ਮਨਜਿੰਦਰ ਬਾਜਵਾ – ਇੱਕ ਤਰਕਸੰਗਤ ਇਨਸਾਨ

ਆਪਣੇ ਰੁਜ਼ਗਾਰ ਦਾਤਾ ‘ਰਸ਼ ਟਰੱਕ ਸੈਂਟਰਜ਼ ਆਫ਼ ਕੈਨੇਡਾ’ ਵੱਲੋਂ ਯੂ–ਟਿਊਬ ‘ਤੇ ਅਪਲੋਡ ਕੀਤੀ ਵੀਡੀਓ ‘ਚ ਮਨਜਿੰਦਰ ਬਾਜਵਾ ਬਹੁਤ ਜੋਸ਼ ਨਾਲ 2020 ਇੰਟਰਨੈਸ਼ਨਲ ਐਲ.ਟੀ. ਸੀਰੀਜ਼ ਦੇ ਟਰੱਕ ਦੀਆਂ ਖ਼ਾਸੀਅਤਾਂ ਦਾ ਵਰਨਣ ਕਰ ਰਹੇ ਹਨ।
ਕਦੇ ਪੰਜਾਬੀ ਤੇ ਕਦੇ ਅੰਗਰੇਜ਼ੀ ਬੋਲਦਿਆਂ, ਉਹ ਸੰਭਾਵੀ ਖ਼ਰੀਦਦਾਰਾਂ ਨੂੰ ਇਹ ਜਚਾਉਣ ਦਾ ਜਤਨ ਕਰਦੇ ਹਨ ਕਿ ਇਸ ਵੇਲੇ ਜਿਹੜਾ ਟਰੱਕ ਉਹ ਵੇਖ ਰਹੇ ਹਨ, ਉਹ ਉਨ੍ਹਾਂ ਵੱਲੋਂ ਪਹਿਲਾਂ ਵੇਖੇ ਟਰੱਕਾਂ ਨਾਲੋਂ ਬਹੁਤ ਬਿਹਤਰ ਹੈ।
ਪਰ ਜੇ ਤੁਸੀਂ ਸੋਚ ਰਹੇ ਹੋ ਕਿ 42 ਸਾਲਾ ਬਾਜਵਾ ਕੋਈ ਟਰੱਕ ਸੇਲਜ਼ ਮੈਨ ਹਨ, ਤਾਂ ਤੁਸੀਂ ਗ਼ਲਤ ਹੋ।
ਅਜਿਹਾ ਇਸ ਲਈ ਹੈ ਕਿਉਂਕਿ ਟਰੱਕਿੰਗ ਉਦਯੋਗ ਵਿੱਚ ਟਰੱਕ ਵੇਚਣਾ ਉਨ੍ਹਾਂ ਪਿੱਛੇ ਜਿਹੇ ਸ਼ੁਰੂ ਕੀਤਾ ਹੈ – ਉਂਝ ਉਹ ਹੁਣ ਤੱਕ ਡਰਾਈਵਰ, ਡਿਸਪੈਚਰ, ਥਰਡ–ਪਾਰਟੀ ਲੌਜਿਸਟਿਕਸ ਵਰਕਰ ਵਜੋਂ ਕੰਮ ਕਰ ਚੁੱਕੇ ਹਨ ਤੇ ਹੁਣ ਅਕਾਊਂਟ ਮੈਨੇਜਰ ਵਜੋਂ ਕੰਮ ਕਰਦੇ ਹੋਏ ਸੇਲਜ਼ ਵੇਖ ਰਹੇ ਹਨ।
ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਤਜਰਬੇ ਦੇ ਨਾਲ–ਨਾਲ ਇੱਕ ਕੰਪਿਊਟਰ ਪ੍ਰੋਗਰਾਮਰ ਵਜੋਂ ਉਨ੍ਹਾਂ ਦੇ ਪਿਛੋਕੜ ਨੇ ਉਨ੍ਹਾਂ ਨੂੰ ਗਾਹਕਾਂ ਨਾਲ ਸਿੱਝਦੇ ਸਮੇਂ ਬਹੁਤ ਮੱਦਦ ਪਹੁੰਚਾਈ।
ਉਨ੍ਹਾਂ ਦੱਸਿਆ – ‘ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦਾ ਹਾਂ ਜਦੋਂ ਤੁਸੀਂ ਇੱਕ ਪ੍ਰੋਗਰਾਮਰ ਹੋ, ਤਾਂ ਤੁਸੀਂ ਕੰਮ ਤਰਕਪੂਰਨ ਢੰਗ ਨਾਲ ਕਰਦੇ ਹੋ।’
