ਬੇਧਿਆਨ ਹੋ ਕੇ ਡਰਾਈਵਿੰਗ ਕਰਨ ਬਾਰੇ ਰੀਪੋਰਟ ‘ਚ ਫ਼ਲੀਟਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ

ਟੱਕਰ ਕਰਕੇ ਹੋਈਆਂ ਹਰ ਚਾਰ ਮੌਤਾਂ ‘ਚੋਂ ਇੱਕ ਲਈ ਬੇਧਿਆਨੇ ਹੋ ਕੇ ਡਰਾਈਵਿੰਗ ਕਰਨਾ ਸ਼ਾਮਲ ਹੈ, ਅਤੇ ਬੇਧਿਆਨੇ ਹੋ ਕੇ ਗੱਡੀਆਂ ਚਲਾਉਣ ਵਾਲੇ ਡਰਾਈਵਰ ਆਪਣੇ ਤੋਂ ਜ਼ਿਆਦਾ ਹੋਰਾਂ ਦੀ ਜਾਨ ਲਈ ਖ਼ਤਰਾ ਬਣਦੇ ਹਨ। (ਤਸਵੀਰ : ਆਈਸਟਾਕ)

ਕੰਮਕਾਜ ਵਾਲੀਆਂ ਥਾਵਾਂ ‘ਤੇ ਦੁੱਖਦਾਈ ਹਾਦਸਿਆਂ ਦਾ ਵੱਡਾ ਕਾਰਨ ਮੋਟਰ ਗੱਡੀਆਂ ਦੀਆਂ ਟੱਕਰਾਂ ਬਣਿਆ ਹੋਇਆ ਹੈ, ਜਿਸ ਨੂੰ ਵੇਖਦਿਆਂ ਟਰੈਫ਼ਿਕ ਇੰਡਸਟਰੀ ਰੀਸਰਚ ਫ਼ਾਊਂਡੇਸ਼ਨ (ਟੀ.ਆਈ.ਆਰ.ਐਫ਼.) ਵੱਲੋਂ ਜਾਰੀ ਇੱਕ ਨਵੀਂ ਰੀਪੋਰਟ ‘ਚ ਰੁਜ਼ਗਾਰਦਾਤਾਵਾਂ ਨੂੰ ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

‘ਬੇਧਿਆਨ ਹੋ ਕੇ ਡਰਾਈਵਿੰਗ ਅਤੇ ਕੰਮਕਾਜ ਦੀਆਂ ਥਾਵਾਂ ‘ਤੇ ਸੁਰੱਖਿਆ ਨੀਤੀਆਂ : ਰੁਜ਼ਗਾਰਦਾਤਾਵਾਂ ਲਈ ਇੱਕ ਕਾਰੋਬਾਰੀ ਮਾਮਲਾ’ ਨਾਂ ਦੀ ਰੀਪੋਰਟ ਇਸ ਹਫ਼ਤੇ ਜਾਰੀ ਕੀਤੀ ਗਈ ਜਿਸ ਨੂੰ ਟਰੱਕਿੰਗ ਉਦਯੋਗ ਦੇ ਪ੍ਰਤੀਨਿਧੀਆਂ ਅਤੇ ਸਿਹਤ ਤੇ ਸੁਰੱਖਿਆ ਅਧਿਕਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ।

ਟੀ.ਆਈ.ਆਰ.ਐਫ਼. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਰੋਬਿਨ ਰੋਬਰਟਸਨ ਨੇ ਇਕ ਪ੍ਰੈੱਸ ਬਿਆਨ ‘ਚ ਕਿਹਾ, ”ਮੌਤ ਅਤੇ ਗੰਭੀਰ ਸੱਟਾਂ ਦਾ ਸਾਹਮਣਾ ਕਰਨ ਵਾਲੇ ਭਾਈਚਾਰਿਆਂ ਅਤੇ ਪਰਿਵਾਰਾਂ ਲਈ ਅਥਾਹ ਖ਼ਰਚੇ ਤੋਂ ਇਲਾਵਾ ਇਨ੍ਹਾਂ ਟੱਕਰਾਂ ਲਈ ਰੁਜ਼ਗਾਰਦਾਤਾਵਾਂ ਨੂੰ ਵੀ ਵੱਡਾ ਖ਼ਰਚਾ ਅਤੇ ਨਤੀਜੇ ਭੁਗਤਣੇ ਪੈਂਦੇ ਹਨ। ਕੈਨੇਡਾ ਦੇ ਕਈ ਅਧਿਕਾਰ ਖੇਤਰਾਂ ‘ਚ, ਕੰਮਕਾਜ ਦੌਰਾਨ ਮਰਨ ਵਾਲੇ ਹਰ 3 ‘ਚੋਂ 1 ਵਿਅਕਤੀ ਦੀ ਮੌਤ ਮੋਟਰ ਗੱਡੀਆਂ ਦੀਆਂ ਟੱਕਰਾਂ ਕਰਕੇ ਹੁੰਦੀ ਹੈ।”

