸਾਂਝੇ ਕਰ ਸਕਦੇ ਹਨ।

ਮੌਜੂਦਾ ਵਾਤਾਵਰਣ ’ਚ, ਨੌਕਰੀ ਚਾਹੁਣ ਵਾਲੇ ਤਜ਼ਰਬੇਕਾਰ ਵਿਅਕਤੀ ਜੋ ਮਰਜ਼ੀ ਮਨਵਾ ਸਕਦੇ ਹਨ, ਕਿਉਂਕਿ ਉਹ ਇਹ ਤੈਅ ਕਰ ਸਕਦੇ ਹਨ ਕਿ ਕੰਮ ਕਿੱਥੇ ਕਰਨਾ ਹੈ ਅਤੇ ਨਵੇਂ ਗਰੈਜੁਏਟ ਰੁਜ਼ਗਾਰ ਦੇ ਮੌਕਿਆਂ ਦੀ ਭਾਲ ’ਚ ਹਨ। ਡਰਾਈਵਿੰਗ ਦਾ ਕੰਮ ਬਹੁਤ ਮੁਸ਼ਕਲ ਹੈ, ਪਰ ਫ਼ਲੀਟ ਇਸ ਸਫ਼ਰ ਨੂੰ ਜਿੰਨਾ ਸੁਹਾਵਣਾ ਹੋ ਸਕੇ, ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

 

ਲੀਓ ਬਾਰੋਸ ਵੱਲੋਂ