ਇਹ ਖ਼ਾਸ ਤੌਰ ‘ਤੇ ਉਦੋਂ ਮੱਦਦਗਾਰ ਹੁੰਦਾ ਹੈ, ਜਦੋਂ ਤੁਸੀਂ ਟਰੱਕਾਂ ਦੇ ਵੇਰਵੇ ਸਮਝਾ ਰਹੇ ਹੁੰਦੇ ਹੋ।
ਹੈਰਾਨੀਜਨਕ ਗੱਲ ਇਹ ਹੈ ਕਿ ਬਾਜਵਾ ਸਮਝਦੇ ਹਨ ਕਿ ਟਰੱਕ ਚਲਾਉਣ ਨਾਲੋਂ ਉਨ੍ਹਾਂ ਨੂੰ ਵੇਚਣਾ ਵਧੇਰੇ ਤਣਾਅ ਭਰਪੂਰ ਹੈ।
”ਕਿਉਂਕਿ ਸਾਡੇ ਟੀਚੇ ਹਨ, ਅਸੀਂ ਉਹ ਟੀਚੇ ਪੂਰੇ ਕਰਨੇ ਹੁੰਦੇ ਹਨ। ਟਰੱਕਿੰਗ ਘੱਟ ਤਣਾਅ ਭਰਪੂਰ ਹੈ। ਤੁਹਾਨੂੰ ਕੋਈ ਤੰਗ ਨਹੀਂ ਕਰਦਾ। ਤਣਾਅ ਦਾ ਪੱਧਰ ਬਿਲਕੁਲ ਹੀ ਵੱਖਰੀ ਕਿਸਮ ਦਾ ਹੁੰਦਾ ਹੈ। ਜਦੋਂ ਤੁਸੀਂ ਵੇਚ ਰਹੇ ਹੁੰਦੇ ਹੋ, ਤਾਂ ਤੁਹਾਨੂੰ ਹਰੇਕ ਗੱਲ ਦਾ ਖ਼ਿਆਲ ਰੱਖਣਾ ਪੈਂਦਾ ਹੈ।”
ਬਾਜਵਾ ਦਾ ਟਰੱਕਿੰਗ ਕੈਰਿਅਰ 20 ਸਾਲਾਂ ਦਾ ਹੈ।
1999 ‘ਚ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਉਹੀ ਕੁਝ ਕੀਤਾ, ਜੋ ਭਾਰਤੀ ਪੰਜਾਬ ਵਿੱਚ ਜ਼ਿਆਦਾਤਰ ਨੌਜਵਾਨ ਕਰਦੇ ਹਨ, ਕੁਝ ਕਰਨ ਦੀ ਇੱਛਾ ਰੱਖਦੇ ਹਨ, ਉਹ ਉੱਤਰੀ ਅਮਰੀਕਾ ਵੱਲ ਆਪਣਾ ਰੁਖ਼ ਕਰਦੇ ਹਨ ਤੇ ਕੋਈ ਨੌਕਰੀ ਲੱਭਦੇ ਹਨ।
ਕਾਮਰਸ ਵਿੱਚ ਬੈਚਲਰ ਡਿਗਰੀ ਅਤੇ ਕੰਪਿਊਟਰ ਪ੍ਰੋਗਰਾਮਿੰਗ ‘ਚ ਇੱਕ ਐਡਵਾਂਸਡ ਡਿਪਲੋਮਾ ਨਾਲ, ਉਨ੍ਹਾਂ ਸੁਭਾਵਕ ਤੌਰ ‘ਤੇ ਕੈਲੀਫ਼ੋਰਨੀਆ ਦੀ ਸਿਲੀਕੌਨ ਵੈਲੀ ਨੂੰ ਚੁਣਿਆ।
ਪਰ ਉਨ੍ਹਾਂ ਕੋਈ ਫ਼ੈਸਲਾ ਤਾਂ ਲੈਣਾ ਹੀ ਸੀਂ : ਦੋ–ਸਾਲਾ ਵਰਕ ਪਰਮਿਟ ‘ਤੇ ਅਮਰੀਕਾ ਜਾਓ ਅਤੇ ਫਿਰ ਇੱਕ ਅਨਿਸ਼ਚਤ ਭਵਿੱਖ, ਜਾਂ ਕੈਨੇਡਾ ਜਾਓ ਤੇ ਸਿਰਫ਼ ਕੁਝ ਸਾਲਾਂ ‘ਚ ਹੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਹਾਸਲ ਕਰੋ।