ਟੱਕਰ ਕਰਕੇ ਹੋਈਆਂ ਹਰ ਚਾਰ ਮੌਤਾਂ ‘ਚੋਂ ਇੱਕ ਦਾ ਕਾਰਨ ਬੇਧਿਆਨੇ ਹੋ ਕੇ ਡਰਾਈਵਿੰਗ ਕਰਨਾ ਹੈ, ਜਦਕਿ ਇੱਕ ਸੰਬੰਧਤ ਅਧਿਐਨ ‘ਚ ਵੇਖਿਆ ਗਿਆ ਹੈ ਕਿ ਬੇਧਿਆਨੇ ਹੋ ਕੇ ਗੱਡੀਆਂ ਚਲਾਉਣ ਵਾਲੇ ਡਰਾਈਵਰ ਆਪਣੇ ਤੋਂ ਜ਼ਿਆਦਾ ਹੋਰਾਂ ਦੀ ਜਾਨ ਲਈ ਖ਼ਤਰਾ ਬਣਦੇ ਹਨ। ਅਤੇ ਯੂ.ਐਸ. ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ ਦੀ ਰੀਪੋਰਟ ਅਨੁਸਾਰ 2016 ‘ਚ ਵੱਡੇ ਟਰੱਕਾਂ ਦੇ ਹਾਦਸਿਆਂ ‘ਚ 548 ਵਿਅਕਤੀਆਂ ਦੀ ਮੌਤ ਹੋਈ ਅਤੇ ਇਨ੍ਹਾਂ ‘ਚੋਂ 33 ਮਾਮਲਿਆਂ ‘ਚ ਟਰੱਕ ਡਰਾਈਵਰਾਂ ਦਾ ਧਿਆਨ ਡਰਾਈਵਿੰਗ ਵੱਲ ਨਹੀਂ ਸੀ।

ਰੀਪੋਰਟ ‘ਚ ਸਲਾਹ ਦਿੱਤੀ ਗਈ ਹੈ, ”ਜਿਨ੍ਹਾਂ ਰੁਜ਼ਗਾਰਦਾਤਾਵਾਂ ਨੇ ਅਜੇ ਤਕ ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਬਾਰੇ ਕੋਈ ਨੀਤੀ ਨਹੀਂ ਬਣਾਈ ਹੈ ਉਹ ਇਸ ਨੂੰ ਪਹਿਲ ਦੇ ਆਧਾਰ ‘ਤੇ ਕਰਨ। ਜਿਨ੍ਹਾਂ ਰੁਜ਼ਗਾਰਦਾਤਾਵਾਂ ਨੇ ਨੀਤੀ ਬਣਾਈ ਹੋਈ ਹੈ ਉਹ ਇਸ ਨੂੰ ਲਾਗੂ ਕਰਨ ‘ਤੇ ਧਿਆਨ ਦੇਣ, ਅਤੇ ਇਹ ਯਕੀਨੀ ਕਰਨ ਕਿ ਇਸ ਨੂੰ ਆਪਰੇਸ਼ਨਲ ਪ੍ਰੈਕਟੀਸਿਜ਼ ਰਾਹੀਂ ਲਾਗੂ ਕੀਤਾ ਗਿਆ ਹੈ, ਅਤੇ ਸੁਰੱਖਿਆ ਤੇ ਸਿਖਲਾਈ ਪ੍ਰੋਗਰਾਮਾਂ ਨਾਲ ਏਕੀਕ੍ਰਿਤ ਕੀਤਾ ਗਿਆ ਹੈ।”

ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ 2000 ਅਤੇ 2015 ਵਿਚਕਾਰ ਆਮ ਤੌਰ ‘ਤੇ ਵੱਡੇ ਟਰੱਕਾਂ ਦੇ ਹਾਦਸਿਆਂ ਕਰਕੇ ਹੋਈਆਂ ਮੌਤਾਂ ਦੀ ਗਿਣਤੀ ਘਟਦੀ ਵੇਖੀ ਗਈ ਹੈ, ਪਰ 2017 ‘ਚ 389 ਟਰੱਕ ਹਾਦਸੇ ਮੌਤਾਂ ਦਾ ਕਾਰਨ ਬਣੇ ਜੋ ਕਿ ਪਿਛਲੇ ਸਾਲਾਂ ਤੋਂ ਥੋੜ੍ਹਾ ਜ਼ਿਆਦਾ ਹੈ।

ਕੀਮਤ ਸਿਰਫ਼ ਮੌਤਾਂ ਤਕ ਸੀਮਤ ਨਹੀਂ

ਅਜਿਹੇ ਹਾਦਸਿਆਂ ਦੀ ਕੀਮਤ ਸਿਰਫ਼ ਮੌਤਾਂ ਤਕ ਸੀਮਤ ਨਹੀਂ ਹੈ। ਉਦਾਹਰਣ ਵਜੋਂ, ਕੰਮਕਾਜ ਵਾਲੀਆਂ ਥਾਵਾਂ ‘ਤੇ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਅਨੁਸਾਰ ਓਂਟਾਰੀਓ ਸੂਬੇ ਵਿੱਚ ਟਰਾਂਸਪੋਰਟੇਸ਼ਨ ਦੇ ਮੁਲਾਜ਼ਮ ਜਿਨ੍ਹਾਂ ਨੂੰ ਕੰਮਕਾਜ ਵਾਲੀਆਂ ਥਾਵਾਂ ‘ਤੇ ਇੱਕ ਮਹੀਨੇ ਅੰਦਰ ਸੱਟਾਂ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਨੂੰ 2017 ‘ਚ ਔਸਤਨ 9 ਦਿਨਾਂ ਦੇ ਕੰਮ ਦਾ ਨੁਕਸਾਨ ਹੋਇਆ।

ਟੀ.ਆਈ.ਆਰ.ਐਫ਼. ਦੀ ਰੀਪੋਰਟ ‘ਚ ਕਿਹਾ ਗਿਆ, ”ਕੰਮਕਾਜ ਦੌਰਾਨ ਬੇਧਿਆਨੇ ਹੋ ਕੇ ਡਰਾਈਵਿੰਗ ਤੋਂ ਬਚਣ ਲਈ ਨਿਵੇਸ਼ ਕਰਨ ਦੇ ਰੁਜ਼ਗਾਰਦਾਤਾਵਾਂ ਲਈ ਬਹੁਤ ਲਾਭ ਹਨ। ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਜਾਣਕਾਰੀ ਅਤੇ ਸਿਖਲਾਈ ਪ੍ਰੋਗਰਾਮਾਂ, ਨਵੀਂਆਂ ਸੁਰੱਖਿਆ ਤਕਨਾਲੋਜੀਆਂ, ਅਤੇ ਕੰਮਕਾਜ ਵਾਲੀਆਂ ਥਾਵਾਂ ‘ਤੇ ਸੁਰੱਖਿਆ ਪ੍ਰੋਗਰਾਮ ਲਾਗੂ ਕਰਨ ਲਈ ਰੁਜ਼ਗਾਰਦਾਤਾ ਨੂੰ ਵਿੱਤੀ ਅਤੇ ਮਨੁੱਖੀ ਸਰੋਤਾਂ ਵਜੋਂ ਕੀਮਤ ਤਾਰਨੀ ਪੈਂਦੀ ਹੈ। ਹਾਲਾਂਕਿ, ਬੇਧਿਆਨੀ ਡਰਾਈਵਿੰਗ ਕਰਕੇ ਹੋਣ ਵਾਲੀਆਂ ਟੱਕਰਾਂ, ਜਿਨ੍ਹਾਂ ਤੋਂ ਪੂਰੀ ਤਰ੍ਹਾਂ ਬਚਿਆ ਜਾ ਸਕਦਾ ਹੈ, ਦੀ ਕੀਮਤ ਵੀ ਰੁਜ਼ਗਾਰਦਾਤਾ ਅਤੇ ਪੂਰੇ ਟਰਾਂਸਪੋਰਟੇਸ਼ਨ ਉਦਯੋਗ ਨੂੰ ਤਾਰਨੀ ਪੈਂਦੀ ਹੈ।

