ਬੀ.ਸੀ. ਨੇ ਹੈਵੀ ਡਿਊਟੀ ਵਾਹਨਾਂ ਤੋਂ ਜੀ.ਐਚ.ਜੀ. ਉਤਸਰਜਨ ਘਟਾਉਣ ਲਈ ਪ੍ਰੋਗਰਾਮ ਕੀਤਾ ਜਾਰੀ

ਕਲੀਨ-ਬੀ.ਸੀ. ਹੈਵੀਡਿਊਟੀ ਗੱਡੀਆਂ ਦੀ ਕਾਰਗੁਜ਼ਾਰੀ ਬਿਹਤਰ ਕਰਨ ਦੇ ਪ੍ਰੋਗਰਾਮ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਫ਼ੰਡਿੰਗ ਪ੍ਰਾਪਤ ਹੈ।

ਬੀ.ਸੀ. ਟਰੱਕਿੰਗ ਐਸੋਸੀਏਸ਼ਨ (ਬੀ.ਸੀ.ਟੀ.ਏ.) ਨੇ ਨਵਾਂ ਹੈਵੀ ਡਿਊਟੀ ਵਹੀਕਲ ਐਫ਼ੀਸ਼ੀਐਂਸੀ ਪ੍ਰੋਗਰਾਮ ਪੇਸ਼ ਕਰਨ ਲਈ ਪ੍ਰੋਵਿੰਸ਼ੀਅਲ ਸਰਕਾਰ ਨਾਲ ਸਾਂਝੇਦਾਰੀ ਕੀਤੀ ਹੈ।
‘ਕਲੀਨ ਬੀ.ਸੀ.’ ਨਾਂ ਹੇਠ ਇਹ ਸਾਂਝੀ ਪਹਿਲ ਗ੍ਰੀਨ ਹਾਊਸ ਗੈਸ (ਜੀ.ਐਚ.ਜੀ.) ਉਤਸਰਜਨ ਘੱਟ ਕਰਨ ਲਈ ਹੈ, ਜਦਕਿ ਇਸ ਨਾਲ ਫ਼ਲੀਟਸ ਨੂੰ ਫ਼ਿਊਲ ‘ਤੇ ਵੀ ਘੱਟ ਪੈਸਾ ਖ਼ਰਚ ਕਰਨ ਦੀ ਜ਼ਰੂਰਤ ਪਵੇਗੀ।

ਬੀ.ਸੀ.ਟੀ.ਏ. ਦੇ ਪ੍ਰਧਾਨ ਅਤੇ ਸੀ.ਈ.ਓ. ਡੇਵ ਅਰਲ ਨੇ ਕਿਹਾ, ”ਬੀ.ਸੀ. ‘ਚ ਸੜਕੀ ਆਵਾਜਾਈ ਕਰ ਕੇ ਪੈਦਾ ਹੋਣ ਵਾਲੇ ਜੀ.ਐਚ.ਜੀ. ਉਤਸਰਜਨ ਦਾ ਲਗਭਗ 35% ਹੈਵੀ ਡਿਊਟੀ ਵਹੀਕਲ ਪੈਦਾ ਕਰਦੇ ਹਨ ਅਤੇ ਸਾਡੇ ਉਦਯੋਗ ਲਈ ਫ਼ਿਊਲ ਸੱਭ ਤੋਂ ਜ਼ਿਆਦਾ ਖ਼ਰਚੀਲਾ ਸਾਮਾਨ ਹੈ। ਕਲੀਨ ਬੀ.ਸੀ. ਹੈਵੀ ਡਿਊਟੀ ਵਹੀਕਲ ਐਫ਼ੀਸ਼ੀਐਂਸੀ ਪ੍ਰੋਗਰਾਮ ਉਦਯੋਗ ਨੂੰ ਇਨ੍ਹਾਂ ਦੋਹਾਂ ਚੁਨੌਤੀਆਂ ਨਾਲ ਨਜਿੱਠਣ ‘ਚ ਮੱਦਦ ਕਰੇਗਾ ਅਤੇ ਫ਼ਿਊਲ ਬੱਚਤ ਵਾਲੀਆਂ ਤਕਨੀਕਾਂ ਅਤੇ ਅਭਿਆਸਾਂ ਨੂੰ ਹੋਰ ਜ਼ਿਆਦਾ ਕੰਪਨੀਆਂ ਦੀ ਪਹੁੰਚ ਹੇਠ ਲਿਆਵੇਗਾ। ਬੀ.ਸੀ.ਟੀ.ਏ. ਇਸ ਪ੍ਰੋਗਰਾਮ ਦਾ ਅਤੇ ਇਸ ਤੋਂ ਵਾਤਾਵਰਣ ਅਤੇ ਬ੍ਰਿਟਿਸ਼ ਕੋਲੰਬੀਅਨਾਂ ਨੂੰ ਹੋਣ ਵਾਲੇ ਫ਼ਾਇਦੇ ਦਾ ਮਜ਼ਬੂਤੀ ਨਾਲ ਸਮਰਥਨ ਕਰਦਾ ਹੈ।”