ਬਾਜਵਾ ਨੇ ਕੈਨੇਡਾ ਨੂੰ ਚੁਣਿਆ, ਪਰ ਉਹ ਸਮਾਂ ਬਹੁਤ ਔਖਾ ਸੀ।
ਟੋਰਾਂਟੋ ਆਉਣ ਦੇ ਛੇਤੀ ਪਿੱਛੋਂ, ਆਈ.ਟੀ. ਉਦਯੋਗ ਨੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸ ਦੀਆਂ ਇਸ ਖੇਤਰ ਵਿੱਚ ਨੌਕਰੀ ਲੱਭਣ ਦੀਆਂ ਆਸਾਂ ਚਕਨਾ ਚੂਰ ਹੋ ਗਈਆਂ।
”ਮੇਰੇ ਬਹੁਤ ਸਾਰੇ ਦੋਸਤਾਂ ਨੇ ਉਸ ਸਮੇਂ ਮੈਨੂੰ ਟਰੱਕਿੰਗ ਖੇਤਰ ‘ਚ ਜਾਣ ਦੀ ਸਲਾਹ ਦਿੱਤੀ, ਜਿੱਥੇ ਤੁਸੀਂ ਚੋਖਾ ਧਨ ਕਮਾ ਸਕਦੇ ਹੋ।”
ਬਾਜਵਾ ਨੇ ਅਨੁਮਾਨ ਲਾਇਆ ਕਿ ਜੇ ਉਹ ਕੰਪਿਊਟਰ ਦੇ ਆਪਣੇ ਹੁਨਰ ਅਪਗ੍ਰੇਡ ਕਰਨ ਲੱਗਣ, ਤਾਂ ਉਨ੍ਹਾਂ ਦੇ ਲੱਖਾਂ ਡਾਲਰ ਖ਼ਰਚ ਹੋ ਜਾਣੇ ਸਨ, ਜਦਕਿ ਕਿਸੇ ਚੋਟੀ ਦੇ ਸੰਸਥਾਨ ਤੋਂ ਟਰੱਕ ਚਲਾਉਣਾ ਸਿੱਖਣ ‘ਤੇ ਬਹੁਤ ਘੱਟ ਖ਼ਰਚਾ ਆਉਣਾ ਸੀ।
”ਕਾਮਰਸ ਦਾ ਗ੍ਰੈਜੂਏਟ ਹੋਣ ਦੇ ਨਾਤੇ, ਮੈਂ ਆਪਣੇ ਲੱਗਣ ਵਾਲੇ ਧਨ ਤੇ ਆਪਣੇ ਮੁਨਾਫ਼ੇ ਦੀ ਗਿਣਤੀ–ਮਿਣਤੀ ਕੀਤੀ ਤੇ ਫ਼ੈਸਲਾ ਕੀਤਾ ਕਿ ਟਰੱਕਿੰਗ ਖੇਤਰ ‘ਚ ਜਾਣਾ ਚਾਹੀਦਾ ਹੈ।”
ਫਿਰ ਬਾਜਵਾ ਲੈਂਬਟਨ ਕਾਲਜ ਗਏ, ਜਿੱਥੋਂ ਉਨ੍ਹਾਂ ਏ.ਜ਼ੈੱਡ. ਲਾਇਸੈਂਸ ਹਾਸਲ ਕੀਤਾ।
ਉਨ੍ਹਾਂ ਦੱਸਿਆ, ”ਜੇ ਤੁਸੀਂ ਇੱਕ ਪ੍ਰੋਫ਼ੈਸ਼ਨਲ ਬਣਨਾ ਲੋਚਦੇ ਹੋ, ਤਦ ਤੁਹਾਨੂੰ ਪ੍ਰੋਫ਼ੈਸ਼ਨਲਜ਼ ਤੋਂ ਹੀ ਸਿੱਖਣਾ ਹੋਵੇਗਾ।”
ਬਾਜਵਾ ਨੇ ਲੋਂਗ-ਹੌਲ ਡਰਾਈਵਰ ਵਜੋਂ ਸ਼ੁਰੂਆਤ ਕੀਤੀ, ਪਰ ਛੇਤੀ ਹੀ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਸ਼ਹਿਰ ਦੇ ਰੂਟ ਵਧੇਰੇ ਪਸੰਦ ਹਨ ਤੇ ਫਿਰ ਉਸ ਨੂੰ ਚੁਣਿਆ।
