ਡਰਾਈਵਿੰਗ ਸਿਖਾਉਣ ਵਾਲੇ ‘ਤੇ 16 ਸਾਲ ਦੀ ਵਿਦਿਆਰਥਣ ਨਾਲ ਸਰੀਰਕ ਸੋਸ਼ਣ ਦਾ ਦੋਸ਼

ਪੀਲ ਪੁਲਿਸ ਵਿਸ਼ੇਸ਼ ਪੀੜਤ ਇਕਾਈ ਦੇ ਜਾਂਚਕਰਤਾਵਾਂ ਨੇ ਇੱਕ ਗ਼ੈਰਲਾਇਸੰਸ ਪ੍ਰਾਪਤ ਡਰਾਈਵਿੰਗ ਸਕੂਲ ਦੇ ਇੰਸਟਰੱਕਟਰ ‘ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਏ ਹਨ।

ਘਟਨਾ ਵੇਲੇ ਪੀੜਤ ਇੱਕ 16 ਸਾਲਾਂ ਦੀ ਕੁੜੀ ਸੀ, ਜੋ ਕਿ ਬਰੈਂਪਟਨ ਦੇ ਡਰਾਈਵਿੰਗ ਸਕੂਲ ‘ਚ ਵਿਦਿਆਰਥਣ ਸੀ। ਪੀੜਤਾ ਨੂੰ ਮੁਲਜ਼ਮ ਨੇ ਉਸ ਵੇਲੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਦੋਂ ਉਹ ਡਰਾਈਵਿੰਗ ਸਿੱਖਣ ਲਈ ਕਾਰ ਅੰਦਰ ਸੀ।

ਮੁਲਜ਼ਮ ਨੇ ਆਪਣੀਆਂ ਸੇਵਾਵਾਂ ਦਾ ਆਨਲਾਈਨ ਕਲਾਸੀਫ਼ਾਈਡ ਵੈੱਬਸਾਈਟ ਰਾਹੀਂ ਇਸ਼ਤਿਹਾਰ ਦਿੱਤਾ ਸੀ ਪਰ ਉਸ ਦਾ ਸਕੂਲ, ਸੰਨੀ’ਜ਼ ਡਰਾਈਵਿੰਗ ਸਕੂਲ, ਓਂਟਾਰੀਓ ਸਰਕਾਰ ਨਾਲ ਆਥੋਰਾਈਜ਼ਡ ਜਾਂ ਮਾਨਤਾ ਪ੍ਰਾਪਤ ਸਕੂਲ ਨਹੀਂ ਹੈ।

ਜਾਂਚਕਰਤਾਵਾਂ ਨੂੰ ਲਗਦਾ ਹੈ ਕਿ ਮੁਲਜ਼ਮ ਨੇ ਹੋਰਨਾਂ ਲੋਕਾਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੋ ਸਕਦਾ ਹੈ ਜਿਨ੍ਹਾਂ ਨੇ ਅਜੇ ਤਕ ਅਜਿਹੀਆਂ ਘਟਨਾਵਾਂ ਨੂੰ ਪੁਲਿਸ ਕੋਲ ਰੀਪੋਰਟ ਨਹੀਂ ਦਿੱਤੀ ਅਤੇ ਪੁਲਿਸ ਅਜਿਹੀਆਂ ਘਟਨਾਵਾਂ ਦੇ ਪੀੜਤਾਂ ਨੂੰ ਉਨ੍ਹਾਂ ਲਈ ਬਣੀ ਵਿਸ਼ੇਸ਼ ਇਕਾਈ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।

ਇਸ ਜਾਂਚ ਦੇ ਨਤੀਜੇ ਵਜੋਂ, 61 ਵਰ੍ਹਿਆਂ ਦੇ ਬਰੈਂਪਟਨ ‘ਚ ਰਹਿਣ ਵਾਲੇ ਸੁਖਬਿੰਦਰ ‘ਸੰਨੀ’ ਸੈਣੀ, ‘ਤੇ ਜਿਨਸੀ ਹਮਲੇ ਅਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਗਏ ਹਨ।

ਇਸ ਘਟਨਾ ਨਾਲ ਸੰਬੰਧਤ ਜਾਂ ਸੁਖਬਿੰਦਰ ਸੈਣੀ ਨਾਲ ਸੰਬੰਧਤ ਜੇ ਕੋਈ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਉਹ ਵਿਸ਼ੇਸ਼ ਪੀੜਤ ਇਕਾਈਆਂ ਦੇ ਜਾਂਚਕਰਤਾਵਾਂ ਨੂੰ 905-453-2121 ਐਕਸਟੈਂਸ਼ਨ 3400 ‘ਤੇ ਸੰਪਰਕ ਕਰ ਸਕਦਾ ਹੈ।

ਸੂਚਨਾ ਗੁਪਤ ਤਰੀਕੇ ਨਾਲ ਵੀ ਕਰਾਈਮ ਸਟਾਪਰ ਦੇ ਨੰਬਰ 1-800-222-ਟਿੱਪਸ (8477) ‘ਤੇ ਜਾਂ www.peelcrimestoppers.ca ‘ਤੇ ਜਾ ਕੇ ਵੀ ਮੁਹੱਈਆ ਕਰਵਾਈ ਜਾ ਸਕਦੀ ਹੈ।