ਨੇਹਾ ਭਾਟੀਆ – ਲੁਕੇ ਹੋਏ ਸੁਪਨਿਆਂ ਨੂੰ ਪਾਲਣ ਵਾਲੀ

ਨੇਹਾ ਭਾਟੀਆ ਨੂੰ ਰੁਜ਼ਗਾਰ ਦੀ ਭਾਲ ਕਰਦਿਆਂ ਇੱਕ ਦਿਨ ਅਚਾਨਕ ਕਿਊਬੈਕ ਦੀ ਟਰਾਂਸਪੋਰਟੇਸ਼ਨ ਕੰਪਨੀ ਐਸ.ਜੀ.ਟੀ. ‘ਚ ਰਿਕਰੂਟਰ ਦੀ ਨੌਕਰੀ ਮਿਲ ਗਈ।
ਉਸ ਨੂੰ ਉਦਯੋਗ ਦਾ ਕੋਈ ਤਜ਼ਰਬਾ ਨਹੀਂ ਸੀ ਅਤੇ ਉਹ ਪਿਛਲੇ ਸਾਲ ਦੇ ਸ਼ੁਰੂ ‘ਚ ਐਸ.ਜੀ.ਟੀ. ਦੇ ਬਰੈਂਪਟਨ ਵਿਖੇ ਸਥਿਤ ਟਰਮੀਨਲ ‘ਚ ਜਾਣ ਤੋਂ ਪਹਿਲਾਂ ਕਦੇ ਟਰੱਕ ‘ਚ ਚੜ੍ਹੀ ਵੀ ਨਹੀਂ ਸੀ।
ਪਰ ਹੁਣ ਉਸ ਨੂੰ ਆਪਣੀ ਨੌਕਰੀ ਦਾ ਹਰ ਪਲ ਚੰਗਾ ਲਗਦਾ ਹੈ।
ਭਾਟੀਆ ਨੇ ਰੋਡ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ, ”ਇਹ ਸ਼ਾਨਦਾਰ ਮੌਕਾ ਮਿਲਣ ਤੋਂ ਪਹਿਲਾਂ ਮੈਂ ਵੱਖ-ਵੱਖ ਤਰ੍ਹਾਂ ਦੇ ਮਹੌਲ ‘ਚ ਕੰਮ ਕੀਤਾ।”
ਉਸ ਨੇ ਕਿਹਾ ਕਿ ਐਸ.ਜੀ.ਟੀ. ‘ਚ ਕੰਮ ਕਰਦਿਆਂ ਉਸ ਨੂੰ ਸੱਭ ਤੋਂ ਚੰਗੀ ਗੱਲ ਇਹ ਲੱਗੀ ਕਿ ਇੱਥੇ ਮਾਹੌਲ ਘਰ ਵਰਗਾ ਹੀ ਮਿਲਦਾ ਹੈ।
”ਇੱਥੇ ਮੇਰੇ ਦਿਨ ਬਹੁਤ ਵਧੀਆ ਬਤੀਤ ਹੋ ਰਹੇ ਹਨ। ਪਿਛਲੇ ਸਾਲ ਮੈਨੂੰ ਇੱਥੇ ਦਫ਼ਤਰ ਦੇ ਕਈ ਪ੍ਰੋਗਰਾਮ ਆਯੋਜਿਤ ਕਰਨ ਦਾ ਵੀ ਮੌਕਾ ਮਿਲਿਆ।”
ਉਹ ਇੱਛੁਕ ਉਮੀਦਵਾਰਾਂ ਨੂੰ ਟਰੱਕਿੰਗ ਇੰਡਸਟਰੀ ਦੀ ਜਾਣਕਾਰੀ ਦੇਣ ਲਈ ਕਈ ਸਿਖਲਾਈ ਸਕੂਲਾਂ ‘ਚ ਵੀ ਜਾਂਦੀ ਹੈ।
