ਨੌਜੁਆਨਾਂ ਨੂੰ ਆਕਰਸ਼ਿਤ ਕਰਨ ਲਈ ਆਇਆ ਟਰੱਕਿੰਗ ਐਚ.ਆਰ. ਦਾ ਨਵਾਂ ਪ੍ਰੋਗਰਾਮ

ਟਰੱਕਿੰਗ ਐਚ.ਆਰ. ਕੈਨੇਡਾ ਨੇ ਉਦਯੋਗ ‘ਚ ਨੌਜੁਆਨਾਂ ਦੀ ਦਿਲਚਸਪੀ ਵਧਾਉਣ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ।

ਟਰੱਕਿੰਗ ਐਚ.ਆਰ. ਨੇ ਮੰਗਲਵਾਰ ਨੂੰ ਕਿਹਾ ਕਿ ਕੈਰੀਅਰ ਐਕਸਪ੍ਰੈੱਸ ਵੇ ਲਈ ਪੈਸਾ ਫ਼ੈਡਰਲ ਸਰਕਾਰ ਦੀ ਨੌਜੁਆਨ ਰੁਜ਼ਗਾਰ ਅਤੇ ਹੁਨਰ ਰਣਨੀਤੀ ਰਾਹੀਂ ਆਵੇਗਾ।

ਇਸ ਪ੍ਰੋਗਰਾਮ ਹੇਠ ਨੌਜੁਆਨ ਡਰਾਈਵਰਾਂ ਦੀ ਸਿਖਲਾਈ ਲੈਣ ਲਈ 10,000 ਡਾਲਰ ਪ੍ਰਤੀ ਵਿਦਿਆਰਥੀ ਸਬਸਿਡੀ ਮਿਲੇਗੀ ਅਤੇ 15,000 ਡਾਲਰ ਦੀ ਤਨਖ਼ਾਹ ਸਬਸਿਡੀ ਦਿੱਤੀ ਜਾਵੇਗੀ।

ਟਰੱਕਿੰਗ ਐਚ.ਆਰ. ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਸੀਮਤ ਸਮਾਂ ਸੀਮਾ ਨੂੰ ਵੇਖਦਿਆਂ ਇਸ ਅਧੀਨ ਪ੍ਰਮੁੱਖ ਫ਼ਲੀਟ ਰੁਜ਼ਗਾਰਦਾਤਾਵਾਂ ਨੂੰ ਪਹਿਲ ਦਿੱਤੀ ਜਾਵੇਗੀ।

ਹਾਲਾਂਕਿ ਸਾਰੇ ਇੱਛੁਕ ਰੁਜ਼ਗਾਰਦਾਤਾ ਇਸ ਲਈ ਬਿਨੈ ਕਰ ਸਕਦੇ ਹਨ।

ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ”ਹੁਣ ਜਦੋਂ ਕੈਨੇਡਾ ਦੀ ਆਰਥਿਕਤਾ ਕੋਵਿਡ-19 ਦੇ ਸੰਕਟ ‘ਚੋਂ ਨਿਕਲਣ ਦੀ ਤਿਆਰੀ ਕਰ ਰਹੀ ਹੈ, ਸਾਨੂੰ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਸਾਡੇ ਕੋਲ ਹੁਨਰਮੰਦ ਕਾਮੇ ਹਨ ਜੋ ਕਿ ਕੈਨੇਡਾ ਦੀ ਸਪਲਾਈ ਲੜੀ ‘ਚ ਵਸਤਾਂ ਦੀ ਆਵਾਜਾਈ ਨੂੰ ਬੇਰੋਕ ਚਲਾਈ ਰੱਖ ਸਕਦੇ ਹਨ। ਸਰਕਾਰ ਦਾ ਸਿਖਲਾਈ ਅਤੇ ਤਨਖ਼ਾਹ ਸਬਸਿਡੀਆਂ ‘ਚ ਇਹ ਨਿਵੇਸ਼ ਨੌਜੁਆਨਾਂ ਨੂੰ ਪੁਖਤਾ, ਅਰਥਪੂਰਨ ਅਤੇ ਜ਼ਰੂਰੀ ਨੌਕਰੀਆਂ ਪ੍ਰਾਪਤ ਕਰਨ ‘ਚ ਮੱਦਦ ਕਰੇਗਾ ਜਿਸ ਨਾਲ ਉਨ੍ਹਾਂ ਨੂੰ ਚੰਗੀ ਤਨਖ਼ਾਹ ਮਿਲੇਗੀ।”