ਨਵੇਂ ਪ੍ਰੋਗਰਾਮ ਲਈ ਸਰਕਾਰ ਸਾਲਾਨਾ 1.4 ਮਿਲੀਅਨ ਡਾਲਰ ਦਾ ਯੋਗਦਾਨ ਪਾਵੇਗੀ।

ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰੀ ਕਲੇਅਰ ਟਰੇਵੀਨਾ ਨੇ ਕਿਹਾ, ”ਜੇਕਰ ਅਸੀਂ ਇੱਕ ਸਾਫ਼ ਭਵਿੱਖ ਚਾਹੁੰਦੇ ਹਾਂ ਤਾਂ ਆਵਾਜਾਈ ਖੇਤਰ ‘ਚੋਂ ਉਤਸਰਜਨ ਘਟਾਉਣ ਮਹੱਤਵਪੂਰਨ ਹੈ। ਇਸ ਨਿਵੇਸ਼ ਨਾਲ ਸਾਡੀ ਹਵਾ ਦਾ ਮਿਆਰ ਵਧੇਗਾ ਅਤੇ ਸਾਨੂੰ ਹੋਰ ਜ਼ਿਆਦਾ ਬਿਹਤਰ ਕਾਰਗੁਜ਼ਾਰੀ ਵਾਲੀਆਂ ਅਤੇ ਘੱਟ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਮਿਲਣਗੀਆਂ। ਨਾਲ ਹੀ ਕੰਮਕਾਜ ਦੀ ਲਾਗਤ ਵੀ ਘਟੇਗੀ, ਜਿਸ ਨਾਲ ਸਾਡਾ ਖੇਤਰ ਜ਼ਿਆਦਾ ਸਸਤਾ ਅਤੇ ਸਵੱਛ ਹੋਵੇਗਾ।”

ਇਹ ਪ੍ਰੋਗਰਾਮ ਯੋਗ ਕੰਪਨੀਆਂ ਦੀ ਹੈਵੀ-ਡਿਊਟੀ ਗੱਡੀਆਂ ਲਈ ਫ਼ਿਊਲ ਦੀ ਬੱਚਤ ਕਰਨ ਵਾਲੇ ਉਪਕਰਨਾਂ ਦੀ ਖ਼ਰੀਦ ਲਈ ਮੱਦਦ ਕਰੇਗਾ। ਇਸ ਨਾਲ ਅਜਿਹੇ ਡਰਾਈਵਿੰਗ ਅਭਿਆਸਾਂ ਬਾਰੇ ਵੀ ਸਿੱਖਿਆ ਮਿਲੇਗੀ ਜੋ ਕਿ ਫ਼ਿਊਲ ਦੇ ਪ੍ਰਯੋਗ ਅਤੇ ਸਬੰਧਤ ਉਤਸਰਜਨ ਨੂੰ ਘੱਟ ਕਰਨ ‘ਚ ਮੱਦਦ ਕਰਨਗੇ।

ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਰਣਨੀਤੀ ਮੰਤਰੀ ਜੋਰਜ ਹੇਅਮੈਨ ਨੇ ਕਿਹਾ, ”ਕਲੀਨ ਬੀ.ਸੀ. ਨਾਲ ਅਸੀਂ ਆਵਾਜਾਈ ਨੂੰ ਸਾਫ਼ ਅਤੇ ਹੋਰ ਜ਼ਿਆਦਾ ਸਮਰੱਥ ਬਣਾ ਰਹੇ ਹਾਂ – ਜਿਸ ਨਾਲ ਡਰਾਈਵਰਾਂ, ਉਦਯੋਗ ਅਤੇ ਜਨਤਾ ਨੂੰ ਲਾਭ ਮਿਲੇਗਾ ਕਿਉਂਕਿ ਅਸੀਂ ਅਜਿਹੇ ਹੈਵੀ-ਡਿਊਟੀ ਗੱਡੀਆਂ ਦੀ ਹਮਾਇਤ ਕਰਦੇ ਹਾਂ ਜੋ ਕਿ ਜ਼ਿਆਦਾ ਸਮਰੱਥ ਹਨ ਅਤੇ ਪ੍ਰਦੂਸ਼ਣ ਘਟਾਉਂਦੀਆਂ ਹਨ।”

ਇਹ ਪ੍ਰੋਗਰਾਮ ਬੀ.ਸੀ. ਦੇ ਸਾਰੇ ਕੈਰੀਅਰਸ ਲਈ ਮੌਜੂਦ ਹੈ, ਜਿੱਥੇ ਇੱਕ ਅੰਦਾਜ਼ੇ ਅਨੁਸਾਰ 66,000 ਹੈਵੀ-ਡਿਊਟੀ ਵਹੀਕਲਾਂ ਦਾ ਬੀਮਾ ਹੈ ਅਤੇ ਉਹ ਸੜਕਾਂ ‘ਤੇ ਚਲਦੇ ਹਨ।