ਉਸ ਨੇ ਕਿਹਾ, ”ਫਿਰ ਉੱਥੇ ਗਰੈਜੁਏਸ਼ਨ ਪ੍ਰੋਗਰਾਮ ਪੂਰਾ ਕਰਨ ਵਾਲੇ ਨੌਜੁਆਨ ਸਾਡੇ ਕੋਲ ਨੌਕਰੀ ਪ੍ਰਾਪਤ ਕਰਨ ਲਈ ਆ ਸਕਦੇ ਹਨ।”
ਭਾਟੀਆ ਨੇ ਕਿਹਾ ਕਿ ਨਵੇਂ ਡਰਾਈਵਰਾਂ ਲਈ ਐਸ.ਜੀ.ਟੀ. ”ਬਹੁਤ ਵਧੀਆ” ਪ੍ਰੋਗਰਾਮ ਪੇਸ਼ ਕਰ ਰਿਹਾ ਹੈ ਜਿਸ ‘ਚ ਅੱਠ ਹਫ਼ਤਿਆਂ ਦੀ ਵਧੇਰੀ ਸਿਖਲਾਈ ਸ਼ਾਮਲ ਹੈ।
ਡਰਾਈਵਰਾਂ ਨੂੰ ਉਤਸ਼ਾਹਿਤ ਕਰਨ ਲਈ ਕੰਪਨੀ ਕੋਲ ਹੋਰ ਕਈ ਇਨ-ਹਾਊਸ ਪ੍ਰੋਗਰਾਮ ਵੀ ਹਨ।
ਭਾਟੀਆ ਨੇ ਕਿਹਾ, ”ਸਾਡਾ ਟਰਨਓਵਰ ਰੇਟ ਨੀਵਾਂ ਹੈ। ਅਸੀਂ ਡਰਾਈਵਰਾਂ ਨੂੰ ਆਪਣੀ ਪੂਰੀ ਸਮਰੱਥਾ ਅਨੁਸਾਰ ਆਪਣੇ ਨਾਲ ਕੰਮ ਕਰਦੇ ਰਖਣਾ ਚਾਹੁੰਦੇ ਹਾਂ।”
ਸਾਡੀ ਇਹ ਨੀਤੀ ਕੰਮ ਵੀ ਆਈ ਹੈ ਕਿਉਂਕਿ ਸਾਡੇ ਕਈ ਡਰਾਈਵਰ ਸਾਡੇ ਨਾਲ 10, 15 ਜਾਂ 20 ਸਾਲਾਂ ਤੋਂ ਕੰਮ ਕਰ ਰਹੇ ਹਨ।
ਹਰ ਰੋਜ਼ ਵੈਟਰਨ ਅਤੇ ਨਵੇਂ ਟਰੱਕਰਸ ਨਾਲ ਸੰਪਰਕ ‘ਚ ਰਹਿਣ ਵਜੋਂ ਭਾਟੀਆ ਲੰਮੀ ਦੂਰੀ ਦਾ ਸਫ਼ਰ ਕਰਨ ਵਾਲੇ ਡਰਾਈਵਰਾਂ ਦੇ ਦਰਪੇਸ਼ ਚੁਣੌਤੀਆਂ ਤੋਂ ਵੀ ਭਲੀ ਭਾਂਤ ਜਾਣੂੰ ਹੈ।
ਪਿਛਲੇ ਕੁੱਝ ਸਾਲਾਂ ਦੌਰਾਨ ਉਸ ਨੇ ਉਦਯੋਗ ਬਾਰੇ ਕਾਫ਼ੀ ਕੁੱਝ ਜਾਣ ਲਿਆ ਹੈ ਅਤੇ ਉਸ ਨੂੰ ਪਤਾ ਹੈ ਕਿ ਟਰੱਕਿੰਗ ਹਰ ਕਿਸੇ ਲਈ ਨਹੀਂ ਹੈ।
ਉਸ ਨੇ ਕਿਹਾ ਕਿ ਉਹ ਭਵਿੱਖ ਦੇ ਡਰਾਈਵਰਾਂ ਨੂੰ ਹਮੇਸ਼ਾ ਇਹ ਕਹਿੰਦੀ ਹੈ, ”ਯਾਦ ਰੱਖੋ, ਟਰੱਕਿੰਗ ਸਿਰਫ਼ ਨੌਕਰੀ ਨਹੀਂ, ਇਹ ਜ਼ਿੰਦਗੀ ਜੀਣ ਦਾ ਤਰੀਕਾ ਹੈ।”
