ਨੈਵੀਸਟਾਰ ਨੇ ਡਰਾਈਵਰਹੀਣ ਟਰੱਕਾਂ ਦੇ ਵਿਕਾਸ ਲਈ ਟੂਸਿੰਪਲ ਨਾਲ ਮਿਲਾਇਆ ਹੱਥ

ਨੇਵੀਸਟਾਰ ਇੰਟਰਨੈਸ਼ਨਲ ਨੇ ਐਸ.ਏ.ਈ. ਚੌਥੇ ਪੱਧਰ ਦੇ ਖ਼ੁਦਮੁਖਤਿਆਰ ਟਰੱਕਾਂ ਨੂੰ 2024 ਤਕ ਬਾਜ਼ਾਰ ‘ਚ ਉਤਾਰ ਲਈ ਟੂਸਿੰਪਲ ਨਾਲ ਹੱਥ ਮਿਲਾਇਆ ਹੈ।

ਦੋਵੇਂ ਕੰਪਨੀਆਂ ਇਸ ‘ਤੇ ਦੋ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੀਆਂ ਹਨ ਅਤੇ ਨੈਵੀਸਟਾਰ ਇਸ ਨਵੀਂ ਖ਼ੁਦਮੁਖਤਿਆਰ ਟਰੱਕਿੰਗ ਕੰਪਨੀ ‘ਚ ਹਿੱਸੇਦਾਰ ਬਣ ਗਈ ਹੈ।

ਨੈਵੀਸਟਾਰ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਪਰਸੀਓ ਲਿਸਬੋਆ ਨੇ ਕਿਹਾ, ”ਖ਼ੁਦਮੁਖਤਿਆਰ ਤਕਨਾਲੋਜੀ ਸਾਡੇ ਉਦਯੋਗ ‘ਚ ਦਾਖ਼ਲ ਹੋ ਰਹੀ ਹੈ ਅਤੇ ਇਸ ਨਾਲ ਸਾਡੇ ਗ੍ਰਾਹਕਾਂ ਦੇ ਕਾਰੋਬਾਰ ‘ਤੇ ਵੱਡਾ ਅਸਰ ਪਵੇਗਾ। ਨੈਵੀਸਟਾਰ ਦੀ ਟੂਸਿੰਪਲ ਨਾਲ ਰਣਨੀਤਕ ਸਾਂਝੇਦਾਰੀ ਰਾਹੀਂ ਅਸੀਂ ਆਪਣੇ ਸੰਗਠਨ ਦੀ ਸਾਰੀ ਮੁਹਾਰਤ ਦੇ ਨਾਲ ਗੱਡੀ ਦੇ ਡਿਜ਼ਾਈਨ ਅਤੇ ਸਿਸਟਮ ਏਕੀਕਰਨ ਸਮਰਥਾਵਾਂ ਨੂੰ ਟੂਸਿੰਪਲ ਦੀ ਨਵੀਂ ਖ਼ੁਦਮੁਖਤਿਆਰ ਤਕਨਾਲੋਜੀ ਨਾਲ ਜੋੜਾਂਗੇ ਅਤੇ ਆਪਣੇ ਗ੍ਰਾਹਕਾਂ ਲਈ ਇਹ ਤਕਨੀਕ ਵਿਕਸਤ ਕਰਨ ‘ਚ ਮੋਢੀ ਦੀ ਭੂਮਿਕਾ ‘ਚ ਹੋਵਾਂਗੇ। ਇਹ ਐਲਾਨ ਟੂਸਿੰਪਲ ਨਾਲ ਸਾਡੇ ਵਿਕਾਸ ਦੇ ਸਫ਼ਰ ਦਾ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਅਸੀਂ ਆਉਣ ਵਾਲੇ ਮਹੀਨਿਆਂ ‘ਚ ਆਪਣੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ‘ਚ ਹਾਂ।”