ਉਨ੍ਹਾਂ ਦੇ ਭਰਾ ਵੀ ਟਰੱਕਿੰਗ ਖੇਤਰ ‘ਚ ਹਨ ਤੇ ਆਪਣੀ ਖੁਦ ਦੀ ਲੌਜਿਸਟਿਕਸ ਕੰਪਨੀ ਚਲਾਉਂਦੇ ਹਨ। ਉਨ੍ਹਾਂ ਵਿੱਚੋਂ ਇੱਕ ਇਨਫ਼ੋਰਸਮੈਂਟ ਇੰਸਪੈਕਟਰ ਵਜੋਂ ਵੀ ਕੰਮ ਕਰਦੇ ਰਹੇ ਹਨ।
ਇਨਫ਼ੋਰਸਮੈਂਟ ਦੀ ਗੱਲ ਕਰਦਿਆਂ, ਬਾਜਵਾ 5 ਤੋਂ 10 ਟਰੱਕਾਂ ਵਾਲੀਆਂ ਬਹੁਤ ਛੋਟੀਆਂ ਆਜ਼ਾਦ ਕੰਪਨੀਆਂ ਬਾਰੇ ਸੋਚਦੇ ਹਨ, ਜਿਹੜੀਆਂ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ।
”ਉਹ ਸਖ਼ਤ ਮਿਹਨਤੀ ਤਾਂ ਹਨ ਪਰ ਉਹ ਸੁਰੱਖਿਆ ਵੱਲ ਬਹੁਤਾ ਧਿਆਨ ਨਹੀਂ ਦਿੰਦੇ।”
ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਬਹੁਤੇ ਡਰਾਈਵਰ ਇੱਕ ਟਰੱਕ ਚਲਾਉਣ ਦੇ ਸਾਰੇ ਪੱਖਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਉਦਾਹਰਣ ਵਜੋਂ, ਉਨ੍ਹਾਂ ਦੱਸਿਆ ਕਿ ਕੁਝ ਟਰੱਕ ਚਾਲਕਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਤਸਰਜਨ ਸਿਸਟਮ ਕਿਵੇਂ ਕੰਮ ਕਰਦਾ ਹੈ।
ਉਨ੍ਹਾਂ ਕਿਹਾ, ”ਹਰ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਵੇਲੇ ਸਮੱਸਿਆ ਇਹ ਹੈ ਕਿ ਉਤਸਰਜਨ ਸਿਸਟਮ ਸਾਡੇ ਪਾਠਕ੍ਰਮ ‘ਚ ਹੈ ਹੀ ਨਹੀਂ। ਜਦੋਂ ਮੈਂ ਟਰੱਕ ਵੇਚ ਰਿਹਾ ਹੁੰਦਾ ਹਾਂ ਤਾਂ ਮੈਂ ਗ੍ਰਾਹਕਾਂ ਨੂੰ ਇਸ ਬਾਰੇ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਦਾ ਕਹਿੰਦਾ ਹਾਂ ਕਿ ਤੁਹਾਨੂੰ ਛੋਟੀਆਂ ਛੋਟੀਆਂ ਗੱਲਾਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।”