ਚੰਗੀ ਖ਼ਬਰ ਇਹ ਹੈ ਕਿ ਬਹੁਤ ਸਾਰੇ ਲੋਕ ਜ਼ਿੰਦਗੀ ਜੀਣ ਦੇ ਇਸ ਤਰੀਕੇ ਨੂੰ ਪਸੰਦ ਕਰਦੇ ਹਨ।
ਭਾਟੀਆ ਨੇ ਕਿਹਾ, ”ਇੱਕ ਨਵਾਂ ਡਰਾਈਵਰ (ਐਸ.ਜੀ.ਟੀ. ‘ਚ) ਸਾਲ ਭਰ ‘ਚ 50,000 ਡਾਲਰ ਤੋਂ 60,000 ਡਾਲਰ ਕਮਾ ਸਕਦਾ ਹੈ।”
ਪਰ ਕੁੱਝ ਲੋਕ ਸਿਰਫ਼ ਠੇਕੇਦਾਰਾਂ ਵਜੋਂ ਕੰਮ ਕਰਨ ਦੇ ਇੱਛੁਕ ਹਨ, ਪਰ ਐਸ.ਜੀ.ਟੀ. ‘ਚ ਇਹ ਪੇਸ਼ਕਸ਼ ਨਹੀਂ ਮਿਲਦੀ।

ਪੂਰੇ ਕੈਨੇਡਾ ‘ਚ, ਕਈ ਟਰੱਕਰ ਡਰਾਈਵਰ ਇੰਕ. ਬਿਜ਼ਨੈਸ ਮਾਡਲ ਹੇਠ ਕੰਮ ਕਰ ਰਹੇ ਹਨ ਜੋ ਕਿ ਮੁਲਾਜ਼ਮਾਂ ਨੂੰ ਵੀ ਆਜ਼ਾਦ ਠੇਕੇਦਾਰਾਂ ਵਜੋਂ ਵਰਗੀਕ੍ਰਿਤ ਕਰਦਾ ਹੈ। ਡਰਾਈਵਰਾਂ ਨੂੰ ਨਿਗਮਿਤ ਕਰ ਦਿੱਤਾ ਜਾਂਦਾ ਹੈ ਅਤੇ ਉਹ ਬਿਨਾਂ ਕਿਸੇ ਸਰੋਤ ਕਟੌਤੀ ਤੋਂ ਆਪਣੀ ਤਨਖ਼ਾਹ ਪ੍ਰਾਪਤ ਕਰਦੇ ਹਨ।
ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਅਤੇ ਉਦਯੋਗ ਦੇ ਹੋਰ ਗਰੁੱਪ ਇਸ ਮਾਡਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ।
ਭਾਟੀਆ ਨੇ ਕਿਹਾ, ”ਅਸੀਂ ਇਸ ਮਾਡਲ ਦੀ ਬਿਲਕੁਲ ਵੀ ਹਮਾਇਤ ਨਹੀਂ ਕਰਦੇ।”
ਹੁਣ ਉਹ ਕੰਪਨੀ ਦੀ ਸਪਾਂਸਰਸ਼ਿਪ ਹੇਠ ਜਮੈਕਾ ਤੋਂ ਡਰਾਈਵਰ ਲਿਆਉਣ ਦੀ ਯੋਜਨਾ ਬਣਾ ਰਹੇ ਹਨ।
ਦੱਖਣੀ ਏਸ਼ੀਆ ਦੇ ਨੌਜੁਆਨ ਡਰਾਈਵਰਾਂ ਲਈ ਭਾਟੀਆ ਦਾ ਇੱਕ ਸੰਦੇਸ਼ ਹੈ।
