ਨਿਕੋਲਾ ਨੇ ਐਰੀਜ਼ੋਨਾ ਪਲਾਂਟ ਦਾ ਨੀਂਹ ਪੱਥਰ ਰੱਖਿਆ

ਨਿਕੋਲਾ ਕਾਰਪੋਰੇਸ਼ਨ ਨੇ ਜੁਲਾਈ ਮਹੀਨੇ ‘ਚ ਰਸਮੀ ਤੌਰ ‘ਤੇ ਕੂਲਿਜ, ਐਰੀਜ਼ੋਨਾ ‘ਚ ਸਥਿਤ ਆਪਣੀ 10 ਲੱਖ ਵਰਗ ਫ਼ੁੱਟ ਦੀ ਨਿਰਮਾਣ ਫ਼ੈਸਿਲਿਟੀ ਦਾ ਨੀਂਹ ਪੱਥਰ ਰੱਖ ਦਿੱਤਾ ਹੈ।

ਇਸ ਪਲਾਂਟ ਅੰਦਰ ਸ਼ੁਰੂ ‘ਚ ਨਿਕੋਲਾ ਟਰੈ ਅਤੇ ਨਿਕੋਲਾ ਟੂ ਨਾਮਕ ਸਿਫ਼ਰ-ਉਤਸਰਜਨ ਸ਼੍ਰੇਣੀ 8 ਕਮਰਸ਼ੀਅਲ ਟਰੱਕਾਂ ਦਾ ਉਤਪਾਦਨ ਕੀਤਾ ਜਾਵੇਗਾ। ਪੂਰੀ ਸਮਰਥਾ ‘ਚ, ਇਹ ਫ਼ੈਸਿਲਿਟੀ ਸਾਲਾਨਾ 35,000 ਟਰੱਕਾਂ ਦਾ ਨਿਰਮਾਣ ਕਰੇਗੀ।

ਨਿਕੋਲਾ ਟਰੈ ਬੈਟਰੀ ਨਾਲ ਚੱਲਣ ਵਾਲਾ ਟਰੱਕ ਹੈ ਜਦਕਿ ਨਿਕੋਲਾ ਟੂ ਹਾਈਡਰੋਜਨ ਸੈੱਲਾਂ ‘ਤੇ ਚਲਦਾ ਹੈ।

ਹਾਲਾਂਕਿ ਪਹਿਲਾ ਨਿਕੋਲਾ ਟਰੈ ਟਰੱਕ ਜਰਮਨੀ ਦੇ ਉਲਮ ‘ਚ ਆਈਵੈਕੋ ਨਾਲ ਭਾਈਵਾਲੀ ‘ਚ ਬਣਾਇਆ ਜਾਵੇਗਾ।

ਨਿਕੋਲਾ ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਟਰੈਵਰ ਮਿਲਟਨ ਨੇ ਕਿਹਾ, ”ਨਿਕੋਲਾ ਕਾਰਪੋਰੇਸ਼ਨ ਇੱਕ ਸ਼ਾਨਦਾਰ ਸਫ਼ਰ ਤੈਅ ਕਰ ਕੇ ਇੱਥੇ ਤਕ ਪੁੱਜੀ ਹੈ। ਅਸੀਂ ਛੇ ਸਾਲਾਂ ਪਹਿਲਾਂ ਬੇਸਮੈਂਟ ‘ਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਹੁਣ ਅਸੀਂ 1 ਮਿਲੀਅਨ ਵਰਗ ਫ਼ੁੱਟ ਦੀ ਨਿਰਮਾਣ ਫ਼ੈਸਿਲਿਟੀ ਬਣਾਉਣ ਜਾ ਰਹੇ ਹਾਂ।”

”ਅਗਲੇ 12 ਮਹੀਨੇ ਹੋਰ ਵੀ ਉਤਸ਼ਾਹਜਨਕ ਹੋਣਗੇ ਜਦੋਂ ਇਹ ਫ਼ੈਸਿਲਿਟੀ ਬਣ ਕੇ ਤਿਆਰ ਹੋ ਜਾਵੇਗੀ ਅਤੇ ਅਸੀਂ ਨਿਕੋਲਾ ਟੀਮ ‘ਚ ਹੋਰ ਜ਼ਿਆਦਾ ਐਰੀਜ਼ੋਨਾ ਦੇ ਲੋਕਾਂ ਨੂੰ ਜੋੜਾਂਗੇ।”

ਪਲਾਂਟ ‘ਤੇ ਨਿਕੋਲਾ 600 ਮਿਲੀਅਨ ਡਾਲਰ ਦੀ ਪੂੰਜੀ ਨਿਵੇਸ਼ ਕਰ ਰਹੀ ਹੈ, ਜੋ ਕਿ 1,800 ਤੋਂ ਜ਼ਿਆਦਾ ਨਵੀਂਆਂ ਨੌਕਰੀਆਂ ਪੈਦਾ ਕਰੇਗੀ।

ਕੰਪਨੀ ਨੇ ਕਿਹਾ ਕਿ ਯੂ.ਐਸ. ਹਾਈਵੇ 87 ਦੇ ਨੇੜੇ ਸਥਿਤ ਇਹ ਫ਼ੈਸਿਲਿਟੀ ਨਵੀਨਤਮ ਤਕਨੀਕਾਂ ਨਾਲ ਕੰਮ ਕਰੇਗੀ ਤਾਂ ਕਿ ਊਰਜਾ ਦੀ ਵੱਧ ਤੋਂ ਵੱਧ ਬਚਤ ਹੋ ਸਕੇ, ਉਤਪਾਦਕਤਾ ਅਤੇ ਮਿਆਰ ਕਾਇਮ ਰਹਿ ਸਕੇ।

ਉਸਾਰੀ ਦਾ ਪਹਿਲਾ ਪੜਾਅ 430-ਏਕੜ ਦੀ ਥਾਂ ‘ਤੇ 2021 ਦੇ ਅਖ਼ੀਰ ਤਕ ਪੂਰਾ ਹੋ ਜਾਵੇਗਾ, ਜਦਕਿ ਦੂਜਾ ਪੜਾਅ ਅਗਲੇ 12-14 ਮਹੀਨਿਆਂ ਅੰਦਰ ਮੁਕੰਮਲ ਹੋ ਜਾਵੇਗਾ।