ਡਾਇਮਲਰ ਨੇ ਜਾਰੀ ਕੀਤਾ ਨਵਾਂ ਲੀਜ਼ ਪ੍ਰੋਗਰਾਮ, ਉਪਕਰਣ ਅਪਡੇਟ

ਡਾਇਮਲਰ ਟਰੱਕ ਫ਼ਾਈਨਾਂਸਿੰਗ ਵੱਲੋਂ ਡਾਇਨਾਮਿਕ ਲੀਜ਼।

ਡਾਇਮਲਰ ਟਰੱਕਸ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਨੇ ਨਵੇਂ ਡਾਇਨਾਮਿਕ ਲੀਜ਼ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜੋ ਕਿ ‘ਜਿੰਨਾ ਡਰਾਈਵ ਕਰੋ ਓਨਾ ਅਦਾ ਕਰੋ’ ਮਾਡਲ ਦਾ ਸਮਰਥਨ ਕਰੇਗਾ ਜਿਸ ਹੇਠ ਕਿਰਾਇਆ ਮੀਲਾਂ ਦੇ ਹਿਸਾਬ ਨਾਲ ਲਿਆ ਜਾਵੇਗਾ।

ਇਸ ਵੇਲੇ ਇਹ ਸਿਰਫ਼ ਅਮਰੀਕਾ ‘ਚ ਮੌਜੂਦ ਹੋਵੇਗਾ, ਫ਼ਾਈਨਾਂਸਿੰਗ ਬਦਲ ਟੈਲੀਮੈਟਿਕਸ ਅੰਕੜਿਆਂ ‘ਤੇ ਅਧਾਰਤ ਹੋਵੇਗਾ ਅਤੇ ਇਸ ਨੂੰ ਡਿਟਰੋਇਟ ਇੰਜਣ ਵਾਲੇ ਕਾਸਡੇਕੀਆ ਟਰੱਕਸ ‘ਚ ਡਿਟਰੋਇਟ ਕੁਨੈਕਟ ਪਲੇਟਫ਼ਾਰਮ ਦਾ ਸਮਰਥਨ ਪ੍ਰਾਪਤ ਹੈ। ਮੁਢਲੇ ਪੱਧਰ ਦੀ ਅਦਾਇਗੀ ਟਰੱਕ ਦੇ ਮੁੱਲ ਘਾਟੇ ‘ਤੇ ਅਧਾਰਤ ਹੋਵੇਗੀ, ਜਦਕਿ ਬਾਕੀ ਮਾਈਲੇਜ ‘ਤੇ ਅਧਾਰਤ ਹੋਵੇਗੀ।

ਡਾਇਮਲਰ ਟਰੱਕਸ ਨਾਰਥ ਅਮਰੀਕਾ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਰੋਜਰ ਨੀਲਸਨ ਨੇ ਕਿਹਾ, ”ਇਹ ਟਰੱਕ ਫ਼ਾਈਨਾਂਸਿੰਗ ਦਾ ਭਵਿੱਖ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਗ੍ਰਾਹਕ ਦੇ ਮੁਕੰਮਲ ਸਫ਼ਰ ‘ਤੇ ਧਿਆਨ ਦੇ ਰਹੇ ਹਾਂ।”

ਇਸ ਫ਼ਾਈਨਾਂਸਿੰਗ ਮਾਡਲ ਦੀ ਪਹਿਲਾਂ ਹੀ ਸੀ.ਆਰ. ਇੰਗਲੈਂਡ ਵੱਲੋਂ ਪਰਖ ਹੋ ਚੁੱਕੀ ਹੈ, ਅਤੇ ਇਸ ਨੂੰ ਅਮਰੀਕੀ ਬਾਜ਼ਾਰ ‘ਚ 2020 ਦੀ ਪਹਿਲੀ ਤਿਮਾਹੀ ‘ਚ ਲਿਆਂਦਾ ਜਾਵੇਗਾ।

