ਡਿਟਰੋਇਟ ਨੇ ਸਾਈਡ ਗਾਰਡ ਮੋਨੀਟਰਜ਼ ’ਚ ਐਕਟਿਵ ਬ੍ਰੇਕਿੰਗ ਨੂੰ ਜੋੜਿਆ
ਡਿਟਰੋਇਟ ਆਪਣੇ ਡਿਟਰੋਇਟ ਅਸ਼ੋਅਰੈਂਸ ਸ੍ਵੀਟ ਆਫ਼ ਸੇਫ਼ਟੀ ਸਿਸਟਮਜ਼ ਦਾ ਵਿਸਤਾਰ ਕਰ ਰਿਹਾ ਹੈ, ਜਿਸ ’ਚ ਹੁਣ ਐਕਟਿਵ ਸਾਈਡ ਗਾਰਡ ਅਸਿਸਟ (ਏ.ਐਸ.ਜੀ.ਏ.) ਵੀ ਸ਼ਾਮਲ ਹੋ ਜਾਵੇਗਾ – ਜੋ ਕਿ ਘੱਟ ਰਫ਼ਤਾਰ ’ਤੇ, ਪੈਸੇਂਜਰ-ਸਾਈਡ ਮੋੜ ਕੱਟਣ ਵੇਲੇ ਇਲੈਕਟ੍ਰੋਨਿਕ ਸਹਿ-ਡਰਾਈਵਰ ਵਾਂਗ ਕੰਮ ਕਰਦਾ ਹੈ।

ਉਤਪਾਦਨ ਇਸ ਸਤੰਬਰ ਦੇ ਮਹੀਨੇ ’ਚ ਸ਼ੁਰੂ ਹੋ ਜਾਵੇਗਾ। ਏ.ਐਸ.ਜੀ.ਏ. 12 ਮੀਲ ਪ੍ਰਤੀ ਘੰਟਾ ਤੋਂ ਘੱਟ ਦੀ ਰਫ਼ਤਾਰ ’ਤੇ ਸੱਜੇ-ਹੱਥ ਦੇ ਮੋੜ ਦੇ ਰਾਹ ’ਚ ਕਿਸੇ ਵੀ ਚੱਲ ਰਹੀ ਵਸਤ ਦੀ ਪਛਾਣ ਕਰ ਸਕਦਾ ਹੈ ਅਤੇ ਜ਼ਰੂਰਤ ਪੈਣ ’ਤੇ ਬ੍ਰੇਕਾਂ ਲਗਾ ਸਕਦਾ ਹੈ। ਡਿਟਰੋਇਟ ਅਨੁਸਾਰ ਇਸ ਨਾਲ ਮੋੜਾਂ ਸਮੇਤ ਟਰੱਕ ਯਾਰਡ ’ਚ ਵੀ ਸੁਰੱਖਿਆ ਬਿਹਤਰ ਹੋਵੇਗੀ।
ਐਕਟਿਵ ਬ੍ਰੇਕ ਅਸਿਸਟ 5 ਨਾਲ ਮਿਲ ਕੇ, ਇਸ ਤਕਨੀਕ ਨਾਲ ਲੈਸ ਟਰੱਕ ਰਾਡਾਰ ਅਤੇ ਕੈਮਰਾ ਸੈਂਸਰਾਂ ਦੋਹਾਂ ਤੋਂ ਕੰਮ ਲੈਣਗੇ ਜੋ ਕਿ ਹਮੇਸ਼ਾ ਚਾਲੂ ਰਹਿੰਦੇ ਹਨ।
ਜੇਕਰ ਪੈਦਲ ਯਾਤਰੀ ਜਾਂ ਸਾਈਕਲ ਚਲਾ ਰਹੇ ਵਿਅਕਤੀ ਦੀ ਪਛਾਣ ਹੁੰਦੀ ਹੈ, ਤਾਂ ਸੱਜੇ ਪਾਸੇ ਦੇ ਏ-ਪਿੱਲਰ ’ਤੇ ਪੀਲਾ ਤਿਕੋਣ ਦਾ ਨਿਸ਼ਾਨ ਜਗਣ ਲਗਦਾ ਹੈ। ਅਤੇ ਜੇਕਰ ਡਰਾਈਵਰ ਸੱਜੇ ਪਾਸੇ ਘੁੰਮਣ ਦਾ ਸਿਗਨਲ ਦਿੰਦਾ ਹੈ ਜਾਂ ਸੱਚਮੁੱਚ ਮੋੜ ਕੱਟਣ ਲਗਦਾ ਹੈ, ਤਾਂ ਪੀਲੀ ਚੇਤਾਵਨੀ ਲਾਲ ’ਚ ਬਦਲ ਜਾਂਦੀ ਹੈ, ਅਲਾਰਮ ਵਜਦਾ ਹੈ, ਅਤੇ ਬ੍ਰੇਕ ਲੱਗ ਜਾਂਦੇ ਹਨ।
ਏ.ਐਸ.ਜੀ.ਏ. ਫ਼ਰੇਟਲਾਈਨਰ ਕਾਸਕੇਡੀਆ ’ਤੇ ਅਤੇ ਵੈਸਟਰਨ ਸਟਾਰ ਟਰੱਕਾਂ ’ਤੇ ਵਿਕਲਪ ਵਜੋਂ ਮਿਲਦਾ ਹੈ ਜਿਨ੍ਹਾਂ ’ਚ ਏ.ਬੀ.ਏ. 5 ਸਮੇਤ ਡਿਟਰੋਇਟ ਅਸ਼ੋਅਰੈਂਸ ਲੱਗਾ ਹੁੰਦਾ ਹੈ।
ਸਾਈਡ ਗਾਰਡ ਅਸਿਸਟ – ਜੋ ਕਿ ਸਿਰਫ਼ ਚੇਤਾਵਨੀਆਂ ਦੇਣ ਤੱਕ ਸੀਮਤ ਹੈ – ਨੂੰ ਪਹਿਲੀ ਵਾਰੀ 2020 ’ਚ ਲਾਂਚ ਕੀਤਾ ਗਿਆ ਸੀ, ਅਤੇ ਇਹ ਡਰਾਈਵਰਾਂ ਨੂੰ ਟਰੱਕਾਂ ਦੀ ਪੈਸੇਂਜਰ ਸੀਟ ਵਾਲੇ ਪਾਸੇ ਚਲ ਰਹੀਆਂ ਚੀਜ਼ਾਂ ਦੀ ਚੇਤਾਵਨੀ ਦਿੰਦਾ ਹੈ।