ਨੈਵੀਸਟਾਰ ਦਾ ਕਹਿਣਾ ਹੈ ਕਿ ਇਸ ਦੇ ਗ੍ਰਾਹਕ ਪੂਰੀ ਤਰ੍ਹਾਂ ਖ਼ੁਦਮੁਖਤਿਆਰ ਟਰੱਕਾਂ ਨੂੰ ਰਵਾਇਤੀ ਵਿਕਰੀ ਦੇ ਸਾਧਨਾਂ ਰਾਹੀਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ‘ਚ ਖ਼ਰੀਦ ਸਕਣਗੇ।

ਟੂਸਿੰਪਲ ਦੇ ਪ੍ਰੈਜ਼ੀਡੈਂਟ ਚੇਂਗ ਲੂ ਨੇ ਕਿਹਾ, ”ਟੂਸਿੰਪਲ ਅਤੇ ਨੈਵੀਸਟਾਰ ਨੇ ਪ੍ਰੀ-ਪ੍ਰੋਡਕਸ਼ਨ ਇਕਾਈਆਂ ਦਾ ਸੰਯੁਕਤ ਰੂਪ ‘ਚ ਵਿਕਾਸ 2018 ‘ਚ ਸ਼ੁਰੂ ਕਰ ਦਿਤਾ ਸੀ ਅਤੇ ਹੁਣ ਅਸੀਂ ਬਾਜ਼ਾਰ ਲਈ ਪੂਰੀ ਤਰ੍ਹਾਂ ਤਿਆਰ ਉਤਪਾਦਨ ਪ੍ਰੋਗਰਾਮ ਸ਼ੁਰੂ ਕਰਨ ਵਾਲੇ ਹਾਂ। ਸਾਨੂੰ ਨੈਵੀਸਟਾਰ ਨਾਲ ਸਾਂਝੇਦਾਰੀ ਕਰ ਕੇ ਮਾਣ ਮਹਿਸੂਸ ਹੋ ਰਿਹਾ ਹੈ। ਟੂਸਿੰਪਲ ‘ਚ ਨਿਵੇਸ਼ ਅਤੇ ਨੈਵੀਸਟਾਰ ਨਾਲ ਸਾਂਝੇਦਾਰੀ ਸਾਡੀ ਕੰਪਨੀ ਲਈ ਮਹੱਤਵਪੂਰਨ ਮੀਲ ਦਾ ਪੱਥਰ ਹੈ। ਨੈਵੀਸਟਾਰ ਅਤੇ ਟੂਸਿੰਪਲ ਦੀ ਸਾਂਝੀ ਮੁਹਾਰਤ ਨਾਲ, ਸਾਨੂੰ ਬਗ਼ੈਰ ਡਰਾਈਵਰ ਤੋਂ ਚੱਲਣ ਵਾਲੇ ਸ਼੍ਰੇਣੀ 8 ਟਰੱਕਾਂ ਦਾ ਬਾਜ਼ਾਰੀਕਰਨ ਕਰਨ ਦਾ ਸਾਫ਼ ਰਾਹ ਦਿਸ ਰਿਹਾ ਹੈ।”

ਇਸ ਵੇਲੇ ਟੂਸਿੰਪਲ ਦੇ ਅਮਰੀਕਾ ‘ਚ 40 ਟਰੱਕਾਂ ਦਾ ਬਗ਼ੈਰ ਡਰਾਈਵਰ ਤੋਂ ਚੱਲਣ ਵਾਲਾ ਫ਼ਲੀਟ ਹੈ, ਜੋ ਕਿ ਐਰੀਜ਼ੋਨਾ ਅਤੇ ਟੈਕਸਾਸ ਵਿਚਕਾਰ ਕੰਪਨੀਆਂ ਲਈ ਫ਼ਰੇਟ ਦੀ ਆਵਾਜਾਈ ਕਰਦਾ ਹੈ। ਕੰਪਨੀ ਆਪਣੀਆਂ ਪੂਰੀ ਤਰ੍ਹਾਂ ਡਰਾਈਵਰਹੀਣ ਕਾਰਵਾਈਆਂ ਨੂੰ 2021 ਤਕ ਪ੍ਰਦਰਸ਼ਿਤ ਕਰੇਗੀ।