ਇਸ ਮੁੱਦੇ ਨੂੰ ਹੱਲ ਕਰਨ ਲਈ ਕੁੱਝ ਫ਼ਲੀਟ ਪਹਿਲਾਂ ਹੀ ਕਦਮ ਚੁੱਕ ਰਹੇ ਹਨ। ਟੀ.ਆਈ.ਆਰ.ਐਫ਼. ਨੇ ਮੌਜੂਦਾ ਸਿਖਲਾਈ ‘ਚ ਪਹਿਲਾਂ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਜਿਸ ‘ਚ ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਦੇ ਖ਼ਤਰਿਆਂ ਨੂੰ ਉਭਾਰਿਆ ਗਿਆ ਹੈ, ਜਿਨ੍ਹਾਂ ‘ਚ ਬਾਈਜ਼ਨ ਟਰਾਂਸਪੋਰਟ ਵੱਲੋਂ ਸਿਖਲਾਈ ਸਿਮੁਲੇਟਰ ਦਾ ਪ੍ਰਯੋਗ ਕੀਤਾ ਜਾਣਾ, ਅਤੇ ਲਿਬਰਟੀ ਲਾਈਨਹੌਲ ਦੀਆਂ ਸੁਰੱਖਿਆ ਸਿਖਲਾਈ ਵੀਡੀਓਜ਼ ਸ਼ਾਮਲ ਹਨ।

ਨਵੀਂਆਂ ਤਕਨਾਲੋਜੀਆਂ ਅਤੇ ਟੈਲੀਮੈਟਿਕਸ ਨੂੰ ਅਜਿਹੇ ਟੂਲਸ ਵਜੋਂ ਵੀ ਵੇਖਿਆ ਜਾ ਰਿਹਾ ਹੈ ਜੋ ਕਿ ਫ਼ਲੀਟਸ ਨੂੰ ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਅਤੇ ਵਾਲ-ਵਾਲ ਬਚਾਅ ਦੀਆਂ ਘਟਨਾਵਾਂ ਦੀ ਬਿਹਤਰ ਪਛਾਣ ਕਰਨ ‘ਚ ਸਮਰੱਥ ਬਣਾ ਸਕਦੇ ਹਨ।

ਰੀਪੋਰਟ ‘ਚ ਅੱਗੇ ਕਿਹਾ ਗਿਆ ਹੈ, ”ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਦੀਆਂ ਘਟਨਾਵਾਂ ਦੀ ਲਾਗਤ ਸਿਰਫ਼ ਟੱਕਰ ਦੇ ਮੌਕੇ ਤਕ ਸੀਮਤ ਨਹੀਂ ਹੈ ਬਲਕਿ ਇਸ ਦਾ ਅਸਰ ਦੂਰ ਤਕ ਹੁੰਦਾ ਹੈ। ਰੁਜ਼ਗਾਰਦਾਤਾਵਾਂ ਨੂੰ ਇਸ ਦੀ ਕੀਮਤ ਕਈ ਸਾਲ ਨਹੀਂ ਤਾਂ ਮਹੀਨਿਆਂ ਤਕ ਤਾਂ ਤਾਰਨੀ ਪੈਂਦੀ ਹੀ ਹੈ। ਇਸ ਨਾਲ ਕਾਰੋਬਾਰ ਦੇ ਹਰ ਖੇਤਰ ‘ਤੇ ਅਸਰ ਪੈਂਦਾ ਹੈ। ਛੋਟੀਆਂ ਕੰਪਨੀਆਂ ਨੂੰ ਤਾਂ ਇਸ ਦਾ ਨੁਕਸਾਨ ਸਭ ਤੋਂ ਜ਼ਿਆਦਾ ਹੁੰਦਾ ਹੈ ਕਿਉਂਕਿ ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਕਰਕੇ ਹੋਈ ਟੱਕਰ ਦਾ ਨਤੀਜਾ ਦੀਵਾਲੀਆਪਨ ਤਕ ਜਾ ਸਕਦਾ ਹੈ।”