ਬਾਜਵਾ ਅਨੁਸਾਰ ਇੱਕ ਹੋਰ ਸਮੱਸਿਆ ਡਰਾਈਵਰਾਂ ਦੀ ਸੋਚ ਦੀ ਹੈ, ਦੱਖਣੀ ਏਸ਼ੀਆਈ ਭਾਈਚਾਰੇ ਦੇ ਕਈ ਟਰੱਕ ਚਾਲਕਾਂ ‘ਚ ਰੁਚੀ ਦੀ ਕਮੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਦਯੋਗ ਦੇ 50% ਤੋਂ ਜ਼ਿਆਦਾ ਡਰਾਈਵਰ ਸਿਰਫ਼ ਪੈਸੇ ਲਈ ਇਸ ਪੇਸ਼ੇ ‘ਚ ਹਨ।
”ਜਦੋਂ ਤੁਹਾਡੇ ‘ਚ ਕੋਈ ਕੰਮ ਕਰਨ ਦੀ ਰੁਚੀ ਨਹੀਂ ਹੈ ਅਤੇ ਤੁਸੀਂ ਸਿਰਫ਼ ਪੈਸੇ ਲਈ ਕੰਮ ਕਰਦੇ ਹੋ ਤਾਂ ਤੁਸੀਂ ਉਸ ਕੰਮ ਨੂੰ ਕਰਨ ਲਈ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਨਹੀਂ ਕਰਦੇ।”
ਟਰੱਕ ਡਰਾਈਵਿੰਗ ਨੂੰ ਪਿਆਰ ਕਰਨ ਵਾਲੇ ਬਾਜਵਾ ਨੇ 10 ਸਾਲਾਂ ‘ਚ 8 ਲੱਖ ਮੀਲਾਂ ਦਾ ਸਫ਼ਰ ਤੈਅ ਕੀਤਾ ਉਹ ਵੀ ਬਗ਼ੈਰ ਕਿਸੇ ਹਾਦਸੇ ਜਾਂ ਚਲਾਨ ਕੱਟੇ ਜਾਣ ਤੋਂ, ਜਿਸ ‘ਤੇ ਉਨ੍ਹਾਂ ਨੂੰ ਮਾਣ ਹੈ।
ਇੱਕ ਹੋਰ ਗੱਲ ਜਿਸ ‘ਤੇ ਬਾਜਵਾ ਨੂੰ ਮਾਣ ਹੈ, ਉਹ ਹੈ ਡਿਜ਼ਾਇਨਰ ਪੈੱਨਾਂ ਨੂੰ ਇਕੱਠਾ ਕਰਨ ਦਾ ਸ਼ੌਂਕ।
ਉਹ ਹੱਸਦੇ ਹੋਏ ਕਹਿੰਦੇ ਹਨ, ”ਮੇਰਾ ਸ਼ੌਂਕ ਮਹਿੰਗੇ ਅਤੇ ਸੋਹਣੇ ਦਿਸਣ ਵਾਲੇ ਪੈੱਨ ਇਕੱਠੇ ਕਰਨਾ ਹੈ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 100 ਦੇ ਕਰੀਬ ਪੈੱਨ ਹਨ ਜਿਨ੍ਹਾਂ ਦੀ ਕੀਮਤ 10,000 ਡਾਲਰ ਹੈ।
ਬਾਜਵਾ ਆਪਣੀ ਪਤਨੀ ਕੀਰਤਪਾਲ ਅਤੇ 13 ਸਾਲਾਂ ਦੇ ਪੁੱਤਰ ਗੁਰਜਾਪ ਨਾਲ ਬਰੈਂਪਟਨ, ਓਂਟਾਰੀਓ ‘ਚ ਰਹਿੰਦੇ ਹਨ।
– ਅਬਦੁਲ ਲਤੀਫ਼ ਵੱਲੋਂ