”ਕਈ ਵਿਦਿਆਰਥੀ ਆ ਰਹੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਟਰੱਕਿੰਗ ਸਿਰਫ਼ ਪੈਸੇ ਦੀ ਹੀ ਖੇਡ ਹੈ। ਹਾਂ, ਇਸ ‘ਚ ਕਾਫ਼ੀ ਪੈਸਾ ਕਮਾਇਆ ਜਾ ਸਕਦਾ ਹੈ, ਪਰ ਇਹ ਸਿਰਫ਼ ਪੈਸੇ ਬਾਰੇ ਨਹੀਂ ਹੈ।”
ਉਸ ਨੇ ਕਿਹਾ ਕਿ ਇਸ ਉਦਯੋਗ ‘ਚ ਆਉਣ ਦੇ ਇੱਛੁਕ ਲੋਕਾਂ ਨੂੰ ਇੱਥੇ ਟਰੱਕ ਚਲਾਉਣ ਤੋਂ ਸਿਵਾ ਹੋਰ ਵੀ ਕੰਮ ਕਰਨ ਦੇ ਮੌਕੇ ਮਿਲ ਸਕਦੇ ਹਨ।
ਭਾਟੀਆ ਬਰੈਂਪਟਨ ‘ਚ ਆਪਣੇ ਪਤੀ ਸੁਨੀਲ ਅਤੇ ਛੇ ਸਾਲ ਦੇ ਪੁੱਤਰ ਤਨਮਯ ਨਾਲ ਰਹਿੰਦੀ ਹੈ।
ਉਸ ਨੇ ਨਵੀਂ ਦਿੱਲੀ, ਭਾਰਤ ਤੋਂ ਸਾਇੰਸ ਵਿਸ਼ੇ ‘ਚ ਗਰੈਜੁਏਸ਼ਨ ਪਾਸ ਕੀਤੀ ਹੋਈ ਹੈ ਅਤੇ 2013 ‘ਚ ਕੈਨੇਡਾ ਆਉਣ ਤੋਂ ਪਹਿਲਾਂ ਉਹ ਪੱਤਰਕਾਰੀ ਅਤੇ ਮਾਰਕੀਟਿੰਗ ਬਾਰੇ ਕੋਰਸ ਵੀ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਉਸ ਨੂੰ ਸੰਗੀਤ ਅਤੇ ਵਲੰਟੀਅਰਿੰਗ ਕਰਨ ਦੇ ਵੀ ਸ਼ੌਕ ਹਨ।
ਭਾਟੀਆ ਪਿਛਲੇ ਇਕ ਸਾਲ ਤੋਂ ਹੀ ਟਰੱਕਿੰਗ ਖੇਤਰ ‘ਚ ਹੈ ਪਰ ਉਸ ਦਾ ਲੁਕਿਆ ਹੋਇਆ ਸੁਪਨਾ ਹੈ ਕਿ ਉਹ ਇੱਕ ਦਿਨ ਖ਼ੁਦ ਟਰੱਕਰ ਬਣ ਕੇ ਦਿਖਾਏਗੀ।
”ਪਰ ਅਜੇ ਤਕ, ਮੈਂ ਸਿਰਫ਼ ਇੱਕ ਯਾਤਰੀ ਵਜੋਂ ਹੀ ਟਰੱਕ ‘ਚ ਬਹਿੰਦੀ ਹਾਂ। ਜਦੋਂ ਮੇਰਾ ਬੇਟਾ ਵੱਡਾ ਹੋ ਕੇ ਇਕੱਲਾ ਰਹਿਣ ਜੋਗਾ ਹੋ ਜਾਵੇਗਾ ਤਾਂ ਮੈਂ ਟਰੱਕਰ ਬਣਨ ਦੀ ਸੋਚ ਰਹੀ ਹਾਂ।”
ਅਬਦੁਲ ਲਤੀਫ਼ ਵੱਲੋਂ