ਆਰਥਕ ਨੁਕਸਾਨਾਂ ‘ਚ ਦੇਣਦਾਰੀਆਂ ਅਤੇ ਮੁਕੱਦਮੇਬਾਜ਼ੀ; ਘਟਨਾ ਵਾਲੀ ਥਾਂ ਨੂੰ ਸਾਫ਼ ਕਰਨਾ, ਟੋਇੰਗ ਅਤੇ ਮੁਰੰਮਤਾਂ; ਬੀਮਾ ਲਾਗਤਾਂ; ਮੁਲਾਜ਼ਮਾਂ ਦਾ ਗ਼ੈਰਹਾਜ਼ਰ ਰਹਿਣਾ; ਅਤੇ ਮਾਹਰ ਕਾਮਿਆਂ ਨੂੰ ਬਦਲਣ ਦੀ ਜ਼ਰੂਰਤ ਸ਼ਾਮਲ ਹੈ।

ਟੀ.ਆਈ.ਆਰ.ਐਫ਼. ਨੇ ਕਿਹਾ ਕਿ ਕਈ ਅਧਿਕਾਰ ਖੇਤਰਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਜੁਰਮਾਨੇ ਅਤੇ ਹਰਜ਼ਾਨਿਆਂ ਨੂੰ ਵਧਾਇਆ ਹੈ ਪਰ ਕਾਨੂੰਨ ਅਤੇ ਨਿਯਮਾਂ ਨੂੰ ਲਾਗੂ ਕਰਨ ‘ਚ ਕਾਫੀ ਵੱਡਾ ਸਮਾਂ ਲਗ ਸਕਦਾ ਹੈ। ਅਤੇ ਭਾਵੇਂ ਪੁਲਿਸ ਸੇਵਾਵਾਂ ਗ਼ਲਤੀ ਕਰਨ ਵਾਲੇ ਡਰਾਈਵਰਾਂ ‘ਤੇ ਅਪਰਾਧਕ ਅਣਗਹਿਲੀ ਕਰਕੇ ਮੌਤ ਜਾਂ ਸੱਟ ਲੱਗਣ ਦੇ ਮੁਕੱਦਮੇ ਦਰਜ ਕਰ ਰਹੀ ਹੈ, ਪਰ ਇਸ ਨੂੰ ਉੱਚ ਪੱਧਰ ‘ਤੇ ਲਾਗੂ ਕਰਨ ਦਾ ਕੰਮ ਸੜਕ ਸੁਰੱਖਿਆ ਅਤੇ ਇਨਫ਼ੋਰਸਮੈਂਟ ਦੀਆਂ ਜਰੂਰਤਾਂ ਨੂੰ ਵੇਖਦਿਆਂ ਮੁਸ਼ਕਲ’ ਹੈ।

”ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਉਦਯੋਗਿਕ ਆਗੂਆਂ ਦਾ ਮੰਨਣਾ ਹੈ ਕਿ ਉਹ ਤਬਦੀਲੀ ਆਉਣ ਦੀ ਉਡੀਕ ਨਹੀਂ ਕਰ ਸਕਦੇ।”

ਅਧਿਐਨ ‘ਚ ਸ਼ਾਮਲ ਉਦਯੋਗ ਦੇ ਗਰੁੱਪਾਂ ‘ਚ ਕੈਨੇਡੀਅਨ ਟਰੱਕਿੰਗ ਅਲਾਇੰਸ, ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ, ਅਤੇ ਇੰਫ਼ਰਾਸਟਰੱਕਚਰ ਹੈਲਥ ਐਂਡ ਸੇਫ਼ਟੀ ਐਸੋਸੀਏਸ਼ਨ ਸ਼ਾਮਲ ਹਨ।

ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੈੱਫ਼ ਵੁੱਡ ਨੇ ਕਿਹਾ, ”ਸਾਡਾ ਆਪਸੀ ਤਾਲਮੇਲ ਨਾਲ ਕੰਮ ਕਰਨਾ ਜਾਰੀ ਹੈ ਅਤੇ ਅਸੀਂ 10-ਨੁਕਾਤੀ ਸੁਰੱਖਿਆ ਯੋਜਨਾ ਦੇ ਹਿੱਸੇ ਵਜੋਂ ਬੇਧਿਆਨੇ ਹੋ ਕੇ ਡਰਾਈਵਿੰਗ ਤੋਂ ਬਚਣ ਲਈ ਕੀਤੇ ਨਵੇਂ ਉਪਾਅ ਸਾਂਝੇ ਕਰਦੇ ਰਹਿੰਦੇ ਹਾਂ, ਜਿਸ ‘ਚ ਡਰਾਈਵਰ ਸਿਖਲਾਈ ਦੀ ਮਹੱਤਤਾ ਨੂੰ ਵੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ।”