ਇਸ ਫ਼ਾਈਨਾਂਸਿੰਗ ਮਾਡਲ ਦੀ ਖ਼ਬਰ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ਦੌਰਾਨ ਨਸ਼ਰ ਕੀਤੀ ਗਈ, ਜਿੱਥੇ ਓ.ਈ.ਐਮ. ਨੇ ਵਰਚੁਅਲ ਰਿਐਲਿਟੀ ਦੀ ਮੱਦਦ ਨਾਲ ਅਜਿਹਾ ਸੁਰੱਖਿਆ ਸਿਸਟਮ ਵੀ ਪ੍ਰਦਰਸ਼ਿਤ ਕੀਤਾ ਜਿਸ ‘ਚ ਪੈਦਲ ਯਾਤਰੀਆਂ ਦੇ ਅੱਗੇ ਆ ਜਾਣ ‘ਤੇ ਐਕਟਿਵ ਬ੍ਰੇਕ ਅਸਿਸਟ 5.0 ਪੂਰੀ ਬ੍ਰੇਕ ਲਗਾਉਣ, ਅਡੈਪਟਿਵ ਕਰੂਜ਼ ਕੰਟਰੋਲ ਦੇ ਸਿਫ਼ਰ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਣ ਅਤੇ ਲੇਨ ‘ਚ ਰਹਿਣ ਲਈ ਮੱਦਦ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ ਜਿਸ ਨਾਲ ਕਾਸਕੇਡੀਆ ਪਹਿਲਾ ਹੈਵੀ ਟਰੱਕ ਬਣ ਗਿਆ ਹੈ ਜੋ ਕਿ ਐਸ.ਏ.ਈ. ਲੈਵਲ 2 ਸਵੈਚਾਲਿਤ ਕੰਟਰੋਲ ਨਾਲ ਲੈਸ ਹੈ। ਇੱਕ ਹੋਰ ਵੀ.ਆਰ. ਪ੍ਰਦਰਸ਼ਨੀ ‘ਚ ਸਾਈਡ ਗਾਰਡ ਅਸਿਸਟ ਦਾ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਡਰਾਈਵਰਾਂ ਨੂੰ ਟਰੱਕ ਦੇ ਆਸੇ-ਪਾਸੇ ਸਥਿਤ ਗੱਡੀਆਂ, ਪੈਦਲ ਤੁਰਨ ਵਾਲਿਆਂ ਜਾਂ ਖੜ੍ਹੀਆਂ ਵਸਤਾਂ ਬਾਰੇ ਚੇਤਾਵਨੀ ਦੇ ਸਕਦੇ ਹਨ।

ਡਾਇਮਲਰ ਟਰੱਕਸ ਨਾਰਥ ਅਮਰੀਕਾ ਨੇ 2020 ‘ਚ ਆਉਣ ਵਾਲੇ ਆਪਣੇ ਨਵੇਂ ਐਕਸਲਰੇਟਰ ਈ-ਕਾਮਰਸ ਪਲੇਟਫ਼ਾਰਮ ਦਾ ਵੀ ਪ੍ਰਦਰਸ਼ਨ ਕੀਤਾ। ਕੰਪਨੀ ਨੇ ਕਿਹਾ ਕਿ ਇਸ ਨਾਲ ਓ.ਈ.ਐਮ. ਦੇ ਡੀਲਰ ਮੈਨੇਜਮੈਂਟ ਸਿਸਟਮ ਨੂੰ ਕਲਪੁਰਜ਼ਿਆਂ ਦੇ ਆਰਡਰ ਪੂਰੇ ਕਰਨ ਅਤੇ ਮੰਗ ਪੂਰੀ ਕਰਨ ਦੇ ਸਮੇਂ ਨੂੰ ਬਿਹਤਰ ਕਰਨ ‘ਚ ਮੱਦਦ ਮਿਲੇਗੀ। ਇਸ ਨਾਲ ਡੀ.ਟੀ.ਐਨ.ਏ. ਦੇ ਵੰਡ ਨੈੱਟਵਰਕ ਅਤੇ ਭਾਈਵਾਲ ਕਲਪੁਰਜ਼ਿਆਂ ਦੇ ਸਟੋਰਾਂ ‘ਚ ਉਤਪਾਦ ਕੈਟਾਲਾਗ ਤਕ ਪਹੁੰਚ ਖੁੱਲ੍ਹ•ੇਗੀ, ਜਦਕਿ ਇੱਕ ਸਮਰਪਿਤ ਡਿਲੀਵਰੀ ਸੇਵਾ ਕਲਪੁਰਜ਼ਿਆਂ ਦੀ ਆਮਦ ਨੂੰ ਤੇਜ਼ ਕਰੇਗੀ।

ਆਫ਼ਟਰਮਾਰਕੀਟ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਸਟੀਫ਼ਨ ਕੁਰਸ਼ਨਰ ਨੇ ਕਿਹਾ ਕਿ ਪਿਛਲੇ ਸਾਲ ਟਰੱਕਾਂ ਦੇ ਕਲਪੁਰਜ਼ਿਆਂ ਦੀ 20% ਖ਼ਰੀਦ ਇਲੈਕਟ੍ਰਾਨਿਕ ਉਪਕਰਨਾਂ ‘ਤੇ ਕੀਤੀ ਗਈ ਸੀ। ਉਨ੍ਹਾਂ ਕਿਹਾ, ”ਇਹ ਰੁਝਾਨ ਹੋਰ ਅੱਗੇ ਵਧਣ ਵਾਲਾ ਹੈ।”